ਸਮਾਰਟਫ਼ੋਨ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਇਹ ਜ਼ਰੂਰ ਪੜ੍ਹਨ

  • ਜ਼ਾਰੀਆ ਗੌਰਵੇਟ
  • ਬੀਬੀਸੀ ਫਿਊਚਰ
ਤਸਵੀਰ ਕੈਪਸ਼ਨ,

ਸੰਕੇਤਿਕ ਤਸਵੀਰ

ਨਵੇਂ ਦੌਰ ਦਾ ਰਹਿਣ-ਸਹਿਣ ਸਾਡੀ ਜ਼ਿੰਦਗੀ 'ਤੇ ਅਸਰ ਹੀ ਨਹੀਂ ਪਾ ਰਿਹਾ ਸਗੋਂ ਇਹ ਸਾਡੇ ਸਰੀਰ ਦੀ ਬਨਾਵਟ 'ਚ ਵੀ ਇਹ ਬਦਲਾਅ ਲਿਆ ਰਿਹਾ ਹੈ।

ਨਵੀਂ ਰਿਸਰਚ ਦੱਸਦੀ ਹੈ ਕਿ ਬਹੁਤ ਸਾਰੇ ਲੋਕਾਂ ਦੀ ਖੋਪੜੀ ਦੇ ਪਿਛਲੇ ਹਿੱਸੇ 'ਚ ਇੱਕ ਤਿੱਖਾ ਉਭਾਰ ਪੈਦਾ ਹੋ ਰਿਹਾ ਹੈ ਅਤੇ ਕੁਹਣੀ ਦੀ ਹੱਡੀ ਕਮਜ਼ੋਰ ਹੋ ਰਹੀ ਹੈ। ਸਰੀਰ ਦੀਆਂ ਹੱਡੀਆਂ ਵਿੱਚ ਇਹ ਬਦਲਾਅ ਹੈਰਾਨ ਕਰਨ ਵਾਲਾ ਹੈ।

ਹਰ ਮਨੁੱਖ ਦੇ ਸਰੀਰ ਦਾ ਢਾਂਚਾ ਉਸਦੇ ਡੀਐੱਨਏ ਦੇ ਮੁਤਾਬਕ ਤਿਆਰ ਹੁੰਦਾ ਹੈ। ਪਰ ਜ਼ਿੰਦਗੀ ਜਿਉਣ ਦੇ ਤਰੀਕੇ ਦੇ ਨਾਲ-ਨਾਲ ਉਸ ਵਿੱਚ ਬਦਲਾਅ ਵੀ ਹੋਣ ਲਗਦੇ ਹਨ।

ਖੋਜਕਰਤਾ ਹੱਡੀਆਂ ਦੀ ਬਾਇਓਗ੍ਰਾਫ਼ੀ ਨੂੰ ਆਸਟੀਓ ਬਾਇਓਗ੍ਰਾਫ਼ੀ ਕਹਿੰਦੇ ਹਨ। ਇਸ ਵਿੱਚ ਹੱਡੀਆਂ ਦੇ ਢਾਂਚੇ ਨੂੰ ਦੇਖ ਕੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਸ ਸਰੀਰ ਦਾ ਮਾਲਕ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਂਦਾ ਸੀ।

ਉਹ ਕਿਵੇਂ ਤੁਰਦਾ, ਬੈਠਦਾ, ਲੰਮੇ ਪੈਂਦਾ ਅਤੇ ਖੜ੍ਹਾ ਹੁੰਦਾ ਸੀ। ਇਹ ਇਸ ਮਾਨਤਾ 'ਤੇ ਆਧਾਰਿਤ ਹੈ ਕਿ ਅਸੀਂ ਜਿਸ ਤਰ੍ਹਾਂ ਦੀ ਜੀਵਨ-ਸ਼ੈਲੀ ਅਪਣਾਉਂਦੇ ਹਾਂ, ਸਰੀਰ ਉਸੇ ਤਰ੍ਹਾਂ ਆਕਾਰ ਲੈਣ ਲਗਦਾ ਹੈ।

ਇਹ ਵੀ ਪੜ੍ਹੋ:

ਕਮਜ਼ੋਰ ਕਿਉਂ ਹੋ ਰਹੀਆਂ ਮਨੁੱਖਾਂ ਦੀਆਂ ਕੁਹਣੀਆਂ?

ਮਿਸਾਲ ਵਜੋਂ ਅੱਜ ਅਸੀਂ ਲੈਪਟਾਪ, ਕੰਪਿਊਟਰ, ਮੋਬਾਈਲ 'ਤੇ ਜ਼ਿਆਦਾ ਸਮਾਂ ਬਤੀਤ ਕਰਦੇ ਹਾਂ। ਮਤਲਬ ਸਾਡੀਆਂ ਕੁਹਣੀਆਂ ਜ਼ਿਆਦਾ ਸਮੇਂ ਤੱਕ ਮੁੜੀਆਂ ਰਹਿੰਦੀਆਂ ਹਨ।

ਇਸਦਾ ਅਸਰ ਇਨ੍ਹਾਂ ਦੀ ਬਨਾਵਟ 'ਤੇ ਪੈਣ ਲੱਗਾ ਹੈ। ਇਸ ਦੀ ਮਿਸਾਲ ਸਾਨੂੰ ਜਰਮਨੀ ਵਿੱਚ ਦੇਖਣ ਨੂੰ ਮਿਲਦੀ ਹੈ।

ਤਸਵੀਰ ਕੈਪਸ਼ਨ,

ਸੰਕੇਤਿਕ ਤਸਵੀਰ

ਰਿਸਰਚ ਵਿੱਚ ਦੇਖਿਆ ਗਿਆ ਹੈ ਕਿ ਨੌਜਵਾਨਾਂ ਦੀਆਂ ਕੁਹਣੀਆਂ ਪਹਿਲਾਂ ਦੇ ਮੁਕਾਬਲੇ ਪਤਲੀਆਂ ਹੋਣ ਲੱਗੀਆਂ ਹਨ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਨਵੀਂ ਜੀਵਨਸ਼ੈਲੀ ਸਾਡੇ ਸਰੀਰ ਦੀ ਬਨਾਵਟ ਖਾਸ ਤੌਰ 'ਤੇ ਹੱਡੀਆਂ 'ਤੇ ਆਪਣਾ ਅਸਰ ਪਾ ਰਹੀ ਹੈ।

ਸਾਲ 1924 ਵਿੱਚ ਮਾਰੀਆਨਾ ਅਤੇ ਗੁਆਮ ਟਾਪੂ ਵਿੱਚ ਖੁਦਾਈ ਦੌਰਾਨ ਵੱਡੇ ਆਕਾਰ ਦੇ ਮਨੁੱਖਾਂ ਦੇ ਕੰਕਾਲ ਮਿਲੇ ਸਨ। ਇਹ ਕੰਕਾਲ 16ਵੀਂ ਅਤੇ 17ਵੀਂ ਸਦੀ ਦੇ ਦੱਸੇ ਜਾਂਦੇ ਹਨ।

ਇਨ੍ਹਾਂ ਵਿੱਚ ਖੋਪੜੀ, ਬਾਂਹ ਦੀ ਹੱਡੀ, ਹਸਲੀ (ਮੋਢੇ ਦੀ ਹੱਡੀ ਦਾ ਇੱਕ ਹਿੱਸਾ) ਅਤੇ ਲੱਤਾਂ ਦੇ ਹੇਠਲੇ ਹਿੱਸੇ ਦੀਆਂ ਹੱਡੀਆਂ ਕਾਫ਼ੀ ਮਜ਼ਬੂਤ ਸਨ।

ਇਸ ਤੋਂ ਪਤਾ ਲਗਦਾ ਹੈ ਕਿ ਉਸ ਦੌਰ ਵਿੱਚ ਉਥੋਂ ਦੇ ਲੋਕ ਅੱਜ ਦੇ ਮਨੁੱਖਾਂ ਨਾਲੋਂ ਵੱਖ ਸਨ।

ਇਸ ਟਾਪੂ ਦੀਆਂ ਕਹਾਣੀਆਂ ਵਿੱਚ 'ਤਾਊ ਤਾਊ ਤਾਗਾ' ਦਾ ਜ਼ਿਕਰ ਮਿਲਦਾ ਹੈ। ਉਹ ਬੇਪਨਾਹ ਜਿਸਮਾਨੀ ਤਾਕਤ ਵਾਲਾ ਕਿਰਦਾਰ ਸੀ। ਪਰ ਸਵਾਲ ਇਹ ਹੈ ਕਿ ਆਖ਼ਰ ਉਹ ਇੰਨਾ ਤਾਕਤਵਰ ਕਿਉਂ ਸੀ?

ਦਰਅਸਲ ਜਿਸ ਇਲਾਕੇ ਵਿੱਚ ਇਹ ਕੰਕਾਲ ਮਿਲੇ ਸਨ, ਉੱਥੇ ਲੋਕ ਪੱਥਰਾਂ ਦਾ ਕੰਮ ਕਰਦੇ ਸਨ।

ਤਸਵੀਰ ਕੈਪਸ਼ਨ,

ਹਾਊਸ ਆਫ਼ ਤਾਗਾ

ਤਾਕਤਵਰ ਇਨਸਾਨਾਂ ਦਾ ਦੌਰ

ਵੱਡੀਆਂ-ਵੱਡੀਆਂ ਚੱਟਾਨਾਂ ਨੂੰ ਤੋੜ ਕੇ ਆਪਣੇ ਘਰ ਬਣਾਉਂਦੇ ਸਨ। ਇਸ ਟਾਪੂ ਦੇ ਸਭ ਤੋਂ ਵੱਡੇ ਘਰ ਵਿੱਚ 16 ਫੁੱਟ ਦੇ ਖੰਭੇ ਲੱਗੇ ਸਨ, ਜਿਨ੍ਹਾਂ ਦਾ ਭਾਰ 13 ਟਨ ਹੁੰਦਾ ਸੀ।

ਉਸ ਦੌਰ ਵਿੱਚ ਮੌਜੂਦਾ ਸਮੇਂ ਵਾਂਗ ਮਸ਼ੀਨਾਂ ਨਹੀਂ ਸਨ। ਇਸ ਲਈ ਇੱਥੋਂ ਦੇ ਲੋਕਾਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਸੀ। ਲੋੜ ਦੇ ਲਿਹਾਜ਼ ਨਾਲ ਹੀ ਉਨ੍ਹਾਂ ਦੇ ਸਰੀਰ ਦੀਆਂ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਗਈਆਂ।

ਜੇਕਰ ਉਸ ਦੌਰ ਦੀ ਤੁਲਨਾ 2019 ਦੀ ਮਾਡਰਨ ਜ਼ਿੰਦਗੀ ਨਾਲ ਕੀਤੀ ਜਾਵੇ ਤਾਂ ਸਾਡਾ ਸਰੀਰ ਬਹੁਤ ਕਮਜ਼ੋਰ ਹੈ। ਇਹ ਜਿਉਣ ਦੇ ਨਵੇਂ ਅੰਦਾਜ਼ ਦਾ ਨਤੀਜਾ ਹੈ। ਅੱਜ ਹਰ ਕੋਈ ਧੌਣ ਝੁਕਾਈ ਮੋਬਾਇਲ ਦੀ ਸਕ੍ਰੀਨ ਨੂੰ ਤੱਕਦੇ ਹੋਏ ਨਜ਼ਰ ਆਉਂਦਾ ਹੈ।

ਇਹ ਵੀ ਪੜ੍ਹੋ:

ਆਸਟਰੇਲੀਆ ਦੇ ਵਿਗਿਆਨੀ ਡੇਵਿਡ ਸ਼ਾਹਰ ਇਨਸਾਨ ਦੇ ਸਰੀਰ ਵਿੱਚ ਆ ਰਹੀ ਬਨਾਵਟ 'ਤੇ ਪਿਛਲੇ 20 ਸਾਲ ਤੋਂ ਰਿਸਰਚ ਕਰ ਰਹੇ ਹਨ।

ਪਿਛਲੇ ਇੱਕ ਦਹਾਕੇ ਵਿੱਚ ਉਨ੍ਹਾਂ ਨੇ ਦੇਖਿਆ ਹੈ ਕਿ ਮਰੀਜ਼ਾਂ ਦੀ ਖੋਪੜੀ ਵਿੱਚ ਇੱਕ ਕਿੱਲ ਦੇ ਆਕਾਰ ਵਾਲੀ ਹੱਡੀ ਪਨਪ ਰਹੀ ਹੈ।

ਇਸ ਨੂੰ ਸਾਇੰਸ ਦੀ ਭਾਸ਼ਾ ਵਿੱਚ ਐਕਸਟਰਨਲ ਆਕਸੀਪੀਟੀਲ ਪ੍ਰੋਟਿਊਬਰੇਂਸ ਕਹਿੰਦੇ ਹਨ। ਇਹ ਖੋਪੜੀ ਦੇ ਹੇਠਲੇ ਹਿੱਸੇ ਵਿੱਚ ਧੌਣ ਤੋਂ ਠੀਕ ਉੱਪਰ ਹੁੰਦੀ ਹੈ। ਸਿਰ 'ਤੇ ਹੱਥ ਫੇਰ ਕੇ ਇਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਜੇਕਰ ਸਿਰ 'ਤੇ ਵਾਲ ਨਾ ਹੋਣ ਤਾਂ ਇਹ ਉਂਝ ਵੀ ਸਾਫ਼ ਤੌਰ 'ਤੇ ਨਜ਼ਰ ਆ ਜਾਂਦੀ ਹੈ।

ਸਮਾਰਟਫ਼ੋਨ ਦਾ ਅਸਰ?

ਹਾਲ ਦੇ ਦਹਾਕੇ ਤੋਂ ਪਹਿਲਾਂ ਮਨੁੱਖੀ ਖੋਪੜੀ ਵਿੱਚ ਕਿੱਲ ਵਰਗੀ ਇਹ ਹੱਡੀ ਕਿਸੇ-ਕਿਸੇ ਵਿੱਚ ਹੁੰਦੀ ਸੀ। ਸਭ ਤੋਂ ਪਹਿਲਾਂ ਇਹ 1885 ਵਿੱਚ ਦੇਖੀ ਗਈ ਸੀ।

ਉਸ ਵੇਲੇ ਫਰਾਂਸ ਦੇ ਮਸ਼ਹੂਰ ਵਿਗਿਆਨੀ ਪਾਲ ਬ੍ਰੋਕਾ ਲਈ ਇਹ ਇੱਕ ਨਵੀਂ ਖੋਜ ਸੀ ਕਿਉਂਕਿ ਉਨ੍ਹਾਂ ਨੇ ਕਈ ਤਰ੍ਹਾਂ ਦੀਆਂ ਪ੍ਰਜਾਤੀਆਂ 'ਤੇ ਰਿਸਰਚ ਕੀਤੀ ਸੀ। ਉਨ੍ਹਾਂ ਨੂੰ ਕਿਸੇ ਵਿੱਚ ਵੀ ਇਸ ਤਰ੍ਹਾਂ ਦੀ ਹੱਡੀ ਨਹੀਂ ਮਿਲੀ ਸੀ।

ਡੇਵਿਡ ਸ਼ਾਹਰ ਨੇ 18 ਤੋਂ 86 ਸਾਲ ਦੇ ਕਰੀਬ ਇੱਕ ਹਜ਼ਾਰ ਲੋਕਾਂ ਦੀ ਖੋਪੜੀ ਦੇ ਐਕਸ-ਰੇ 'ਤੇ ਰਿਸਰਚ ਕੀਤੀ ਹੈ। ਉਨ੍ਹਾਂ ਨੇ ਦੇਖਿਆ ਕਿ 18 ਤੋਂ 30 ਸਾਲ ਦੀ ਉਮਰ ਵਾਲਿਆਂ ਦੀ ਖੋਪੜੀ ਵਿੱਚ ਕਿੱਲ ਵਰਗੀ ਹੱਡੀ ਜਾਂ ਸਪਾਈਕ ਜ਼ਿਆਦਾ ਸੀ।

ਸ਼ਾਹਰ ਦੇ ਮੁਤਾਬਕ ਇਸ ਦਾ ਕਾਰਨ ਗੈਜੇਟਸ ਅਤੇ ਸਮਾਰਟ ਫ਼ੋਨ ਦੀ ਵਰਤੋਂ ਹੈ। ਜਦੋਂ ਅਸੀਂ ਲਗਾਤਾਰ ਕਿਸੇ ਗੈਜੇਟਸ ਨੂੰ ਦੇਖਦੇ ਹਾਂ ਧੋਣ ਹੇਠਾਂ ਵੱਲ ਨੂੰ ਝੁਕ ਜਾਂਦੀ ਹੈ।

ਜਿਸ ਕਾਰਨ ਧੌਣ ਦੀਆਂ ਮਾਸਪੇਸ਼ੀਆਂ 'ਤੇ ਜ਼ੋਰ ਪੈਂਦਾ ਹੈ ਅਤੇ ਦਰਦ ਬੈਲੇਂਸ ਕਰਨ ਲਈ ਇੱਕ ਨਵੀਂ ਤਰ੍ਹਾਂ ਦੀ ਹੱਡੀ ਪੈਦਾ ਹੋ ਜਾਂਦੀ ਹੈ।

ਸ਼ਾਹਰ ਦਾ ਕਹਿਣਾ ਹੈ ਕਿ ਕੁਬੜ (ਕੁੱਬੇ) ਅੰਦਾਜ਼ ਵਿੱਚ ਬੈਠਣ ਕਾਰਨ ਖੋਪੜੀ ਵਿੱਚ ਇਸ ਤਰ੍ਹਾਂ ਦੀ ਹੱਡੀ ਬਣ ਰਹੀ ਹੈ। ਗੈਜੇਟਸ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਅਮਰੀਕਾ ਵਿੱਚ ਔਸਤਨ ਹਰ ਕੋਈ ਲਗਭਗ ਦੋ ਘੰਟੇ ਕਿਤਾਬ ਪੜ੍ਹਨ ਵਿੱਚ ਬਤੀਤ ਕਰਦਾ ਸੀ ਪਰ ਅੱਜ ਉਸ ਦਾ ਦੁੱਗਣਾ ਸਮਾਂ ਲੋਕ ਆਪਣੇ ਫ਼ੋਨ ਅਤੇ ਸੋਸ਼ਲ ਮੀਡੀਆ 'ਤੇ ਬਤੀਤ ਕਰਦੇ ਹਨ।

ਸਪਾਈਕ ਬਾਰੇ ਰਿਸਰਚ ਹਾਲ ਹੀ 'ਚ 2012 ਵਿੱਚ ਭਾਰਤ ਦੀ ਆਸਟੀਓਲਾਜੀਕਲ ਲੈਬ ਵਿੱਚ ਹੋਈ ਸੀ। ਇਸ ਲੈਬ ਵਿੱਚ ਸਿਰਫ਼ ਹੱਡੀਆਂ 'ਤੇ ਰਿਸਰਚ ਹੁੰਦੀ ਹੈ।

ਇੱਥੋਂ ਦੀ ਰਿਸਰਚ ਵਿੱਚ ਸਪਾਈਕ ਦੀ ਲੰਬਾਈ ਸਿਰਫ਼ 8 ਮਿਲੀਮੀਟਰ ਹੈ ਜਦਕਿ ਸ਼ਾਹਰ ਦੀ ਰਿਸਰਚ ਵਿੱਚ ਇਸ ਦੀ ਲੰਬਾਈ 30 ਮਿਲੀਮੀਟਰ ਤੱਕ ਦੇਖੀ ਗਈ ਹੈ।

ਸ਼ਾਹਰ ਮੁਤਾਬਕ ਖੋਪੜੀ ਵਿੱਚ ਉੱਠਣ ਵਾਲਾ ਇਹ ਕੁੱਬ ਕਦੇ ਨਹੀਂ ਜਾਂਦਾ, ਸਗੋਂ ਇਹ ਵਧਦਾ ਹੀ ਜਾਵੇਗਾ। ਪਰ ਇਸ ਨਾਲ ਕੋਈ ਹੋਰ ਪ੍ਰੇਸ਼ਾਨੀ ਵੀ ਨਹੀਂ ਹੋਵੇਗੀ।

ਸੁਖਾਲੀ ਜੀਵਨਸ਼ੈਲੀ ਦਾ ਅਸਰ

ਜਰਮਨੀ ਵਿੱਚ ਇੱਕ ਵੱਖਰੀ ਹੀ ਤਰ੍ਹਾਂ ਦੀ ਰਿਸਰਚ ਸਾਹਮਣੇ ਆਈ ਹੈ। ਕ੍ਰਿਸ਼ਚੀਅਨ ਸ਼ੈਫ਼ਲਰ ਦਾ ਕਹਿਣਾ ਹੈ ਕਿ ਜਰਮਨੀ ਵਿੱਚ ਨਵੀਂ ਪੀੜ੍ਹੀ ਦੇ ਬੱਚਿਆਂ ਦਾ ਸਰੀਰ ਲਗਾਤਾਰ ਕਮਜ਼ੋਰ ਹੁੰਦਾ ਜਾ ਰਿਹਾ ਹੈ। ਖਾਸ ਤੌਰ 'ਤੇ ਕੁਹਣੀਆਂ ਬਹੁਤ ਪਤਲੀਆਂ ਅਤੇ ਨਾਜ਼ੁਕ ਹੋ ਰਹੀਆਂ ਹਨ।

ਪਹਿਲਾਂ ਤਾਂ ਇਸ ਨੂੰ ਖਾਨਦਾਨੀ ਮੰਨਿਆ ਗਿਆ। ਫਿਰ ਇਸ ਦਾ ਕਾਰਨ ਕੁਪੋਸ਼ਣ ਸਮਝਿਆ ਗਿਆ। ਪਰ ਜਰਮਨੀ ਵਿੱਚ ਇਸ ਦੀ ਗੁੰਜਾਇਸ਼ ਨਹੀਂ ਹੈ। ਹੁਣ ਇਸ ਦਾ ਕਾਰਨ ਆਧੁਨਿਕ ਜੀਵਨ ਸ਼ੈਲੀ ਮੰਨੀ ਜਾ ਰਹੀ ਹੈ।

ਇਹ ਵੀ ਪੜ੍ਹੋ:

ਜਦੋਂ ਬੱਚੇ ਜ਼ਿਆਦਾ ਸਰੀਰਕ ਮਿਹਨਤ ਦਾ ਕੰਮ ਕਰਦੇ ਹਨ ਤਾਂ ਉਨ੍ਹਾਂ ਦੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਦੇ ਨਵੇਂ ਟਿਸ਼ੂ ਬਣਦੇ ਹਨ। ਜਿਸ ਨਾਲ ਸਰੀਰ ਮਜ਼ਬੂਤ ਹੁੰਦਾ ਰਹਿੰਦਾ ਹੈ। ਪਰ ਨਵੀਂ ਲਾਈਫ਼ ਸਟਾਈਲ ਵਿੱਚ ਬੱਚੇ ਕਸਰਤ ਕਰਦੇ ਹੀ ਨਹੀਂ ਜਿਸ ਦਾ ਅਸਰ ਉਨ੍ਹਾਂ ਦੇ ਸਰੀਰ 'ਤੇ ਪੈ ਰਿਹਾ ਹੈ।

ਇਨਸਾਨ ਦੇ ਵਿਕਾਸ ਦਾ ਇਤਿਹਾਸ ਦੱਸਦਾ ਹੈ ਕਿ ਉਹ ਇੱਕ ਦਿਨ ਵਿੱਚ 30 ਕਿੱਲੋਮੀਟਰ ਤੱਕ ਪੈਦਲ ਤੁਰ ਸਕਦਾ ਹੈ। ਪਰ ਅੱਜ ਦੇ ਬੱਚੇ 30 ਮੀਟਰ ਵੀ ਪੈਦਲ ਨਹੀਂ ਤੁਰਨਾ ਚਾਹੁੰਦੇ। ਸਾਡੇ ਸਰੀਰ ਵਿੱਚ ਇਹ ਬਦਲਾਅ ਹੋ ਸਕਦਾ ਹੈ, ਬਹੁਤ ਲੰਬੇ ਸਮੇਂ ਤੋਂ ਚੱਲ ਰਹੇ ਹੋਣ, ਬਸ ਇਸਦਾ ਅੰਦਾਜ਼ਾ ਸਾਨੂੰ ਮੌਜੂਦਾ ਸਮੇਂ ਵਿੱਚ ਹੋਇਆ ਹੈ।

ਜਬੜੇ ਨੂੰ ਦੇਖ ਕੇ ਮਨੁੱਖ ਦੇ ਖਾਣ-ਪਾਣ ਦਾ ਪਤਾ ਲਗਾਇਆ ਜਾ ਸਕਦਾ ਹੈ। ਕਿਉਂਕਿ ਜਬੜੇ 'ਤੇ ਜਿਸ ਤਰ੍ਹਾਂ ਦਾ ਦਬਾਅ ਪੈਂਦਾ ਹੈ ਉਸੇ ਅਨੁਪਾਤ ਵਿੱਚ ਨਵੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਦੇ ਟਿਸ਼ੂ ਬਣਨ ਲਗਦੇ ਹਨ।

ਅੱਜ ਦੇ ਦੌਰ ਦੇ ਬੱਚਿਆਂ ਦੇ ਜਬੜੇ ਮਜ਼ਬੂਤ ਨਹੀਂ ਹਨ। ਕਿਉਂਕਿ ਅੱਜ ਅਜਿਹੇ ਖਾਣੇ ਉਪਲਬਧ ਹਨ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਚਬਾਉਣ ਦੀ ਲੋੜ ਨਹੀਂ ਹੈ ਅਤੇ ਖਾਣਾ ਵੀ ਉਹ ਇੰਨਾ ਗਲਿਆ ਹੋਇਆ ਖਾਂਦੇ ਹਨ ਕਿ ਜਬੜੇ 'ਤੇ ਜ਼ੋਰ ਹੀ ਨਹੀਂ ਪੈਂਦਾ।

ਬਹੁਤ ਸਾਰੇ ਲੋਕ ਤਾਂ ਲਿਕਵਡ ਡਾਈਟ ਹੀ ਲੈਂਦੇ ਹਨ। ਇਸ ਲਈ ਅੱਜ ਦੰਦਾਂ ਦੀ ਸਮੱਸਿਆ ਵੀ ਆਮ ਹੁੰਦੀ ਜਾ ਰਹੀ ਹੈ।

ਸਿੱਕੇ ਦੇ ਦੋ ਪਹਿਲੂਆਂ ਵਾਂਗ ਆਧੁਨਿਕ ਜੀਵਨਸ਼ੈਲੀ ਦੇ ਫਾਇਦੇ ਅਤੇ ਨੁਕਸਾਨ ਦੋਵੇਂ ਹਨ। ਇਹ ਅਸੀਂ ਤੈਅ ਕਰਨਾ ਹੈ ਕਿ ਸਾਡਾ ਭਲਾ ਕਿਸ ਵਿੱਚ ਹੈ।

ਆਧੁਨਿਕ ਜੀਵਨ ਸ਼ੈਲੀ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਸੌਖਾ ਅਤੇ ਤਰੱਕੀ ਵਾਲਾ ਬਣਾਇਆ ਹੈ। ਪਰ ਆਪਣੀਆਂ ਗ਼ਲਤ ਆਦਤਾਂ ਕਾਰਨ ਅਸੀਂ ਖ਼ੁਦ ਮੁਸ਼ਕਲਾਂ ਖੜ੍ਹੀਆਂ ਕਰ ਰਹੇ ਹਾਂ। ਹੁਣ ਫ਼ੈਸਲਾ ਤੁਸੀਂ ਕਰਨਾ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

Skip YouTube post, 1
ਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
ਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
ਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)