ਮਨੁੱਖ ਨੇ ਕਿਹੜਾ ਸ਼ਬਦ ਪਹਿਲਾ ਬੋਲਿਆ

ਲੋਕਾਂ ਦੀ ਕਤਾਰ Image copyright Getty Images
ਫੋਟੋ ਕੈਪਸ਼ਨ ਬਹਿਸ ਵਿੱਚ ਹੋ ਸਕਦਾ ਹੈ ਤੁਸੀਂ ਆਖਰੀ ਗੱਲ ਕਰਦੇ ਹੋਵੋਂ ਪਰ ਸਾਡੇ ਕੋਲ ਸ਼ਾਇਦ ਇਸ ਗੱਲ ਦਾ ਸੁਰਾਗ ਹੈ ਕਿ ਸਭ ਤੋਂ ਪਹਿਲਾਂ ਕੌਣ ਬੋਲਿਆ ਸੀ।

ਸਾਡੇ ਪੁਰਖਿਆਂ ਨੇ ਬੋਲਣਾ ਕਦੋਂ ਸ਼ੁਰੂ ਕੀਤਾ ਹੋਵੇਗਾ? ਕੀ ਸਾਰੀਆਂ ਭਾਸ਼ਾਵਾਂ ਦਾ ਸੰਬੰਧ ਕਿਸੇ ਇੱਕ ਪੁਰਖੇ ਨਾਲ ਜੋੜਿਆ ਜਾ ਸਕਦਾ ਹੈ?

ਲੇਖਕ ਤੇ ਭਾਸ਼ਾ ਪ੍ਰੇਮੀ ਮਿਸ਼ੇਲ ਰੋਜ਼ਨ ਦੀ ਪੜਤਾਲ...

ਵਿਕਾਸ ਦੇ ਜਿਸ ਪੜਾਅ ਨੇ ਪਾਸਾ ਪਲਟ ਦਿੱਤਾ

Image copyright Getty Images
ਫੋਟੋ ਕੈਪਸ਼ਨ ਜੇ ਅਸੀਂ ਇਨਸਾਨ ਹੋਣ ਦਾ ਮਤਲਬ ਸਮਝਣਾ ਚਾਹੁੰਦੇ ਹਾਂ ਤਾਂ ਸਾਨੂੰ ਭਾਸ਼ਾਵਾਂ ਨੂੰ ਸਮਝਣਾ ਪਵੇਗਾ।

ਨਿਊਕਾਸਲ ਯੂਨੀਵਰਸਿਟੀ ਵਿੱਚ ਭਾਸ਼ਾ ਵਿਗਿਆਨ ਦੇ ਪ੍ਰੋਫੈਸਰ ਮੈਗੀ ਟਾਲਰਮੈਨ ਨੇ ਦੱਸਿਆ, "ਸਿਰਫ਼ ਮਨੁੱਖ ਹੀ ਇਕੱਲੀ ਪ੍ਰਜਾਤੀ ਹੈ, ਜਿਸ ਕੋਲ ਭਾਸ਼ਾ ਹੈ, ਜੋ ਸਾਨੂੰ ਬਾਕੀ ਪਸ਼ੂਆਂ ਤੋਂ ਨਿਆਰਾ ਬਣਾਉਂਦੀ ਹੈ।"

ਸੰਵਾਦ ਕਰਨ ਦੀ ਯੋਗਤਾ ਵਿਕਾਸ ਦਾ ਇੱਕ ਅਹਿਮ ਪੜਾਅ ਹੈ, ਜਿਸ ਨੇ ਖੇਡ ਦਾ ਪਾਸਾ ਪਲਟ ਦਿੱਤਾ, ਇਸੇ ਕਾਰਨ ਲੋਕੀਂ ਭਾਸ਼ਾ ਦੇ ਮੁੱਢ ਬਾਰੇ ਸ਼ੁਰੂ ਤੋਂ ਹੀ ਉਤਸੁਕ ਰਹੇ ਹਨ।

ਕੈਂਬਰਿਜ ਯੂਨੀਵਰਸਿਟੀ ਦੇ ਮਾਨਵ ਵਿਕਾਸ ਵਿਗਿਆਨੀ ਅਤੇ ਮਨੁੱਖੀ ਵਿਕਾਸ ਦੇ ਪ੍ਰੋਫ਼ੈਸਰ ਰੌਬਰਟ ਫੋਲੇ ਮੁਤਾਬਕ,"ਭਾਸ਼ਾ ਉਨ੍ਹਾਂ ਕੁੱਝ ਚੀਜ਼ਾਂ ਵਿੱਚੋਂ ਹੈ, ਜੋ ਸਾਨੂੰ ਇਨਸਾਨ ਬਣਾਉਂਦੀਆਂ ਹਨ।"

ਇਹ ਵੀ ਪੜ੍ਹੋ:

ਭਾਸ਼ਾ ਪੰਜ ਲੱਖ ਸਾਲ ਪੁਰਾਣੀ ਹੋ ਸਕਦੀ ਹੈ

Image copyright Getty Images
ਫੋਟੋ ਕੈਪਸ਼ਨ ਜੇ ਤੁਹਾਨੂੰ ਲਗਦਾ ਹੈ ਪੁਰਤਾਨ ਮਿਸਰ ਦੀ ਭਾਸ਼ਾ ਸਭ ਤੋਂ ਪੁਰਾਣੀ ਹੈ ਤਾਂ ਤੁਹਾਨੂੰ ਮੁੜ ਸੋਚਣ ਦੀ ਲੋੜ ਹੈ।

ਵਰਤਮਾਨ ਸਮੇਂ ਵਿੱਚ ਦੁਨੀਆਂ ਭਰ ਵਿੱਚ 6500 ਤੋਂ ਵਧੇਰੇ ਭਾਸ਼ਾਵਾਂ ਹਨ ਪਰ ਸਾਇੰਸਦਾਨ ਇਹ ਕਿਵੇਂ ਪਤਾ ਲਾ ਸਕਦੇ ਹਨ ਕਿ ਕਿਹੜੀ ਸਭ ਤੋਂ ਪੁਰਾਣੀ ਹੈ?

ਜੇ ਕਿਸੇ ਇੱਕ ਸਭ ਤੋਂ ਪੁਰਾਣੀ ਭਾਸ਼ਾ ਦਾ ਨਾਮ ਲੈਣ ਨੂੰ ਕਿਹਾ ਜਾਵੇ ਤਾਂ ਸਾਡੇ ਦਿਮਾਗ ਵਿੱਚ, ਸੰਸਕ੍ਰਿਤ, ਬੇਬੀਲੋਨ ਦੀ ਭਾਸ਼ਾ ਜਾਂ ਪੁਰਾਤਨ ਮਿਸਰ ਦੀਆਂ ਭਾਸ਼ਾਵਾਂ ਆਉਣਗੀਆਂ।

ਜਦਕਿ ਇਹ ਭਾਸ਼ਾਵਾਂ ਕਹਾਣੀ ਦੀ ਸ਼ੁਰੂਆਤ ਵਿੱਚ ਕਿਤੇ ਵੀ ਨਹੀਂ ਹਨ। ਪ੍ਰੋਫੈਸਰ ਟਾਲਰਮੈਨ ਨੇ ਦੱਸਿਆ, "ਜਿਨ੍ਹਾਂ ਭਾਸ਼ਾਵਾਂ ਨੂੰ ਅਸੀਂ ਪੁਰਾਤਨ ਭਾਸ਼ਾਵਾਂ ਕਹਿੰਦੇ ਹਾਂ ਉਹ 6,000 ਸਾਲ ਤੋਂ ਪੁਰਾਣੀਆਂ ਨਹੀਂ ਹਨ ਅਤੇ ਬੁਨਿਆਦੀ ਤੌਰ 'ਤੇ ਆਧੁਨਿਕ ਭਾਸ਼ਾਵਾਂ ਵਰਗੀਆਂ ਹੀ ਹਨ।"

ਭਾਸ਼ਾ ਦਾ ਅਸਲੀ ਮੁੱਢ ਤਾਂ ਘੱਟੋ-ਘੱਟ 50,000 ਹਜ਼ਾਰ ਸਾਲ ਪਹਿਲਾਂ ਤਲਾਸ਼ਿਆ ਜਾ ਸਕਦਾ ਹੈ। ਬਹੁਤੇ ਭਾਸ਼ਾ ਵਿਗਿਆਨੀ ਤਾਂ ਇਸ ਤੋਂ ਵੀ ਪੁਰਾਣਾ ਮੰਨਦੇ ਹਨ।

ਪ੍ਰੋਫੈਸਰ ਟਾਲਰਮੈਨ ਨੇ ਦੱਸਿਆ, "ਸਾਡੇ ਵਿੱਚੋਂ ਬਹੁਤਿਆਂ ਦਾ ਮੰਨਣਾ ਹੈ ਕਿ ਇਹ ਪੰਜ ਲੱਖ ਸਾਲ ਪੁਰਾਣਾ ਹੋ ਸਕਦਾ ਹੈ।"

ਇੱਕ ਸਾਂਝਾ ਪੁਰਖਾ

Image copyright Getty Images
ਫੋਟੋ ਕੈਪਸ਼ਨ ਸਾਡੀ ਸਾਂਝੀ ਭਾਸ਼ਾ ਦੀ ਭਾਲ ਵਿੱਚ ਸਾਨੂੰ ਪਤਾ ਨਹੀਂ ਕਿੰਨਾ ਪਿੱਛੇ ਜਾਣਾ ਪਵੇਗਾ?

ਪ੍ਰੋਫ਼ੈਸਰ ਰੌਬਰਟ ਫੋਲੇ ਮੁਤਾਬਕ, ਅਜੋਕੀ ਦੁਨੀਆਂ ਵਿੱਚ ਵੱਖੋ-ਵੱਖ ਭਾਸ਼ਾਵਾਂ ਦੀ ਅਥਾਹ ਸੰਪਤੀ ਹੁੰਦੇ ਹੋਏ ਵੀ "ਇਹ ਸੰਭਵ ਹੈ ਕਿ ਸਾਡੀਆਂ ਸਾਰੀਆਂ ਅਜੋਕੀਆਂ ਭਾਸ਼ਾਵਾਂ ਇੱਕ ਸਾਂਝੇ ਪੁਰਖੇ ਤੋਂ ਪੈਦਾ ਹੋਈਆਂ ਹੋਣ।"

ਇਸ ਦਾ ਮੁੱਢ ਨਿਰਧਾਰਿਤ ਕਰਨਾ ਸਾਡੇ ਵਿਕਾਸ ਦੇ ਜੀਵ-ਵਿਗਿਆਨ ਕਾਰਨ ਸੰਭਵ ਹੋ ਸਕਿਆ ਹੈ। ਜੀਨ ਵਿਗਿਆਨ ਤੋਂ ਪਤਾ ਲਗਦਾ ਹੈ ਕਿ ਅਸੀਂ ਸਾਰੇ ਅਫ਼ਰੀਕਾ ਦੀ ਇੱਕ ਛੋਟੀ ਜਿਹੀ ਆਬਾਦੀ ਤੋਂ ਆਏ ਹਾਂ।

ਇਸ ਲੀਨੇਜ ਤੋਂ ਇਲਾਵਾ ਹੋਰ ਵੀ ਭਾਸ਼ਾਵਾਂ ਹੋਣਗੀਆਂ ਪਰ ਜਿਹੜੀਆਂ ਭਾਸ਼ਾਵਾਂ ਅੱਜ ਸਾਡੇ ਕੋਲ ਹਨ ਉਹ ਸ਼ਾਇਦ ਇੱਕੋ ਭਾਸ਼ਾ ਵਿੱਚੋਂ ਨਿਕਲੀਆਂ ਹਨ।

ਪਥਰਾਟਾਂ ਦੇ ਸਬੂਤ

Image copyright Getty Images
ਫੋਟੋ ਕੈਪਸ਼ਨ ਪਥਰਾਟ ਸਾਨੂੰ ਬਹੁਤ ਕੁਝ ਅਜਿਹਾ ਦੱਸ ਸਕਦੇ ਹਨ ਜੋ ਅਸੀਂ ਸੋਚ ਵੀ ਨਹੀਂ ਸਕਦੇ

ਸਾਡੇ ਪੁਰਖਿਆਂ ਦੇ ਪਥਰਾਟ ਸਾਡੀ ਬੋਲਚਾਲ ਸ਼ੁਰੂ ਹੋਣ ਦੇ ਸਮੇਂ ਬਾਰੇ ਨਵੇਂ ਹੀ ਸਬੂਤ ਸਾਹਮਣੇ ਰੱਖਦੇ ਹਨ।

ਪ੍ਰੋਫ਼ੈਸਰ ਰੌਬਰਟ ਫੋਲੇ ਮੁਤਾਬਕ, "ਬੋਲਣਾ, ਸਾਹ ਲੈਣ ਦੀ ਇੱਕ ਕਿਸਮ ਹੈ।" "ਧੁਨੀਆਂ ਪੈਦਾ ਕਰਨ ਲਈ ਅਸੀਂ ਬਹੁਤ ਜ਼ਿਆਦਾ ਜ਼ਬਤ ਨਾਲ ਸਾਹ ਲੈਂਦੇ ਹਾਂ।"

ਅਜਿਹਾ ਕਰਨ ਲਈ ਸਾਨੂੰ ਆਪਣੇ ਸਰੀਰਾਂ ਉੱਪਰ ਬਹੁਤ ਤਕੜਾ ਕੰਟਰੋਲ ਹੋਣਾ ਚਾਹੀਦਾ ਹੈ। "ਸਾਡਾ ਡਾਇਆ ਫਰੈਗਮ ਸਾਡੇ ਨਜ਼ਦੀਕੀ ਬੇਆਵਾਜ਼ ਸੰਬੰਧੀਆਂ (ਏਪਸ) ਨਾਲੋਂ ਜ਼ਿਆਦਾ ਵਿਕਸਤ ਹੈ। ਇਸ ਵਿੱਚ ਏਪਸ ਦੇ ਡਾਇਆ ਫਰੈਗਮ ਨਾਲੋਂ ਕਿਤੇ ਜ਼ਿਆਦਾ ਨਾੜੀਆਂ ਦਾਖਲ ਹੁੰਦੀਆਂ ਹਨ।"

ਇਨ੍ਹਾਂ ਸਾਰੀਆਂ ਨਾੜੀਆਂ ਦਾ ਮਤਲਬ ਹੋਇਆ ਕਿ ਸਾਡੀ ਰੀੜ੍ਹ ਦੀ ਹੱਡੀ ਦਾ ਉਹ ਹਿੱਸਾ ਏਪਸ ਦੀ ਰੀੜ੍ਹ ਦੀ ਹੱਡੀ ਦੇ ਉਸ ਹਿੱਸੇ ਨਾਲੋਂ ਜ਼ਿਆਦਾ ਮੋਟਾ ਹੈ। ਭਾਵ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵੀ ਕੁਝ ਮੋਟੀ ਹੋਵੇਗੀ।

ਜੇ ਤੁਸੀਂ ਸਾਡੇ ਅਲੋਪ ਹੋ ਚੁੱਕੇ ਪਿਤਰਾਂ ਵੱਲ ਨਿਗ੍ਹਾ ਮਾਰੋਂ ਜੋ ਨੀਦਰਲੈਂਡਜ਼ ਵਿੱਚ 60,000 ਸਾਲ ਪਹਿਲਾਂ ਰਹਿੰਦੇ ਰਹੇ ਹਨ ਤਾਂ ਉਨ੍ਹਾਂ ਵਿੱਚ ਰੀੜ੍ਹ ਦੀ ਹੱਡੀ ਵਿੱਚਲਾ ਵਾਧਾ ਦੇਖਿਆ ਜਾ ਸਕਦਾ ਹੈ।

10 ਲੱਖ ਸਾਲ ਪਿੱਛੇ ਜਾ ਕੇ ਹਿਮੋ ਇਰੈਕਟਸ ਤਾਂ ਇਹ ਵਾਧਾ ਉਸ ਵਿੱਚ ਦੇਖਣ ਨੂੰ ਨਹੀਂ ਮਿਲਦਾ ਹੈ।

ਇਸ ਤੋਂ ਸਾਨੂੰ ਮਨੁੱਖ ਵੱਲੋਂ ਭਾਸ਼ਾ ਦੀ ਵਰਤੋਂ ਸ਼ੁਰੂ ਹੋਣ ਬਾਰੇ ਇੱਕ ਬੁਨਿਆਦੀ ਜਿਹੀ ਸਮਾਂ-ਸੀਮਾ ਮਿਲ ਜਾਂਦੀ ਹੈ।

ਜੀਨ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ

Image copyright Getty Images
ਫੋਟੋ ਕੈਪਸ਼ਨ ਕੌਣ ਜਾਣੇ ਪਹਿਲਾਂ ਕੌਣ ਬੋਲਿਆ ਸੀ

ਪਥਰਾਟੀ ਸਬੂਤਾਂ ਤੋਂ ਪਰੇ, ਜੀਨ ਵਿਗਿਆਨ ਦੀ ਤਰੱਕੀ ਵੀ ਸਾਨੂੰ ਭਾਸ਼ਾ ਦੀ ਸ਼ੁਰੂਆਤ ਦਾ ਕਾਲ ਨਿਸ਼ਚਿਤ ਕਰਨ ਲਈ ਹੋਰ ਵਿਧੀਆਂ ਮੁਹੱਈਆ ਕਰਵਾਉਂਦੀ ਹੈ।

ਪ੍ਰੋਫ਼ੈਸਰ ਰੌਬਰਟ ਫੋਲੇ ਮੁਤਾਬਕ, "FOXP2 ਨਾਮ ਦਾ ਜੀਨ ਸਾਰੇ ਪਰਾਈਮੇਟਾਂ ਵਿੱਚ ਮਿਲਦਾ ਹੈ। ਪਰ ਮਨੁੱਖਾਂ ਵਿੱਚ ਇਸ ਦਾ ਬਦਲਿਆ ਰੂਪ ਮਿਲਦਾ ਹੈ।"

ਜੀਨ ਦਾ ਇਹ ਬਦਲਾਅ ਸ਼ਾਇਦ ਸਾਡੀ "ਇਹ ਸਮਝਣ ਵਿੱਚ ਸਹਾਇਤਾ ਕਰ ਸਕੇ ਕਿ ਮਨੁੱਖ ਕਿਉਂ ਬੋਲ ਸਕਦੇ ਹਨ ਜਦਕਿ ਚਿੰਪਾਜ਼ੀ ਨਹੀਂ। ਸਾਨੂੰ ਪਤਾ ਹੈ ਕਿ ਇਸ ਜੀਨ ਦੀ ਬੋਲਣ ਤੇ ਭਾਸ਼ਾ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਹੈ, ਕਿਉਂਕਿ ਜਿਨ੍ਹਾਂ ਲੋਕਾਂ ਵਿੱਚ ਇਸ ਜੀਨ ਦਾ ਬਦਲਿਆ ਹੋਇਆ ਰੂਪ ਨਹੀਂ ਹੁੰਦਾ ਉਨ੍ਹਾਂ ਨੂੰ ਧੁਨੀ ਪੈਦਾ ਕਰਨ ਤੇ ਵਾਕ ਬੋਧ ਵਿੱਚ ਦਿੱਕਤ ਹੁੰਦੀ ਹੈ।"

ਦਿਲਚਸਪ ਗੱਲ ਇਹ ਹੈ ਕਿ ਨੀਐਂਡਰਥਲਾਂ ਵਿੱਚ ਵੀ ਆਧੁਨਿਕ ਮਨੁੱਖ ਵਾਲਾ ਹੀ FOXP2 ਜੀਨ ਸੀ। ਇਸ ਤੋਂ ਇਹ ਸਿਧਾਂਤ ਪੱਕਾ ਹੁੰਦਾ ਹੈ ਕਿ ਉਨ੍ਹਾਂ ਕੋਲ ਕਿਸੇ ਕਿਸਮ ਦੀ ਆਵਾਜ਼ ਸੀ।

ਹੁਣ ਉਨ੍ਹਾਂ ਵਿੱਚ ਇਹ ਜੀਨ ਪੂਰੀ ਤਰ੍ਹਾਂ ਵਿਕਸਿਤ ਸੀ ਜਾਂ ਉਹ ਕਿੰਨਾ ਬੋਲ ਸਕਦੇ ਸਨ ਇਹ ਇੱਕ ਵੱਖਰਾ ਵਿਸ਼ਾ ਹੈ।

ਪ੍ਰੋਫੈਸਰ ਟਾਲਰਮੈਨ ਦਾ ਕਹਿਣਾ ਹੈ ਕਿ ਬੋਲ ( ਬੋਲੀ ਦੀ ਅਸਲੀ ਆਵਾਜ਼) ਭਾਸ਼ਾ ਦੇ ਬਰਾਬਰ ਨਹੀਂ ਹੁੰਦਾ। ਭਾਸ਼ਾ ਸ਼ਬਦਾਂ ਤੇ ਸੰਕੇਤਾਂ ਦੀ ਪੂਰੀ ਪ੍ਰਣਾਲੀ ਹੈ। "ਜਿਸ ਕਾਰਨ ਭਾਸ਼ਾ ਦਾ ਜਨੈਟਿਕ ਸਬੂਤ ਗਿਆਨ ਦੇ ਮੌਜੂਦਾ ਪੜਾਅ ਤੇ ਤਲਾਸ਼ਣਾ ਮੁਸ਼ਕਲ ਹੈ।"

ਦਿਮਾਗ ਦਾ ਆਕਾਰ

Image copyright Getty Images
ਫੋਟੋ ਕੈਪਸ਼ਨ ਦਿਮਾਗ ਦੇ ਆਕਾਰ ਦਾ ਮਹੱਤਵ ਹੈ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਵੱਡਾ ਦਿਮਾਗ ਹੀ ਵਧੀਆ ਹੁੰਦਾ ਹੈ। ਪੁਰਾਤਨ ਮਨੁੱਖ ਸਾਡੇ ਨਾਲੋਂ ਵੱਡਾ ਦਿਮਾਗ ਹੋਣ ਦੇ ਬਾਵਜੂਦ ਅਲੋਪ ਹੋ ਗਿਆ।

ਕੀ ਪੁਰਤਨ ਮਨੁੱਖ ਦੇ ਦਿਮਾਗ ਤੋਂ ਭਾਸ਼ਾ ਦੇ ਮੁੱਢ ਬਾਰੇ ਕੋਈ ਸੁਰਾਗ ਮਿਲ ਸਕਦਾ ਹੈ? ਕਿਹਾ ਜਾਵੇ ਤਾਂ ਨਹੀਂ।

ਇਸ ਦੀ ਵਜ੍ਹਾ ਇਹ ਹੈ ਕਿ ਸਾਨੂੰ ਨਹੀਂ ਪਤਾ ਕਿ ਭਾਸ਼ਾ ਦੇ ਵਿਕਾਸ ਲਈ ਕਿੱਡਾ ਵੱਡਾ ਦਿਮਾਗ ਹੋਣਾ ਜ਼ਰੂਰੀ ਹੈ।

ਪ੍ਰੋਫੈਸਰ ਟਾਲਰਮੈਨ ਦਾ ਕਹਿਣਾ ਹੈ "ਨੀਐਂਡਰਥਲਾਂ ਦੇ ਦਿਮਾਗ ਤਾਂ ਸਾਡੇ ਨਾਲੋਂ ਵੱਡੇ ਸਨ, ਉਹ ਵੱਡੇ ਜਾਨਵਰ ਸਨ।"

"ਹੇਇ!" ਪਹਿਲਾ ਮਨੁੱਖੀ ਸ਼ਬਦ ਹੋ ਸਕਦਾ ਹੈ

Image copyright Getty Images
ਫੋਟੋ ਕੈਪਸ਼ਨ ਪਹਿਲਾਂ-ਪਹਿਲ ਇਨਸਾਨ ਨੇ ਸ਼ਿਕਾਰ ਬਾਰੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਹੋਣਗੀਆਂ।

ਜਦੋਂ ਅਸੀਂ ਮੁਢਲੀ ਜਾਂ ਪ੍ਰੋਟੋ ਭਾਸ਼ਾ ਬਾਰੇ ਗੱਲ ਕਰਦੇ ਹਾਂ ਤਾਂ ਜੋ ਉਸ ਭਾਸ਼ਾ ਤੋਂ ਪਹਿਲਾਂ ਆਈ ਸੀ ਜੋ ਅਸੀਂ ਅੱਜ ਵਰਤ ਰਹੇ ਹਾਂ, ਤਾਂ ਅਸੀਂ ਦੱਸ ਸਕਦੇ ਹਾਂ ਕਿ ਪਹਿਲਾ ਇਨਸਾਨੀ ਸ਼ਬਦ ਕੀ ਸੀ?

ਪ੍ਰੋਫ਼ੈਸਰ ਰੌਬਰਟ ਫੋਲੇ ਦਾ ਕਹਿਣਾ ਹੈ, "ਸ਼ਾਇਦ ਸਾਡੇ ਕੋਲ ਇਸ ਦਾ ਸੁਰਾਗ ਹੈ।"

ਸੰਭਾਵਨਾਵਾਂ ਲਈ ਪ੍ਰਾਈਮੇਟਸ ਵੱਲ ਧਿਆਨ ਮਾਰੀਏ ਤਾਂ, ਅਸੀਂ ਪਾਉਂਦੇ ਹਾਂ ਕਿ ਉਨ੍ਹਾਂ ਸ਼ਬਦਾਂ ਨੂੰ ਪੁਰਾਤਨ ਜੀਵਾਂ ਦੇ ਵਿਗਿਆਨੀ ਸ਼ਿਕਾਰੀਆਂ ਦੇ ਸ਼ਬਦ ਕਹਿੰਦੇ ਹਨ। ਸ਼ਿਕਾਰੀ ਅਜਿਹੀਆਂ ਆਵਾਜ਼ਾਂ ਪੈਦਾ ਕਰਦੇ ਹਨ ਜਿਨ੍ਹਾਂ ਨੂੰ ਸਮੂਹ ਦੇ ਹੋਰ ਮੈਂਬਰ ਸਮਝ ਲੈਣ ਜਿਵੇਂ ਬਾਜ਼ (ਈਗਲ) ਚੀਤਾ (ਲਿਓਪੈਰਡ), ਜਾਂ ਸਿਰਫ਼ ਔਹ ਦੇਖੋ! (ਲੁੱਕ ਆਊਟ!)

ਇਹ ਵੀ ਪੜ੍ਹੋ:

ਤੁਹਾਨੂੰ ਲੱਗੇਗਾ ਇਹ ਤਾਂ ਬੜਾ ਸੌਖਾ ਹੈ। ਸਾਡੇ ਆਸੇ-ਪਾਸੇ ਦੀਆਂ ਭੌਤਿਕ ਵਸਤੂਆਂ ਦੇ ਨਾਮ ਹੀ ਸਾਡੇ ਪਹਿਲੇ ਸ਼ਬਦ ਹੋਣਗੇ।

ਦੂਸਰਾ ਸਿਧਾਂਤ ਹੈ ਕਿ ਸਾਡੇ ਸਭ ਤੋਂ ਪਹਿਲੇ ਸ਼ਬਦ ਸਾਡੇ ਅੱਜ ਦੇ ਬੁਨਿਆਦੀ ਸ਼ਬਦਾਂ ਵਰਗੇ ਸਨ। ਜਿਵੇਂ ਕਿ- "ਸ਼", "ਹੇਇ", "ਵਾਓ", "ਸ਼ੁਕਰੀਆ", "ਬਾਏ"।

ਅਜਿਹੇ ਸ਼ਬਦ ਸਾਰੀਆਂ ਭਾਸ਼ਾਵਾਂ ਵਿੱਚ ਹਨ ਪਰ ਇਨ੍ਹਾਂ ਦੀ ਸਾਂਝੀ ਗੱਲ ਇਹ ਹੈ ਕਿ ਇਨ੍ਹਾਂ ਵਿੱਚ ਸਿਨਟੈਕਸ ਨਹੀਂ ਹੈ। ਇਨ੍ਹਾਂ ਦੇ ਵਾਕ ਨਹੀਂ ਬਣਦੇ।

ਭਾਸ਼ਾ ਦੇ ਵਿਕਾਸ ਪਿੱਛੇ ਭੋਜਨ ਦਾ ਸਮਾਂ ਹੋ ਸਕਦਾ ਹੈ

Image copyright Getty Images
ਫੋਟੋ ਕੈਪਸ਼ਨ ਇੱਕ ਪੁਰਤਨ ਗੁਫ਼ਾ ਦਾ ਮਾਡਲ

ਪ੍ਰੋਫੈਸਰ ਟਾਲਰਮੈਨ ਦਾ ਕਹਿਣਾ ਹੈ, "ਮੁਢਲੇ ਮਨੁੱਖਾਂ ਨੇ ਹੋ ਸਕਦਾ ਹੈ, ਸਹਿਯੋਗ ਕਰਨਾ ਸ਼ੁਰੂ ਕਰ ਦਿੱਤਾ ਹੋਵੇ। ਆਪਣੇ ਚੌਗਿਰਦੇ ਨੂੰ ਜਾਣਨ ਤੇ ਹੋ ਸਕਦਾ ਹੈ, ਵੱਖੋ-ਵੱਖਰੇ ਭੋਜਨ ਕਰਨ ਲਈ ਵਧੇਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੋਣ।"

ਸਾਡੇ ਬਜ਼ੁਰਗਾਂ ਨੇ ਮੁਰਦਾਖੋਰੀ ਤੇ ਵੱਡੇ ਸ਼ਿਕਾਰੀਆਂ ਦੀ ਰਹਿੰਦ-ਖੂੰਹਦ ਖਾਣੀ ਸ਼ੁਰੂ ਕਰ ਦਿੱਤੀ ਸੀ।

ਪ੍ਰੋਫੈਸਰ ਟਾਲਰਮੈਨ ਦਾ ਕਹਿਣਾ ਹੈ, "ਪਰ ਜੇ ਤੁਸੀਂ ਕਿਸੇ ਸ਼ਿਕਾਰੀ ਦੀ ਰਹਿੰਦ-ਖੂਹੰਦ ਦੀ ਦਾਅਵਤ ਉਡਾਉਣੀ ਚਾਹੁੰਦੇ ਹੋ ਤਾਂ ਤੁਹਾਡੇ ਨਾਲ ਕੁਝ ਸਾਥੀ ਹੋਣੇ ਚਾਹੀਦੇ ਹਨ ਕਿਉਂਕਿ ਇਹ ਬੜਾ ਖ਼ਤਰਨਾਕ ਹੋ ਸਕਦਾ ਹੈ।"

ਜੇ ਕਿਸੇ ਦਿਨ ਤੁਹਾਡੇ ਹੱਥ ਵੱਡਾ ਮਾਲ ਹੱਥ ਲੱਗੇ ਤਾਂ "ਭਾਸ਼ਾ ਸਾਥੀਆਂ ਨੂੰ ਉਸ ਬਾਰੇ ਸੂਚਨਾ ਦੇਣ ਲਈ ਵੀ ਉਪਯੋਗੀ ਹੈ। ਕਿ ਨੇੜੇ ਹੀ ਖਾਣ ਲਈ ਕੁਝ ਪਿਆ ਹੈ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਹਜ਼ਾਰਾਂ ਸਾਲ ਦੇ ਮਨੁੱਖੀ ਵਿਕਾਸ ਦੌਰਾਨ ਅਸੀਂ ਡਰਨਾ ਸਿੱਖਿਆ ਹੈ।

ਇਹ ਮਨੁੱਖੀ ਸੰਚਾਰ ਦੀ ਇੱਕ ਹੋਰ ਵਿਸ਼ੇਸ਼ਤਾ ਹੈ, ਡਿਸਪਲੇਸਮੈਂਟ। ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰਨਾ ਜੋ ਇਸ ਸਮੇਂ ਮੌਜੂਦ ਨਹੀਂ ਹੈ ਕਿਉਂਕਿ ਇਹ ਸਮੇਂ ਤੇ ਸਥਾਨ ਪੱਖੋਂ ਕਿਸੇ ਹੋਰ ਮੌਕੇ ਘਟੀਆਂ ਹੋ ਸਕਦੀਆਂ ਹਨ।

ਪ੍ਰੋਫੈਸਰ ਟਾਲਰਮੈਨ ਦਾ ਕਹਿਣਾ ਹੈ, "ਖਾਣ ਤੇ ਬਚੇ ਰਹਿਣ ਦੀ ਚਾਹ ਨੇ ਮਨੁੱਖਾਂ ਨੂੰ ਅਜਿਹੀ ਯੋਗਤਾ ਪੈਦਾ ਕਰਨ ਲਈ ਪ੍ਰੇਰਿਆ ਹੋ ਸਕਦਾ ਹੈ, ਜਿਸ ਨਾਲ ਉਹ ਉਨ੍ਹਾਂ ਚੀਜ਼ਾਂ ਬਾਰੇ ਦੂਸਰਿਆਂ ਨੂੰ ਦੱਸ ਸਕਣ ਜੋ ਦਿਖਾਈ ਨਹੀਂ ਦੇ ਰਹੀਆਂ ਪਰ ਮੌਜੂਦ ਹਨ। ਜਿਵੇਂ ਮੁਫ਼ਤ ਦਾ ਖਾਣਾ।"

ਗੱਪਾਂ ਨੇ ਵੀ ਭੂਮਿਕਾ ਨਿਭਾਈ ਹੋਵੇਗੀ

Image copyright Getty Images
ਫੋਟੋ ਕੈਪਸ਼ਨ ਕਿੰਨ੍ਹਾਂ ਲੋਕਾਂ ਨਾਸ ਸਾਥ ਕੀਤਾ ਜਾਵੇ ਇਹ ਵੀ ਸਾਡੇ ਵਿਕਾਸ ਦਾ ਹਿੱਸਾ ਹੈ।

ਇਸ ਤਰ੍ਹਾਂ ਸਾਡੀ ਮਿਲ ਕੇ ਕੰਮ ਕਰਨ ਦੀ ਯੋਗਤਾ ਵਿੱਚ ਭਾਸ਼ਾ ਦਾ ਯੋਗਦਾਨ ਹੈ। ਹਾਂ ਇਹ ਹੋ ਸਕਦਾ ਹੈ ਸ਼ੁਰੂ ਵਿੱਚ ਸਾਡਾ ਸੰਵਾਦ ਐਨਾ ਸਟੀਕ ਨਾ ਹੁੰਦਾ ਹੋਵੇ।

ਕੈਂਬਰਿਜ ਯੂਨੀਵਰਸਿਟੀ ਦੇ ਇਤਿਹਾਸਕ ਭਾਸ਼ਾਵਿਗਿਆਨੀ ਡਾ਼ ਲੌਰਾ ਰਾਈਟ ਮੁਤਾਬਕ, "ਗੱਲਾਂ ਕਰਨ ਦੀ ਅਹਿਮੀਅਤ ਘਟਾ ਕੇ ਨਹੀਂ ਦੇਖੀ ਜਾ ਸਕਦੀ। "ਗੱਪਸ਼ੱਪ, ਤਾਂ ਰੋਜ਼ਾਨਾ ਦੀਆਂ ਗੱਲਾਂ ਹਨ।"

ਕਈ ਵਾਰ ਭਾਸ਼ਾ ਦਾ ਕੰਮ ਸਿਰਫ਼ ਦੂਸਰਿਆਂ ਤੋਂ ਕੰਮ ਕਰਵਾਉਣ ਤੋਂ ਵਧੇਰੇ ਆਸ-ਪਾਸ ਬਾਰੇ ਪਤਾ ਕਰਨਾ ਹੁੰਦਾ ਹੈ।

ਅਸੀਂ ਕਹਾਣੀਆਂ ਸੁਣਾਉਣੀਆਂ ਕਦੋਂ ਸ਼ੁਰੂ ਕੀਤੀਆਂ?

Image copyright Getty Images
ਫੋਟੋ ਕੈਪਸ਼ਨ ਕਹਾਣੀ ਸੁਣਾਉਣ ਦਾ ਸੌਖਾ ਜਿਹਾ ਜਾਪਣ ਵਾਲਾ ਗੁਣ ਵੀ ਮਨੁੱਖੀ ਵਿਕਾਸ ਦੀ ਦੇਣ ਹੈ।

ਪ੍ਰੋਫੈਸਰ ਟਾਲਰਮੈਨ ਦਾ ਕਹਿਣਾ ਹੈ, "ਬਿਰਤਾਂਤ ਘੜਨ ਲਈ, ਕਹਾਣੀਆਂ ਸੁਣਾਉਣ ਲਈ ਸਾਡੇ ਕੋਲ ਬਹੁਤ ਵਧੀਆ ਭਾਸ਼ਾ ਦੀ ਲੋੜ ਪਈ ਹੋਵੇਗੀ।"

ਪ੍ਰੋਫ਼ੈਸਰ ਰੌਬਰਟ ਫੋਲੇ ਮੁਤਾਬਕ, "ਅਸੀਂ ਜਾਣਦੇ ਹਾਂ ਕਿ ਅਜੋਕੀਆਂ ਭਾਸ਼ਾਵਾਂ ਬੋਲਣ ਵਾਲੀਆਂ ਸਾਰੇ ਸਮੂਹ ਉਹ ਹੁਣ ਤੋਂ ਲਗਭਗ ਸਾਲ ਜਾਂ ਇਸ ਤੋਂ ਪਹਿਲਾਂ ਵੱਖ ਹੋਏ ਹਨ। ਇਸ ਹਿਸਾਬ ਨਾਲ ਉਸ ਸਮੇਂ ਤੱਕ ਸਾਡੀ ਭਾਸ਼ਾ ਕਾਫ਼ੀ ਫੈਲ ਹੋ ਚੁੱਕੀ ਹੋਵੇਗੀ।"


ਇਹ ਲੇਖ BBC Radio 4 ਦੇ ਪ੍ਰੋਗਰਾਮ ਵਰਡ ਆਫ਼ ਮਾਊਥ ਤੋਂ ਤਿਆਰ ਕੀਤਾ ਗਿਆ ਹੈ।


ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।