ਮਰੀਅਮ ਨਵਾਜ਼ ਵੱਲੋਂ ਜਾਰੀ ਵੀਡੀਓ 'ਤੇ ਪਾਕਿਸਤਾਨ 'ਚ ਸਿਆਸਤ ਭਖੀ

ਮਰੀਅਮ ਨਵਾਜ਼ Image copyright Getty Images
ਫੋਟੋ ਕੈਪਸ਼ਨ ਮਰੀਅਮ ਨਵਾਜ਼

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਸੁਣਾਈ ਗਈ ਸਜ਼ਾ 'ਤੇ ਇੱਕ ਵਾਰ ਫ਼ਿਰ ਸਿਆਸਤ ਭਖ ਗਈ ਹੈ। ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਨੇ ਜੱਜ ਉੱਤੇ ਦਬਾਅ 'ਚ ਸਜ਼ਾ ਦੇਣ ਦੇ ਇਲਜ਼ਾਮ ਲਗਾਏ ਹਨ।

ਹਾਲਾਂਕਿ ਪਾਕਿਸਤਾਨ 'ਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਸੁਣਵਾਈ ਕਰਨ ਵਾਲੀ ਇਸਲਾਮਾਬਾਦ ਦੀ ਜਵਾਬਦੇਹੀ ਕੋਰਟ ਦੇ ਜੱਜ ਮੁਹੰਮਦ ਅਰਸ਼ਦ ਮਲਿਕ ਨੇ ਮਰੀਅਮ ਨਵਾਜ਼ ਦੇ ਇਨ੍ਹਾਂ ਇਲਜ਼ਾਮਾਂ ਨੂੰ ਝੂਠਾ ਕਰਾਰ ਦਿੱਤਾ ਹੈ।

ਮਰੀਅਮ ਨੇ ਦਾਅਵਾ ਕੀਤਾ ਹੈ ਕਿ 'ਜੱਜ ਮਲਿਕ ਨੇ ਨਵਾਜ਼ ਸ਼ਰੀਫ਼ ਦੇ ਖ਼ਿਲਾਫ਼ ਦਬਾਅ ਵਿੱਚ ਫ਼ੈਸਲਾ ਲਿਖਣ ਦੀ ਗੱਲ ਖ਼ੁਦ ਸਵੀਕਾਰ ਕੀਤੀ ਸੀ'।

ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (PMLN) ਦੀ ਆਗੂ ਮਰੀਅਮ ਨਵਾਜ਼ ਨੇ ਆਪਣੇ ਇਲਜ਼ਾਮਾਂ ਨੂੰ ਸਾਬਿਤ ਕਰਨ ਦੇ ਲਈ ਸ਼ਨੀਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਕਰਕੇ ਵੀਡੀਓ ਜਾਰੀ ਕੀਤੀ।

ਇਸ ਵੀਡੀਓ ਵਿੱਚ ਕਥਿਤ ਤੌਰ 'ਤੇ ਜੱਜ ਅਰਸ਼ਦ ਮਲਿਕ ਪੀਐੱਮਐੱਲਐੱਨ ਦੇ ਸਮਰਥਕ ਨਸੀਰ ਬੱਟ ਨੂੰ ਇਹ ਕਹਿੰਦੇ ਦਿਖ ਰਹੇ ਹਨ ਕਿ ਸ਼ਰੀਫ਼ ਖ਼ਿਲਾਫ਼ ਫ਼ੈਸਲਾ ਲਿਖਣ ਲਈ ਉਨ੍ਹਾਂ ਨੂੰ 'ਬਲੈਕਮੇਲ ਕੀਤਾ ਗਿਆ ਅਤੇ ਦਬਾਅ' ਪਾਇਆ ਗਿਆ।

ਇਹ ਵੀ ਪੜ੍ਹੋ:

ਇਸ ਦਾਅਵੇ ਤੋਂ ਬਾਅਦ ਪੂਰੇ ਪਾਕਿਸਤਾਨ ਵਿੱਚ ਹੰਗਾਮਾ ਖੜ੍ਹਾ ਹੋ ਗਿਆ। ਜੱਜ ਵੱਲੋਂ ਅਦਾਲਤ ਦੇ ਰਜਿਸਟਰਾਰ ਨੇ ਐਤਵਾਰ (7 ਜੁਲਾਈ) ਪ੍ਰੈੱਸ ਨੂੰ ਜਾਰੀ ਇੱਕ ਬਿਆਨ ਵਿੱਚ ਇਸ ਨੂੰ ਰੱਦ ਕੀਤਾ ਅਤੇ ਇਸ ਨੂੰ ਗ਼ਲਤ, ਧੋਖਾਧੜੀ ਅਤੇ ਬੇਬੁਨਿਆਦ ਦੱਸਿਆ।

ਇਸ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਹੈ, ''ਮੈਂ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਮੇਰੇ 'ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਸੀ, ਨਾ ਹੀ ਕੋਈ ਲਾਲਚ ਦਿੱਤਾ ਗਿਆ। ਮੈਂ ਇਹ ਫ਼ੈਸਲਾ ਖ਼ੁਦਾ ਨੂੰ ਹਾਜ਼ਰ-ਨਾਜ਼ਰ ਮੰਨਦੇ ਹੋਏ ਸਬੂਤਾਂ ਦੇ ਆਧਾਰ 'ਤੇ ਦਿੱਤਾ ਹੈ।''

ਉਨ੍ਹਾਂ ਨੇ ਕਿਹਾ, ''ਇਹ ਪ੍ਰੈੱਸ ਕਾਨਫਰੰਸ ਸਿਰਫ਼ ਮੇਰੇ ਫ਼ੈਸਲੇ ਨੂੰ ਗ਼ਲਤ ਦੱਸਣ ਅਤੇ ਸਿਆਸੀ ਲਾਭ ਲੈਣ ਦੇ ਮਕਸਦ ਨਾਲ ਕੀਤੀ ਗਈ। ਇਸ 'ਚ ਸ਼ਾਮਿਲ ਲੋਕਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।''

Image copyright Getty Images
ਫੋਟੋ ਕੈਪਸ਼ਨ ਨਵਾਜ਼ ਸ਼ਰੀਫ਼ ਲਾਹੌਰ ਦੀ ਕੋਟ ਲਖ਼ਪਤ ਜੇਲ੍ਹ ਵਿੱਚ ਬੰਦ ਹਨ

ਜੱਜ ਮਲਿਕ ਨੇ ਆਪਣੇ ਬਿਆਨ ਵਿੱਚ ਇਲਜ਼ਾਮ ਲਗਾਇਆ, ''ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪਰਿਵਾਰ ਦੇ ਖ਼ਿਲਾਫ਼ ਸੁਣਵਾਈ ਦੌਰਾਨ ਉਨ੍ਹਾਂ ਦੇ ਪ੍ਰਤੀਨੀਧੀਆਂ ਨੇ ਵਾਰ-ਵਾਰ ਮੈਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਅਤੇ ਸਹਿਯੋਗ ਨਾ ਕਰਨ ਦੀ ਸਥਿਤੀ ਵਿੱਚ ਗੰਭੀਰ ਨਤੀਜੇ ਭੁਗਤਣ ਤੱਕ ਦੀ ਧਮਕੀ ਦਿੱਤੀ ਗਈ।''

ਫ਼ੌਰੈਂਸਿਕ ਜਾਂਚ

ਉਨ੍ਹਾਂ ਨੇ ਕਿਹਾ, ''ਜੇ ਦਬਾਅ ਜਾਂ ਲਾਲਚ 'ਚ ਮੈਂ ਫ਼ੈਸਲਾ ਲਿਖਿਆ ਹੁੰਦਾ ਤਾਂ ਮੈਂ ਉਨ੍ਹਾਂ ਨੂੰ ਇੱਕ ਮਾਮਲੇ ਵਿੱਚ ਬਰੀ ਅਤੇ ਦੂਜੇ ਵਿੱਚ ਦੋਸ਼ੀ ਕਰਾਰ ਨਾ ਦਿੱਤਾ ਹੁੰਦਾ।''

ਜੱਜ ਮਲਿਕ ਨੇ 4 ਸਤੰਬਰ 2018 ਨੂੰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਅਲ ਅਜ਼ੀਜ਼ਿਆ ਸਟੀਲ ਮਿਲਸ ਭ੍ਰਿਸ਼ਟਾਚਾਰ ਮਾਮਲੇ ਵਿੱਚ ਸੱਤ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਸੀ ਪਰ ਉਸੇ ਦਿਨ ਫ਼ਲੈਗਸ਼ਿੱਪ ਇਨਵੈਸਟਮੈਂਟ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਸੀ।

Image copyright Pmln
ਫੋਟੋ ਕੈਪਸ਼ਨ ਪ੍ਰੈੱਸ ਕਾਨਫਰੰਸ ਦੌਰਾਨ ਮਰੀਅਮ ਨਵਾਜ਼

ਮਰੀਅਮ ਨਵਾਜ਼ ਨੇ ਪ੍ਰੈੱਸ ਕਾਨਫਰੰਸ ਵਿੱਚ ਇਲਜ਼ਾਮ ਲਗਾਇਆ ਸੀ ਕਿ ਪਨਾਮਾ ਮਾਮਲੇ ਵਿੱਚ ਨਵਾਜ਼ ਸ਼ਰੀਫ਼ ਨੂੰ ਜੇਲ੍ਹ ਭੇਜਣ ਵਾਲੇ ਜੱਜ ਅਰਸ਼ਦ ਮਲਿਤ 'ਤੇ 'ਅਣਪਛਾਤੇ' ਲੋਕਾਂ ਦਾ ਦਬਾਅ ਸੀ।

ਮਰੀਅਮ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਹੋਰ ਜ਼ਿਆਦਾ ਜੇਲ੍ਹ ਵਿੱਚ ਬੰਦ ਕਰਕੇ ਨਹੀਂ ਰੱਖਿਆ ਜਾਣਾ ਚਾਹੀਦਾ। ਉਨ੍ਹਾਂ ਨੇ ਵੀਡੀਓ ਨੂੰ ਸਬੂਤ ਦੇ ਤੌਰ 'ਤੇ ਇਸਲਾਮਾਬਾਦ ਹਾਈਕੋਰਟ 'ਚ ਪੇਸ਼ ਕਰਨ ਦੇ ਵੀ ਸੰਕੇਤ ਦਿੱਤੇ ਹਨ।

ਇਮਰਾਨ ਖ਼ਾਨ ਸਰਕਾਰ ਨੇ ਕਿਹਾ ਹੈ ਕਿ ਇਸ ਵੀਡੀਓ ਦੇ ਨਾਲ ਛੇੜ-ਛਾੜ ਕੀਤੀ ਗਈ ਹੈ ਅਤੇ ਇਸਦੀ ਫੌਰੈਂਸਿਕ ਜਾਂਚ ਦੀ ਮੰਗ ਕੀਤੀ।

ਇਹ ਵੀ ਪੜ੍ਹੋ:

ਸਰਕਾਰ ਨੇ ਇਸਨੂੰ 'ਨਿਆਂਪਾਲਿਕਾ ਉੱਤੇ ਹਮਲਾ' ਕਰਾਰ ਦਿੱਤਾ ਹੈ। ਨਾਲ ਹੀ ਸੂਚਨਾ ਅਤੇ ਪ੍ਰਸਾਰਣ ਮਾਮਲੇ ਵਿੱਚ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਿਯੋਗੀ ਫ਼ਿਰਦੋਸ਼ ਆਸ਼ਿਕ ਨੇ ਵੀਡੀਓ ਦੀ ਜਾਂਚ ਦਾ ਐਲਾਨ ਕੀਤਾ ਹੈ।

69 ਸਾਲਾ ਸਾਬਾਕਾ ਪ੍ਰਧਾਨ ਮੰਤਰੀ ਅਤੇ ਪੀਐੱਮਐੱਲਐੱਨ ਦੇ ਮੁਖੀ ਰਹੇ ਨਵਾਜ਼ ਸ਼ਰੀਫ਼ ਇਸ ਵੇਲੇ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਬੰਦ ਹਨ।

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)