‘ਇਮਰਾਨ ਦੀ ਟੀਮ ’ਚ ਵੀ ਰੇਲੂ ਕੱਟੇ ਨੇ, ਫ਼ਿਰ ਕਪਤਾਨ ਗੱਲ ਕਿਵੇਂ ਮੰਨੇ’: ਮੁਹੰਮਦ ਹਨੀਫ਼ ਦੀ ਟਿੱਪਣੀ

ਕਰਾਚੀ ਦੇ ਇੱਕ ਨੌਜਵਾਨ ਨੇ ਪੁੱਛਿਆ, “ਹਮਾਰੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਸਾਬ੍ਹ ਬਾਰ-ਬਾਰ ‘ਰੇਲੂ ਕੱਟੇ’, ‘ਰੇਲੂ ਕੱਟੇ’ ਕਹਿਤੇ ਰਹਿਤੇ ਹੈ, ਯੇ ਸ਼ਾਇਦ ਪੰਜਾਬੀ ਕਾ ਲਫ਼ਜ਼ ਹੈ ਇਸ ਕਾ ਮਤਲਬ ਕਿਆ ਹੈ?”

ਮੈਂ ਮੁੰਡੇ ਨੂੰ ਕਿਹਾ, ਹੁਣ ਕੀ ਦੱਸਾਂ।

ਤੁਸੀਂ ਵੀ ਵੇਖੇ ਹੋਣਗੇ ਅੰਗਰੇਜ਼ੀ-ਮੀਡੀਅਮ, ਬਰਗਰ-ਟਾਈਪ ਲੋਕ, ਜੋ ਪੰਜਾਬੀ ਦੇ ਦੋ-ਚਾਰ ਮੁਹਾਵਰੇ ਸਿੱਖ ਲੈਂਦੇ ਨੇ ਤੇ ਫਿਰ ਅੰਨ੍ਹੇਵਾਹ ਵਰਤੀ ਜਾਂਦੇ ਨੇ।

ਪਾਕਿਸਤਾਨ-ਇੰਡੀਆ ਵਰਲਡ ਕੱਪ ਮੈਚ ਤੋਂ ਪਹਿਲਾਂ ਇਮਰਾਨ ਖਾਨ ਨੇ ਟਵੀਟ ਕੀਤਾ ਕਿ ਕਪਤਾਨ ਸਰਫ਼ਰਾਜ਼ ਜੇ ਟਾਸ ਜਿੱਤਣ ਤਾਂ ਬੈਟਿੰਗ ਪਹਿਲਾਂ ਕਰੋ ਅਤੇ ਰੇਲੂ ਕੱਟਿਆਂ ਨੂੰ ਨਾ ਖਡਾਓ ਕਿਉਂਕਿ ਉਨ੍ਹਾਂ ਦਾ ਕੋਈ ਫਾਇਦਾ ਨਹੀਂ।

Image copyright Getty Images

ਹੁਣ ਗੱਲ ਇਹ ਹੈ ਕਿ ਖਾਨ ਸਾਬ੍ਹ ਬਾਦਸ਼ਾਹ ਆਦਮੀ ਨੇ। ਉਨ੍ਹਾਂ ਦੀ ਆਪਣੀ ਤਾਰੀਖ਼ (ਇਤਿਹਾਸ) ਤੇ ਆਪਣਾ ਜੁਗਰਾਫ਼ੀਆ ਹੈ।

ਕਦੇ ਜਪਾਨ ਨੂੰ ਫਰਾਂਸ ਦਾ ਗੁਆਂਢੀ ਬਣਾ ਛੱਡਦੇ ਨੇ, ਕਦੇ ਨਾਰਵੇ ਵਿੱਚ ਮਦੀਨੇ ਦੀ ਰਿਆਸਤ ਲੱਭ ਲੈਂਦੇ ਹਨ, ਕਦੇ ਗੁਲਾਨ ਦੀਆਂ ਪਹਾੜੀਆਂ ਫਿਲਸਤੀਨ ਨੂੰ ਫੜਾ ਛੱਡਦੇ ਹਨ, ਕਦੇ ਕੋਈ ਰਬਿੰਦਰਨਾਥ ਟੈਗੋਰ ਦੀ ਗੱਲ ਸੁਣਾ ਕੇ ਕਹਿੰਦੇ ਨੇ ‘ਵਾਹ-ਵਾਹ ਖਲੀਲ ਜਿਬਰਾਨ ਨੇ ਕਿਆ ਜ਼ਬਰਦਸਤ ਗੱਲ ਕੀਤੀ ਹੈ’।

ਇਹ ਵੀ ਪੜ੍ਹੋ:

Image copyright AFP

ਹੁਣ ਖਾਨ ਸਾਬ੍ਹ ਰੇਲੂ ਕੱਟੇ ਦਾ ਮਤਲਬ ਪਤਾ ਨਹੀਂ ਕੀ ਸਮਝਦੇ ਨੇ। ਅਸੀਂ ਤਾਂ ਇਹ ਸੁਣਿਆ ਸੀ, ਗਲੀ-ਮੁਹੱਲੇ ਵਿੱਚ ਕ੍ਰਿਕਟ ਦਾ ਮੈਚ ਹੋਣਾ, ਇੱਕ ਖਿਡਾਰੀ ਘੱਟ ਪੈ ਜਾਣਾ ਤੇ ਕਿਸੇ ਬਾਲ ਨੂੰ ਕਹਿਣਾ, ‘ਵਈ ਤੂੰ ਦੋਵਾਂ ਟੀਮਾਂ ਵੱਲੋਂ ਖੇਡ ਲੈ’।

ਉਂਝ ਇਸ ਰੇਲੂ ਕੱਟੇ ਦੀ ਟੀਮ ਦਾ ਫਾਇਦਾ ਕਿਸੇ ਨੂੰ ਵੀ ਨਹੀਂ ਸੀ ਹੁੰਦਾ, ਬਸ ਗਿਣਤੀ ਜ਼ਰੂਰ ਪੂਰੀ ਹੋ ਜਾਂਦੀ ਸੀ।

ਪਾਕਿਸਤਾਨ ਦੇ ਕਪਤਾਨ ਸਰਫ਼ਰਾਜ਼ ਨੂੰ ‘ਜਗਤ ਕਪਤਾਨ’ ਇਮਰਾਨ ਖਾਨ ਦੀ ਗੱਲ ਜਾਂ ਤਾਂ ਸਮਝ ਨਹੀਂ ਆਈ ਜਾਂ ਉਨ੍ਹਾਂ ਨੇ ਮੰਨੀ ਕੋਈ ਨਹੀਂ - ਨਾ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਕੀਤੀ, ਟੀਮ ਵੀ ਉਨ੍ਹਾਂ ਨੇ ਉਹੀ ਖਿਡਾਈ ਜਿਨ੍ਹਾਂ ਨੂੰ ਖਾਨ ਸਾਬ੍ਹ ਪਹਿਲਾਂ ਰੇਲੂ ਕੱਟੇ ਕਹਿ ਚੁੱਕੇ ਸਨ।

Image copyright AFP/getty

ਹੋ ਸਕਦਾ ਹੈ ਸਰਫ਼ਰਾਜ਼ ਨੇ ਸੋਚਿਆ ਹੋਵੇ ਖਾਨ ਸਾਬ੍ਹ ਦੀ ਟੀਮ ਰੇਲੂ ਕੱਟਿਆਂ ਨਾਲ ਭਰੀ ਹੋਈ ਏ ਤੇ ਮੈਂ ਇੰਡੀਆ ਨਾਲ ਇੱਕ ਮੈਚ ਵੀ ਨਹੀਂ ਖੇਡ ਸਕਦਾ! ਵਿਚਾਰੇ ਨੂੰ ਇਹ ਸਮਝ ਨਹੀਂ ਆਈ ਕਿ ਖਾਨ ਸਾਬ੍ਹ ਜੀਹਦੇ ਮੋਢੇ 'ਤੇ ਹੱਥ ਰੱਖ ਦੇਣ ਉਹ ਰੇਲੂ ਕੱਟਾ ਵੀ ਚੀਤਾ ਬਣ ਜਾਂਦਾ ਹੈ।

ਉਨ੍ਹਾਂ ਦੀ ਟੀਮ 'ਤੇ ਇੱਕ ਨਜ਼ਰ ਮਾਰ ਲਓ। ਮੁਲਕ ਦਾ ਸਭ ਤੋਂ ਵੱਡਾ ਚੋਰ ਕੌਣ? ਆਸਿਫ਼ ਜ਼ਰਦਾਰੀ! ਉਹਦਾ ਵਜ਼ੀਰ-ਏ-ਖਜ਼ਾਨਾ ਕੌਣ - ਹਫੀਜ਼ ਸ਼ੇਖ।

ਮੁਲਕ ਦਾ ਸਭ ਤੋਂ ਇਮਾਨਦਾਰ ਆਦਮੀ ਕੌਣ - ਇਮਰਾਨ ਖਾਨ। ਉਨ੍ਹਾਂ ਦਾ ਵਜ਼ੀਰ-ਏ-ਖਜ਼ਾਨਾ ਕੌਣ - ਹਫੀਜ਼ ਸ਼ੇਖ।

ਫਵਾਦ ਚੌਧਰੀ ਸਾਬ੍ਹ ਮੁਸ਼ਰੱਫ ਦੇ ਵੀ ਅਗਵਾਨ, ਬਿਲਾਵਲ ਭੁੱਟੋ ਦੇ ਵੀ ਅਡਵਾਈਜ਼ਰ, ਹੁਣ ਖਾਨ ਸਾਬ੍ਹ ਦੀ ਟੀਮ ਦੇ ਸਭ ਤੋਂ ਚੀਤੇ ਫੀਲਡਰ। ਇਹ ਤਾਂ ਰੇਲੂ ਕੱਟਾ-ਪਲੱਸ ਹੋ ਗਿਆ।

ਫਿਰਦੋਸ ਆਸ਼ਿਕ ਅਵਾਨ ਪਹਿਲਾਂ ਜ਼ਰਦਾਰੀ ਦੀ ਟੀਮ ਵਿੱਚ ਬਾਊਂਸਰ ਮਾਰਦੇ ਸੀ, ਹੁਣ ਇਮਰਾਨ ਖ਼ਾਨ ਦੀ ਹਰ ਬੌਲ 'ਤੇ ਕਲੀਨ ਬੋਲਡ, ਕਲੀਨ ਬੋਲਡ ਦੀਆਂ ਅਪੀਲਾਂ ਕਰਦੇ ਨੇ।

ਇੱਕ ਊਮਰ ਅਯੂਬ, ਪਹਿਲਾਂ ਨਵਾਜ਼ ਸ਼ਰੀਫ਼ ਦੀ ਟੀਮ ਦੀ ਗਿਣਤੀ ਪੂਰੀ ਕਰਦਾ ਹੁੰਦਾ ਸੀ, ਅੱਜਕੱਲ੍ਹ ਇਮਰਾਨ ਖ਼ਾਨ ਦੀ ਟੀਮ ਦਾ ਸਟਾਰ ਪਲੇਅਰ ਹੈ।

ਖਾਨ ਸਾਬ੍ਹ ਦੇ ਦੁਸ਼ਮਣ ਕਹਿਣਗੇ, ‘ਵਈ ਉਨ੍ਹਾਂ ਦੇ ਰੇਲੂ ਕੱਟਿਆਂ ਦੀ ਟੀਮ ਪਾਕਿਸਤਾਨ ਨਾਲ ਉਹੀ ਕਰ ਰਹੀ ਹੈ ਜੋ ਕੋਹਲੀ ਦੀ ਟੀਮ ਨੇ ਸਰਫ਼ਰਾਜ਼ ਦੀ ਟੀਮ ਨਾਲ ਕੀਤਾ ਸੀ।’

ਇਨ੍ਹਾਂ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਓ, ਕਿਉਂਕਿ ਟੀਮ ਭਾਵੇਂ ਰੇਲੂ ਕੱਟਿਆਂ ਨਾਲ ਭਰੀ ਹੋਵੇ ਕਪਤਾਨ, ਕਪਤਾਨ ਹੀ ਹੁੰਦਾ ਹੈ। ਉਹ ਕਦੇ ਰੇਲੂ ਕੱਟਾ ਨਹੀਂ ਹੋ ਸਕਦਾ।

ਰੱਬ ਰਾਖਾ!

ਇਹ ਵੀ ਪੜ੍ਹੋ:

ਮੁਹੰਮਦ ਹਨੀਫ਼ ਦੇ ਹੋਰ VLOG ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।