ਪਾਕਿਸਤਾਨ: ਮਲਾਲਾ ਨੂੰ ਇੱਕ ਚਿੱਠੀ ਲਿਖੀ ਤਾਂ ਪੂਰਾ ਟੱਬਰ ਮੌਤ ਦੇ ਘਾਟ ਉਤਾਰ ਦਿੱਤਾ - ਬੀਬੀਸੀ ਦਾ ਖੁਲਾਸਾ

ਪਾਕਿਸਤਾਨ ਦੇ ਫੌਜੀ Image copyright Getty Images
ਫੋਟੋ ਕੈਪਸ਼ਨ ਪਾਕਿਸਤਾਨ ਨੇ ਮਨੁੱਖੀ ਹੱਕਾਂ ਦੀ ਉਲੰਘਣਾ ਨੂੰ ਬਾਹਰੀ ਦੁਨੀਆਂ ਤੋਂ ਲਕੋ ਕੇ ਰੱਖਣ ਲਈ ਪੂਰੀ ਵਾਹ ਲਾਈ ਸੀ।

9/11 ਦੇ ਅੱਤਵਾਦੀ ਹਮਲੇ ਤੋਂ ਬਾਅਦ "ਅੱਤਵਾਦ ਵਿਰੁੱਧ ਜੰਗ" ਦੇ ਹਿੱਸੇ ਵੱਜੋਂ ਪਾਕਿਸਤਾਨ ਦੀ ਦਹਿਸ਼ਤਗਰਦਾਂ ਨਾਲ ਜਾਰੀ ਲੰਬੀ ਲੜਾਈ 'ਚ ਹਜ਼ਾਰਾਂ ਮੌਤਾਂ ਹੋਈਆਂ ਹਨ।

ਫੌਜੀਆਂ ਅਤੇ ਬਾਗ਼ੀਆਂ ਵੱਲੋਂ ਲੋਕਾਂ 'ਤੇ ਢਾਹੇ ਗਏ ਜ਼ੁਲਮਾਂ, ਤਸੀਹਿਆਂ ਅਤੇ ਕਤਲੇਆਮ ਦੇ ਸਬੂਤ ਹੁਣ ਸਾਹਮਣੇ ਆਉਣੇ ਸ਼ੁਰੂ ਹੋ ਰਹੇ ਹਨ। ਬੀਬੀਸੀ ਵੱਲੋਂ ਇੰਨ੍ਹਾਂ ਘਟਨਾਵਾਂ ਦੇ ਕੁਝ ਪੀੜਤਾਂ ਤੱਕ ਪਹੁੰਚ ਬਣਾਈ ਗਈ।

ਸਾਲ 2014 ਦੇ ਸ਼ੁਰੂ ਵਿੱਚ ਜਦੋਂ ਖ਼ਬਰਾਂ ਦੇ ਚੈਨਲ ਪਾਕਿਸਤਾਨੀ ਤਾਲਿਬਾਨ ਦੇ ਇੱਕ ਆਗੂ ਦੀ ਅੱਧੀ ਰਾਤ ਨੂੰ ਪਾਕਿਸਤਾਨ ਦੀ ਅਫ਼ਗਾਨਿਸਤਾਨ ਨਾਲ ਲਗਦੀ ਸਰਹੱਦ ਤੇ ਕੀਤੇ ਹਵਾਈ ਹਮਲੇ ਵਿੱਚ ਹੋਈ ਮੌਤ ਦਾ ਐਲਾਨ ਕਰ ਰਹੇ ਸਨ।

ਇਹ ਵੀ ਪੜ੍ਹੋ:

ਇਸ ਹਵਾਈ ਹਮਲੇ ਵਿੱਚ ਉੱਤਰੀ ਵਜ਼ੀਰਸਤਾਨ ਦੇ ਕਬਾਇਲੀ ਖੇਤਰ 'ਚ ਅਦਨਾਨ ਰਸ਼ੀਦ ਦੀ ਆਪਣੇ ਪਰਿਵਾਰ ਦੇ ਪੰਜ ਮੈਂਬਰਾਂ ਸਮੇਤ ਮੌਤ ਹੋ ਗਈ ਸੀ।

ਰਸ਼ੀਦ ਜੋ ਕਿ ਪਾਕਿ ਹਵਾਈ ਫੌਜ 'ਚ ਇੱਕ ਸਾਬਕਾ ਟੈਕਨੀਸ਼ੀਅਨ ਸਨ, ਉਨ੍ਹਾਂ ਨੂੰ ਹਰ ਕੋਈ ਜਾਣਦਾ ਸੀ। ਰਸ਼ੀਦ ਨੇ ਮਲਾਲਾ ਯੂਸੁਫਜ਼ਈ ਨੂੰ ਇੱਕ ਵਿਸ਼ੇਸ਼ ਚਿੱਠੀ ਲਿਖ ਕੇ ਉਸ 'ਤੇ ਹੋਏ ਅੱਤਵਾਦੀ ਹਮਲੇ ਨੂੰ ਜਾਇਜ਼ ਦੱਸਣ ਦੀ ਕੋਸ਼ਿਸ਼ ਕੀਤੀ ਸੀ।

ਦੱਸਣਯੋਗ ਹੈ ਕਿ ਮਲਾਲਾ 'ਤੇ ਸਾਲ 2012 'ਚ ਤਾਲਿਬਾਨ ਵੱਲੋਂ ਸਿਰ 'ਚ ਗੋਲੀ ਮਾਰੀ ਗਈ ਸੀ। ਉਹ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨੂੰ ਕਤਲ ਕਰਨ ਦੀ ਕੋਸ਼ਿਸ਼ 'ਚ ਜੇਲ੍ਹ ਵੀ ਗਿਆ ਸੀ। ਜਿੱਥੋਂ ਉਹ ਬਾਅਦ ਵਿੱਚ ਫਰਾਰ ਹੋ ਗਏ ਸਨ।

ਹੁਣ ਲੱਗ ਰਿਹਾ ਸੀ ਕਿ ਉਸਦੀ ਕਿਸਮਤ ਨੂੰ ਤਾਂ ਕੁੱਝ ਹੋਰ ਹੀ ਮਨਜ਼ੂਰ ਸੀ। ਨਿਊਜ਼ ਚੈਨਲਾਂ ਨੇ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ 22 ਜਨਵਰੀ 2014 ਨੂੰ ਕਿਹਾ ਸੀ ਕਿ ਹਮਜ਼ੋਨੀ ਖੇਤਰ 'ਚ ਦੋ ਰਾਤ ਪਹਿਲਾਂ ਹੀ ਇੱਕ ਸੂਹ ਦੇ ਆਧਾਰ 'ਤੇ ਰਸੀਦ ਦੇ ਠਿਕਾਣੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

9/11 ਹਮਲੇ ਤੋਂ ਬਾਅਦ ਅਮਰੀਕਾ ਵੱਲੋਂ ਅਫ਼ਗਾਨਿਸਤਾਨ 'ਤੇ ਕੀਤੇ ਹਮਲੇ ਤੋਂ ਬਾਅਦ ਵਜ਼ੀਰਸਤਾਨ ਅਤੇ ਵਿਸ਼ਾਲ ਪਹਾੜੀ ਕਬਾਇਲੀ ਖੇਤਰ ਦੇ ਦੂਜੇ ਭਾਗਾਂ 'ਤੇ ਪਾਕਿਸਤਾਨੀ ਫੌਜ ਵੱਲੋਂ ਕੰਟਰੋਲ ਕੀਤਾ ਜਾ ਰਿਹਾ ਸੀ।

ਜ਼ਿਕਰਯੋਗ ਹੈ ਕਿ ਇਸ ਹਮਲੇ ਕਾਰਨ ਤਾਲਿਬਾਨ ਲੜਾਕੇ, ਅਲ-ਕਾਇਦਾ ਦੇ ਜਿਹਾਦੀ ਅਤੇ ਹੋਰ ਦਹਿਸ਼ਤਗਰਦ ਇਸ ਨਾਜ਼ੁਕ ਸਰਹੱਦ ਵਾਲੇ ਪਾਸਿਓਂ ਪਾਕਿਸਤਾਨ ਦਾਖ਼ਲ ਹੋ ਰਹੇ ਸਨ।

ਪੱਤਰਕਾਰਾਂ ਸਮੇਤ ਕਿਸੇ ਵੀ ਬਾਹਰੀ ਵਿਅਕਤੀ ਨੂੰ ਇਸ ਖਿੱਤੇ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਸੀ। ਇਸ ਸੂਰਤ ਵਿੱਚ ਸੁਰੱਖਿਆ ਦਸਤਿਆਂ ਵੱਲੋਂ ਦਿੱਤੀ ਜਾਣਕਾਰੀ ਦੀ ਪੁਸ਼ਟੀ ਕਰਨਾ ਬਹੁਤ ਮੁਸ਼ਕਿਲ ਹੈ।

ਜਿੰਨ੍ਹਾਂ ਨੇ ਵੀ ਵਜ਼ੀਰਸਤਾਨ ਤੋਂ ਫੌਜ ਪੱਖੀ ਰਿਪੋਰਟਿੰਗ ਨਹੀਂ ਕੀਤੀ, ਉਨ੍ਹਾਂ ਨੂੰ ਫੌਜ ਵੱਲੋਂ ਸਜ਼ਾ ਦਿੱਤੀ ਗਈ।

ਇੱਕ ਸਾਲ ਬਾਅਦ ਜਦੋਂ ਰਸ਼ੀਦ ਨੇ ਆਪਣੇ ਜ਼ਿੰਦਾ ਹੋਣ ਦੀ ਪੁਸ਼ਟੀ ਇੱਕ ਵੀਡੀਓ ਜਾਰੀ ਕਰਕੇ ਕੀਤੀ ਤਾਂ ਸਾਹਮਣੇ ਆਇਆ ਕਿ ਫੌਜ ਨੇ ਗਲਤ ਤਾਂ 'ਤੇ ਹਮਲਾ ਕੀਤਾ ਸੀ।

ਰਸ਼ੀਦ ਦੀ ਥਾਵੇਂ ਪਾਕਿਸਤਾਨੀ ਫੌਜ ਨੇ ਇੱਕ ਸਥਾਨਕ ਵਿਅਕਤੀ ਦੇ ਪਰਿਵਾਰ ਨੂੰ ਮਾਰ ਦਿੱਤਾ ਸੀ ਤੇ ਉਸਦੇ ਘਰ ਦੇ ਪਰਖੱਚੇ ਉੜਾ ਦਿੱਤੇ ਸਨ।

ਅਧਿਕਾਰੀਆਂ ਨੇ ਕਦੇ ਵੀ ਆਪਣੀ ਗਲਤੀ ਨੂੰ ਸਵੀਕਾਰ ਨਹੀਂ ਕੀਤਾ। ਬੀਬੀਸੀ ਨੇ ਪੀੜਤ ਵਿਅਕਤੀ ਨਾਲ ਮੁਲਾਕਾਤ ਕਰਨ ਲਈ ਡੇਰਾ ਇਸਮਾਇਲ ਖ਼ਾਨ ਦਾ ਦੌਰਾ ਕੀਤਾ।

ਡੇਰਾ ਸਿੰਧ ਦਰਿਆ ਦੇ ਕੰਢੇ ਵਸਿਆ ਇੱਕ ਕਸਬਾ ਹੈ ਅਤੇ ਅਸ਼ਾਂਤ ਤੇ ਦੂਰਦੁਰਾਡੇ ਦੇ ਕਬਾਇਲੀ ਖੇਤਰਾਂ ਤੱਕ ਪਹੁੰਚਣ ਦਾ ਰਾਹ ਹੈ।

ਨਜ਼ੀਰਉਲਾ ਨੇ ਯਾਦ ਕਰਦਿਆਂ ਦੱਸਿਆ ਕਿ ਹਮਲੇ "ਸਮੇਂ ਰਾਤ ਦੇ ਕੋਈ 11 ਵੱਜੇ ਹੋਣਗੇ।" ਨਜ਼ੀਰਉਲਾ ਦੀ ਉਮਰ ਉਸ ਸਮੇਂ 20 ਕੁ ਸਾਲ ਸੀ ਅਤੇ ਨਵਾਂ ਨਵਾਂ ਵਿਆਹ ਹੋਇਆ ਸੀ।

ਇਸੇ ਕਰਕੇ ਉਨ੍ਹਾਂ ਨੂੰ ਇੱਕ ਵੱਖਰਾ ਕਮਰਾ ਮਿਲਿਆ ਸੀ। ਪਰਿਵਾਰ ਦੇ ਬਾਕੀ ਮੈਂਬਰ ਦੂਜੇ ਕਮਰੇ 'ਚ ਸੌਂ ਰਹੇ ਸਨ।

ਨਜ਼ੀਰ ਨੇ ਦੱਸਿਆ, "ਮੈਂ ਅਤੇ ਮੇਰੀ ਪਤਨੀ ਨੀਂਦ 'ਚੋਂ ਉੱਠੇ ਤਾਂ ਵੇਖਿਆ ਕਿ ਘਰ ਦੀ ਛੱਤ ਤੋਂ ਬਰੂਦ ਦੀ ਮਹਿਕ ਆ ਰਹੀ ਸੀ। ਅਸੀਂ ਕਮਰੇ 'ਚੋਂ ਬਾਹਰ ਨਿਕਲ ਕੇ ਦੇਖਿਆ ਕਿ ਸਾਡੇ ਪਲੰਘ ਵਾਲੇ ਪਾਸੇ ਨੂੰ ਛੱਡ ਕੇ ਸਾਰਾ ਕਮਰਾ ਢਹਿ ਚੁੱਕਾ ਸੀ।"

ਦੂਸਰੇ ਕਮਰੇ ਦੀ ਛੱਤ ਵੀ ਢਹਿ ਚੁੱਕੀ ਸੀ ਤੇ ਘਰ ਦੇ ਪੂਰੇ ਵਿਹੜੇ ਵਿੱਚੋਂ ਅੱਗ ਦੀਆਂ ਲਪਟਾਂ ਉੱਠ ਰਹੀਆਂ ਸਨ। ਮਲਬੇ ਹੇਠੋਂ ਰੋਣ ਕੁਰਲਾਉਣ ਦੀਆਂ ਆਵਾਜ਼ਾਂ ਸੁਣ ਰਹੀਆਂ ਸਨ। ਅੱਗ ਦੀ ਲੋਅ 'ਚ ਪਤੀ-ਪਤਨੀ ਨੂੰ ਜੋ ਕੋਈ ਮਲਬੇ ਹੇਠ ਦਿਖਿਆ ਉਨ੍ਹਾਂ ਨੇ ਬਚਾਉਣ ਦੀ ਪੂਰੀ ਵਾਹ ਲਾਈ।

ਗੁਆਂਢੀਆਂ ਨੇ ਵੀ ਮਲਬੇ ਹੇਠੋਂ ਜ਼ਖਮੀਆਂ ਅਤੇ ਲਾਸ਼ਾਂ ਬਾਹਰ ਕੱਢਣ 'ਚ ਮਦਦ ਕੀਤੀ।

ਫੋਟੋ ਕੈਪਸ਼ਨ ਹਮਲੇ ਵਿੱਚ ਨਜ਼ੀਰਉਲਾ ਦੇ ਪਰਿਵਾਰ ਵਿੱਚੋਂ ਉਸ ਦੀ ਭਤੀਜੀ ਹੀ ਬਚੀ।

ਇੱਕ ਤਿੰਨ ਸਾਲਾ ਬੱਚੀ ਸਮੇਤ ਨਜ਼ੀਰ ਦੇ ਪਰਿਵਾਰ ਦੇ 4 ਮੈਂਬਰ ਮਾਰੇ ਗਏ ਸਨ। ਉਨ੍ਹਾਂ ਦੀ ਭਤੀਜੀ ਸੁਮਯਾ ਉਸ ਸਮੇਂ ਸਿਰਫ ਇੱਕ ਸਾਲ ਦੀ ਸੀ। ਇਸ ਹਮਲੇ ਵਿੱਚ ਬੱਚੀ ਦਾ ਕੂਹਲਾ ਟੁੱਟ ਗਿਆ। ਉਸ ਦੀ ਮਾਂ ਵੀ ਇਸ ਹਮਲੇ ਦਾ ਸ਼ਿਕਾਰ ਹੋ ਗਈ ਸੀ।

ਮਲਬੇ ਹੇਠੋਂ ਪਰਿਵਾਰ ਦੇ ਚਾਰ ਹੋਰ ਜੀਆਂ ਨੂੰ ਗੰਭੀਰ ਜ਼ਖਮੀ ਹਾਲਤ 'ਚ ਬਾਹਰ ਕੱਢਿਆ ਗਿਆ। ਸਾਰਿਆਂ ਦੀਆਂ ਜਾਂ ਤਾਂ ਹੱਡੀਆਂ ਟੁੱਟ ਚੁੱਕੀਆਂ ਸਨ ਜਾਂ ਗੰਭੀਰ ਜ਼ਖਮੀ ਸਨ।

ਇਸ ਘਟਨਾ ਤੋਂ ਬਾਅਦ ਨਜ਼ੀਰ ਦਾ ਪਰਿਵਾਰ ਮੁੜ ਡੇਰਾ ਇਸਮਾਇਲ ਖ਼ਾਨ ਚਲਾ ਗਿਆ ਜਿੱਥੇ ਕੁੱਝ ਸ਼ਾਂਤੀ ਸੀ।

ਇਹ ਵੀ ਪੜ੍ਹੋ:

ਪਾਕਿਸਤਾਨ ਦੇ ਇੰਨ੍ਹਾਂ ਕਬਾਇਲੀ ਖੇਤਰਾਂ 'ਚ ਲਗਭਗ ਦੋ ਦਹਾਕਿਆਂ ਬਗਾਵਤ ਤੋਂ ਬਚਣ ਲਈ ਨਜ਼ੀਰ ਨੂੰ ਵੀ ਕਈ ਹੋਰ ਲੋਕਾਂ ਵਾਂਗ ਆਪਣੇ ਟਿਕਾਣੇ ਬਦਲਣੇ ਪਏ।

ਅਧਿਕਾਰੀਆਂ ਅਤੇ ਸੁਤੰਤਰ ਖੋਜ ਸਮੂਹਾਂ ਮੁਤਾਬਕ 2002 ਤੋਂ ਅੱਤਵਾਦੀ ਹਿੰਸਾ ਕਾਰਨ ਪਾਕਿਸਤਾਨ ਦੇ ਉੱਤਰ-ਪੱਛਮੀ ਖੇਤਰ ਦੇ 50 ਲੱਖ ਤੋਂ ਵੀ ਵੱਧ ਲੋਕਾਂ ਨੂੰ ਸਰਕਾਰੀ ਜਾਂ ਗੈਰ ਸਰਕਾਰੀ ਸ਼ਰਨਾਰਥੀ ਕੈਂਪਾਂ 'ਚ ਜਾਂ ਫਿਰ ਸ਼ਾਂਤੀ ਵਾਲੇ ਖੇਤਰਾਂ 'ਚ ਕਿਰਾਏ ਦੇ ਘਰਾਂ 'ਚ ਰਹਿਣ ਲਈ ਮਜਬੂਰ ਹੋਣਾ ਪਿਆ।

ਸਰਕਾਰੀ ਤੌਰ 'ਤੇ ਇਸ ਜੰਗ 'ਚ ਮਾਰੇ ਗਏ ਲੋਕਾਂ ਦੀ ਗਿਣਤੀ ਦੀ ਕੋਈ ਸਹੀ ਪੁਸ਼ਟੀ ਨਹੀਂ ਹੋ ਸਕੀ ਪਰ ਅਕਾਦਮਿਕ ਅਤੇ ਸਥਾਨਕ ਪ੍ਰਸ਼ਾਸਨ ਅਤੇ ਕਾਰਕੁੰਨਾਂ ਅਨੁਸਾਰ ਇਸ ਲੜਾਈ 'ਚ ਮਰਨ ਵਾਲੇ ਆਮ ਲੋਕਾਂ, ਫੌਜੀਆਂ ਅਤੇ ਦਹਿਸ਼ਤਗਰਦਾਂ ਦੀ ਗਿਣਤੀ 50 ਹਜ਼ਾਰ ਤੋਂ ਵੀ ਵੱਧ ਹੈ।

ਸਥਾਨਕ ਪੱਧਰ 'ਤੇ ਹੱਕਾਂ ਦੀ ਰਾਖੀ ਕਰਨ ਵਾਲੇ ਕਾਰਕੁਨਾਂ ਦਾ ਕਹਿਣਾ ਹੈ ਕਿ ਫੌਜ ਵੱਲੋਂ ਹਵਾਈ ਅਤੇ ਜ਼ਮੀਨੀ ਪੱਧਰ 'ਤੇ ਕੀਤੇ ਗਏ ਹਮਲਿਆਂ 'ਚ ਸੈਂਕੜੇ ਹੀ ਲੋਕ ਮਾਰੇ ਗਏ ਹਨ। ਉਹ ਆਪਣੇ ਦਾਅਵਿਆਂ ਨੂੰ ਸਹੀ ਸਾਬਤ ਕਰਨ ਲਈ ਵੀਡੀਓ ਅਤੇ ਦਸਤਾਵੇਜ਼ੀ ਸਬੂਤ ਇੱਕਠੇ ਕਰ ਰਹੇ ਹਨ।

ਇਹ ਕਾਰਕੁੰਨ ਪਸ਼ਤੂਨ ਤਾਹਫ਼ੁਜ਼ ਅੰਦੋਲਨ (ਪਸ਼ਤੂਨ ਸੁੱਰਖਿਆ ਦੀ ਲਹਿਰ), ਪੀਟੀਐੱਮ ਨਾਲ ਜੁੜੇ ਹੋਏ ਹਨ। ਪਸ਼ਤੂਨ ਹੱਕਾਂ ਦੀ ਰਾਖੀ ਲਈ ਪਿਛਲੇ ਸਾਲ ਉੱਭਰੀ ਇਹ ਲਹਿਰ ਆਪਣੀ ਸ਼ੁਰੂਆਤ ਦੇ ਸਮੇਂ ਤੋਂ ਹੀ ਫੌਜ ਵੱਲੋਂ ਕੀਤੇ ਜਾਂਦੇ ਪਸ਼ਤੂਨ ਹੱਕਾਂ ਦੇ ਘਾਣ ਬਾਰੇ ਬੋਲਦੀ ਰਹੀ ਹੈ ਤੇ ਕਹਿੰਦੀ ਰਹੀ ਹੈ ਕਿ ਪੀੜਤ ਬੋਲਣ ਤੋਂ ਬਹੁਤ ਜ਼ਿਆਦਾ ਘਬਰਾਉਂਦੇ ਹਨ।

Image copyright AAMIR QURESHI/GETTY IMAGES
ਫੋਟੋ ਕੈਪਸ਼ਨ ਪੀਟੀਐੱਮ ਦੇ ਪ੍ਰਮੁੱਖ ਆਗੂ ਮੰਜ਼ੂਰ ਪਸ਼ਤੀਨ

ਪੀਟੀਐੱਮ ਦੇ ਪ੍ਰਮੁੱਖ ਆਗੂ ਮੰਜ਼ੂਰ ਪਸ਼ਤੀਨ ਨੇ ਕਿਹਾ, "15 ਸਾਲ ਤੱਕ ਅਸੀਂ ਇਸ ਦੁੱਖ ਅਤੇ ਜ਼ੁਲਮ ਦੇ ਕਹਿਰ ਨੂੰ ਝੱਲਣ ਮਗਰੋਂ ਆਪਣੇ ਹੱਕਾਂ ਲਈ ਬੋਲਣ ਦਾ ਹੌਂਸਲਾ ਕੀਤਾ ਹੈ।"

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕਿਵੇਂ ਫੌਜ ਨੇ ਸਿੱਧੀ ਕਾਰਵਾਈ ਤੇ ਦਹਿਸ਼ਤਗਰਦਾਂ ਦੀ ਹਮਾਇਤ ਕਰਕੇ ਸੰਵਿਧਾਨਿਕ ਹੱਕਾਂ ਅਧਿਕਾਰਾਂ ਨੂੰ ਸੂਲੀ ਟੰਗਿਆ ਹੈ।

ਪੀਟੀਐੱਮ 'ਤੇ ਵੀ ਬਹੁਤ ਦਬਾਅ ਹੈ। ਸਮੂਹ ਦੇ ਆਗੂਆਂ ਨੇ ਦੱਸਿਆ ਕਿ ਉੱਤਰੀ ਵਜ਼ੀਰਸਤਾਨ 'ਚ 26 ਮਈ ਨੂੰ ਫੌਜ ਵੱਲੋਂ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਗੋਲੀਆਂ ਚਲਾਈਆਂ ਗਈਆਂ ਸਨ, ਜਿਸ 'ਚ ਪੀਟੀਐਮ ਦੇ 13 ਕਾਰਕੁੰਨ ਵੀ ਹਲਾਕ ਹੋ ਗਏ ਸਨ।

ਫੌਜ ਨੇ ਕਿਹਾ ਕਿ ਉਨ੍ਹਾਂ ਦੇ ਨਾਕੇ 'ਤੇ ਹਮਲਾ ਹੋਣ ਮਗਰੋਂ 3 ਕਾਰਕੁਨ ਮਾਰੇ ਗਏ ਸਨ। ਪੀਟੀਐਮ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕੀਤਾ ਪਰ ਪੀਟੀਐਮ ਦੇ 2 ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਪੀਟੀਐੱਮ ਵੱਲੋਂ ਇਸ ਤਰ੍ਹਾਂ ਦੇ ਕਈ ਮਾਮਲੇ ਉਜਾਗਰ ਕੀਤੇ ਗਏ ਜਿਨ੍ਹਾਂ ਦੀ ਬੀਬੀਸੀ ਵੱਲੋਂ ਸੁਤੰਤਰ ਜਾਂਚ ਵੀ ਕੀਤੀ ਗਈ।

ਆਪਣੀ ਜਾਂਚ ਦੌਰਾਨ ਜਦੋਂ ਬੀਬੀਸੀ ਨੇ ਪਾਕਿ ਫੌਜ ਦੇ ਤਰਜਮਾਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਇਸ ਸਬੰਧੀ ਕੁੱਝ ਵੀ ਕਹਿਣ ਤੋਂ ਮਨ੍ਹਾਂ ਕਰ ਦਿੱਤਾ।

ਇਹ ਵੀ ਪੜ੍ਹੋ:

ਬੀਬੀਸੀ ਵੱਲੋਂ ਮੌਜੂਦਾ ਪਾਕਿਸਤਾਨ ਸਰਕਾਰ ਕੋਲੋਂ ਵੀ ਇਸ ਸਬੰਧੀ ਪ੍ਰਤੀਕਿਰਆ ਮੰਗੀ ਗਈ ਪਰ ਇਮਰਾਨ ਖ਼ਾਨ ਸਰਕਾਰ ਵੱਲੋਂ ਕੋਈ ਤਸੱਲੀ ਬਖਸ਼ ਉੱਤਰ ਪ੍ਰਾਪਤ ਨਾ ਹੋਇਆ।

ਦੱਸਣਯੋਗ ਹੈ ਕਿ ਜਦੋਂ ਇਮਰਾਨ ਖ਼ਾਨ ਵਿਰੋਧੀ ਧਿਰ ਦੇ ਆਗੂ ਸਨ, ਉਦੋਂ ਉਨ੍ਹਾਂ ਨੇ ਵੀ ਕਬਾਇਲੀ ਖੇਤਰਾਂ 'ਚ ਹੋ ਰਹੀ ਮਨੁੱਖੀ ਹੱਕਾਂ ਦੀ ਉਲੰਘਣਾ ਬਾਰੇ ਸਵਾਲ ਚੁੱਕੇ ਗਏ ਸਨ।

9/11 ਹਮਲੇ ਮਗਰੋਂ ਤਾਲਿਬਾਨ ਦਾ ਪਾਕਿਸਤਾਨ 'ਚ ਦਾਖ਼ਲਾ

ਇਹ ਸਭ ਕੁਝ ਸਤੰਬਰ 2001 'ਚ ਅਲ-ਕਾਇਦਾ ਵੱਲੋਂ ਵਾਸ਼ਿਗੰਟਨ ਅਤੇ ਨਿਊਯਾਰਕ 'ਚ ਕੀਤੇ ਗਏ ਹਮਲਿਆਂ ਦੇ ਨਾਲ ਸ਼ੁਰੂ ਹੋਇਆ ਸੀ।

ਫਿਰ ਜਦੋਂ ਅਕਤੂਬਰ 2001 'ਚ ਅਮਰੀਕਾ ਨੇ ਅਫ਼ਗਾਨਿਸਤਾਨ 'ਤੇ ਹਮਲਾ ਕੀਤਾ ਤਾਂ ਤਾਲਿਬਾਨ ਨੇ, ਜਿਨ੍ਹਾਂ ਨੇ ਅਲ-ਕਾਇਦਾ ਆਗੂ ਓਸਾਮਾ ਬਿਨ ਲਾਦੇਨ ਨੂੰ ਸ਼ਰਣ ਦਿੱਤੀ, ਨੇ ਬਿਨ੍ਹਾਂ ਲੜੇ ਹੀ ਹੱਥ ਖੜ੍ਹੇ ਕਰ ਦਿੱਤੇ ਸਨ।

Image copyright Getty Images

1996 'ਚ ਜਦੋਂ ਤਾਲਿਬਾਨਾਂ ਨੇ ਕਾਬੁਲ 'ਤੇ ਕਬਜਾ ਕੀਤਾ ਤਾਂ ਪਾਕਿਸਤਾਨ ਤੀਜਾ ਮੁਲਕ ਸੀ ਜਿਸ ਨੇ ਇਸ ਨੂੰ ਮਾਨਤਾ ਦਿੱਤੀ ਸੀ। ਉਸ ਸਮੇਂ ਤਾਲਿਬਾਨ ਦਾ ਇੱਕੋ-ਇੱਕ ਮਕਸਦ ਸੀ ਕਿ ਆਪਣੇ ਅੰਦੋਲਨ ਨੂੰ ਜਿਉਂਦੇ ਰੱਖਣਾ ਤਾਂ ਜੋ ਅਫ਼ਗਾਨਿਸਤਾਨ 'ਚ ਭਾਰਤ ਦੇ ਪ੍ਰਭਾਵ ਨੂੰ ਠੱਲ੍ਹ ਪਾਈ ਜਾ ਸਕੇ।

ਪਾਕਿਸਤਾਨ ਕਈ ਦਹਾਕਿਆਂ ਤੋਂ ਅਮਰੀਕਾ ਦੀ ਫੌਜੀ ਮਦਦ 'ਤੇ ਨਿਰਭਰ ਕਰਦਾ ਸੀ ਅਤੇ ਜਨਰਲ ਪ੍ਰਵੇਜ਼ ਮੁਸ਼ਰਫ ਦੇ ਤਤਕਾਲੀ ਫੌਜੀ ਨਿਜ਼ਾਮ ਨੇ ਅਮਰੀਕਾ ਦੀ ਅੱਤਵਾਦ ਵਿਰੁਧ ਜੰਗ 'ਚ ਸ਼ਮੂਲੀਅਤ ਸ਼ੁਰੂ ਕੀਤੀ ਸੀ।

ਇਸ ਨੇ ਅਫ਼ਗਾਨ ਤਾਲਿਬਾਨਾਂ ਨੂੰ ਮੁਕਾਬਲਤਨ ਪਾਕਿਸਤਾਨੀ ਕੰਟਰੋਲ ਵਾਲੇ ਕਬਾਇਲੀ ਖੇਤਰਾਂ 'ਚ ਆਪਣੀ ਥਾਂ ਬਣਾਉਣ ਵਿੱਚ ਮਦਦ ਵੀ ਕੀਤੀ, ਖ਼ਾਸ ਕਰਕੇ ਉੱਤਰੀ ਤੇ ਦੱਖਣੀ ਵਜ਼ੀਰਿਸਤਾਨ ਦੇ ਖੇਤਰਾਂ ਵਿੱਚ।

ਸਰਹੱਦ ਪਾਰ ਕਰਨ ਵਾਲਿਆਂ ਵਿੱਚ ਸਿਰਫ਼ ਤਾਲਿਬਾਨ ਹੀ ਨਹੀਂ ਸਨ ਸਗੋਂ ਕੁਝ ਅਜਿਹੇ ਸੰਗਠਨਾਂ ਨਾਲ ਜੁੜੇ ਲੋਕ ਵੀ ਸਨ ਜੋ ਕਿ ਪਾਕਿਸਤਾਨ ਦੇ ਬਹੁਤ ਪੁਰਾਣੇ ਦੁਸ਼ਮਣ ਵੀ ਸਨ।

ਆਲਮੀ ਉਮੀਦਾਂ ਰੱਖਣ ਵਾਲੇ ਜਿਹਾਦੀਆਂ ਨੇ ਵਜ਼ੀਰਸਤਾਨ ਤੋਂ ਹਮਲੇ ਕਰਨ ਦੀ ਯੋਜਨਾ ਵੀ ਬਣਾਈ। ਦੂਸਰੇ ਪਾਸੇ ਅਮਰੀਕਾ ਨੇ ਪਾਕਿਸਤਾਨ 'ਤੇ ਦਬਾਅ ਪਾਇਆ ਕਿ ਉਹ ਦਹਿਸ਼ਤਗਰਦੀ ਨੂੰ ਖ਼ਤਮ ਕਰਨ ਲਈ ਸਖ਼ਤੀ ਕਰੇ।

ਇਹ ਵੀ ਪੜ੍ਹੋ:

ਇੱਕ ਸੁਰੱਖਿਆ ਵਿਸ਼ਲੇਸ਼ਕ ਅਤੇ Military Inc: Inside Pakistan's Military Economy ਨਾਂਅ ਦੀ ਕਿਤਾਬ ਦੀ ਲੇਖਕਾ ਆਇਸ਼ਾ ਸਦੀਕੀ ਨੇ ਕਿਹਾ ਕਿ ਜਿਵੇਂ ਜਿਵੇਂ ਹਿੰਸਾ 'ਚ ਵਾਧਾ ਹੋ ਰਿਹਾ ਸੀ ਪਾਕਿਸਤਾਨ ਦਹਿਸ਼ਤਗਰਦ ਸ਼ਕਤੀਆਂ ਨਾਲ ਲੜਨ ਤੇ ਭਵਿੱਖ ਵਿੱਚ ਉਨ੍ਹਾਂ ਨਾਲ ਸੌਦੀਬਾਜ਼ੀ ਕਰ ਸਕਣ ਲਈ ਉਨ੍ਹਾਂ ਨੂੰ ਹਮਾਇਤ ਵੀ ਜਾਰੀ ਰੱਖਣ ਦੀ ਦੁਬਿਧਾ ਵਿੱਚ ਫਸ ਗਿਆ।

ਸਾਲ 2014 'ਚ ਪਾਕਿਸਾਤਾਨ ਨੇ ਉੱਤਰੀ ਵਜ਼ੀਰਸਤਾਨ 'ਚ ਇੱਕ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ, ਜਿਸ ਨਾਲ ਕਿ ਅੱਤਵਾਦੀ ਸਮੂਹਾਂ ਅਤੇ ਉਨ੍ਹਾਂ ਦੀ ਛੁਪਣਗਾਹਾਂ 'ਤੇ ਦਬਾਅ ਵਧਾਇਆ। ਇਸ ਨਾਲ ਦੇਸ਼ ਭਰ 'ਚ ਅੱਤਵਾਦੀ ਹਮਲਿਆਂ ਦੀ ਗਿਣਤੀ 'ਚ ਕਮੀ ਦਰਜ ਕੀਤੀ ਗਈ।

'ਤਾਲਿਬਾਨ ਅਤੇ ਫੌਜ ਇੱਕੋ ਕੰਮ ਕਰ ਰਹੇ ਹਨ'

ਜਦੋਂ 2001 'ਚ ਤਾਲਿਬਾਨੀ ਇਸ ਕਬਾਇਲੀ ਖੇਤਰ 'ਚ ਪਹੁੰਚੇ ਤਾਂ ਸਥਾਨਕ ਲੋਕਾਂ ਵਿੱਚ ਉਨ੍ਹਾਂ ਪ੍ਰਤੀ ਸ਼ੱਕ-ਸ਼ੁਭੇ ਸਨ ਪਰ ਜਲਦ ਹੀ ਇਹ ਨਜ਼ਾਰਾ ਬਦਲ ਗਿਆ। ਤਾਲਿਬਾਨ ਵੱਲੋਂ ਆਪਣੇ ਸਖ਼ਤ ਧਾਰਮਿਕ ਕਾਨੂੰਨਾਂ ਨੂੰ ਸਥਾਨਕ ਲੋਕਾਂ 'ਤੇ ਥੋਪਿਆ ਜਾਣ ਲੱਗਾ।

ਸ਼ੁਰੂ-ਸ਼ੁਰੂ 'ਚ ਸੈਂਕੜੇ ਹੀ ਸਥਾਨਕ ਨੌਜਵਾਨ ਤਾਲਿਬਾਨ 'ਚ ਸ਼ਾਮਲ ਹੋਏ ਜਿਸ ਕਾਰਨ ਕਬਾਇਲੀ ਖੇਤਰ ਅੱਤਵਾਦੀ ਤਾਣੇਬਾਣੇ ਦਾ ਧੁਰਾ ਬਣ ਗਿਆ।

ਦੂਜੇ ਪੜਾਅ ਵਿੱਚ ਤਾਲਿਬਾਨ ਦੇ ਲੜਾਕੂਆਂ ਨੇ ਕਬਾਇਲੀ ਖੇਤਰ ਦੇ ਬਜ਼ੁਰਗਾਂ ਨੂੰ ਆਪਣੇ ਰਾਹ 'ਚੋਂ ਹਟਾਉਣਾ ਸ਼ੁਰੂ ਕਰ ਦਿੱਤਾ, ਜੋ ਕਿ ਤਾਲਿਬਾਨ ਦੀ ਕਬਾਇਲੀਆਂ ਨੂੰ ਆਪਣੇ ਜੂਲੇ ਹੇਠ ਲਿਆਉਣ ਦੀ ਰਾਹ ਦੇ ਵੱਡੇ ਅੜਿੱਕੇ ਸਨ।

ਸਾਲ 2002 ਤੱਕ ਤਾਲਿਬਾਨੀਆਂ ਵੱਲੋਂ ਘੱਟੋ-ਘੱਟ 1000 ਕਬਾਇਲੀ ਬਜ਼ੁਰਗਾਂ ਨੂੰ ਕਤਲ ਕਰ ਦਿੱਤਾ ਗਿਆ ਸੀ। ਕੁੱਝ ਗੈਰ ਸਰਕਾਰੀ ਸੰਗਠਨਾਂ ਨੇ ਇਹ ਅੰਕੜੇ 2000 ਦੇ ਕਰੀਬ ਦੱਸੇ ਹਨ।

ਜੁਲਾਈ 2007 'ਚ ਉੱਤਰੀ ਵਜ਼ੀਰਸਤਾਨ 'ਚ ਇੱਕ ਅਜਿਹਾ ਕਤਲੇਆਮ ਹੋਇਆ ਜਿਸ ਨੇ ਸਿੱਧ ਕੀਤਾ ਕਿ ਕਿਵੇਂ ਅੱਤਵਾਦੀ ਕਬਾਇਲੀ ਲੋਕਾਂ ਨੂੰ ਦਬਾਉਣ 'ਚ ਸਮਰਥ ਸਨ।

Image copyright Getty Images

ਉੱਤਰੀ ਵਜ਼ੀਰਸਤਾਨ ਦੇ ਰਜ਼ਮਾਕ ਖੇਤਰ ਦੇ ਇੱਕ ਕਬਾਈਲੀ ਮੁਹੰਮਦ ਅਮੀਨ ਨੇ ਕਿਹਾ, "ਜਦੋਂ ਉਨ੍ਹਾਂ ਨੇ ਮੇਰੇ ਭਰਾ ਨੂੰ ਅਗਵਾ ਕਰਕੇ ਕਤਲ ਕੀਤਾ, ਉਸ ਸਮੇਂ ਤੱਕ ਖੇਤਰ ਵਿੱਚ ਸਾਡਾ ਕਬੀਲਾ ਮਜ਼ੂਬਤ ਸੀ ਪਰ ਫਿਰ ਵੀ ਕਿਉਂਕਿ ਫੌਜ ਨੇ ਦਹਿਸ਼ਗਰਦ ਨੂੰ ਸਾਡੇ ਖ਼ਿਲਾਫ਼ ਕਾਰਵਾਈ ਕਰਨ ਦੀ ਖੁੱਲ੍ਹ ਦਿੱਤੀ ਗਈ, ਇਸ ਨੇ ਸਾਡੀ ਕੰਗਰੋੜ ਤੋੜ ਦਿੱਤੀ।"

ਮੁਹੰਮਦ ਦੇ ਭਰਾ ਦੀ ਲਾਸ਼, ਅਗਵਾ ਹੋਣ ਤੋਂ ਇੱਕ ਦਿਨ ਬਾਅਦ ਇਕ ਸੁੰਨੇ ਟਰੱਕ 'ਚੋਂ ਮਿਲੀ ਸੀ। ਅਮੀਨ ਅਤੇ ਹੋਰ ਕਬਾਇਲੀ ਲੋਕਾਂ ਨੇ ਹਮਲਾਵਰਾਂ ਨੂੰ ਲੱਭ ਤਾਂ ਲਿਆ ਪਰ ਅਚਾਨਕ ਹੋਈ ਗੋਲੀਬਾਰੀ ਕਾਰਨ ਅਮੀਨ ਦਾ ਪੁੱਤਰ ਅਸਦੁੱਲਾ, ਉਸ ਦਾ ਇਕ ਭਰਾ ਅਤੇ ਚਾਰ ਤਾਲਿਬਾਨ ਦਹਿਸ਼ਤਗਰਦ ਮਾਰੇ ਗਏ ਸਨ।

ਰਜ਼ਮਾਕ ਦੇ ਸਥਾਨਕ ਲੋਕਾਂ ਦੀ ਫੌਜ ਤੋਂ ਫੌਜੀ ਤਾਲਿਬਾਨ ਲੜਾਕੂਆਂ ਦੇ ਖ਼ਾਤਮੇ ਦੀ ਮੰਗ ਨੂੰ ਉਨ੍ਹਾਂ ਦੇ ਕਸਬੇ ਦੇ ਹੀ ਤਾਲਿਬਾਨਾਂ ਨੇ ਮੁਕਾਬਲੇ ਧਮਕੀ ਦੇ ਕੇ ਠੰਢੀ ਕਰਾ ਦਿੱਤਾ।

ਲਗਭਗ ਇਕ ਦਹਾਕੇ ਤੋਂ ਵੀ ਬਾਅਦ ਅਮੀਨ ਨੂੰ ਇਸ 'ਚ ਸ਼ੱਕ ਨਹੀਂ ਹੈ ਕਿ "ਕਦੇ-ਕਦਾਈਂ ਹੋ ਰਹੇ ਮੁਕਾਬਲਿਆਂ ਝਗੜਿਆਂ ਦੇ ਬਾਵਜ਼ੂਦ ਤਾਲਿਬਾਨ ਅਤੇ ਫੌਜ ਇੱਕੋ ਕੰਮ ਕਰ ਰਹੇ ਹਨ।"

ਫੋਟੋ ਕੈਪਸ਼ਨ ਅਸਦੁਲਾਹ ਨੂੰ ਤਾਲਿਬਾਨਾਂ ਨੇ ਉਨ੍ਹਾਂ ਦੇ ਕਬੀਲੇ ਨੂੰ ਆਪਣੇ ਜੂਲੇ ਹੇਠ ਲਿਆਉਣ ਦੇ ਯਤਨਾਂ ਦੇ ਹਿੱਸੇ ਵਜੋਂ ਕਤਲ ਕਰ ਦਿੱਤਾ ਸੀ।

ਪੀਟੀਐੱਮ ਦੇ ਕਾਰਕੁੰਨਾਂ ਵੱਲੋਂ ਕਈ ਅਜਿਹੇ ਮਾਮਲੇ ਦਰਜ ਕੀਤੇ ਗਏ ਸਨ ਜਿੰਨ੍ਹਾਂ 'ਚ ਸੁਰੱਖਿਆ ਦਸਤਿਆਂ ਵੱਲੋਂ ਸਥਾਨਕ ਲੋਕਾਂ ਤੇ ਤਸਦਦ ਢਾਹਿਆ ਗਿਆ।

ਮਿਸਾਲ ਵਜੋਂ ਮਈ 2016 'ਚੋਂ ਉੱਤਰੀ ਵਜ਼ੀਰਸਤਾਨ ਦੇ ਤੇਤੀ ਮਦਖੇਲ 'ਚੋਂ ਪੈਂਦੀ ਫੌਜੀ ਚੌਂਕੀ 'ਤੇ ਹੋਏ ਹਮਲੇ ਤੋਂ ਬਾਅਦ ਸਾਰੇ ਪਿੰਡ ਨੂੰ ਘੇਰ ਕੇ ਫੌਜ ਨੇ ਬਾਸ਼ਿੰਦਿਆਂ ਦਾ ਸ਼ਿਕਾਰ ਕੀਤਾ।

ਇਸ ਪੂਰੀ ਘਟਨਾ ਦੇ ਇੱਕ ਚਸ਼ਮਦੀਦ, ਜਿਸ ਨੇ ਕਿ ਕਣਕ ਦੀ ਖੜ੍ਹੀ ਫਸਲ 'ਚੋਂ ਲੁੱਕ ਉਹ ਕਾਰਵਾਈ ਦੇਖੀ ਸੀ।

ਉਸ ਨੇ ਬੀਬੀਸੀ ਨੂੰ ਦੱਸਿਆ ਕਿ ਫੌਜੀ ਸਾਰਿਆਂ ਨੂੰ ਬਹੁਤ ਹੀ ਬੁਰੀ ਤਰ੍ਹਾਂ ਨਾਲ ਮਾਰ ਕੁੱਟ ਰਹੇ ਸਨ ਅਤੇ ਜਦੋਂ ਬੱਚੇ ਰੋਂਦੇ ਤਾਂ ਉਨ੍ਹਾਂ ਦਾ ਮੂੰਹ ਬੰਦ ਕਰਨ ਲਈ ਚਿੱਕੜ ਉਨ੍ਹਾਂ ਦੇ ਮੂੰਹ 'ਚ ਪਾਇਆ ਜਾਂਦਾ ਸੀ।

ਇਹ ਵੀ ਪੜ੍ਹ:

ਇਸ ਤਸ਼ੱਦਦ ਦੌਰਾਨ ਇੱਕ ਗਰਭਵਤੀ ਔਰਤ ਸਮੇਤ ਦੋ ਮੌਤਾਂ ਹੋਈਆਂ ਅਤੇ ਘੱਟੋ-ਘੱਟ ਇੱਕ ਵਿਅਕਤੀ ਲਾਪਤਾ ਵੀ ਹੋਇਆ ਸੀ।

ਅਜਿਹੀਆਂ ਘਟਨਾਵਾਂ 'ਚੋਂ ਬਚ ਨਿਕਲਣ ਵਾਲਿਆਂ ਦੀਆਂ ਕਹਾਣੀਆਂ ਵੀ ਬਹੁਤ ਦਰਦਨਾਕ ਹਨ। ਮੈਂ ਰਮਕ ਟਾਊਨ ਦੇ ਸਤਰੰਜਨ ਮਾਸੌਦ ਨੂੰ ਮਿਲਿਆ। ਇਹ ਖੇਤਰ ਡੇਰਾ ਇਸਮਾਇਲ ਖ਼ਾਨ ਤੋਂ 100 ਕਿ.ਮੀ. ਦੱਖਣ ਵੱਲ ਵਾਕਿਆ ਹੈ।

ਅਸੀਂ ਇੱਕ ਸਫ਼ੇਦ ਤੰਬੂ ਹੇਠ ਬੈਠੇ ਅਤੇ ਉਸ ਨੇ ਚਾਹ ਪੀਂਦਿਆਂ ਆਪਣੀ ਸਾਰੀ ਕਹਾਣੀ ਬਿਆਨ ਕੀਤੀ। ਉਸ ਨਾਲ ਦੋ ਬੱਚੇ ਵੀ ਸਨ।

ਅਪ੍ਰੈਲ 2015 ਦੀ ਇੱਕ ਸ਼ਾਮ ਨੂੰ ਦੱਖਣੀ ਵਜ਼ੀਰਸਤਾਨ 'ਚ ਸ਼ਾਕਟੋਈ 'ਚ ਇੱਕ ਫੌਜੀ ਚੌਂਕੀ 'ਤੇ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ। ਸਤਰੰਜਨ ਨੇ ਦੱਸਿਆ ਕਿ ਫੌਜੀਆਂ ਨੇ ਨਜ਼ਦੀਕੀ ਪਿੰਡ 'ਚ ਦੋ ਸ਼ੱਕੀਆਂ ਨੂੰ ਫੜ ਕੇ ਮਾਰ ਦਿੱਤਾ।

ਅਗਲੀ ਸਵੇਰ 21 ਅਪ੍ਰੈਲ ਨੂੰ ਵਾਦੀ ਭਰ 'ਚ ਫੌਜ ਵੱਲੋਂ ਖੋਜ ਮੁਹਿੰਮ ਵਿੱਢੀ ਗਈ। ਇਸੇ ਤਹਿਤ ਸਤਰੰਜਨ ਦੇ ਪਿੰਡ ਤੱਕ ਫੌਜੀ ਪਹੁੰਚ ਗਏ ਅਤੇ ਉਨ੍ਹਾਂ ਨੇ ਉਸ ਦੇ ਘਰ ਦੇ ਪਿੱਛੇ ਪਹਾੜੀ ਖੇਤਰ 'ਚੋਂ ਹਥਿਆਰ ਬਰਾਮਦ ਕੀਤੇ।

ਜਦੋਂ ਫੌਜੀਆਂ ਨੇ ਉਨ੍ਹਾਂ ਦਾ ਦਰਵਾਜ਼ਾ ਖੜਕਾਇਆ ਤਾਂ ਸਤਰੰਜਨ ਦਾ ਭਰਾ ਇਦਰਜਨ, ਉਸ ਦੀ ਪਤਨੀ ਅਤੇ ਦੋ ਨੂੰਹਾਂ ਘਰ 'ਚ ਮੌਜੂਦ ਸਨ।

ਫੋਟੋ ਕੈਪਸ਼ਨ ਸਤਰੰਜਨ ਆਪਣੇ ਚਿੱਟੇ ਟੈਂਟ ਦੇ ਬਾਹਰ

ਸਤਰੰਜਨ ਨੇ ਦੱਸਿਆ ਕਿ ਉਸ ਦੇ ਭਰਾ ਨੇ ਜਵਾਬ ਦਿੱਤਾ ਅਤੇ ਫੌਜੀਆਂ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਉਸਦੀਆਂ ਅੱਖਾਂ ਤੇ ਪੱਟੀ ਬੰਨ੍ਹ ਕੇ ਉਸ ਨੂੰ ਵੀ ਬੰਨ੍ਹ ਲਿਆ ਗਿਆ ਤੇ ਪੁੱਛ-ਗਿੱਛ ਸ਼ੁਰੂ ਕੀਤੀ ਕਿ ਘਰ ਦੇ ਹੋਰ ਮਰਦ ਕਿੱਥੇ ਹਨ। ਇਦਰਜਨ ਦੇ ਚਾਰੇ ਪੁੱਤਰਾਂ ਨੂੰ ਵਾਦੀ ֹ'ਚੋਂ ਫੜ ਲਿਆ ਗਿਆ।

ਸਤਰੰਜਨ ਨੇ ਬਾਅਦ ਵਿੱਚ ਦੱਸਿਆ ਕਿ ਚਾਰਾਂ ਮੁਡਿੰਆਂ ਨੂੰ ਬਹੁਤ ਕੁੱਟਿਆ ਗਿਆ ਅਤੇ ਇੱਕ ਦੇ ਤਾਂ ਸਿਰ 'ਚ ਮਾਰੂ ਸੱਟ ਵੀ ਲੱਗੀ ਸੀ।

ਬਾਅਦ ਵਿੱਚ ਚਾਰਾਂ ਨੂੰ ਇੱਕ ਪਿਕ-ਅੱਪ ਟਰੱਕ 'ਚ ਸੁੱਟ ਕੇ ਫੌਜੀ ਕੈਂਪ 'ਚ ਲਿਜਾਇਆ ਗਿਆ।

ਟਰੱਕ ਦੇ ਡਰਾਇਵਰ ਨੇ ਸਤਰੰਜਨ ਨੂੰ ਦੱਸਿਆ, "ਉਸ ਦਾ ਭਤੀਜਾ ਰੇਜ਼ਾਵਰਜਨ ਪਹਿਲਾਂ ਹੀ ਅਧਮੋਇਆ ਹੋ ਗਿਆ ਸੀ ਅਤੇ ਬੈਠ ਵੀ ਨਹੀਂ ਸੀ ਪਾ ਰਿਹਾ। ਇਸੇ ਲਈ ਫੌਜੀਆਂ ਨੇ ਉਸ ਨੂੰ ਫੌਜੀ ਕੈਂਪ 'ਚ ਨਾ ਲਿਜਾਣ ਦਾ ਫ਼ੈਸਲਾ ਕੀਤਾ।"

ਡਰਾਇਵਰ ਨੇ ਸਤਰੰਜਨ ਨੂੰ ਅੱਗੇ ਦੱਸਿਆ, "ਫੌਜੀਆਂ ਨੇ ਮੈਨੂੰ ਟਰੱਕ ਰੋਕਣ ਲਈ ਕਿਹਾ ਅਤੇ ਰਜ਼ਵਰਜਨ ਨੂੰ ਸੜਕ 'ਤੇ ਹੀ ਸੁੱਟ ਦਿੱਤਾ।"

ਸਤਰੰਜਨ ਉਸ ਸਮੇਂ ਦੁਬਈ ਵਿੱਚ ਇੱਕ ਫੈਕਟਰੀ 'ਚ ਕੰਮ ਕਰਦਾ ਸੀ। ਸਾਰੀ ਘਟਨਾ ਦਾ ਪਤਾ ਲੱਗਣ 'ਤੇ ਉਹ ਘਰ ਵਾਪਸ ਆ ਗਿਆ।

ਪਿੰਡ ਪਹੁੰਚਣ ਲਈ ਉਸ ਨੇ ਹਵਾਈ ਸਫ਼ਰ ਕੀਤਾ, ਫਿਰ ਬੱਸ ਰਾਹੀਂ ਤੇ ਅਖ਼ੀਰ 15 ਕਿੱਲੋਮੀਟਰ ਪੈਦਲ ਤੁਰ ਕੇ ਪਿੰਡ ਪਹੁੰਚਿਆ। 23 ਅਪ੍ਰੈਲ ਨੂੰ ਰਜ਼ਵਰਜਨ ਦੀ ਲਾਸ਼ ਬਰਾਮਦ ਹੋਈ ਸੀ।

ਸਥਾਨਕ ਲੋਕਾਂ ਨੇ ਸਤਰੰਜਨ ਨੂੰ ਦੱਸਿਆ ਕਿ ਕਰਫ਼ਿਊ ਲੱਗਣ ਕਰਕੇ ਰਜ਼ਵਰਜਨ ਦੀ ਲਾਸ਼ ਨੂੰ ਜੱਦੀ ਘਰ ਲਿਜਾਣਾ ਬਹੁਤ ਮੁਸ਼ਕਿਲ ਸੀ।

ਇਸ ਲਈ ਉਸ ਦੀ ਲਾਸ਼ ਨੂੰ ਪਹਾੜੀ 'ਤੇ ਹੀ ਦਫ਼ਨਾ ਦਿੱਤਾ ਗਿਆ। ਫਿਰ ਉਹ ਆਪਣੇ ਪਿੰਡ ਪਹੁੰਚਿਆਂ ਜਿੱਥੇ ਉਸ ਦਾ ਘਰ ਤਬਾਹ ਹੋ ਚੁੱਕਿਆ ਸੀ।

ਸਤਰੰਜਨ ਦੇ ਭਰਾ ਅਤੇ ਉਸ ਦੇ ਭਤੀਜੇ ਦੀਆਂ ਪਤਨੀਆਂ ਕਿਸੇ ਰਿਸ਼ਤੇਦਾਰ ਦੇ ਘਰ ਰਹਿ ਰਹੀਆਂ ਸਨ। ਸਤਰੰਜਨ ਨੂੰ ਪਤਾ ਸੀ ਕਿ ਘਰ ਦੀਆਂ ਔਰਤਾਂ ਨੂੰ ਕੋਈ ਵੀ ਖ਼ਬਰ ਨਹੀਂ ਸੀ, ਕਿਉਂਕਿ ਕਰਫਿਊ ਲੱਗਣ ਕਰਕੇ ਕਿਸੇ ਵੀ ਖੇਤਰ ਦੀ ਸਾਰ ਲੈਣਾ ਅਸੰਭਵ ਸੀ ਅਤੇ ਉਸ ਸਮੇਂ ਖੇਤਰ 'ਚ ਕੋਈ ਮੋਬਾਇਲ ਨੈੱਟਵਰਕ ਵੀ ਮੌਜੂਦ ਨਹੀਂ ਸੀ।

ਜਦੋਂ ਸਤਰੰਜਨ ਆਪਣੀ ਭਾਬੀ ਨੂੰ ਮਿਲਿਆ ਤਾਂ ਉਸ ਨੇ ਸਭ ਕੁੱਝ ਦੱਸਿਆ ਜੋ ਉਹ ਜਾਣਦੀ ਸੀ। ਉਸ ਨੇ ਦੱਸਿਆ ਕਿ ਫੌਜੀ ਉਸ ਦੇ ਪਤੀ ਨੂੰ ਧੂਹ ਕੇ ਲੈ ਗਏ ਸਨ।

ਸਤਰੰਜਨ ਨੇ ਕਿਹਾ ਕਿ ਮੈਂ ਦੁਚਿੱਤੀ ਵਿੱਚ ਸੀ ਕਿ ਉਸ ਨੂੰ ਸਾਰੀ ਗੱਲ ਦਸਾਂ ਜਾਂ ਫਿਰ ਨਾ ਪਰ ਫਿਰ ਮੈਂ ਸੋਚਿਆ ਕਿ ਇੱਕ ਵਾਰ ਮੇਰੇ ਭਰਾ ਅਤੇ ਭਤੀਜੇ ਵਾਪਿਸ ਪਰਤ ਆਉਣ ਤਾਂ ਹੀ ਰਜ਼ਵਰਜਨ ਦੀ ਮੌਤ ਦੀ ਖ਼ਬਰ ਉਨ੍ਹਾਂ ਨੂੰ ਦੇਵਾਂ।

ਇਹ ਵੀ ਪੜ੍ਹੋ:

ਇਸ ਲਈ ਉਸ ਨੇ ਇੱਕ ਕਹਾਣੀ ਘੜੀ ਕਿ ਜਦੋਂ ਉਨ੍ਹਾਂ ਦੇ ਘਰ 'ਚ ਫੌਜੀਆਂ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਉਸ ਸਮੇਂ ਮੁੰਡੇ ਸੁਰੱਖਿਆ ਰਹਿਣ ਲਈ ਕਰਾਚੀ ਚਲੇ ਗਏ ਸਨ। ਉਸ ਨੇ ਦਿਲਾਸਾ ਦਿੱਤਾ ਕਿ ਉਸ ਦਾ ਪਤੀ ਜਲਦ ਹੀ ਵਾਪਿਸ ਪਰਤ ਆਵੇਗਾ।

26 ਅਪ੍ਰੈਲ 2015 ਨੂੰ ਉਹ ਪਰਿਵਾਰ ਨੂੰ ਰਮਕ ਲੈ ਕੇ ਆ ਗਿਆ। ਉਦੋਂ ਵੀ ਫੌਜ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਖ਼ਬਰ ਉਨ੍ਹਾਂ ਨੂੰ ਨਾ ਦਿੱਤੀ ਗਈ।

ਹਫ਼ਤੇ ਮਹੀਨਿਆਂ 'ਚ ਅਤੇ ਮਹੀਨੇ ਸਾਲਾਂ 'ਚ ਬਦਲ ਗਏ ਪਰ ਉਸ ਦੇ ਭਰਾ ਅਤੇ ਤਿੰਨ ਭਤੀਜਿਆਂ ਦਾ ਕੋਈ ਥਹੁ ਪਤਾ ਨਾ ਲੱਗਿਆ।

ਅਜਿਹੀ ਸਥਿਤੀ 'ਚ ਉਹ ਇੱਕਲਾ ਨਹੀਂ ਸੀ। ਸਥਾਨਕ ਕਾਰਕੁੰਨਾਂ ਨੇ ਦੱਸਿਆ ਕਿ ਸਾਲ 2002 ਤੋਂ ਫੌਜ ਵੱਲੋਂ 8 ਹਜ਼ਾਰ ਤੋਂ ਵੀ ਵੱਧ ਲੋਕਾਂ ਨੂੰ ਚੁੱਕਿਆ ਗਿਆ ਸੀ।

ਫੋਟੋ ਕੈਪਸ਼ਨ ਪੱਛਮੀ ਵਜ਼ੀਰਸਤਾਨ ਵਿੱਚ ਮਿਲਟਰੀ ਕਾਰਵਾਈ ਦੇ ਖ਼ਿਲਾਫ ਪ੍ਰਦਰਸ਼ਨ ਕਰਦੇ ਹੋਏ ਲੋਕ

ਇਸ ਦੌਰਾਨ ਸਤਰੰਜਨ ਨੂੰ ਹਰ ਰੋਜ਼ ਘਰ ਦੀਆਂ ਔਰਤਾਂ ਦੇ ਕਈ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਸਨ ਜਿੰਨ੍ਹਾਂ ਦਾ ਕਿ ਉਸ ਨੂੰ ਵੀ ਨਹੀਂ ਸੀ ਪਤਾ। ਸਤਰੰਜਨ ਨੂੰ ਵਾਰ-ਵਾਰ ਪੁੱਛਿਆ ਜਾਂਦਾ ਸੀ ਕਿ ਉਹ ਪਿੰਡ ਵਾਪਿਸ ਕਿਉਂ ਨਹੀਂ ਜਾ ਰਹੇ ਹਨ।

ਸਤਰੰਜਨ ਨੇ ਦੱਸਿਆ, "ਮੈਂ ਉਨ੍ਹਾਂ ਨੂੰ ਕਿਹਾ ਕਿ ਸ਼ਾਕਟੋਈ ਵਿਚਲਾ ਸਾਡਾ ਘਰ ਫੌਜ ਵੱਲੋਂ ਤਬਾਹ ਕਰ ਦਿੱਤਾ ਗਿਆ ਹੈ ਅਤੇ ਇਹ ਸੱਚ ਵੀ ਸੀ ਪਰ ਉਹ ਅਸਲ ਕਾਰਨ ਨਹੀਂ ਦੱਸ ਪਾ ਰਿਹਾ ਸੀ ਕਿ ਜੇ ਉਹ ਵਾਪਿਸ ਗਏ ਤਾਂ ਆਂਢ-ਗੁਆਂਢ ਅਫ਼ਸੋਸ ਲਈ ਆਵੇਗਾ ਅਤੇ ਸਾਰਾ ਸੱਚ ਪਤਾ ਚੱਲ ਜਾਵੇਗਾ।

ਉਸ ਨੇ ਕਿਹਾ ਕਿ ਇਹ ਬਹਿਤਰ ਹੁੰਦਾ ਕਿ ਉਹ ਜਾਣਦਾ ਕਿ ਉਸ ਦਾ ਭਰਾ ਅਤੇ ਭਤੀਜੇ ਜੇਲ੍ਹ 'ਚ ਹਨ ਜਾਂ ਫਿਰ ਉਹ ਵੀ ਮਾਰੇ ਗਏ ਹਨ।

ਕੁੱਝ ਵੀ ਨਾ ਪਤਾ ਨਾ ਲਾ ਸਕਣਾ ਇੱਕ ਵੱਡਾ ਦੁੱਖ ਸੀ।

"ਮੈਂ ਆਪਣੀ ਭਾਬੀ ਨੂੰ ਦੱਸ ਨਹੀਂ ਸੀ ਪਾ ਰਿਹਾ ਕਿ ਉਸ ਦਾ ਪੁੱਤਰ ਲਾਪਤਾ ਹੈ ਜਾਂ ਫਿਰ ਮਾਰਿਆ ਗਿਆ ਹੈ ਅਤੇ ਨਾ ਹੀ ਮੈਥੋਂ ਦੋ ਜਵਾਨ ਨੂੰਹਾਂ ਨੂੰ ਦੱਸਿਆ ਜਾ ਰਿਹਾ ਸੀ ਕਿ ਉਹ ਵਿਧਵਾ ਹੋ ਚੁੱਕੀਆਂ ਹਨ।"

ਇਹ ਵਿਅਕਤੀਗਤ ਕਹਾਣੀਆਂ ਦਿਲ ਦਹਿਲਾਉਣ ਵਾਲੀਆਂ ਸਨ, ਪਰ ਇਹ ਵੱਖ ਨਹੀਂ ਸਨ। ਪੀਟੀਐਮ ਨੇ ਇਲਜ਼ਾਮ ਲਾਇਆ ਸੀ ਕਿ ਕਬਾਇਲੀ ਖੇਤਰ 'ਚ ਸੈਂਕੜੇ ਹੀ ਲੋਕਾਂ ਦੀ ਇਹੀ ਹੱਡਬੀਤੀ ਹੈ। ਜਦਕਿ ਸਰਕਾਰੀ ਤੌਰ 'ਤੇ ਉਨ੍ਹਾਂ ਦੀ ਕੋਈ ਪੁੱਛ ਪੜਤਾਲ ਨਹੀਂ ਹੈ।

ਉਹ ਇੱਕ ਜੰਗ ਦਾ ਹੀ ਨਤੀਜਾ ਸਨ। ਪਾਕਿਸਤਾਨ ਨੇ ਇਸ ਪੂਰੀ ਸਥਿਤੀ ਨੂੰ ਬਾਹਰੀ ਦੁਨੀਆਂ ਤੋਂ ਲਕੋ ਕੇ ਰੱਖਣ ਲਈ ਪੂਰੀ ਵਾਹ ਲਾਈ ਸੀ। ਅਫ਼ਗਾਨਿਸਤਾਨ ਦੀ ਸਰਹੱਦ 'ਤੇ ਹੋਏ ਇਸ ਟਕਰਾਅ ਪ੍ਰਤੀ ਕੋਈ ਵੀ ਚੰਗੀ ਤਰ੍ਹਾਂ ਨਹੀਂ ਜਾਣਦਾ।

ਫਿਰ ਜਦੋਂ ਪੀਟੀਐਮ ਵੱਲੋਂ ਪਿਛਲੇ ਸਾਲ ਇਸ ਸਬੰਧੀ ਖੁਲਾਸੇ ਕੀਤੇ ਗਏ ਤਾਂ ਇਸ 'ਤੇ ਵਾਲੀ ਮੀਡੀਆ ਕਵਰੇਜ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ ।ਪਾਬੰਦੀ ਲੱਗਣ ਦੇ ਬਾਵਜੂਦ ਜਿੰਨ੍ਹਾਂ ਮੀਡੀਆ ਕਰਮੀਆਂ ਨੇ ਆਪਣੀ ਕਾਰਵਾਈ ਜਾਰੀ ਰੱਖੀ, ਉਨ੍ਹਾਂ ਨੂੰ ਜਾਨ ਦੀਆਂ ਧਮਕੀਆਂ ਮਿਲਿਆਂ ਅਤੇ ਨਾਲ ਹੀ ਵਿੱਤੀ ਤੌਰ 'ਤੇ ਵੀ ਉਨ੍ਹਾਂ ਨੂੰ ਤੰਗ ਕੀਤਾ ਜਾਣ ਲੱਗਿਆ।

ਫੌਜ ਨੇ ਪੀਟੀਐਮ ਦੀ ਦੇਸ਼ਭਗਤੀ ਉੱਪਰ ਸਵਾਲ ਖੜ੍ਹੇ ਕੀਤੇ ਅਤੇ ਉਨ੍ਹਾਂ ਨੂੰ ਅਫ਼ਗਾਨਿਸਤਾਨ ਤੇ ਭਾਰਤ ਦੀਆਂ ਖ਼ੂਫੀਆ ਏਜੰਸੀਆਂ ਦੱਸਿਆ ਗਿਆ।

ਪੀਟੀਐਮ ਦੇ ਜਿਹੜੇ ਕਾਰਕੁੰਨ ਗਲਤ ਵਤੀਰੇ ਵਾਲੇ ਮਾਮਲਿਆਂ ਨੂੰ ਦਸਤਾਵੇਜ਼ੀ ਰੂਪ ਦੇ ਰਹੇ ਸਨ ਤੇ ਸੋਸ਼ਲ ਮੀਡੀਆ ਗਰੁੱਪ ਚਲਾ ਰਹੇ ਸਨ, ਉਨ੍ਹਾਂ ਨੂੰ ਜੇਲ੍ਹੀਂ ਸੁੱਟ ਦਿੱਤਾ ਗਿਆ। ਤੇ ਸੋਸ਼ਲ ਮੀਡੀਆ ਗਰੁੱਪ ਚਲਾ ਰਹੇ ਸਨ, ਉਨ੍ਹਾਂ ਨੂੰ ਜੇਲ੍ਹੀਂ ਸੁੱਟ ਦਿੱਤਾ ਗਿਆ।

ਕਈ ਸਾਲਾਂ ਦੀ ਚੁੱਪ ਤੋਂ ਬਾਅਦ ਜੋ ਕਾਰਕੁੰਨਾਂ ਆਵਾਜ਼ ਬੁਲੰਦ ਕਰ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਇਸ ਟਕਰਾਅ ਦੇ ਪੀੜ੍ਹਤਾਂ ਨੂੰ ਇਨਸਾਫ ਲਈ ਹਾਲੇ ਬਹੁਤ ਲੰਬਾ ਸੰਘਰਸ਼ ਕਰਨਾ ਪਵੇਗਾ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)