ਭਖਦੀ ਗਰਮੀ ਕਿਵੇਂ ਲੋਕਾਂ ਨੂੰ 'ਮਾਰ' ਰਹੀ ਹੈ, ਇਸ ਤੋਂ ਬਚਣ ਦੇ ਕੀ ਹਨ ਉਪਾਅ?

ਗਰਮੀ ਤੋਂ ਬਚਣ ਲਈ ਨਹਾਉਂਦੇ ਲੋਕ Image copyright Getty Images
ਫੋਟੋ ਕੈਪਸ਼ਨ ਗਰਮੀ ਤੋਂ ਬਚਣ ਲਈ ਨਹਾਉਂਦੇ ਲੋਕ

ਯੂਰੋਪ ਵਿੱਚ ਲੋਕਾਂ ਦਾ ਗਰਮੀ ਨਾਲ ਬੁਰਾ ਹਾਲ ਹੈ। ਪੱਛਮੀ ਯੂਰੋਪ ਵਿੱਚ ਪੈ ਰਹੀ ਇਸ ਵਾਰ ਦੀ ਗਰਮੀ ਨੇ 2003 ਦੀ ਯਾਦ ਦੁਆ ਦਿੱਤੀ ਹੈ ਜਦੋਂ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ ਸੀ।

ਯੂਰੋਪ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਪਰ ਇਸ ਵਾਰ ਛੇਤੀ ਪਈ ਗਰਮੀ ਨੇ ਲੋਕਾਂ ਨੂੰ ਬੇਹਾਲ ਕੀਤਾ ਹੈ।

ਇਸਦੇ ਕਾਰਨ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹਾਈ ਅਲਰਟ ਜਾਰੀ ਕੀਤਾ ਗਿਆ ਹੈ।

ਸਿਰਫ਼ ਯੂਰੋਪ ਹੀ ਗਰਮੀ ਤੋਂ ਪ੍ਰਭਾਵਿਤ ਨਹੀਂ ਹੈ। ਭਾਰਤ ਵਿੱਚ ਵੀ ਅਜਿਹਾ ਹੀ ਹਾਲ ਹੈ।

ਬਿਹਾਰ ਦੇ ਵਿੱਚ 100 ਤੋਂ ਵੱਧ ਲੋਕਾਂ ਦੀ ਗਰਮੀ ਕਾਰਨ ਮੌਤ ਹੋ ਗਈ, ਪਿਛਲੇ ਹਫ਼ਤੇ ਇੱਥੇ ਤਾਪਮਾਨ 50 ਡਿਗਰੀ ਤੱਕ ਚਲਾ ਗਿਆ ਸੀ।

ਵੱਧਦੀ ਗਰਮੀ ਨੂੰ ਵੇਖ ਕੇ ਹਰਿਆਣਾ ਸਰਕਾਰ ਨੇ ਸਕੂਲਾਂ ਵਿੱਚ ਛੁੱਟੀਆਂ 8 ਜੁਲਾਈ ਤੱਕ ਵਧਾ ਦਿੱਤੀਆਂ ਹਨ ਅਤੇ ਪੰਜਾਬ ਸਰਕਾਰ ਨੇ ਸਕੂਲਾਂ ਦਾ ਸਮਾਂ ਬਦਲ ਕੇ ਸਵੇਰੇ 7.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਕਰ ਦਿੱਤਾ ਹੈ ਜਿਹੜਾ ਕਿ ਪਹਿਲਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਸੀ।

ਇਹ ਵੀ ਪੜ੍ਹੋ:

ਤਾਂ ਗਰਮੀ ਕਿਵੇਂ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਇਸ ਤੋਂ ਬਚਣ ਲਈ ਕੀ ਕੀਤਾ ਜਾ ਸਕਦਾ ਹੈ?

Image copyright Getty Images
ਫੋਟੋ ਕੈਪਸ਼ਨ ਹੀਟਵੇਵ ਤੋਂ ਜ਼ਿਆਦਾਤਰ ਬਜ਼ੁਰਗ ਲੋਕ ਪ੍ਰਭਾਵਿਤ ਹੁੰਦੇ ਹਨ

ਕੌਣ ਹੈ ਪ੍ਰਭਾਵਿਤ

21ਵੀਂ ਸਦੀ ਦੇ ਵਿੱਚ ਗਰਮੀ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦਾ ਅੰਕੜਾ ਵਧਿਆ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਕ 2000 ਤੋਂ ਲੈ ਕੇ 2016 ਤੱਕ ਕਰੀਬ 125 ਮਿਲੀਅਨ ਲੋਕ ਗਰਮੀ ਤੋਂ ਪ੍ਰਭਾਵਿਤ ਹੋਏ ਹਨ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਇਸ ਦੌਰਾਨ ਬਹੁਤ ਹੀ ਵੱਡੀਆਂ ਘਟਨਾਵਾਂ ਵਾਪਰੀਆਂ। 2003 ਵਿੱਚ ਯੂਰੋਪ 'ਚ 70,000 ਲੋਕਾਂ ਦੀ ਗਰਮੀ ਕਾਰਨ ਮੌਤ ਹੋ ਗਈ। 2010 ਵਿੱਚ ਰੂਸ 'ਚ ਗਰਮੀ ਕਾਰਨ 56,000 ਲੋਕਾਂ ਦੀ ਜਾਨ ਚਲੀ ਗਈ।

WHO ਮੁਤਾਬਕ ਬਜ਼ੁਰਗ, ਬੱਚੇ, ਗਰਭਵਤੀ ਔਰਤਾਂ, ਬਾਹਰ ਕੰਮ ਕਰਨ ਵਾਲੇ ਕਾਮੇ, ਐਥਲੀਟ ਅਤੇ ਗਰੀਬ ਲੋਕ ਗਰਮੀ ਨਾਲ ਵੱਧ ਪ੍ਰਭਾਵਿਤ ਹੁੰਦੇ ਹਨ।

ਜਿਹੜੇ ਕਿ ਬਾਹਰ ਧੁੱਪ ਵਿੱਚ ਕੰਮ ਕਰਦੇ ਹਨ ਜਿਵੇਂ ਕਿ ਮਜ਼ਦੂਰ, ਬਿਨਾਂ ਸ਼ੈਲਟਰ ਤੋਂ ਰਹਿਣ ਵਾਲੇ ਲੋਕਾਂ 'ਤੇ ਗਰਮੀ ਦਾ ਵੱਧ ਅਸਰ ਪੈਂਦਾ ਹੈ।

Image copyright Getty Images

ਗਰਮੀ ਅਤੇ ਸਰੀਰ

ਗਰਮ ਖ਼ੂਨ ਵਾਲੀਆਂ ਪ੍ਰਜਾਤੀਆਂ ਦੀ ਤਰ੍ਹਾਂ ਸਾਡਾ ਸਰੀਰ 37 ਡਿਗਰੀ ਦੇ ਕਰੀਬ ਤਾਪਮਾਨ ਤੱਕ ਖ਼ੁਦ ਨੂੰ ਬਣਾਈ ਰੱਖਣ ਲਈ ਸਖ਼ਤ ਮਿਹਨਤ ਕਰਦੇ ਹਨ।

ਜਦੋਂ ਆਲੇ-ਦੁਆਲੇ ਤਾਪਮਾਨ ਵਧਦਾ ਹੈ ਤਾਂ ਸਾਡਾ ਸਰੀਰ ਗਰਮੀ ਨੂੰ ਘਟਾਉਣ ਦੀ ਕੋਸ਼ਿਸ਼ ਕਰਦਾ ਹੈ।

ਯੂਰੋਪ ਰਿਜਨ ਹੈਲਥ ਕਾਰਡੀਨੇਸ਼ਨ ਫਾਰ ਦਿ ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਰੈੱਡ ਕਰਾਸ ਦੇ ਡਾ. ਡਾਵਰਨ ਮੁਖਾਮਾਡੀਵ ਕਹਿੰਦੇ ਹਨ, "ਜੇਕਰ ਤਾਪਮਾਨ ਸਾਡੇ ਸਰੀਰ ਤੋਂ ਉੱਪਰ ਚਲਾ ਜਾਂਦਾ ਹੈ ਤਾਂ ਸਾਡਾ ਲੰਬੇ ਸਮੇਂ ਤੱਕ ਰਹਿਣ ਵਾਲਾ ਸਿਹਤਮੰਦ ਅੰਦਰੂਨੀ ਤਾਪਮਾਨ ਖ਼ਤਰਨਾਕ ਬਣ ਜਾਂਦਾ ਹੈ।"

Image copyright Getty Images

ਹੀਟ ਸਟ੍ਰੋਕ ਦੇ ਲੱਛਣ

 • ਸਿਰ ਦਰਦ, ਚੱਕਰ ਆਉਣਾ
 • ਬੇਚੈਨੀ ਮਹਿਸੂਸ ਹੋਣਾ ਅਤੇ ਕੁਝ ਸਮਝ ਨਾ ਆਉਣਾ
 • ਸਰੀਰ ਦਾ ਗਰਮ ਹੋਣਾ, ਲਾਲ ਹੋਣਾ ਅਤੇ ਖੁਸ਼ਕ ਚਮੜੀ
 • ਪ੍ਰਤੀਕਿਰਿਆ ਦੇਣ ਦਾ ਪੱਧਰ ਘੱਟ ਹੋਣਾ
 • ਤੇਜ਼ ਪਲਸ
 • ਸਰੀਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋਣਾ

(ਸਰੋਤ - St John Ambulance. UK)

Image copyright Getty Images
ਫੋਟੋ ਕੈਪਸ਼ਨ ਹੀਟਵੇਵ ਤੋਂ ਪ੍ਰਭਾਵਿਤ ਸ਼ਖ਼ਸ

ਇਹ ਵੀ ਪੜ੍ਹੋ:

ਹਾਰਟ ਅਟੈਕ

ਜੇਕਰ ਕੋਈ ਸ਼ਖ਼ਸ ਲੰਬਾ ਸਮਾਂ ਗਰਮੀ ਨਾਲ ਪ੍ਰਭਾਵਿਤ ਹੋਵੇ ਤਾਂ ਉਸ ਨੂੰ ਦਿਲ ਦਾ ਦੌਰ ਪੈਣ ਦੀ ਸੰਭਾਵਨਾ ਵੱਧ ਹੁੰਦੀ ਹੈ।

ਆਸਟਰੇਲੀਆ ਦੀ ਹਾਰਟ ਫਾਊਂਡੇਸ਼ਨ ਦੇ ਚੀਫ਼ ਅਗਜ਼ੈਕਟਿਵ ਟੋਨੀ ਸਟੱਬਸ ਕਹਿੰਦੇ ਹਨ, "ਪਸੀਨੇ ਦੇ ਨਾਲ ਡੀ-ਹਾਈਡਰੇਸ਼ਨ ਹੁੰਦੀ ਹੈ ਜਿਸਦੇ ਕਾਰਨ ਖ਼ੂਨ ਦਾ ਪ੍ਰਸਾਰ ਘੱਟ ਜਾਂਦਾ ਹੈ। ਇਸ ਨਾਲ ਸਰੀਰ ਵਿੱਚ ਖ਼ੂਨ ਪਹੁੰਚਾਉਣ ਵਾਲਾ ਹਾਰਟ ਪੰਪ ਘੱਟ ਕੰਮ ਕਰਦਾ ਹੈ।"

"ਜਿਹੜੇ ਲੋਕ ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ ਅਤੇ ਜਿਨ੍ਹਾਂ ਨੂੰ ਹਾਰਟ ਅਟੈਕ ਦਾ ਵੱਧ ਖ਼ਤਰਾ ਹੁੰਦਾ ਹੈ, ਅਜਿਹੇ ਬਦਲਾਅ ਉਸ ਖ਼ਤਰੇ ਨੂੰ ਹੋਰ ਵਧਾ ਸਕਦੇ ਹਨ।"

Image copyright Science Photo Library
ਫੋਟੋ ਕੈਪਸ਼ਨ ਵਧਦਾ ਤਾਪਮਾਨ ਦਿਲ ਦਾ ਦੌਰਾ ਪੈਣ ਦਾ ਵੀ ਇੱਕ ਕਾਰਨ ਹੈ

ਮੌਤਾਂ

ਹਰ ਸਾਲ ਇੰਡੋਨੇਸ਼ੀਆ ਅਤੇ ਮੈਕਸੀਕੋ ਦੇ ਹਜ਼ਾਰਾਂ ਲੋਕਾਂ ਦੀ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਕਾਰਨ ਮੌਤ ਹੁੰਦੀ ਹੈ।

ਮੁਖਾਮਾਡੀਵ ਕਹਿੰਦੇ ਹਨ, "ਜੇਕਰ ਬਾਹਰੀ ਤਾਪਮਾਨ 38-42 ਡਿਗਰੀ ਤੋਂ ਵੱਧ ਹੋਵੇ ਤਾਂ ਲੋਕ ਕੁਝ ਹੀ ਘੰਟਿਆਂ ਵਿੱਚ ਮਰ ਸਕਦੇ ਹਨ ਜੇਕਰ ਸਰੀਰ ਖ਼ੁਦ ਨੂੰ ਅਜਿਹੇ ਹਾਲਾਤਾਂ ਵਿੱਚ ਨਹੀਂ ਢਾਲ ਸਕਦਾ।"

ਬਾਹਰੀ ਗਤੀਵਿਧੀਆਂ ਨੂੰ ਘੱਟ ਕਰਕੇ, ਪਾਣੀ ਦੀ ਜ਼ਿਆਦਾ ਮਾਤਰਾ ਲੈ ਕੇ ਅਤੇ ਜ਼ਿਆਦਾ ਆਰਾਮ ਕਰਨ ਨਾਲ ਸਰੀਰ ਛੇਤੀ ਦਰੁਸਤ ਹੋ ਸਕਦਾ ਹੈ।

WHO ਮੁਤਾਬਕ ਹੀਟਵੇਵ ਕਾਰਨ ਮੌਤਾਂ ਅਤੇ ਹਸਪਤਾਲ ਵਿੱਚ ਭਰਤੀ ਲੋਕਾਂ ਦੀ ਗਿਣਤੀ ਇੱਕੋ ਦਿਨ ਵੱਧ ਹੋ ਸਕਦੀ ਹੈ ਜਾਂ ਉਨ੍ਹਾਂ 'ਤੇ ਹੋਰ ਅਸਰ ਪੈ ਸਕਦਾ ਹੈ। ਨਤੀਜਾ ਇਹ ਹੋ ਸਕਦਾ ਹੈ ਕਿ ਪਹਿਲਾਂ ਤੋਂ ਹੀ ਬਿਮਾਰ ਲੋਕਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ।

Image copyright Getty Images
ਫੋਟੋ ਕੈਪਸ਼ਨ ਗਰਮੀ ਤੋਂ ਬਚਣ ਲਈ ਠੰਡੀਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ

ਹੀਟਵੇਵ ਤੋਂ ਬਚਣ ਦੇ ਉਪਾਅ

 • ਗਰਮੀ ਤੋਂ ਬਚੋ: ਸੂਰਜ ਦੀ ਰੋਸ਼ਨੀ ਤੋਂ ਦੂਰ ਰਹੋ ਅਤੇ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਘਰੋਂ ਬਾਹਰ ਨਾ ਨਿਕਲੋ (ਇਸ ਵੇਲੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ) ਖਾਸ ਕਰਕੇ ਜੇਕਰ ਤੁਸੀਂ ਗਰਮੀ ਨਾਲ ਪ੍ਰਭਾਵਿਤ ਹੋ।
 • ਆਪਣੇ ਕਮਰੇ ਨੂੰ ਠੰਡਾ ਰੱਖੋ
 • ਠੰਡੇ ਪਾਣੀ ਨਾਲ ਨਹਾਓ
 • ਵਧੇਰੇ ਤਰਲ ਪਦਾਰਥਾਂ ਦੀ ਵਰਤੋਂ ਕਰੋ ਅਤੇ ਸ਼ਰਾਬ ਨੂੰ ਅਣਗੌਲਿਆ ਕਰੋ- ਪਾਣੀ, ਘੱਟ ਫੈਟ ਵਾਲਾ ਦੁੱਧ, ਚਾਹ, ਕਾਫ਼ੀ ਆਦਿ ਦੀ ਜ਼ਿਆਦਾ ਵਰਤੋਂ ਕਰੋ।
 • ਖੁੱਲੇ ਅਤੇ ਪਤਲੇ ਕੱਪੜੇ ਪਾਓ

(ਸਰੋਤ - NHS UK)

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)