ਸ੍ਰੀ ਲੰਕਾ ਵਿੱਚ ਈਸਟਰ ਵਾਲੇ ਦਿਨ ਹੋਏ ਧਮਾਕੇ ਇਹ ਸ਼ਖਸ ਰੋਕ ਸਕਦਾ ਸੀ

ਤਸਲੀਮ ਦੀ ਪਤਨੀ ਫ਼ਾਤਿਮਾ ਤੇ ਪਰਵਾਰ ਦੇ ਹੋਰ ਮੈਂਬਰ।
ਫੋਟੋ ਕੈਪਸ਼ਨ ਤਸਲੀਮ ਦੀ ਪਤਨੀ ਫ਼ਾਤਿਮਾ ਤੇ ਪਰਵਾਰ ਦੇ ਹੋਰ ਮੈਂਬਰ।

ਸ੍ਰੀਲੰਕਾ ਦੇ ਚਰਚਾਂ ਅਤੇ ਹੋਟਲਾਂ ਵਿੱਚ ਈਸਟਰ ਦੇ ਦਿਨ ਹੋਏ ਬੰਬ ਧਮਾਕਿਆਂ ਵਿੱਚ 200 ਜਾਨਾਂ ਚਲੀਆਂ ਗਈਆਂ। ਇਨ੍ਹਾਂ ਧਮਾਕਿਆਂ ਤੋਂ ਪਹਿਲਾਂ ਸ਼ਾਇਦ ਕੁਝ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਸ੍ਰੀ ਲੰਕਾ ਇਸਲਾਮੀ ਕੱਟੜਪੰਥੀਆਂ ਦੇ ਨਿਸ਼ਾਨੇ ਹੇਠ ਹੈ। ਇਨ੍ਹਾਂ ਵਿੱਚੋਂ ਹੀ ਇੱਕ ਸਨ— ਮੁਹੰਮਦ ਰਜ਼ਾਕ ਤਸਲੀਮ।

ਉਹ ਹਸਪਤਾਲ ਵਿੱਚ ਆਪਣੇ ਫੱਟਾਂ ਨਾਲ ਜੂਝ ਰਹੇ ਹਨ। ਉਨ੍ਹਾਂ ਦੇ ਸਰੀਰ ਦਾ ਖੱਬਾ ਪਾਸਾ ਲਕਵਾਗ੍ਰਸਤ ਹੋ ਗਿਆ ਹੈ ਪਰ ਸੱਜਾ ਹੱਥ ਕੰਮ ਕਰ ਰਿਹਾ ਹੈ।

ਉਨ੍ਹਾਂ ਦੀ ਪਤਨੀ ਫ਼ਾਤਿਮਾ ਉਨ੍ਹਾਂ ਦੀ ਦੇਖਰੇਖ ਵਿੱਚ ਲੱਗੀ ਹੋਈ ਹੈ। ਉਨ੍ਹਾਂ ਦੇ ਸਿਰ ਦਾ ਇੱਕ ਹਿੱਸਾ ਅੰਦਰ ਧੱਸ ਗਿਆ ਹੈ। ਮਾਰਚ ਵਿੱਚ ਉਨ੍ਹਾਂ ਦੇ ਸਿਰ ਵਿੱਚ ਗੋਲੀ ਲੱਗੀ ਸੀ। ਉਸ ਸਮੇਂ ਤੋਂ ਹੀ ਉਹ ਤੁਰਨ-ਫਿਰਨ ਤੋਂ ਮੁਥਾਜ ਹੋ ਗਏ ਹਨ।

ਪੁਲਿਸ ਦਾ ਕਹਿਣਾ ਹੈ ਕਿ ਸ੍ਰੀਲੰਕਾ ਵਿੱਚ ਇਸਲਾਮਿਕ ਸਟੇਟ ਦੇ ਕੱਟੜਪੰਥੀ ਨੈਟਵਰਕ ਦੇ ਪਹਿਲੇ ਸ਼ਿਕਾਰ ਤਸਲੀਮ ਹੀ ਸਨ।

ਇਸੇ ਸੰਗਠਨ ਨੇ ਅਪ੍ਰੈਲ ਵਿੱਚ ਈਸਟਰ ਵਾਲੇ ਦਿਨ ਸ੍ਰੀਲੰਕਾ ਵਿੱਚ ਲੜੀਵਾਰ ਖ਼ੁਦਕੁਸ਼ ਹਮਲੇ ਕੀਤੇ ਜਿਨ੍ਹਾਂ ਵਿੱਚ 200 ਤੋਂ ਵਧੇਰੇ ਮੌਤਾਂ ਹੋਈਆਂ ਸਨ।

ਇਹ ਵੀ ਪੜ੍ਹੋ:

ਅਧਿਕਾਰੀਆਂ ਮੁਤਾਬਕ, ਇਸ ਨੈਟਵਰਕ ਦੇ ਸਰਗਨਾ ਜ਼ਾਹਰਾਨ ਹਾਸ਼ਿਮ ਦੇ ਹੁਕਮਾਂ ਮਗਰੋਂ ਹੀ ਤਸਲੀਮ ਨੂੰ ਗੋਲੀ ਮਾਰੀ ਗਈ ਸੂੀ।

ਧਮਾਕਿਆਂ ਤੋਂ ਕਈ ਮਹੀਨੇ ਪਹਿਲਾਂ ਤੋਂ ਹੀ ਸ੍ਰੀਲੰਕਾ ਦੇ ਮੁਸਲਿਮ ਬਹੁ-ਗਿਣਤੀ ਇਲਾਕੇ ਮਾਵਾਨੇੱਲਾ ਦੇ ਸਥਾਨਕ ਆਗੂ 37 ਸਾਲਾ ਤਸਲੀਮ, ਕੱਟੜਪੰਥੀ ਨੈਟਵਰਕ ਦੀ ਜਾਂਚ ਦੇ ਕੇਂਦਰ ਵਿੱਚ ਰਹੇ ਸਨ।

ਤਸਲੀਮ ਦੀ ਕਹਾਣੀ ਕਹਿੰਦੀ ਹੈ ਕਿ ਕਿਵੇਂ ਦੇਸ ਦਾ ਮੁਸਲਿਮ ਸਮਾਜ ਸਰਗਰਮ ਰੂਪ ਵਿੱਚ ਆਪਣੇ ਅੰਦਰ ਫੁੱਟ ਰਹੇ ਕੱਟੜਵਾਦ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਕਿਵੇਂ ਪ੍ਰਸ਼ਾਸ਼ਨ ਨੇ ਲਗਤਾਰ ਮਿਲ ਰਹੇ ਸੰਕੇਤਾਂ ਨੂੰ ਅੱਖੋਂ-ਪਰੋਖੇ ਕੀਤਾ।

ਕੋਲੰਬੋ ਤੋਂ ਕੁਝ ਹੀ ਘੰਟਿਆਂ ਦੀ ਦੂਰੀ 'ਤੇ ਮਾਵਾਨੇੱਲਾ ਕਸਬੇ ਵਿੱਚ ਬੋਧੀਆਂ ਅਤੇ ਮੁਸਲਮਾਨਾਂ ਦੀ ਸੰਘਣੀ ਆਬਾਦੀ ਹੈ।

ਫੋਟੋ ਕੈਪਸ਼ਨ ਮੁਹੰਮਦ ਰਜ਼ਾਕ ਤਸਲੀਮ ਹਸਪਤਾਲ ਵਿੱਚ

ਪਹਿਲਾਂ ਦੰਗੇ ਕਰਾਉਣ ਦੀ ਹੋਈ ਸੀ ਕੋਸ਼ਿਸ਼

ਪਿਛਲੇ ਸਾਲ ਦਸੰਬਰ ਵਿੱਚ ਇਸ ਕਸਬੇ ਵਿੱਚ ਮਹਾਤਮਾ ਬੁੱਧ ਦੀਆਂ ਕਈ ਮੂਰਤੀਆਂ ਤੋੜ ਦਿੱਤੀਆਂ ਗਈਆਂ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਹਿੰਸਾ ਭੜਕਾਉਣ ਦੀ ਸਾਜ਼ਿਸ਼ ਵਜੋਂ ਕੀਤਾ ਗਿਆ।

ਤਸਲੀਮ ਕਸਬੇ ਦੀ ਕਾਊਂਸਲ ਦੇ ਮੈਂਬਰ ਸਨ ਅਤੇ ਇੱਕ ਕੈਬਨਿਟ ਮੰਤਰੀ ਦੇ ਸਕੱਤਰ ਵੀ ਰਹਿ ਚੁੱਕੇ ਸਨ।

ਉਨ੍ਹਾਂ ਦੀ ਪਤਨੀ ਫ਼ਾਤਿਮਾ ਨੇ ਦੱਸਿਆ ਕਿ ਤਸਲੀਮ ਇਲਾਕੇ ਦੇ ਹੋਰ ਲੋਕਾਂ ਦੀ ਮਦਦ ਕਰਨ ਵਿੱਚ ਵੀ ਮੋਹਰੀ ਰਹਿੰਦੇ ਸਨ। ਕੁਦਰਤੀ ਆਫ਼ਤਾਂ ਸਮੇਂ ਵੀ ਉਹ ਮੋਹਰੀ ਰਹਿ ਕੇ ਕੰਮ ਕਰਦੇ ਸਨ।

Image copyright Getty Images
ਫੋਟੋ ਕੈਪਸ਼ਨ ਸ੍ਰੀ ਲੰਕਾ ਵਿੱਚ ਹੋਏ ਧਮਾਕਿਆਂ ਵਿੱਚ ਮਾਰੇ ਗਏ ਕੁਝ ਭਾਰਤੀ ਵੀ ਸ਼ਾਮਲ ਸਨ

ਇਸ ਲਈ ਜਦੋਂ ਮੂਰਤੀਆਂ ਤੋੜੀਆਂ ਗਈਆਂ ਤਾਂ ਤਸਲੀਮ ਨੇ ਘਟਨਾਵਾਂ ਦੀ ਜਾਂਚ ਵਿੱਚ ਸਹਿਯੋਗ ਕੀਤਾ ਸੀ।

ਫ਼ਾਤਿਮਾ ਨੇ ਦੱਸਿਆ, "ਉਹ ਕਹਿੰਦੇ ਸਨ— ਉਨ੍ਹਾਂ ਲੋਕਾਂ ਨੇ ਗਲਤ ਕੀਤਾ ਹੈ। ਸਾਡਾ ਧਰਮ ਇਸ ਦੀ ਆਗਿਆ ਨਹੀਂ ਦਿੰਦਾ। ਜੋ ਜ਼ਿੰਮੇਵਾਰ ਹਨ, ਉਹ ਫੜੇ ਜਾਣ।"

ਪੁਲਿਸ ਕੋਸ਼ਿਸ਼ਾਂ ਦੇ ਬਾਵਜੂਦ ਮੁੱਖ ਮੁਲਜ਼ਮ— ਸਾਦਿਕ ਤੇ ਅਬਦੁਲ-ਹੱਕ ਨੂੰ ਫੜ ਨਹੀਂ ਸਕੀ ਪਰ ਦੋਹਾਂ ਨੂੰ ਅਤਿ-ਲੋੜੀਂਦੇ ਮੁਲਜ਼ਮਾਂ ਦੀ ਸੂਚੀ ਵਿੱਚ ਪਾ ਦਿੱਤਾ ਗਿਆ।

ਪੁਲਿਸ ਨੂੰ ਸ਼ੱਕ ਹੈ ਕਿ ਅਬਦੁਲ ਨੇ ਸੀਰੀਆ ਦਾ ਦੌਰਾ ਕੀਤਾ ਸੀ ਜਿੱਥੇ ਉਸ ਦੀ ਮੁਲਾਕਾਤ ਆਈਐੱਸ ਦੇ ਕੁਝ ਆਗੂਆਂ ਨਾਲ ਹੋਈ ਸੀ।

Image copyright Getty Images

ਤਸਲੀਮ ਜਾਂਚ ਵਿੱਚ ਸਹਿਯੋਗ ਕਰ ਰਹੇ ਸਨ

ਇਨ੍ਹਾਂ ਭਰਾਵਾਂ ਦੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਇਹ ਕਿਹਾ ਕਰਦੇ ਸਨ, "ਸ੍ਰੀਲੰਕਾ ਅੱਲ੍ਹਾ ਦੀ ਧਰਤੀ ਹੈ ਤੇ ਇੱਥੇ ਕਿਸੇ ਹੋਰ ਦੀ ਪੂਜਾ ਨਹੀਂ ਹੋ ਸਕਦੀ। ਗੈਰ-ਮੁਸਲਮਾਨਾਂ ਨੂੰ ਜਾਂ ਤਾਂ ਜਜ਼ੀਆ ਦੇਣਾ ਪਵੇਗਾ ਜਾਂ ਦੀਨ ਕਬੂਲ ਕਰਨਾ ਪਵੇਗਾ।"

ਇਹ ਅਕਸਰ ਜਿਹਾਦ ਬਾਰੇ ਚਰਚਾ ਕਰਿਆ ਕਰਦੇ ਸਨ।

ਇਨ੍ਹਾਂ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਲਗਾਤਾਰ ਉਨ੍ਹਾਂ ਨਾਲ ਇਸ ਬਾਰੇ ਬਹਿਸ ਕਰਦੇ ਸਨ ਕਿ ਇਸਲਾਮ ਵਿੱਚ ਹਿੰਸਾ ਲਈ ਥਾਂ ਹੈ ਜਾਂ ਨਹੀਂ।

ਰਿਸ਼ਤੇਦਾਰਾਂ ਨੇ ਦੱਸਿਆ ਕਿ ਦੋਵਾਂ ਭਰਾਵਾਂ 'ਤੇ ਸ੍ਰੀਲੰਕਾ ਦੇ ਕੈਂਡ ਸ਼ਹਿਰ ਦੇ ਦੰਗੇ ਜਿਨ੍ਹਾਂ ਵਿੱਚ ਬੋਧੀਆਂ ਨੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਸੀ ਦਾ ਬੜਾ ਅਸਰ ਹੋਇਆ ਸੀ।

ਇੱਕ ਵਾਰ ਪੁਲਿਸ ਨੂੰ ਇਤਲਾਹ ਮਿਲੀ ਕਿ ਮੂਰਤੀਆਂ ਤੋੜਨ ਵਾਲੇ ਜੰਗਲ ਵਿੱਚ ਲੁਕੇ ਹੋਏ ਹਨ। ਤਸਲੀਮ ਪੁਲਿਸ ਦਸਤੇ ਨਾਲ ਜੰਗਲ ਦੇ ਧੁਰ ਅੰਦਰ ਤੱਕ ਗਏ ਸਨ।

ਉੱਥੋਂ 100 ਕਿੱਲੋ ਵਿਸਫੋਟਕ, ਡੈਟੋਨੇਟਰ, ਟੈਂਟ ਤੇ ਇੱਕ ਕੈਮਰਾ ਫੜਿਆ ਗਿਆ।

ਫੋਟੋ ਕੈਪਸ਼ਨ ਤਸਲੀਮ ਪੁਲਿਸ ਪਾਰਟੀ ਦੇ ਨਾਲ ਜੰਗਲ ਦੇ ਅੰਦਰ ਗਏ, ਜਿੱਥੋਂ ਵੱਡੀ ਮਾਤਰਾ ਵਿੱਚ ਵਿਸਫੋ਼ਟਕ ਪੁਲਿਸ ਨੇ ਬਰਾਮਦ ਕੀਤੇ।

ਮੁੱਖ ਸ਼ੱਕੀ ਦਾ ਰੁਝਾਨ ਸਾਰਿਆਂ ਨੂੰ ਪਤਾ ਸੀ

ਫਾਤਿਮਾ ਨੇ ਦੱਸਿਆ ਕਿ ਵਾਪਸ ਆ ਕੇ ਤਸਲੀਮ ਬਹੁਤ ਦੁਖੀ ਸਨ। ਕਹਿ ਰਹੇ ਸਨ, "ਉੱਥੇ ਹੋਰ ਵੀ ਵਿਸਫੋਟਕ ਹੋਣੇ ਚਾਹੀਦੇ ਸਨ। ਇੱਕ ਭਾਈਚਾਰੇ ਵਜੋਂ ਸਾਨੂੰ ਇਕੱਠੇ ਰਹਿਣਾ ਪਵੇਗਾ ਤੇ ਜ਼ਿੰਮੇਵਾਰ ਲੋਕਾਂ ਨੂੰ ਫੜਨਾ ਪਵੇਗਾ।"

ਇਸ ਤੋਂ ਬਾਅਦ ਪ੍ਰਸ਼ਾਸ਼ਨ ਨੂੰ ਸੁਚੇਤ ਹੋ ਜਾਣਾ ਚਾਹੀਦਾ ਸੀ ਪਰ ਚਾਰ ਗ੍ਰਿਫ਼ਤਾਰੀਆਂ ਤੋਂ ਬਾਅਦ ਪੁਲਿਸ ਇਸ ਬਾਰੇ ਇਸਲਾਮਿਕ ਹਿੰਸਾ ਦੀ ਸੰਭਾਵਨਾ ਨੂੰ ਅੱਖੋਂ-ਪਰੋਖੇ ਕਰ ਦਿੱਤਾ।

ਹੁਣ ਪਤਾ ਚੱਲਿਆ ਹੈ ਕਿ ਵਿਸਫੋਟਕ ਦਾ ਸੰਬੰਧ ਆਤਮਘਾਤੀ ਹਮਲਾ ਕਰਨ ਵਾਲਿਆਂ ਨਾਲ ਸਿੱਧਾ ਜੁੜਿਆ ਹੈ। ਜਿਸ ਵਿੱਚ ਧਮਾਕਿਆਂ ਦੇ ਮਾਸਟਰਮਾਈਂਡ ਜ਼ਾਹਰਾਨ ਹਾਸ਼ਿਮ ਦਾ ਨਾਮ ਪ੍ਰਮੁੱਖ ਹੈ।

ਹਾਸ਼ਿਮ ਪੂਰਬੀ ਸ੍ਰੀਲੰਕਾ ਦੇ ਇਲਾਕਿਆਂ ਵਿੱਚ ਮੌਲਵੀ ਸੀ ਤੇ ਕੱਟੜਪੰਥੀ ਵਜੋਂ ਜਾਣਿਆ ਜਾਂਦਾ ਸੀ।

ਉਸ ਨੂੰ ਸੋਸ਼ਲ ਮੀਡੀਆ ਤੇ ਭੜਕਾਊ ਪੋਸਟਾਂ ਪਾਉਣ ਲਈ ਵੀ ਜਾਣਿਆ ਜਾਂਦਾ ਸੀ। ਉਸ ਦੀ ਇੱਕ ਪੋਸਟ ਵਿੱਚ 9/11 ਹਮਲਿਆਂ ਦੀਆਂ ਤਸਵੀਰਾਂ ਹਨ।

ਫੋਟੋ ਕੈਪਸ਼ਨ ਜ਼ਾਹਰਾਨ ਹਾਸ਼ਿਮ ਦੇ ਇੱਕ ਵੀਡੀਓ ਦੀ ਦ੍ਰਿਸ਼, ਪਿਛੋਕੜ ਵਿੱਚ 9/11 ਦੇ ਹਮਲੇ ਦੀ ਤਸਵੀਰ ਦੇਖੀ ਜਾ ਸਕਦੀ ਹੈ।

ਤਸਲੀਮ ਨੂੰ ਗੋਲੀ ਹਾਸ਼ਿਮ ਦੇ ਹੁਕਮਾਂ ਨਾਲ ਮਾਰੀ ਗਈ

ਪ੍ਰਸ਼ਾਸ਼ਨ ਉਸ ਨੂੰ ਫੜ ਕੇ ਮੁਕੱਦਮਾ ਚਲਾਉਣ ਵਿੱਚ ਅਸਫ਼ਲ ਰਿਹਾ। ਅਹਿਮਦ ਨੇ ਮੰਨਿਆ ਕਿ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਹਾਸ਼ਿਮ ਐਨਾ ਵੱਡਾ ਖ਼ਤਰਾ ਬਣ ਜਾਵੇਗਾ।

ਹੁਣ ਪਤਾ ਚੱਲ ਰਿਹਾ ਹੈ ਕਿ ਹਾਸ਼ਿਮ ਸ੍ਰੀਲੰਕਾ ਵਿੱਚ ਵੱਡੇ ਹਮਲੇ ਦੀ ਸਾਜਿਸ਼ ਰਚ ਰਿਹਾ ਸੀ। ਵਿਸਫੋਟਕ ਫੜੇ ਜਾਣ ਤੋਂ ਬਾਅਦ ਉਸ ਨੂੰ ਲੱਗਿਆ ਕਿ ਤਸਲੀਮ ਉਸ ਦੇ ਰਾਹ ਦੀ ਰੁਕਾਵਟ ਬਣ ਸਕਦੇ ਹਨ।

ਸ੍ਰਲੰਕਾ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਾਸ਼ਿਮ ਦੇ ਇੱਕ ਨਜ਼ਦੀਕੀ ਨੇ ਮੰਨਿਆ ਸੀ ਕਿ ਤਸਲੀਮ ਨੂੰ ਗੋਲੀ ਮਾਰਨ ਦੇ ਹੁਕਮ ਹਾਸ਼ਿਮ ਨੇ ਹੀ ਦਿੱਤੇ ਸਨ।

ਇਹ ਵੀ ਪੜ੍ਹੋ:

ਈਸਟਰ ਹਮਲਿਆਂ ਤੋਂ ਇੱਕ ਮਹੀਨਾ ਪਹਿਲਾਂ ਮਾਰਚ ਵਿੱਚ ਇੱਕ ਬੰਦੂਕਧਾਰੀ ਤੜਕ-ਸਵੇਰ ਤਸਲੀਮ ਦੇ ਘਰ 'ਚ ਦਾਖ਼ਲ ਹੋ ਗਿਆ। ਤਸਲੀਮ ਪਤਨੀ ਤੇ ਪੁੱਤਰ ਨਾਲ ਬਿਸਤਰ 'ਤੇ ਸਨ। ਜਦੋਂ ਬੰਦੂਕਧਾਰੀ ਨੇ ਉਨ੍ਹਾਂ ਦੇ ਸਿਰ 'ਚ ਗੋਲੀ ਮਾਰ ਦਿੱਤੀ।

ਤਸਲੀਮ ਦੀ ਪਤਨੀ ਫ਼ਾਤਿਮਾ ਨੇ ਉਸ ਦਿਨ ਬਾਰੇ ਦੱਸਿਆ, ''ਪਹਿਲਾਂ ਤਾਂ ਮੈਨੂੰ ਲਗਦਾ ਸੀ ਕਿ ਫੋਨ ਚਾਰਜਰ ਫਟ ਗਿਆ ਹੈ ਪਰ ਜਦੋਂ ਓਧਰ ਦੇਖਿਆ ਤਾਂ ਉਹ ਠੀਕ ਪਿਆ ਸੀ। ਫਿਰ ਮੈਂ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਉਸੇ ਸਮੇਂ ਮੈਨੂੰ ਬਾਰੂਦ ਦੀ ਮਹਿਕ ਆਈ ਤੇ ਉਹ ਬੇਹੋਸ਼ ਪਏ ਸਨ।''

ਤਸਲੀਮ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਜਾਨ ਤਾਂ ਬਚ ਗਈ ਪਰ ਉਹ ਮੁੜ ਤੰਦਰੁਸ ਹੋ ਸਕਣਗੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

ਫੋਟੋ ਕੈਪਸ਼ਨ ਤਸਲੀਮ ਦੀ ਪਤਨੀ ਫ਼ਾਤਿਮਾ ਨੂੰ ਆਪਣੇ ਪਤੀ ਦੀ ਕੁਰਬਾਨੀ ’ਤੇ ਫਖ਼ਰ ਹੈ।

ਧਮਾਕਿਆਂ ਦਾ ਪਹਿਲਾਂ ਤੋਂ ਸ਼ੱਕ ਸੀ

ਸ੍ਰੀਲੰਕਾ ਦੇ ਫੌਜੀ ਕਮਾਂਡਰ ਲੈਫਟੀਨੈਂਟ ਜਨਰਲ ਮਹੇਸ਼ ਸੇਨਾਨਿਯਕੇ ਈਸਟਰ ਧਮਾਕਿਆਂ ਦੀ ਜਾਂਚ ਟੀਮ ਦੀ ਅਗਵਾਈ ਕਰ ਰਹੇ ਹਨ।

ਉਨ੍ਹਾਂ ਨੇ ਦੱਸਿਆ ਕਿ ਤਸਲੀਮ ਨੂੰ ਗੋਲੀ ਮਾਰਨ, ਵਿਸਫ਼ੋਟਕਾਂ ਦੀ ਬਰਮਦਗੀ ਅਤੇ ਬੁੱਧ ਦੀਆਂ ਮੂਰਤੀਆਂ ਨੂੰ ਤੋੜਨ ਪਿੱਛੇ ਇੱਕੋ ਨੈਟਵਰਕ ਸੀ।

ਉਨ੍ਹਾਂ ਮੰਨਿਆ ਕਿ ਪਹਿਲੀਆਂ ਘਟਨਾਵਾਂ ਤੋਂ ਬਾਅਦ ਹੀ ਪ੍ਰਸ਼ਾਸ਼ਨ ਨੂੰ ਚੁਕੰਨਾ ਹੋ ਜਾਣਾ ਚਾਹੀਦਾ ਸੀ।

ਇੱਥੋਂ ਤੱਕ ਕਿ ਭਾਰਤੀ ਖ਼ੂਫੀਆ ਏਜੰਸੀਆਂ ਤੋਂ ਚੇਤਾਵਨੀ ਮਿਲਣ ਮਗਰੋਂ ਵੀ ਇਸ ਉੱਪਰ ਧਿਆਨ ਨਹੀਂ ਦਿੱਤਾ ਗਿਆ।

ਉਹ ਇਸ ਦਾ ਕਾਰਨ ਵੱਖ-ਵੱਖ ਮਹਿਕਮਿਆਂ ਵਿੱਚ ਤਾਲਮੇਲ ਦੀ ਕਮੀ ਨੂੰ ਮੰਨਦੇ ਹਨ।

ਤਸਲੀਮ ਦੇ ਪਰਿਵਾਰ ਦਾ ਕਹਿਣਾ ਹੈ ਕਿ ਤਸਲੀਮ ਸਾਰੀ ਗੱਲ ਸਮਝ ਲੈਂਦੇ ਹਨ ਤੇ ਕਦੇ-ਕਦੇ ਪ੍ਰਤੀਕਿਰਿਆ ਵੀ ਦਿੰਦੇ ਹਨ।

ਫ਼ਾਤਿਮਾ ਨੇ ਦੱਸਿਆ, ਜਦੋਂ ਉਨ੍ਹਾਂ ਨੂੰ ਈਸਟਰ ਧਮਾਕਿਆਂ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਲਿਖ ਕੇ ਦੱਸਿਆ, "ਤੈਨੂੰ ਦੱਸਿਆ ਸੀ ਨਾ ਅਜਿਹਾ ਕੁਝ ਹੋ ਸਕਦਾ ਹੈ" ਅਤੇ ਰੋਣ ਲੱਗ ਪਏ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)