ਹਵਾਈ ਜਹਾਜ਼ ਦੇ ਟਾਇਰ ਵਾਲੀ ਥਾਂ ਲੁਕ ਕੇ ਸਫ਼ਰ ਕਰਨ ਵਾਲੇ ਲੋਕ ਕੀ ਬਚ ਜਾਂਦੇ ਹਨ

ਕੀਨੀਆ ਦੇ ਜੋਮੋ ਕਿਨਿਆਟਾ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਖੜ੍ਹੇ ਕੀਨੀਆ ਏਅਰਵੇਜ਼ ਦੇ ਜਹਾਜ਼, ਜੂਨ 17, 2019. Image copyright Getty Images
ਫੋਟੋ ਕੈਪਸ਼ਨ ਕੀਨੀਆ ਏਅਰਵੇਜ਼ ਦੇ ਜਹਾਜ਼

ਐਤਵਾਰ ਨੂੰ ਲੰਡਨ ਦੇ ਇੱਕ ਘਰ ਦੇ ਪਿਛਲੇ ਹਿੱਸੇ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲੀ। ਮੰਨਿਆ ਜਾ ਰਿਹਾ ਹੈ ਕਿ ਮਰਹੂਮ ਕੀਨੀਆ ਤੋਂ ਇੰਗਲੈਂਡ ਆ ਰਹੀ ਉਡਾਣ ਦੇ ਟਾਇਰ ਵਾਲੀ ਥਾਂ ਵਿੱਚ ਲੁਕ ਕੇ ਸਫ਼ਰ ਕਰ ਰਿਹਾ ਸੀ। ਇਹ ਆਪਣੀ ਕਿਸਮ ਦਾ ਪਹਿਲਾ ਮਾਮਲਾ ਨਹੀਂ ਹੈ।

ਤੁਹਾਨੂੰ ਵੀ ਕਦੇ ਨਾ ਕਦੇ ਅਜਿਹੇ ਬੰਦੇ ਮਿਲੇ ਹੋਣਗੇ ਜੋ ਜਹਾਜ਼ ਨਾਲ ਲਮਕ ਕੇ ਵਿਦੇਸ਼ ਜਾਣ ਨੂੰ ਤਿਆਰ ਹੁੰਦੇ ਹਨ।

ਖ਼ੈਰ ਇਸ ਘਟਨਾ ਤੋਂ ਬਾਅਦ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਹਾਜ਼ ਦੇ ਟਾਇਰ ਵਾਲੀ ਥਾਂ ਵਿੱਚ ਲੋਕ ਲੁਕਦੇ ਕਿਵੇਂ ਹਨ ਤੇ ਜਦੋਂ ਜਹਾਜ਼ ਉੱਡ ਰਿਹਾ ਹੁੰਦਾ ਹੈ ਤਾਂ ਉਸ ਥਾਂ ਦੇ ਹਾਲਾਤ ਕਿਹੋ ਜਿਹੇ ਹੁੰਦੇ ਹਨ? ਦੂਸਰਾ ਕੀ ਕਦੇ ਕੋਈ ਆਪਣੇ ਸਫ਼ਰ ਵਿੱਚ ਸਫ਼ਲ ਰਿਹਾ ਹੈ?

ਹੁਣ ਵਾਪਸ ਆਈਏ ਲੰਡਨ ਵਿੱਚ ਡਿੱਗੇ ਵਿਅਕਤੀ ਵੱਲ। ਉਸ ਦਾ ਸਰੀਰ ਸਹੀ-ਸਾਲਮਤ ਸੀ—ਇੱਕ ਪ੍ਰਤੱਖ ਦਰਸ਼ੀ ਨੇ ਦੱਸਿਆ ਕਿ ਨਜ਼ਦੀਕ ਜਾਣ ਤੋਂ ਪਤਾ ਚੱਲਿਆ ਕਿ ਉਹ “ਬਰਫ਼ ਦੀ ਸਿੱਲ੍ਹੀ” ਬਣ ਚੁੱਕਿਆ ਸੀ।

ਇਹ ਵੀ ਪੜ੍ਹੋ:

ਪੁਲਿਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਨਾਇਰੋਬੀ ਤੋਂ ਹੀਥਰੋ ਹਵਾਈ ਅੱਡੇ ਆ ਰਹੀ ਕੀਨੀਆ ਏਅਰਵੇਜ਼ ਦੀ ਉਡਾਣ ਦੇ ਟਾਇਰ ਵਾਲੀ ਥਾਂ ਵਿੱਚ ਲੁਕਿਆ ਹੋਇਆ ਸੀ।

ਹਾਲਾਂਕਿ ਬਹੁਤ ਸਾਰੇ ਲੋਕ ਸੜਕਾਂ ਰਾਹੀਂ, ਸਮੁੰਦਰੀ ਰਸਤੇ ਰਾਹੀਂ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹਨ ਪਰ ਹਵਾਈ ਜਹਾਜ਼ ਦੇ ਟਾਇਰ ਵਾਲੀ ਥਾਂ ਵਿੱਚ ਲੁਕ ਕੇ ਸਫ਼ਰ ਕਰਨਾ ਆਮ ਨਹੀਂ ਹੈ।

ਹਵਾਈ ਆਵਾ-ਜਾਈ ਨੂੰ ਕਵਰ ਕਰਨ ਵਾਲੇ ਪੱਤਰਕਾਰ ਡੇਵਿਡ ਲੀਰਮਾਊਂਟ ਦਾ ਕਹਿਣਾ ਹੈ ਕਿ ਅਜਿਹਾ ਨਾ ਹੋਣ ਦੀ ਇੱਕ ਵਜ੍ਹਾ ਹੈ— ਕਿਉਂਕਿ “ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਤੁਸੀਂ ਅਜਿਹੇ ਸਫ਼ਰ ਵਿੱਚ ਜ਼ਿੰਦਾ ਬਚੋਂਗੇ।”

ਉਡਾਣ ਦੌਰਾਨ ਕੀ ਹਾਲਾਤ ਹੁੰਦੇ ਹਨ

ਲੀਰਮਾਊਂਟ ਨੇ ਬੀਬੀਸੀ ਨੂੰ ਦੱਸਿਆ ਕਿ ਅਜਿਹੇ ਮੁਸਾਫ਼ਰ ਦੀ ਪਹਿਲੀ ਚੁਣੌਤੀ ਤਾਂ ਉਡਾਣ ਸਮੇਂ ਬੰਦ ਹੋ ਰਹੇ ਟਾਇਰ ਤੇ ਟਾਇਰ ਚੈਂਬਰ ਵਿੱਚਕਾਰ ਦਰੜੇ ਜਾਣ ਤੋਂ ਬਚਣ ਦੀ ਹੁੰਦੀ ਹੈ।

ਦੂਸਰਾ ਖ਼ਤਰਾ ਹੈ ਕਿ ਉੱਥੋਂ ਦੀ ਗਰਮੀ ਤੁਹਾਨੂੰ ਭੁੰਨ ਸਕਦੀ ਹੈ। “ਕਿਸੇ ਗਰਮ ਦਿਨ ਵਿੱਚ ਬਰੇਕਾਂ ਦਾ ਤਾਪਮਾਨ ਬਹੁਤ ਜ਼ਿਆਦਾ ਵਧ ਜਾਂਦਾ ਹੈ।”

ਫੋਟੋ ਕੈਪਸ਼ਨ ਬੀਬੀਸੀ ਪੱਤਰਕਾਰ ਬੌਬ ਵਾਕਰ ਹਵਾਈ ਜਹਾਜ਼ ਦੇ ਟਾਇਰ ਵਾਲੀ ਥਾਂ ਵਿੱਚ ਖੜ੍ਹੇ ਹੋਏ ਹਨ। ਉਡਾਣ ਦੇ ਦੌਰਾਨ ਇਹ ਪੂਰੀ ਥਾਂ ਟਾਇਰ ਘੇਰ ਲੈਂਦਾ ਹੈ ਤੇ ਮੁਸਾਫ਼ਰ ਵਿੱਚ ਪਿਸ ਸਕਦਾ ਹੈ।

"ਜੇ ਤੁਸੀਂ ਇਸ ਤੋਂ ਵੀ ਬਚ ਗਏ ਤਾਂ ਉਡਾਣ ਭਰਨ ਤੋਂ ਬਾਅਦ ਤੁਹਾਨੂੰ ਹਾਈਪੋਥਰਮੀਆ ਤੇ ਆਕਸੀਜ਼ਨ ਦੀ ਕਮੀ ਦਾ ਸਾਹਮਣਾ ਕਰਨਾ ਪਵੇਗਾ। ਜਹਾਜ਼ ਦੇ ਇਸ ਬਾਹਰੀ ਹਿੱਸੇ ਵਿੱਚ ਹਾਲਾਤ ਜਹਾਜ਼ ਦੇ ਅੰਦਰ ਦੇ ਹਿੱਸੇ ਨਾਲੋਂ ਜਿੱਥੇ ਸਾਰਾ ਕੁਝ ਨਿਰੰਤਰਣ ਹੇਠ ਰੱਖਿਆ ਜਾਂਦਾ ਹੈ, ਨਾਲੋਂ ਕਾਫ਼ੀ ਵੱਖਰੇ ਹੁੰਦੇ ਹਨ।”

ਲੰਬੀ ਦੂਰੀਆਂ ਦੀਆਂ ਉਡਾਣਾ, ਬਹੁਤ ਜ਼ਿਆਦਾ ਉਚਾਈ ’ਤੇ ਉਡਦੇ ਹਨ। ਟਾਇਰ ਚੈਂਬਰ ਵਿਚਲੇ ਮੁਸਾਫ਼ਰ ਨੂੰ ਮਨਫ਼ੀ 50 ਡਿਗਰੀ ਸੈਲਸੀਅਸ ਤੋਂ ਮਨਫ਼ੀ 60 ਡਿਗਰੀ ਤਾਪਮਾਨ ਤੱਕ ਰਹਿਣਾ ਪੈ ਸਕਦਾ ਹੈ। (ਇਹ ਤਾਪਮਾਨ ਅੰਟਰਾਕਟਿਕਾ ਦੇ ਸਭ ਤੋਂ ਠੰਢੇ ਇਲਾਕਿਆਂ ਦੇ ਸਾਲਾਨਾ ਔਸਤ ਤਾਪਮਾਨ ਦੇ ਬਰਾਬਰ ਹੈ।)

ਜਮਾਂ ਦੇਣ ਵਾਲੇ ਮਨਫ਼ੀ ਤਾਪਮਾਨ ਤੋਂ ਇਲਾਵਾ ਉੱਥੇ ਆਕਸੀਜ਼ਨ ਦੀ ਕਮੀ ਅਤੇ ਹਵਾ ਦਾ ਦਬਾਅ ਵੀ ਘਟ ਹੁੰਦਾ ਹੈ ਜਿਸ ਕਾਰਨ ਫੇਫੜਿਆ ਨੂੰ ਫੈਲਣ ਵਿੱਚ ਦਿੱਕਤ ਹੁੰਦੀ ਹੈ ਤੇ ਸਾਹ ਘੁਟਣ ਲਗਦਾ ਹੈ।

ਇਹ ਵੀ ਪੜ੍ਹੋ:

ਲੀਰਮਾਊਂਟ ਮੁਤਾਬਕ, ਇਸ ਤੋਂ ਬਾਅਦ ਵੀ ਜਿਹੜੇ ਲੋਕ ਬਚ ਜਾਂਦੇ ਹਨ ਉਨ੍ਹਾਂ ਨੂੰ ਜਹਾਜ਼ ਦੇ ਉਤਰਨ ਤੱਕ ਸੁਚੇਤ ਰਹਿਣ ਦੀ ਲੋੜ ਨਹੀਂ ਹੁੰਦੀ।

ਜਦੋਂ ਜਹਾਜ਼ ਉਤਰਨ ਲਗਦਾ ਹੈ ਤਾਂ ਟਾਇਰਾਂ ਦੇ ਹੇਠਲੇ ਗੇਟ ਖੁੱਲ੍ਹ ਜਾਂਦੇ ਹਨ ਤਾਂ ਜੋ ਟਾਇਰ ਚੈਂਬਰ ਵਿੱਚੋਂ ਬਾਹਰ ਆ ਸਕਣ।

ਇਸ ਦੌਰਾਨ ਜ਼ਰੂਰੀ ਹੈ ਕਿ ਬੰਦਾ ਨਾ ਸਿਰਫ ਸੁਚੇਤ ਹੋਵੇ ਸਗੋਂ ਉਸ ਵਿੱਚ ਇੰਨ੍ਹੀ ਕੁ ਊਰਜਾ ਵੀ ਹੋਵੇ ਕਿ ਉਹ ਆਪਣੀ ਥਾਂ 'ਤੇ ਬਣਿਆ ਰਹਿ ਸਕੇ ਤੇ ਗੇਟ ਖੁੱਲ੍ਹਦਿਆਂ ਹੀ ਡਿੱਗ ਨਾ ਪਵੇ।

ਲੀਰਮਾਊਂਟ ਮੁਤਾਬਕ, “ਬਹੁਤੇ ਮੁਸਾਫ਼ਰ ਇਸ ਦੌਰਾਨ ਡਿੱਗ ਜਾਂਦੇ ਹਨ ਕਿਉਂਕਿ ਜਾਂ ਤਾਂ ਉਹ ਇਸ ਸਮੇਂ ਤੱਕ ਮਰ ਚੁੱਕੇ ਹੁੰਦੇ ਹਨ ਜਾਂ ਬੇਹੋਸ਼ ਹੁੰਦੇ ਹਨ।”

ਅਜਿਹੇ ਮੁਸਾਫ਼ਰਾਂ ਦੇ ਬਚ ਨਿਕਲਣ ਦੀ ਵਿਸ਼ਵੀ ਔਸਤ

ਐਲਸਟੇਅਰ ਰੋਜ਼ਿਨਸ਼ਿਨ ਇੱਕ ਹਵਾਬਾਜ਼ੀ ਮਾਹਰ ਹਨ, “ਬਚਣ ਦੀ ਸੰਭਾਵਨਾ ਸਿਫ਼ਰ ਦੇ ਬਰਾਬਰ ਹੈ।”

ਅਮਰੀਕਾ ਦੀ ਹਵਾਬਾਜ਼ੀ ਬਾਰੇ ਕੇਂਦਰੀ ਆਥੌਰਟੀ ਨੇ ਸਾਲ 1947 ਤੋਂ 2 ਜੁਲਾਈ 2019 ਤੱਕ ਇਨ੍ਹਾਂ ਆਂਕੜਿਆਂ ’ਤੇ ਝਾਤ ਪਾਈ ਹੈ।

Image copyright Getty Images
ਫੋਟੋ ਕੈਪਸ਼ਨ ਇੱਕ ਬੋਇੰਗ ਜਹਾਜ਼ ਨੀਲੇ ਆਸਮਾਨ ਵਿੱਚ ਉਡਦਾ ਹੋਇਆ

ਇਸ ਸਮੇਂ ਦੌਰਾਨ, 112 ਉਡਾਣਾਂ ਵਿੱਚ ਟਾਇਰ ਚੈਂਬਰ ਵਿੱਚ ਲੁਕ ਦੇ ਸਫ਼ਰ ਕਰਨ ਦੇ 126 ਮਾਮਲੇ ਸਾਹਮਣੇ ਆਏ।

ਇਨ੍ਹਾਂ 126 ਵਿੱਚੋਂ 98 ਜਣਿਆਂ ਦੀ ਸਫ਼ਰ ਦੌਰਾਨ ਮੌਤ ਹੋ ਗਈ ਜਦ ਕਿ 28 ਜਣਿਆਂ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।

ਮੌਤਾਂ ਦਾ ਕਾਰਨ ਜਹਾਜ਼ ਦੇ ਉਡਾਣ ਭਰਨ ਸਮੇਂ , ਉਤਰਦੇ ਸਮੇਂ ਡਿੱਗ ਜਾਣ ਕਾਰਨ ਜਾਂ ਸਫ਼ਰ ਦੌਰਾਨ ਹੋਈਆਂ ਜਾਂ ਜਦੋਂ ਜਹਾਜ਼ ਦਾ ਪਹੀਆ ਬੰਦ ਹੁੰਦਾ ਹੈ ਉਸ ਦੌਰਾਨ ਪਿਸ ਜਾਣ ਕਾਰਨ ਹੋਈਆਂ ਹਨ।

ਫੈਡਰਲ ਅਥੌਰਟੀ ਦੇ ਡਾਟੇ ਮੁਤਾਬਕ ਅਜਿਹੇ ਮਾਮਲੇ 40 ਮੁਲਕਾਂ ਵਿੱਚ ਸਾਹਮਣੇ ਆਏ ਹਨ। ਇਨ੍ਹਾਂ ਦੇਸ਼ਾਂ ਵਿੱਚ ਸਭ ਤੋਂ ਮੋਹਰੀ ਕਿਊਬਾ (9) ਹੈ, ਇਸ ਤੋਂ ਬਾਅਦ ਚੀਨ (7) ਡੋਮਨਿਕ ਰਿਪਬਲਿਕ (8), ਦੱਖਣੀ ਅਫ਼ਰੀਕਾ (6) ਅਤੇ ਨਾਈਜੀਰੀਆ (6)

ਕਈ ਮਾਮਲਿਆਂ ਵਿੱਚ ਮੁਸਾਫ਼ਰ ਦੇ ਦੇਸ਼ ਦਾ ਪਤਾ ਨਹੀਂ ਚਲ ਸਕਿਆ।

ਖਿੱਤੇ ਦੇ ਹਿਸਾਬ ਨਾਲ ਟਾਇਰ ਵਿੱਚ ਸਫ਼ਰ ਕਰਨ ਦੇ ਸਭ ਤੋਂ ਵਧੇਰੇ ਯਾਤਰੀ ਅਫ਼ਰੀਕਾ (34 ਮਾਮਲੇ) ਸਨ ਇਸ ਤੋਂ ਬਾਅਦ ਕੈਰੀਬੀਅਨ ਖੇਤਰ (19), ਯੂਰਪ (15) ਅਤੇ ਏਸ਼ੀਆ (12) ਮਾਮਲੇ।

ਜਦੋਂ ਆਸਮਾਨੋਂ ਡਿੱਗੇ

ਜੂਨ 2015 ਵਿੱਚ ਲੰਡਨ ਦੇ ਇੱਕ ਦਫ਼ਤਰ ਦੀ ਛੱਤ ‘ਤੇ ਇੱਕ ਲਾਸ਼ ਮਿਲੀ ਸੀ।

ਉਡਾਣ ਦੇ ਡਾਟੇ ਤੋਂ ਬਾਅਦ ਵਿੱਚ ਪਤਾ ਚੱਲਿਆ ਕਿ ਮਰਹੂਮ 427 ਮੀਟਰ ਦੀ ਉਚਾਈ ਤੋਂ ਡਿੱਗਿਆ ਸੀ। ਮਰਹੂਮ ਦਾ ਸਾਥੀ ਗੰਭੀਰ ਹਾਲਤ ਵਿੱਚ ਪਾਇਆ ਗਿਆ।

Image copyright SWNS
ਫੋਟੋ ਕੈਪਸ਼ਨ ਤਾਜ਼ਾ ਲਾਸ਼ ਇਸੇ ਘਰ ਦੇ ਪਿਛਵਾੜੇ ਵਿੱਚ ਹੀ ਮਿਲੀ ਸੀ।

ਇਹ ਦੋਵੇਂ ਜਣੇ ਜੌਹਨਸਬਰਗ ਤੋਂ ਆ ਰਹੀ ਬ੍ਰਿਟਿਸ਼ ਏਅਰਵੇਜ਼ ਦੀ ਉਡਾਣ ਨਾਲ ਲਮਕੇ ਸਨ

ਇਸ ਘਟਨਾ ਤੋਂ ਤਿੰਨ ਸਾਲ ਪਹਿਲਾ, 2012 ਵਿੱਚ ਇੱਕ ਲਾਸ਼, ਲੰਡਨ ਦੀ ਇੱਕ ਸ਼ਾਂਤ ਸੜਕ ‘ਤੇ ਮਿਲੀ ਸੀ।

ਇਸ ਵਿਅਕਤੀ ਦੀ ਸ਼ਨਾਖ਼ਤ ਜੋਜ਼ੇ ਮਟਾਡਾ ਵਜੋਂ ਹੋਈ ਜੋ ਮੋਜ਼ਾਂਬੀਕ ਦਾ ਵਾਸੀ ਸੀ। ਉਹ ਅੰਗਲੋ ਤੋ ਹੀਥਰੋ ਆ ਰਹੀ ਉਡਾਣ ਦੇ ਟਾਇਰ ਚੈਂਬਰ ਵਿੱਚ ਜਿਸ ਨੂੰ ਅੰਡਰ ਕੈਰੀਏਜ ਵੀ ਕਿਹਾ ਜਾਂਦਾ ਹੈ ਵਿੱਚ ਲੁਕਿਆ ਹੋਇਆ ਸੀ।

ਉਸੇ ਸਾਲ ਹੀਥਰੋ ਹਵਾਈ ਅੱਡੇ ‘ਤੇ ਕੇਪ ਟਾਊਨ ਤੋਂ ਆਏ ਇੱਕ ਜਹਾਜ਼ ਦੇ ਟਾਇਰ ਚੈਂਬਰ ਵਿੱਚੋਂ ਵੀ ਇੱਕ ਲਾਸ਼ ਮਿਲੀ ਸੀ।

ਅਜਿਹੇ ਸਫ਼ਰ ਵਿੱਚ ਕਿਸੇ ਦੀ ਜਾਨ ਬਚ ਸਕਦੀ ਹੈ?

ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ਵਿੱਚ ਸਫ਼ਰ ਕਰਨ ਵਾਲਿਆਂ ਦੀ ਮੌਤ ਤੈਅ ਹੈ ਪਰ ਫਿਰ ਵੀ ਕੁਝ ਲੋਕ ਜ਼ਿੰਦਾ ਬਚੇ ਹਨ।

ਬਚਣ ਵਾਲੇ ਗੰਭੀਰ ਜ਼ਖਮੀ ਸਨ। ਹਾਈਪੋਥਰਮੀਆ ਕਾਰਨ ਉਨ੍ਹਾਂ ਦੇ ਅੰਗ ਸੁੰਨ ਹੋ ਗਏ ਸਨ ਜੋ ਆਖ਼ਰ ਪੂਰੀ ਤਰ੍ਹਾਂ ਕੱਟਣੇ ਪਏ।

Image copyright Getty Images
ਫੋਟੋ ਕੈਪਸ਼ਨ ਯੂਕੇ ਵਿੱਚ ਬਹੁਤੀਆਂ ਲਾਸ਼ਾਂ ਹੀਥਰੋ ਜਾ ਰਹੇ ਜਹਾਜ਼ਾਂ ਵਿੱਚੋਂ ਡਿੱਗੀਆਂ ਹਨ।

ਲੰਬੀ ਦੂਰੀ ਦੀਆਂ ਉ਼ਡਾਣਾਂ ਦੇ ਮੁਕਾਬਲੇ ਛੋਟੀ ਦੂਰੀ ਦੀਆਂ ਉਡਾਣਾਂ ਤੇ ਘੱਟ ਉਚਾਈ ’ਤੇ ਉਡਣ ਵਾਲੀਆਂ ਉਡਾਣਾਂ ਵਿੱਚ ਜਾਨ ਬਚਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ।

ਸਾਲ 2010 ਵਿੱਚ ਇੱਕ ਵੀਹ ਸਾਲਾ ਰੋਮਾਨੀਅਨ ਮੁੰਡਾ ਵਿਆਨਾ ਤੋਂ ਆਏ ਇੱਕ ਨਿੱਜੀ ਜੈਟ ਦੇ ਟਾਇਰ ਚੈਂਬਰ ਵਿੱਚ ਲੁਕ ਕੇ ਸਹੀ-ਸਲਾਮਤ ਹੀਥਰੋ ਪਹੁੰਚ ਗਿਆ ਸੀ।

ਉਸ ਵਿਅਕਤੀ ਨੇ ਸਾਲ 2015 ਵਿੱਚ ਬ੍ਰਿਸ਼ਟਿਸ਼ ਏਅਰਵੇਜ਼ ਦੀ ਜੌਹਨਸਬਰਗ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਤੱਕ 12, 875 ਕਿੱਲੋਮੀਟਰ ਦਾ ਸਫ਼ਰ ਤੈਅ ਕੀਤਾ ਅਤੇ ਜਮਾਅ ਦੇਣ ਵਾਲੇ ਤਾਪਮਾਨ ਨੂੰ ਆਪਣੇ ਪਿੰਡੇ ’ਤੇ ਝੱਲਿਆ ਸੀ ਅਤੇ ਪੂਰਨ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਸੀ।

ਹੋਰ ਮਾਮਲੇ ਜਿਨ੍ਹਾਂ ਵਿੱਚ ਲੋਕਾਂ ਦੀ ਜਾਨ ਬਚ ਗਈ

1969 - ਅਰਮੈਂਡੋ ਸੋਕਰਾਨਸ (22) ਹਵਾਨਾ ਕਿਊਬਾ ਤੋਂ ਮੈਡਰਿਡ ਪਹੁੰਚਣ ਵਿੱਚ ਸਫ਼ਲ ਰਿਹਾ। ਉਸ ਦੇ ਕੁਝ ਅੰਗ ਜੰਮ ਗਏ ਸਨ ਪਰ ਕੋਈ ਗੰਭੀਰ ਨੁਕਸਾਨ ਨਹੀਂ ਪਹੁੰਚਿਆ ਸੀ।

1996 - ਪਰਦੀਪ ਸੈਣੀ (23) ਦਿੱਲੀ ਤੋਂ ਲੰਡਨ ਤੱਕ ਦੀ 10 ਘੰਟਿਆਂ ਦੀ ਉਡਾਣ ਵਿੱਚ ਜ਼ਿੰਦਾ ਬਚਿਆ ਰਿਹਾ। ਜਦਕਿ ਉਸ ਦੇ ਭਰਾ ਦੀ ਜਹਾਜ਼ ਹੀਥਰੋ ਪਹੁੰਚਣ ਸਮੇਂ ਡਿੱਗਣ ਕਾਰਨ ਮੌਤ ਹੋਈ।

2000 - ਫਿਦਲ ਮਾਰੁਹੀ ਨੇ ਬੋਇੰਗ 747 ਵਿੱਚ ਤਹਿਤੀ ਤੋਂ ਲਾਸ ਏਂਜਲਸ 4000 ਮੀਲ ਦਾ ਸਫ਼ਰ ਤੈਅ ਕੀਤਾ।

2002 - ਵਿਕਟਰ ਅਲਵਰੇਜ਼ ਮੋਲਿਨਾ (22) ਨੇ ਡੀਸੀ-10 ਉਡਾਣ ਤੇ ਕਿਊਬਾ ਤੋਂ ਮੌਂਟਰਿਅਲ, ਕੈਨੇਡਾ ਤੱਕ ਦਾ ਚਾਰ ਘੰਟਿਆਂ ਦਾ ਸਫ਼ਰ ਕੀਤਾ।

2014 - ਯਹਾ ਅਬਦੀ (15) ਨੇ ਬੋਇੰਗ 767 ਵਿੱਚ ਸੈਨ ਜੋਜ਼, ਕੈਲੀਫੋਰਨੀਆ ਤੋਂ ਮਾਓਈ, ਹਵਾਈ ਤੱਕ ਦਾ ਸਫ਼ਰ ਕੀਤਾ।

ਅਜਿਹਾ ਸਫ਼ਰ ਕੌਣ ਕਰੇਗਾ?

Image copyright Getty Images

ਲੀਰਮਾਊਂਟ ਮੁਤਾਬਕ, “ਉਡਾਣ ਭਰਨ ਤੋਂ ਪਹਿਲਾਂ ਜਹਾਜ਼ ਦੇ ਥੱਲੜੇ ਹਿੱਸੇ ਨੂੰ ਹਮੇਸ਼ਾ ਦੇਖਿਆ ਜਾਂਦਾ ਹੈ। ਇਹ ਜਾਂਚ ਸਥਾਨਕ ਮਕੈਨਕ, ਕਰਿਊ ਮੈਂਬਰ ਜਾਂ ਕਈ ਵਾਰ ਦੋਹਾਂ ਵੱਲੋਂ ਕੀਤੀ ਜਾਂਦੀ ਹੈ।”

“ਇਸ ਲਈ ਜੇ ਕੋਈ ਟਾਇਰ ਚੈਂਬਰ ਵਿੱਚ ਲੁਕਦਾ ਹੈ ਤਾਂ ਉਹ ਅਜਿਹਾ ਉਡਾਣ ਤੋਂ ਬਿਲਕੁਲ ਪਹਿਲਾਂ ਕਰਦਾ ਹੈ।”

ਲੀਰਮਾਊਂਟ ਦਾ ਕਹਿਣਾ ਹੈ ਕਿ ਇਸ ਸਮੇਂ ‘ਤੇ ਜਹਾਜ਼ ਦੇ ਨਜ਼ੀਦੀਕ ਰਹਿਣ ਵਾਲੇ ਲੋਕ ਗੈਰ-ਹੁਨਰਮੰਦ ਲੋਕ ਹੋ ਸਕਦੇ ਹਨ ਜੋ ਜ਼ਮੀਨੀ ਅਮਲੇ ਦੇ ਮੈਂਬਰ ਹੁੰਦੇ ਹਨ ਜਿਨ੍ਹਾਂ ਕੋਲ ਲੋੜੀਂਦੀ ਕਲੀਅਰੈਂਸ ਹੋਵੇ।

ਲੀਰਮਾਊਂਟ ਦਾ ਇਹ ਵੀ ਕਹਿਣਾ ਹੈ ਕਿ ਅਜਿਹਾ ਸਫ਼ਰ ਕਰਨ ਵਾਲਿਆਂ ਨੂੰ ਸ਼ਾਇਦ ਇਸ ਦੇ ਪੂਰੇ ਖ਼ਤਰਿਆਂ ਦੀ ਜਾਣਕਾਰੀ ਨਹੀਂ ਹੁੰਦੀ ਕਿ ਮੌਤ ਯਕੀਨੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।