ਹੌਸ ਹਿਲਟ: ‘ਦੁਨੀਆਂ ਦਾ ਸਭ ਤੋਂ ਪੁਰਾਣਾ’ ਸ਼ਾਕਾਹਾਰੀ ਰੈਸਟੋਰੈਂਟ

ਸ਼ਾਕਾਹਾਰੀ ਰੈਸਟੋਰੈਂਟ Image copyright Haus Hiltl

ਸਮੇਂ ਦੇ ਨਾਲ ਮਨੁੱਖ ਦੇ ਭੋਜਨ ਵਿੱਚ ਬਹੁਤ ਬਦਲਾਅ ਹੁੰਦੇ ਰਹੇ ਹਨ। ਲੋਕਾਂ ਦੀ ਜੇਬ ਭਾਰੀ ਹੋਣੀ ਸ਼ੁਰੂ ਹੋਈ ਤਾਂ ਪਸੰਦ ਮੁਤਾਬਕ ਉਨ੍ਹਾਂ ਨੇ ਬਾਹਰ ਰੈਸਟੋਰੈਂਟਾਂ ਵਿੱਚ ਜਾ ਕੇ ਖਾਣਾ ਸ਼ੁਰੂ ਕਰ ਦਿੱਤਾ।

ਕੁਝ ਰੈਸਟੋਰੈਂਟ ਅਜਿਹੇ ਹਨ ਜੋ ਇਤਿਹਾਸ ਬਣ ਗਏ ਹਨ।

ਸਵਿਟਜ਼ਰਲੈਂਡ ਦੇ ਜ਼ਿਊਰਿਖ 'ਚ ਹੌਸ ਹਿਲਟ, ਇੱਕ ਅਜਿਹਾ ਰੈਸਟੋਰੈਂਟ ਹੈ ਜੋ ਪਿਛਲੇ 100 ਸਾਲਾਂ ਤੋਂ ਲੋਕਾਂ ਨੂੰ ਖਾਣੇ ਖੁਆ ਰਿਹਾ ਹਾ ਹੈ ਅਤੇ ਇਸਨੇ ਪੂਰੇ ਯੂਰਪ ਦੇ ਭੋਜਨ ਦੇ ਰੁਝਾਨ ਨੂੰ ਬਦਲ ਦਿੱਤਾ ਹੈ।

ਹੌਸ ਹਿਲਟ ਜ਼ਿਊਰਿਖ ਦਾ ਸਭ ਤੋਂ ਮਸ਼ਹੂਰ ਅਤੇ ਖਾਣੇ ਦੇ ਪ੍ਰੇਮੀਆਂ ਦਾ ਇੱਕ ਪਸੰਦੀਦਾ ਰੈਸਟੋਰੈਂਟ ਹੈ। ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਇਸ ਨੂੰ “ਦੁਨੀਆਂ ਦਾ ਸਭ ਤੋਂ ਪੁਰਾਣਾ ਸ਼ਾਕਾਹਾਰੀ ਰੈਸਟੋਰੈਂਟ” ਹੋਣ ਦਾ ਖਿਤਾਬ ਮਿਲਿਆ ਹੈ।

ਇਸ ਦੀ ਸ਼ੁਰੂਆਤ 1898 ਵਿੱਚ ਜ਼ਿਊਰਿਖ ਦੇ ਹਿਲਟ ਪਰਿਵਾਰ ਨੇ ਕੀਤੀ ਸੀ।

ਉਸ ਸਮੇਂ ਤੋਂ ਇਸ ਪਰਿਵਾਰ ਦੀਆਂ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਆਪਣੇ ਪੁਰਖਾਂ ਦੀ ਵਿਰਾਸਤ ਸੰਭਾਲਦੇ ਹੋਏ ਸਫ਼ਲਤਾ ਨਾਲ ਅੱਗੇ ਵਧ ਰਹੀਆਂ ਹਨ।

ਇਹ ਵੀ ਪੜ੍ਹੋ:

ਸ਼ੁਰੂਆਤੀ ਦੌਰ ਵਿੱਚ ਇੱਥੇ ਸਿਰਫ਼ ਜ਼ਿਊਰਿਖ ਦੇ ਸਥਾਨਕ ਪਕਵਾਨ ਹੀ ਮਿਲਦੇ ਸਨ। ਇਹਨਾਂ ਵਿੱਚ ਆਲੂ ਅਤੇ ਜੜ੍ਹਾਂ ਵਾਲੀਆਂ ਸ਼ਬਜ਼ੀਆਂ ਸ਼ਾਮਿਲ ਸਨ।

ਜਿਵੇਂ ਹੀ ਨਵੀਂ ਪੀੜ੍ਹੀਆਂ ਨੇ ਇਸ ਨੂੰ ਸੰਭਾਲਿਆ, ਇਸ ਰੈਸਟੋਰੈਂਟ ਨੇ ਸਰਹੱਦਾਂ ਦੀਆਂ ਕੰਧਾਂ ਤੋੜ ਦਿੱਤੀਆਂ।

ਅੱਜ ਇਥੇ ਭਾਰਤੀ, ਏਸ਼ੀਅਨ, ਮੈਡਿਟੇਰੀਅਨ ਅਤੇ ਸਵਿਟਜ਼ਰਲੈਂਡ ਦੇ ਸਾਰੇ ਸ਼ਾਕਾਹਾਰੀ ਪਕਵਾਨ ਮਿਲਦੇ ਹਨ।

ਹੌਸ ਹਿਲਟ ਦੋ ਮੰਜ਼ਲਾਂ ਇਮਾਰਤ ਵਾਲਾ ਰੈਸਟੋਰੈਂਟ ਹੈ। ਇਸਦੀ ਪਹਿਲੀ ਮੰਜ਼ਲ 'ਤੇ ਆ-ਲਾ-ਕਾਰਟ ਰੈਸਟੋਰੈਂਟ ਹੈ।

ਇਥੇ ਖਾਣੇ ਦੇ ਨਾਲ ਖਾਣਾ ਬਣਾਉਣ ਵਾਲੀਆਂ ਬਹੁਤ ਸਾਰੀਆਂ ਕਿਤਾਬਾਂ ਮੌਜੂਦ ਹਨ।

ਪਿਛਲੇ ਇੱਕ ਦਹਾਕੇ ਵਿੱਚ ਹਿਲਟ ਰੈਸਟੋਰੈਂਟ ਨੇ ਪੂਰੇ ਜ਼ਿਊਰਿਖ ਵਿੱਚ ਆਪਣੀਆਂ ਅੱਠ ਸ਼ਾਖ਼ਵਾਂ ਖੋਲ੍ਹੀਆਂ ਹਨ।

Image copyright Haus Hiltl

ਜ਼ਿਊਰਿਖ ਦੇ ਲੋਕ ਮੁੱਖ ਤੌਰ 'ਤੇ ਮਾਸਾਹਾਰੀ ਹਨ। ਅਜਿਹੇ ਵਿੱਚ ਇੱਕ ਸ਼ਾਕਾਹਾਰੀ ਰੈਸਟੋਰੈਂਟ ਦਾ ਇੰਨ੍ਹੇ ਵੱਡੇ ਤੌਰ 'ਤੇ ਸਿੱਕਾ ਜਮਾਉਣਾ ਆਪਣੇ ਆਪ ਵਿੱਚ ਵੱਡੀ ਗੱਲ ਹੈ।

ਦਿ ਕਲਿਨਰੀ ਹੈਰੀਟੇਜ਼ ਆਫ਼ ਸਵਿਟਜ਼ਰਲੈਂਡ ਦੇ ਲੇਖਕ ਅਤੇ ਪੇਸ਼ੇ ਤੋਂ ਪੱਤਰਕਾਰ ਪਾਲ ਇਮਹਾਕ ਦਾ ਕਹਿਣਾ ਹੈ ਕਿ ਜਦੋਂ 19ਵੀਂ ਸਦੀ ਵਿੱਚ ਇਹ ਰੈਸਟੋਰੈਂਟ ਖੁੱਲ੍ਹਿਆ ਤਾਂ ਇੱਥੋਂ ਦੇ ਅਮੀਰਾਂ ਵਿੱਚ ਸਬਜ਼ੀਆਂ ਦੇ ਸ਼ੌਕੀਨ ਲੋਕਾਂ ਨੂੰ ਨੀਵੇਂ ਪੱਧਰ ਦੇ ਮੰਨਿਆ ਜਾਂਦਾ ਸੀ। ਉਹਨਾਂ ਨੂੰ ਘਾਹ-ਫੂਸ ਖਾਣ ਵਾਲੇ ਕਹਿ ਕੇ ਛੇੜਿਆ ਜਾਂਦਾ ਸੀ।

ਪੂਰੇ ਯੂਰਪ ਵਿੱਚ, ਸੂਰ ਅਤੇ ਵੱਛੇ ਦਾ ਮੀਟ ਹੀ ਮੁੱਖ ਖੁਰਾਕ ਸੀ। ਇਸ ਦਾ ਸੰਬੰਧ ਆਰਥਿਕ ਅਤੇ ਸਮਾਜਕ ਪੱਧਰ ਨਾਲ ਵੀ ਜੁੜਿਆ ਹੋਇਆ ਸੀ।

ਸਬਜ਼ੀਆਂ ਦੇ ਨਾਂ 'ਤੇ ਪਨੀਰ, ਆਲੂ ਅਤੇ ਜੜ੍ਹਾਂ ਵਾਲੀਆਂ ਸਬਜ਼ੀਆਂ ਹੀ ਖਾਦੀਆਂ ਜਾਂਦੀਆਂ ਸਨ।

ਹਿਲਟ ਰੈਸਟੋਰੈਂਟ ਦੇ ਸ਼ੁਰੂ ਹੋਣ ਦੀ ਕਹਾਣੀ ਵੀ ਦਿਲਚਸਪ ਹੈ। ਕਿਹਾ ਜਾਂਦਾ ਹੈ ਕਿ ਐਮਬ੍ਰੋਸੁਈਸ ਹਿਲਟ ਨਾਮ ਦੇ ਦਰਜ਼ੀ ਨੂੰ ਗਠੀਏ ਦੀ ਬਿਮਾਰੀ ਸੀ।

ਡਾਕਟਰਾਂ ਨੇ ਕਿਹਾ ਕਿ ਜੇਕਰ ਉਸਨੇ ਲੰਮੇ ਸਮੇਂ ਲਈ ਜੀਉਣਾ ਹੈ ਤਾਂ ਉਸ ਨੂੰ ਮਾਸ ਖਾਣਾ ਬੰਦ ਕਰਨਾ ਪਵੇਗਾ। ਇਹ 1890 ਦੀ ਗੱਲ ਹੈ।

ਉਨ੍ਹੀਂ ਦਿਨੀ ਜ਼ਿਊਰਿਖ ਵਿੱਚ ਬਿਨ੍ਹਾਂ ਮੀਟ ਦੇ ਸ਼ਾਇਦ ਹੀ ਕੋਈ ਭੋਜਨ ਮਿਲਦਾ ਸੀ। ਐਬਸਟਿਨੇਂਸ ਨਾਂ ਦਾ ਮਹਿਜ਼ ਇੱਕ ਹੀ ਰੈਸਟੋਰੈਂਟ ਸੀ, ਜਿੱਥੇ ਸਬਜ਼ੀਆਂ ਦੇ ਕੁਝ ਪਕਵਾਨ ਮਿਲਦੇ ਸਨ।

Image copyright Haus Hiltl

ਇੱਥੇ ਭੋਜਨ ਖਾਣ ਮਗਰੋਂ ਐਂਬਰੋਸੂਯਿਸ ਹਿਲਟ ਦੀ ਸ਼ਾਕਾਹਾਰੀ ਭੋਜਨ ਵਿੱਚ ਦਿਲਚਸਪੀ ਵੱਧਣ ਲੱਗੀ। ਉਹ ਰੈਸਟੋਰੈਂਟ ਬਹੁਤ ਹੀ ਮਾੜੀ ਹਾਲਤ ਵਿੱਚ ਸੀ।

ਐਮਬ੍ਰੋਸੁਈਸ ਹਿਲਟ ਨੇ 1904 ਵਿੱਚ ਇਸ ਨੂੰ ਖ਼ਰੀਦ ਲਿਆ ਅਤੇ ਇਸ ਰੈਸਟੋਰੈਂਟ ਦੀ ਖਾਨਸਾਮਾ ਮਾਰਥਾ ਨਾਲ ਵਿਆਹ ਕਰਵਾ ਲਿਆ। ਫਿਰ ਰੈਸਟੋਰੈਂਟ ਦਾ ਨਾਂ ਬਦਲ ਕੇ ਹੌਸ ਹਿਲਟ ਕਰ ਦਿੱਤਾ।

ਜਿਸ ਸਾਲ ਐਮਬ੍ਰੋਸੁਈਸ ਹਿਲਟ ਨੇ ਇਹ ਰੈਸਟੋਰੈਂਟ ਖਰੀਦਿਆ, ਉਸ ਸਾਲ ਸਵਿੱਟਜ਼ਰਲੈਂਡ ਵਿੱਚ ਕੁਦਰਤ ਦੇ ਕੋਲ ਆਉਣ ਅਤੇ ਸਹਿਤਮੰਦ ਭੋਜਨ ਖਾਣ ਦੀ ਮੁਹਿੰਮ ਸ਼ੁਰੂ ਹੋ ਗਈ।

ਡਾਕਟਰ ਮੈਕਸੀਮਿਲਿਯਨ ਬਿਰਸ਼ਰ ਬੇਨਰ ਨੇ ਬਿਨ੍ਹਾਂ ਮਾਸ ਭੋਜਨ ਦੇ ਲਈ ਮੁਹਿੰਮ ਛੇੜ ਦਿੱਤੀ।

ਇਸ ਤੋਂ ਬਾਅਦ ਲੋਕਾਂ ਦਾ ਰੁਝਾਨ ਸਹਿਤਮੰਦ ਖਾਣੇ ਵੱਲ ਵੱਧਣ ਲੱਗਾ ਅਤੇ ਹਿਲਟ ਰੈਸਟੋਰੈਂਟ ਵਿੱਚ ਲੋਕਾਂ ਦੀ ਭੀੜ ਹੋਣ ਲੱਗ ਪਈ।

ਹਲਾਂਕਿ ਸ਼ੁਰੂਆਤ ਵਿੱਚ ਇਸ ਰੈਸਟੋਰੈਂਟ ਨੂੰ ਚਲਾਉਣ ਵਿੱਚ ਕਾਫ਼ੀ ਔਕੜਾਂ ਆਈਆਂ। ਫਿਰ ਹਾਲਾਤ ਬਦਲਣ ਲੱਗੇ। 1951 ਵਿੱਚ ਰੈਸਟੋਰੈਂਟ ਦਾ ਮੌਜੂਦਾ ਰੂਪ ਸਾਹਮਣੇ ਆਇਆ।

ਅਸਲ ਵਿੱਚ 1951 'ਚ ਹੀ ਐਮਬ੍ਰੋਸੁਈਸ ਦੀ ਨੂੰਹ ਵਰਲਡ ਵੈਜੀਟੇਰੀਅਨ ਕਾਂਗਰਸ ਲਈ ਸਵਿੱਟਜ਼ਰਲੈਂਡ ਦੇ ਸਰਕਾਰੀ ਪ੍ਰਤੀਨਿਧੀ ਵਜੋਂ ਦਿੱਲੀ ਆਈ ਸੀ।

Image copyright Haus Hiltl

ਇੱਥੇ ਉਨ੍ਹਾਂ ਨੂੰ ਹਿੰਦੁਸਤਾਨੀ ਖਾਣਿਆਂ ਦਾ ਜ਼ਾਇਕਾ ਇੰਨਾ ਚੰਗਾ ਲੱਗਾ ਕਿ ਉਨ੍ਹਾਂ ਨੇ ਵਾਪਸ ਆਪਣੇ ਦੇਸ਼ ਜਾ ਕੇ ਖ਼ੁਦ ਲਈ ਰਾਤ ਨੂੰ ਖਾਣੇ ਵਿੱਚ ਭਾਰਤੀ ਪਕਵਾਨ ਬਣਾਉਣੇ ਸ਼ੁਰੂ ਕਰ ਦਿੱਤੇ।

ਉਹ ਦਿੱਲੀ ਤੋਂ ਧਣੀਆ, ਹਲਦੀ, ਜ਼ੀਰਾ, ਇਲਾਇਚੀ ਵੱਡੀ ਮਾਤਰਾ 'ਚ ਨਾਲ ਲੈ ਕੇ ਗਏ ਸਨ। ਇਹੀ ਨਹੀਂ, ਉਹ ਇਥੋਂ ਬਹੁਤ ਸਾਰੇ ਪਕਵਾਨ ਬਣਾਉਣ ਦੇ ਤਰੀਕੇ ਵੀ ਸਿੱਖ ਕੇ ਗਏ ਸਨ ਅਤੇ ਆਪਣੇ ਰੈਸਟੋਰੈਂਟ ਦੇ ਖਾਨਸਾਮਿਆਂ ਨੂੰ ਵੀ ਬਣਾਉਣਾ ਸਿਖਾ ਦਿੱਤਾ।

ਦੇਖਦਿਆਂ ਹੀ ਦੇਖਦਿਆਂ ਇਨ੍ਹਾਂ ਦੇ ਰੈਸਟੋਰੈਂਟ 'ਚ ਭਾਰਤੀ ਲੋਕਾਂ ਦੀ ਭੀੜ ਇਕੱਠੀ ਹੋਣ ਲੱਗੀ।

ਇਹ ਵੀ ਪੜ੍ਹੋ:

ਇਥੋਂ ਤੱਕ ਕਿ ਜਦੋਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਸਵਿੱਟਰਜ਼ਲੈਂਡ ਗਏ ਤਾਂ ਉਨ੍ਹਾਂ ਨੇ ਵੀ ਇੱਥੇ ਭਾਰਤੀ ਖਾਣਿਆਂ ਦਾ ਲੁਤਫ਼ ਲਿਆ।

ਜਦੋਂ ਸਵਿੱਸ ਏਅਰਲਾਈਂਸ ਨੇ ਹੌਸ ਹਿਲਟ ਦੀ ਮਦਦ ਨਾਲ ਆਪਣੇ ਯਾਤਰੂਆਂ ਨੂੰ ਸ਼ਾਕਾਹਾਰੀ ਭੋਜਨ ਪਰੋਸਣਾ ਸ਼ੁਰੂ ਕੀਤਾ ਤਾਂ ਇਹ ਰੈਸਟੋਰੈਂਟ ਦੁਨੀਆਂ ਵਿੱਚ ਮਸ਼ਹੂਰ ਹੋ ਗਿਆ।

Image copyright Haus Hiltl

ਜਿਸ ਵੇਲੇ ਹੌਸ ਹਿਲਟ ਕਾਇਮ ਹੋਇਆ ਸੀ ਉਸ ਦੇ ਆਲੇ-ਦੁਆਲੇ ਬਹੁਤ ਸਾਰਾ ਜੰਗਲੀ ਇਲਾਕਾ ਸੀ ਪਰ ਜਿਵੇਂ ਆਬਾਦੀ ਵੱਧਦੀ ਗਈ, ਵਿਕਾਸ ਹੁੰਦਾ ਗਿਆ, ਹੌਸ ਹਿਲਟ ਦਾ ਹੋਰ ਵਿਸਤਾਰ ਹੁੰਦਾ ਗਿਆ।

1960 ਦਾ ਦਸ਼ਕ ਆਉਣ ਤੱਕ ਲੋਕਾਂ ਦੇ ਖਾਣ ਦੇ ਤਰੀਕੇ ਅਤੇ ਸੁਆਦ ਬਦਲ ਚੁੱਕੇ ਸਨ। ਸ਼ਾਕਾਹਾਰੀ ਭੋਜਨ ਵਿੱਚ ਲੋਕ ਤਰ੍ਹਾਂ-ਤਰ੍ਹਾਂ ਦੇ ਤਜ਼ੁਰਬੇ ਕਰਨ ਲੱਗੇ ਸਨ।

ਅਜਿਹੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਨੂੰ ਆਪਣੇ ਵੱਲ ਖਿੱਚਣਾ ਅਤੇ ਉਹਨਾਂ ਨੂੰ ਆਪਣੇ ਨਾਲ ਜੋੜੀ ਰੱਖਣਾ ਇੱਕ ਚੁਣੌਤੀ ਸੀ।

ਇਸ ਕਰਕੇ 1973 ਵਿੱਚ ਹਾਇੰਜ਼ ਹਿਲਟ ਨੇ ਰੈਸਟੋਰੈਂਟ ਵਿੱਚ ਕੁਝ ਨਵਾਂ ਕੰਮ ਸ਼ੁਰੂ ਕੀਤਾ। ਇਸਦਾ ਨਾਂ ਸੀ ਹਿਲਟ ਵੈਜ਼ੀ।

ਰੈਸਟੋਰੈਂਟ ਵਿੱਚ ਕਈ ਤਰ੍ਹਾਂ ਦੇ ਸਲਾਦ, ਟੇਕ-ਅਵੇ ਕਾਊਂਟਰ ਅਤੇ ਜੂਸ ਕਾਊਂਟਰ ਖੋਲੇ ਗਏ। ਇਹ ਜ਼ਿਊਰਿਖ ਲਈ ਇੱਕ ਨਵਾਂ ਬਦਲਾਅ ਸੀ।

ਹੌਸ ਹਿਲਟ ਦੀ ਖ਼ਾਸਿਅਤ ਇਹ ਹੈ ਕਿ ਇੱਥੇ ਨਵੇਂ-ਨਵੇਂ ਤਜ਼ੁਰਬੇ ਹੁੰਦੇ ਰਹਿੰਦੇ ਹਨ।

Image copyright Haus Hiltl

ਰਾਲਫ਼ ਦਾ ਕਹਿਣਾ ਹੈ ਕਿ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਰੈਸਟੋਰੈਂਟ ਵਿੱਚ ਜਿੰਨੇ ਵੀ ਲੋਕ ਆਉਂਦੇ ਹਨ ਉਹ ਦੋਵੇਂ ਸ਼ਾਕਾਹਾਰੀ ਅਤੇ ਮਾਸਾਹਾਰੀ ਹੁੰਦੇ ਹਨ, ਪਰ ਇਸ ਰੈਸਟੋਰੈਂਟ ਵਿੱਚ ਉਹਨਾਂ ਨੂੰ ਸਬਜ਼ੀ ਵਿੱਚ ਉਹ ਸੁਵਾਦ ਮਿਲਦਾ ਹੈ ਜੋ ਕਿ ਮਾਸਾਹਾਰੀ ਭੋਜਨ ਵਿੱਚ ਹੁੰਦਾ ਹੈ।

2015 'ਚ ਹੌਸ ਹਿਲਟ ਦੀ ਪੰਜਵੀਂ ਮੰਜ਼ਲ 'ਤੇ ਦ ਹਿਲਟ ਅਕਾਦਮੀ ਖੋਲੀ ਗਈ। ਇੱਥੇ ਸ਼ਾਕਾਹਾਰੀ ਖਾਣ ਦੇ ਸ਼ੌਕੀਨ ਅਤੇ ਪੇਸ਼ੇਵਰ ਖ਼ਾਨਸਾਮੇ ਸ਼ਾਕਾਹਾਰੀ ਭੋਜਨ ਬਣਾਉਣਾ ਸਿੱਖਦੇ ਹਨ।

ਇੱਥੇ ਇੱਕ ਕੋਰਸ ਮਾਰਗਰਿਟਾ ਦੀ ਇੱਕ ਭਾਰਤੀ ਰੇਸਪੀ 'ਤੇ ਅਧਾਰਿਤ ਹੈ। ਰਾਲਫ਼ ਨੇ ਆਪ ਕਈ ਕਿਤਾਬਾਂ ਲਿਖੀਆਂ ਹਨ।

ਹੁਣ ਹਿਲਟ, ਨਿਊ ਯਾਰਕ ਅਤੇ ਲਾਸ ਏਂਜਲਸ ਵਰਗੀਆਂ ਥਾਵਾਂ 'ਤੇ ਪ੍ਰਮੁੱਖ ਰੈਸਟੋਰੈਂਟ ਖੋਲ੍ਹਣ ਦੀ ਤਿਆਰੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)