ਪਾਕਿਸਤਾਨ : ਬਲੋਚ ਕੁੜੀ ਦੀ ਕਹਾਣੀ ਜਿਸ ਦੇ ਸਕੂਲ ਨੂੰ ਹਥਿਆਰਬੰਦ ਲੋਕਾਂ ਨੇ ਕੁੜੀਆਂ ਲਈ ਬੰਦ ਕਰਵਾ ਦਿੱਤਾ ਸੀ

ਸਰਦਾਰ ਬਹਾਦੁਰ ਖ਼ਾਨ ਵੂਮੈਨ ਯੂਨੀਵਰਸਿਟੀ, ਕੁਏਟਾ
ਫੋਟੋ ਕੈਪਸ਼ਨ ਕੁਏਟਾ ਵਿੱਚ ਸਰਦਾਰ ਬਹਾਦੁਰ ਖ਼ਾਨ ਵੂਮੈਨ ਯੂਨੀਵਰਸਿਟੀ

"ਪਾਕਿਸਤਾਨ ਦੇ ਬਲੂਚਿਸਤਾਨ ਖੇਤਰ ਵਿੱਚ ਸਾਲਾਬੱਧੀ ਕੁੜੀਆਂ ਦੇ ਇੱਕ ਸਕੂਲ ਨੂੰ ਹਥਿਆਰਬੰਦ ਲੋਕਾਂ ਨੇ ਘੇਰੀ ਰੱਖਿਆ ਤਾਂ ਜੋ ਕੁੜੀਆਂ ਸਕੂਲ ਨਾ ਜਾ ਸਕਣ। ਪਰ ਅਖ਼ੀਰ ਹੁਣ ਇੱਥੇ ਯੂਨੀਵਰਸਿਟੀ ਬਣ ਗਈ ਹੈ ਅਤੇ ਹੁਣ ਇੱਥੇ ਪੱਤਰਕਾਰ ਬਣਨ ਲਈ ਸਿਖਲਾਈ ਦਿੱਤੀ ਜਾਂਦੀ ਹੈ।"

ਪੜ੍ਹਾਈ ਲਈ ਸੰਘਰਸ਼ ਕਰਨ ਵਾਲੀ ਇੱਕ ਕੁੜੀ ਨੇ ਆਪਣੀ ਕਹਾਣੀ ਬੀਬੀਸੀ ਨਾਲ ਸਾਂਝੀ ਕੀਤੀ।

ਕੁਏਟਾ ਵਿੱਚ ਸਰਦਾਰ ਬਹਾਦੁਰ ਖ਼ਾਨ ਵੂਮੈਨ ਯੂਨੀਵਰਸਿਟੀ ਦੀ ਵਿਦਿਆਰਥਣ ਨਈਮਾ ਜ਼ਹਿਰੀ ਮੁਤਾਬਕ "ਮੈਂ ਆਪਣਾ ਬਚਪਨ ਡਰ ਦੇ ਸਾਏ ਹੇਠ ਬਿਤਾਇਆ ਹੈ ਅਤੇ ਉਸ ਬਾਰੇ ਸੋਚ ਕੇ ਮੈਂ ਅੱਜ ਵੀ ਸਹਿਮ ਜਾਂਦੀ ਹਾਂ।"

ਨਈਮਾ ਬਲੂਚਿਸਤਾਨ ਇਲਾਕੇ ਦੇ ਇੱਕ ਅਸ਼ਾਂਤ ਜ਼ਿਲ੍ਹੇ ਖੁਜ਼ਦਾਰ ਦੇ ਇੱਕ ਆਦਿਵਾਸੀ ਪਿੰਡ ਦੀ ਰਹਿਣ ਵਾਲੀ ਹੈ।

ਉਹ ਕਹਿੰਦੀ ਹੈ ਕਿ ਉਸ ਦਾ ਬਚਪਨ ਅਜਿਹੇ ਦੌਰ 'ਚੋ ਲੰਘਿਆ ਹੈ ਜਦੋਂ ਇਲਾਕੇ ਵਿੱਚ ਕਾਨੂੰਨ ਵਿਵਸਥਾ ਦੇ ਮਾੜੇ ਹਾਲਾਤ ਆਪਣੇ ਸਿਖ਼ਰਾਂ 'ਤੇ ਸਨ।

ਇਹ ਵੀ ਪੜ੍ਹੋ-

ਬਲੂਚਿਸਤਾਨ ਦੇ ਨੌਜਵਾਨਾਂ ਨੂੰ ਅਗਵਾ ਕਰਕੇ ਮਾਰਨ ਦੀਆਂ ਖ਼ਬਰਾਂ ਚਾਰੇ ਪਾਸੇ ਉਡਦੀਆਂ ਸਨ। ਮਾਹੌਲ, ਡਰ, ਸਹਿਮ, ਪੱਖਪਾਤ ਅਤੇ ਹਥਿਆਰ ਹਰ ਪਾਸੇ ਫੈਲੇ ਹੋਏ ਸਨ।

ਜੰਗਜੂ ਹਾਲਾਤ ਦਾ ਸਾਹਮਣਾ

ਨਈਮਾ ਮੁਤਾਬਕ, "ਬਲੂਚਿਸਤਾਨ ਪਾਕਿਸਤਾਨ ਦਾ ਸਭ ਤੋਂ ਗਰੀਬ ਇਲਾਕਾ ਹੈ। ਇਸ ਨੇ ਵੱਖਵਾਦੀ ਕੱਟੜਪੰਥੀਆਂ ਅਤੇ ਪਾਕਿਸਤਾਨੀ ਫੌਜ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਜੰਗਜੂ ਹਾਲਾਤ ਦਾ ਸਾਹਮਣਾ ਕੀਤਾ ਹੈ। ਇੱਥੇ ਪਹਾੜੀ ਪਿੰਡ, ਆਮ ਜ਼ਿੰਦਗੀ ਤਰਸਯੋਗ ਤੇ ਖ਼ਾਸ ਤੌਰ 'ਤੇ ਔਰਤਾਂ ਦੀ ਹਾਲਤ ਬੇਹੱਦ ਮੰਦਭਾਗੀ ਹੈ।"

"ਮੇਰਾ ਬਚਪਨ ਗਰੀਬੀ 'ਚ ਗਰਕ ਹੋ ਗਿਆ। ਅਸੀਂ 7 ਭੈਣ-ਭਰਾ ਸੀ। ਮੇਰੀ ਮਾਂ ਪੜ੍ਹੀ-ਲਿਖੀ ਨਹੀਂ ਸੀ। ਸਾਨੂੰ ਆਪਣੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਪਰਿਵਾਰ ਨੂੰ ਮਿਲਦੀ ਇਮਦਾਦ 'ਤੇ ਨਿਰਭਰ ਰਹਿਣਾ ਪੈਂਦਾ ਸੀ। ਸਿੱਖਿਆ ਬੇਹੱਦ ਮਹਿੰਗੀ ਸੀ, ਅਸੀਂ ਸੋਚ ਵੀ ਨਹੀਂ ਸਕਦੇ ਸੀ।"

ਨਈਮਾ ਲਈ ਸਿੱਖਿਆ ਹਾਸਲ ਕਰਨਾ ਕਿਸੇ ਸੰਘਰਸ਼ ਵਾਂਗ ਸੀ। ਉਹ 10 ਸਾਲ ਦੀ ਉਮਰ ਤੱਕ ਆਪਣੇ ਪਿੰਡ ਵਿੱਚ ਸੂਬਾ ਸਰਕਾਰ ਵੱਲੋਂ ਕੁੜੀਆਂ ਲਈ ਮੁਫ਼ਤ ਚਲਾਏ ਜਾਂਦੇ ਪ੍ਰਾਈਮਰੀ ਸਕੂਲ ਵਿੱਚ ਪੜ੍ਹੀ ਪਰ ਫਿਰ ਸਕੂਲ ਬੰਦ ਹੋ ਗਿਆ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਬਲੂਚਿਸਤਾਨ ਦੀ ਪਹਿਲੀ ਮਹਿਲਾ ਪੁਲਿਸ ਅਸਿਸਟੈਂਟ ਕਮਿਸ਼ਨਰ

ਉਸ ਦਾ ਕਹਿਣਾ ਹੈ, "2009 ਤੋਂ 2013 ਤੱਕ ਸਕੂਲ ਨੂੰ ਸਥਾਨਕ ਆਦਿਵਾਸੀ ਮੁਖੀ ਵੱਲੋਂ ਹਮਾਇਤ ਹਾਸਿਲ ਅਪਰਾਧੀਆਂ ਨੇ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਕੁੜੀਆਂ ਨੂੰ ਇਸ ਤੋਂ ਦੂਰ ਰੱਖਣ ਲਈ ਸਕੂਲ ਦੇ ਗੇਟ ਅੱਗੇ ਬੈਰੀਅਰ ਲਗਾ ਦਿੱਤਾ।"

ਹਾਲਾਂਕਿ ਬੀਬੀਸੀ ਇਸ ਦੀ ਸੁਤੰਤਰ ਤੌਰ 'ਤੇ ਤਸਦੀਕ ਨਹੀਂ ਕਰਦਾ ਪਰ ਬਲੂਚਿਸਤਾਨ ਵਿੱਚ ਅਜਿਹੇ ਹਾਲਾਤ ਆਸਾਧਰਨ ਨਹੀਂ ਸਨ।

ਨਈਮਾ ਕਹਿੰਦੀ ਹੈ, "ਗੇਟ ਦੇ ਅੱਗੇ ਹਮੇਸ਼ਾ 6-7 ਹਥਿਾਰਬੰਦ ਲੋਕ ਪਹਿਰਾ ਦਿੰਦੇ ਸਨ। ਮੈਨੂੰ ਉਹ ਮੰਜ਼ਰ ਯਾਦ ਆਉਂਦਾ ਹੈ ਕਿ ਅਸੀਂ ਬਾਹਰ ਖੜ੍ਹੇ ਹਥਿਆਰਬੰਦ ਲੋਕਾਂ ਕੋਲੋਂ ਡਰਦੇ ਸੀ। ਮੈਨੂੰ ਹਮੇਸ਼ਾ ਡਰ ਲੱਗਾ ਰਹਿੰਦਾ ਸੀ ਕਿ ਉਹ ਮੈਨੂੰ ਗੋਲੀ ਮਾਰ ਸਕਦੇ ਹਨ।"

"ਸਲਵਾਰ-ਕਮੀਜ਼ ਪਹਿਨੇ ਉਹ ਆਪਣੇ ਹੱਥਾਂ 'ਚ ਹਮੇਸ਼ਾ ਬੰਦੂਕ ਰੱਖਦੇ ਸਨ, ਉਨ੍ਹਾਂ ਦੇ ਮੂੰਹ ਹਮੇਸ਼ਾ ਢਕੇ ਹੁੰਦੇ ਸਨ ਤੇ ਸਿਰਫ਼ ਅੱਖਾਂ ਹੀ ਨਜ਼ਰ ਆਉਂਦੀਆਂ ਸਨ।"

'ਆਪਣੀਆਂ ਕੁੜੀਆਂ ਨੂੰ ਸਕੂਲ ਨਾ ਭੇਜੋ'

ਨਈਮਾ ਦਾ ਕਹਿਣਾ ਹੈ ਕਿ ਹੱਥਿਆਰਬੰਦ ਲੋਕਾਂ ਨੇ ਨਾ ਕਦੇ ਬੱਚਿਆਂ ਨਾਲ ਗੱਲ ਕੀਤੀ ਤੇ ਨਾ ਉਨ੍ਹਾਂ ਨੂੰ ਕਦੇ ਕੋਈ ਧਮਕੀ ਦਿੱਤੀ ਪਰ ਉਨ੍ਹਾਂ ਦੇ ਦੋ ਮੁੱਖ ਉਦੇਸ਼ ਸਨ-ਕੁੜੀਆਂ ਨੂੰ ਸਿੱਖਿਆ ਤੋਂ ਦੂਰ ਰੱਖਣਾ, ਤਾਂ ਜੋ ਆਦਿਵਾਸੀ ਮੁਖੀ ਦੇ ਲੋਕ ਸਕੂਲ ਨੂੰ ਆਪਣੇ ਟਿਕਾਣੇ ਵਜੋਂ ਵਰਤ ਸਕਣ।

ਉਸ ਨੇ ਦੱਸਿਆ, "ਉਨ੍ਹਾਂ ਦਾ ਸੰਦੇਸ਼ ਸਪੱਸ਼ਟ ਸੀ ਕਿ ਆਪਣੀਆਂ ਕੁੜੀਆਂ ਨੂੰ ਸਕੂਲ ਨਾ ਭੇਜੋ।"

Image copyright Getty Images
ਫੋਟੋ ਕੈਪਸ਼ਨ ਇਲਾਕੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਸੀ (ਸੰਕੇਤਕ ਤਸਵੀਰ)

ਨਈਮਾ ਨੇ ਦੱਸਿਆ ਕਿ ਪਿੰਡ 'ਤੇ ਇਸ ਦਾ ਅਸਰ ਖ਼ੌਫ਼ਨਾਕ ਸੀ। ਇਸ ਹਾਲਾਤ ਵਿੱਚ ਸਰਕਾਰੀ ਅਧਿਆਪਕ ਕੰਮ ਕਰਨ ਦੀ ਹਿੰਮਤ ਨਹੀਂ ਰੱਖਦੇ ਸਨ।

ਕੁੜੀਆਂ ਦਾ ਦਾਖ਼ਲਾ ਸਿਰਫ਼ ਵਿਖਾਵੇ ਵਾਂਗ

ਨਈਮਾ ਅਤੇ ਕੁਝ ਹੋਰ ਕੁੜੀਆਂ ਨੇ ਨੇੜਲੇ ਪਿੰਡ ਦੇ ਸਕੂਲ ਵਿੱਚ ਦਾਖ਼ਲਾ ਲਿਆ ਪਰ ਇਹ ਕਿਸੇ ਵਿਖਾਵੇ ਵਾਂਗ ਹੀ ਸੀ।

ਮਾਪੇ ਉੱਥੇ ਆਪਣੀਆਂ ਕੁੜੀਆਂ ਉੱਥੇ ਮੁਫ਼ਤ ਮਿਲਣ ਵਾਲੇ ਤੇਲ ਕਰਕੇ ਭੇਜਦੇ ਸਨ, ਜੋ ਕਿਸੇ ਕੌਮਾਂਤਰੀ ਸੰਸਥਾ ਵੱਲੋਂ ਦਾਨ ਵਜੋਂ ਦਿੱਤਾ ਜਾਂਦਾ ਸੀ ਤਾਂ ਇਸ ਇਲਾਕੇ ਵਿੱਚ ਕੁੜੀਆਂ ਦੇ ਦਾਖ਼ਲੇ 'ਚ ਵਾਧਾ ਹੋ ਸਕੇ ਪਰ ਸਿੱਖਣ ਲਈ ਉੱਥੇ ਕੁਝ ਨਹੀਂ ਸੀ।

ਕੁੜੀਆਂ ਜਾਂਦੀਆਂ ਤੇ ਆਪਣੀ ਰਜਿਸਟਰ 'ਤੇ ਆਪਣੀ ਹਾਜ਼ਰੀ ਲਗਾ ਕੇ ਘਰ ਆ ਜਾਂਦੀਆਂ।

ਨਈਮਾ ਦੱਸਦੀ ਹੈ, "ਅਧਿਆਪਕ ਡਰੇ ਹੋਏ ਸਨ ਪਰ ਨਾਲ ਹੀ ਭ੍ਰਿਸ਼ਟ ਵੀ।"

ਉਸ ਨੇ ਦੱਸਿਆ, "ਸਾਡੇ ਇਲਾਕੇ ਵਿੱਚ ਦਸਤਾਵੇਜ਼ਾਂ ਦੇ ਲਿਹਾਜ਼ ਨਾਲ ਕਈ ਸਕੂਲ ਸਨ। ਇੱਥੋਂ ਤੱਕ ਉਨ੍ਹਾਂ 'ਚ ਅਧਿਆਪਕਾਂ ਦੀ ਨਿਯੁਕਤੀ ਵੀ ਸੀ ਤੇ ਉਹ ਬਕਾਇਦਾ ਤਨਖ਼ਾਹ ਵੀ ਲੈ ਰਹੇ ਸਨ ਪਰ ਸਕੂਲ ਮੁਕੰਮਲ ਤੌਰ 'ਤੇ ਖਸਤਾ ਹਾਲ ਸਨ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
#BBCSHE: ਬਲੋਚਿਸਤਾਨ 'ਚ ਔਰਤਾਂ ਕਿਹੜੇ ਮੁੱਦਿਆਂ 'ਤੇ ਗੱਲ ਕਰਨਾ ਚਾਹੁੰਦੀਆਂ ਹਨ?

ਇਸ ਦੌਰਾਨ ਇਲਾਕੇ ਵਿੱਚ ਹਿੰਸਾ ਪੂਰੇ ਸਿਖ਼ਰਾਂ 'ਤੇ ਸੀ। ਇੱਕ ਸਾਲ 'ਚ ਹੀ ਨਈਮਾ ਦੇ ਦੋ ਰਿਸ਼ਤੇਦਾਰਾਂ ਨੂੰ ਅਗਵਾ ਕਰਕੇ ਮਾਰ ਦਿੱਤਾ ਗਿਆ ਸੀ।

ਉਸ ਨੇ ਦੱਸਿਆ ਕਿ ਉਹ ਅਚਾਨਕ ਗਾਇਬ ਹੋ ਗਏ ਅਤੇ ਮਹੀਨੇ ਬਾਅਦ ਉਨ੍ਹਾਂ ਦੀਆਂ ਗੋਲੀਆਂ ਨਾਲ ਭੁੰਨੀਆਂ ਹੋਈਆਂ ਲਾਸ਼ਾਂ ਮਿਲੀਆਂ।

ਨਈਮਾ ਯਾਦ ਕਰਦੀ ਹੈ, "ਇਹ ਤੋੜ ਦੇਣ ਵਾਲਾ ਮੰਜ਼ਰ ਸੀ, ਉਹ ਬੇਹੱਦ ਜਵਾਨ ਸਨ, ਮੈਂ ਲੰਬੇ ਸਮੇਂ ਤੱਕ ਉਨ੍ਹਾਂ ਦੀ ਮੌਤ ਦੇ ਸਦਮੇ 'ਚੋਂ ਬਾਹਰ ਨਾ ਨਿਕਲ ਸਕੀ।"

ਨਈਮਾ ਦੀ ਪ੍ਰੇਰਣਾ ਬਣੀ ਘਟਨਾ

ਪਰ ਇਸ ਤਰਾਸਦੀ ਨੇ ਨਈਮਾ ਨੂੰ ਸਿੱਖਿਆ ਹਾਸਿਲ ਕਰਨ ਲਈ ਉਤਸ਼ਾਹਿਤ ਕੀਤਾ। ਮਿਡਲ ਸਕੂਲ ਤੋਂ ਬਾਅਦ ਉਸ ਨੇ ਸਕੂਲ ਜਾਣਾ ਬੰਦ ਕਰ ਦਿੱਤਾ ਪਰ ਇਸ ਦਾ ਉਸ ਨੇ ਆਪਣੀ ਪੜ੍ਹਾਈ 'ਤੇ ਅਸਰ ਨਹੀਂ ਪੈਣ ਦਿੱਤਾ।

"ਮੇਰਾ ਪਰਿਵਾਰ ਸਿੱਖਿਆ ਮੁਹੱਈਆ ਨਹੀਂ ਕਰਵਾ ਸਕਦਾ ਸੀ ਅਤੇ ਉਹ ਪਿੰਡਵਾਸੀਆਂ ਦੇ ਦਬਾਅ ਹੇਠ ਵੀ ਸਨ।"

ਉਸ ਮੁਤਾਬਕ ਸਥਾਨਕ ਔਰਤਾਂ ਨੂੰ ਸਕੂਲਾਂ ਭੇਜਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ ਪਰ ਮਦਰੱਸਿਆਂ ਵਿੱਚ ਉਹ ਜਾ ਸਕਦੀਆਂ ਸਨ।

ਉਸ ਦਾ ਕਹਿਣਾ, "ਕੁਝ ਪਾਖੰਡ ਵੀ ਮੌਜੂਦ ਸਨ। ਔਰਤਾਂ ਨੂੰ ਬਾਹਰ ਜਾ ਕੇ ਸਿੱਖਿਆ ਹਾਸਿਲ ਕਰਨ ਦੀ ਇਜਾਜ਼ਤ ਨਹੀਂ ਸੀ ਪਰ ਜਦੋਂ ਗੱਲ ਆਉਂਦੀ ਸੀ ਪੁਰਸ਼ਾਂ ਨਾਲ ਖੇਤਾਂ 'ਚ ਕੰਮ ਕਰਨ ਦੀ ਤਾਂ ਉੱਥੇ ਕੋਈ ਦਿੱਕਤ ਨਹੀਂ ਸੀ। ਜੋ ਘਰ ਰਹਿੰਦੀਆਂ ਸਨ ਉਹ ਕਢਾਈ ਕਰਕੇ ਰੋਜ਼ੀ-ਰੋਟੀ ਕਮਾਉਂਦੀਆਂ ਸਨ ਪਰ ਮਰਦ ਹੀ ਸਨ ਜੋ ਤਨਖਾਹਾਂ ਲੈਂਦੇ ਤੇ ਉਨ੍ਹਾਂ ਨੂੰ ਖਰਚ ਕਰਦੇ ਸਨ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਪਾਕਿਸਤਾਨ ਦੇ ਕੁਏਟਾ ਦੀਆਂ ਸੁਰੰਗਾਂ ਵਿੱਚ ਹਜ਼ਾਰਾਂ ਕੁਰਾਨ ਦੀਆਂ ਕਾਪੀਆਂ ਦਫ਼ਨ ਹਨ

ਨਈਮਾ ਨੇ ਘਰੋਂ ਹੀ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਪ੍ਰਾਈਵੇਟ ਪੇਪਰ ਦਿੱਤੇ। ਜਦੋਂ ਉਸ ਨੇ ਹਾਈ ਸਕੂਲ ਪਾਸ ਕੀਤਾ ਤਾਂ ਉਸ ਦੇ ਭਰਾ ਦੇ ਵਿਰੋਧ ਕਾਰਨ ਕੁਝ ਸਮੇਂ ਲਈ ਉਸ ਦੀ ਪੜ੍ਹਾਈ 'ਚ ਰੁਕਾਵਟ ਆਈ।

ਪਰ ਉਸ ਦੇ ਰਿਸ਼ਤੇਦਾਰਾਂ ਦੀ ਮੌਤ ਨੇ ਉਸ ਨੂੰ ਨਵਾਂ ਉਦੇਸ਼ ਦੇ ਦਿੱਤਾ। ਉਸ ਨੇ ਮਹਿਸੂਸ ਕੀਤਾ ਕਿ ਉੱਥੇ ਮੀਡੀਆ ਵਿੱਚ ਇੱਕ ਚੁੱਪ ਪਸਰੀ ਹੋਈ ਹੈ ਅਤੇ ਇਸ ਨੇ ਉਸ ਦੀ ਮਾਨਸਿਕਤਾ ਦੇ ਪ੍ਰਭਾਵ ਪਾਇਆ।

"ਕੀ ਬਲੋਚ ਇਨਸਾਨ ਨਹੀਂ ਹੁੰਦੇ?, ਉਨ੍ਹਾਂ ਦੀਆਂ ਜ਼ਿੰਦਗੀਆਂ ਕਿਉਂ ਮਾਅਨੇ ਨਹੀਂ ਰੱਖਦੀਆਂ? ਮੈਨੂੰ ਇਸ ਨੇ ਬੁਰੀ ਤਰ੍ਹਾਂ ਝੰਜੋੜਿਆਂ ਹੈ। ਬਲੋਚ ਵੱਲ ਕਦੋਂ ਲੋਕ ਸੰਜੀਦਗੀ ਨਾਲ ਦੇਖਣਾ ਸ਼ੁਰੂ ਕਰਨਗੇ?" ਕੁਝ ਅਜਿਹੇ ਮੁੱਦਿਆਂ ਨੂੰ ਉਹ ਪੱਤਰਕਾਰੀ ਵਿੱਚ ਲੈ ਕੇ ਆਉਣਾ ਚਹੁੰਦੀ ਹੈ।

'ਆਪਣੇ ਲੋਕਾਂ ਦੀਆਂ ਕਹਾਣੀਆਂ ਦੱਸਣੀਆਂ ਚਾਹੁੰਦੀਆਂ ਹਾਂ'

ਕੌਮਾਂਤਰੀ ਮੀਡੀਆ ਅਦਾਰਿਆਂ ਨੂੰ ਬਲੂਚਿਸਤਾਨ ਦੀਆਂ ਖ਼ਬਰਾਂ ਛਾਪਣ ਦੀ ਇਜਾਜ਼ਤ ਨਹੀਂ ਹੈ, ਉਨ੍ਹਾਂ ਨੂੰ ਪ੍ਰਸ਼ਾਸਨ ਕੋਲੋਂ ਖ਼ਾਸ ਤੌਰ 'ਤੇ ਇਜਾਜ਼ਤ ਲੈਣੀ ਪੈਂਦੀ ਹੈ, ਜੋ ਕਿ ਇਹ ਬਹੁਤ ਘੱਟ ਮਿਲਦੀ ਹੈ।

ਜਦੋਂ ਇਲਾਕੇ ਵਿੱਚ ਬਗ਼ਾਵਤੀ ਰਿਪੋਰਟਾਂ ਆਉਂਦੀਆਂ ਹਨ ਤਾਂ ਪਾਕਿਤਾਨ ਦੀ ਮੁੱਖ ਧਾਰਾ ਵਿੱਚ ਆਉਣ ਵਾਲਾ ਮੀਡੀਆ ਵੀ ਖੱਲ੍ਹੇਆਮ ਕੰਮ ਨਹੀਂ ਕਰ ਸਕਦਾ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਬਲੂਚਿਸਤਾਨ ਦਾ ਉਹ ਇਲਾਕਾ ਜਿੱਥੇ ਡਰ ਦੇ ਸਾਏ ਵਿੱਚ ਖੇਡੇ ਜਾਂਦੇ ਨੇ ਨਾਟਕ

ਨਈਮਾ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਬਲੂਚਿਸਤਾਨ ਵਿੱਚ ਔਰਤਾਂ ਲਈ ਯੂਨੀਵਰਸਿਟੀ ਬਾਰੇ ਸੁਣਿਆ ਤਾਂ ਉਸ ਨੇ ਆਪਣੇ ਮਾਪਿਆਂ ਨੂੰ ਅੱਗੇ ਪੜ੍ਹਾਈ ਕਰਨ ਲਈ ਰਾਜੀ ਕੀਤਾ।

ਹਾਲਾਂਕਿ ਉਸ ਦੇ ਭਰਾਵਾਂ ਨੇ ਇਸ ਦਾ ਵਿਰੋਧ ਕੀਤਾ ਪਰ ਉਸ ਦੇ ਇੱਕ ਰਿਸ਼ਤੇਦਾਰ ਨੇ ਉਸ ਦਾ ਪੱਖ ਪੂਰਿਆ ਤੇ ਇੱਕ ਸਾਲ ਲਈ ਫੀਸ ਵੀ ਦਿੱਤੀ।

ਉਸ ਤੋਂ ਬਾਅਦ ਉਸ ਨੇ ਯੂਐੱਸਏਆਈਡੀ ਵੱਲੋਂ ਦਿੱਤੇ ਜਾਂਦੇ ਵਜ਼ੀਫੇ ਲਈ ਅਪਲਾਈ ਕੀਤਾ, ਜੋ ਅਮਰੀਕਾ ਸਰਕਾਰ ਵੱਲੋਂ ਦਿੱਤਾ ਜਾਂਦਾ ਸੀ। ਹੁਣ ਉਸਦੀ ਮੁਫ਼ਤ ਹੈ।

ਉਹ ਕਹਿੰਦੀ ਹੈ, "ਮੈਂ ਪੱਤਰਕਾਰ ਬਣਨਾ ਚਾਹੁੰਦੀ ਹਾਂ ਤਾਂ ਜੋ ਮੈਂ ਆਪਣੇ ਬਲੂਚਿਸਤਾਨ ਦੇ ਲੋਕਾਂ ਦੀਆਂ ਕਹਾਣੀਆਂ ਦੁਨੀਆਂ ਨੂੰ ਦੱਸ ਸਕਾਂ। ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਮੈਂ ਕਦੇ ਨਹੀਂ ਡਰਾਂਗੀ...ਅਤੇ ਹਮੇਸ਼ਾ ਸੱਚ ਨਾਲ ਖੜ੍ਹੀ ਰਹਾਂਗੀ।"

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)