ਮਿੱਠਾ ਪੀਣ ਦੇ ਸ਼ੌਕੀਨਾਂ ਲਈ ਕੈਂਸਰ ਦਾ ਕਿੰਨਾ ਖ਼ਤਰਾ ਹੈ

ਮਿੱਠੀ ਡਰਿੰਕਸ Image copyright Getty Images

ਮਿੱਠੇ ਤਰਲ ਪਦਾਰਥ ਜਿਵੇਂ ਕਿ ਫਲਾਂ ਦੇ ਜੂਸ ਤੇ ਫਲੇਵਰਡ ਡਰਿੰਕਸ ਕਾਰਨ ਕੈਂਸਰ ਦਾ ਖ਼ਤਰਾ ਵੱਧ ਸਕਦਾ ਹੈ- ਫਰਾਂਸ ਦੇ ਵਿਗਿਆਨੀਆਂ ਦਾ ਦਾਅਵਾ ਹੈ।

ਇਹ ਖੁਲਾਸਾ ਇੱਕ ਰਿਸਰਚ ਵਿੱਚ ਹੋਇਆ ਹੈ ਜੋ ਕਿ ਬਰਤਾਨਵੀ ਮੈਡੀਕਲ ਜਰਨਲ ਵਿੱਚ ਛਾਪੀ ਗਈ ਹੈ। ਅਧਿਅਨ ਲਈ ਇੱਕ ਲੱਖ ਲੋਕਾਂ ਉੱਤੇ ਪੰਜ ਸਾਲਾਂ ਤੱਕ ਨਿਗਰਾਨੀ ਰੱਖੀ ਗਈ ਹੈ।

ਯੂਨੀਵਰਸਿਟੀ ਸੋਰਬੋਨ ਪੈਰਿਸ ਸਾਈਟੀ ਕਿਆਸ ਲਾ ਰਹੀ ਹੈ ਕਿ ਬਲੱਡ ਸ਼ੂਗਰ ਲੈਵਲ ਦੇ ਅਸਰ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ।

ਹਾਲਾਂਕਿ ਇਸ ਦੇ ਪੁਖ਼ਤਾ ਸਬੂਤ ਨਹੀਂ ਮਿਲੇ ਹਨ ਅਤੇ ਮਾਹਿਰ ਹੋਰ ਰਿਸਰਚ ਦੀ ਗੱਲ ਕਰ ਰਹੇ ਹਨ।

ਮਿੱਠੇ ਤਰਲ ਪਦਾਰਥਾਂ ਦਾ ਮਕਲਬ ਕੀ ਹੈ?

ਰਿਸਰਚਰਾਂ ਮੁਤਾਬਕ ਉਹ ਤਰਲ ਪਦਾਰਥ ਮਿੱਠਾ ਕਹਾਉਂਦਾ ਹੈ ਜਿਸ ਵਿੱਚ 5 ਫੀਸਦੀ ਤੋਂ ਜ਼ਿਆਦਾ ਮਿੱਠਾ ਹੈ।

ਇਸ ਵਿੱਚ ਫਲਾਂ ਦੇ ਜੂਸ (ਬਿਨਾਂ ਖੰਡ ਪਾਏ), ਸਾਫ਼ਟ ਡਰਿੰਕਸ, ਮਿੱਠੇ ਦੁੱਧ ਦੇ ਸ਼ੇਕ, ਐਨਰਜੀ ਡਰਿੰਕਰਸ, ਖੰਡ ਵਾਲੀ ਚਾਹ ਤੇ ਕਾਫ਼ੀ ਸ਼ਾਮਿਲ ਹਨ।

ਇਹ ਵੀ ਪੜ੍ਹੋ:

ਰਿਸਰਚ ਟੀਮ ਨੇ ਡਾਈਟ ਡਰਿੰਕਸ ਦੀ ਵੀ ਪਰਖ ਕੀਤੀ ਜਿਨ੍ਹਾਂ ਵਿੱਚ ਜ਼ੀਰੋ ਕੈਲੋਰੀ ਆਰਟੀਫੀਸ਼ਅਲ ਮਿੱਠਾ ਹੁੰਦਾ ਹੈ ਪਰ ਇਸ ਦਾ ਕੈਂਸਰ ਨਾਲ ਕੋਈ ਸਿੱਧਾ ਸੰਪਰਕ ਨਜ਼ਰ ਨਹੀਂ ਆਇਆ।

ਕੈਂਸਰ ਦਾ ਖ਼ਤਰਾ ਕਿੰਨਾ ਵੱਡਾ ਹੈ?

ਰਿਸਰਚ ਮੁਤਾਬਕ 100 ਐਮਐਲ ਵਾਧੂ ਮਿੱਠੇ ਵਾਲੀ ਡਰਿੰਕ ਯਾਨਿ ਕਿ ਹਫ਼ਤੇ ਵਿੱਚ ਦੋ ਕੈਨ ਪੀਣ ਨਾਲ ਕੈਂਸਰ ਦਾ ਖ਼ਤਰਾ 18% ਵੱਧ ਜਾਂਦਾ ਹੈ।

ਰਿਸਰਚ ਦਾ ਹਿੱਸਾ ਰਹੇ ਹਰੇਕ 1000 ਹਜ਼ਾਰ ਲੋਕਾਂ ਪਿੱਛੇ 22 ਨੂੰ ਕੈਂਸਰ ਸੀ।

ਤਾਂ ਜੇ ਉਹ ਲੋਕ ਰੋਜ਼ਾਨਾ 100 ਐਮਐਲ ਵਾਧੂ ਮਿੱਠਾ ਪੀਣਗੇ ਤਾਂ ਕੈਂਸਰ ਦੇ ਚਾਰ ਹੋਰ ਮਾਮਲੇ ਹੋ ਜਾਣਗੇ। ਇਸ ਤਰ੍ਹਾਂ ਹਰੇਕ 1000 ਪਿੱਛੇ 26 ਨੂੰ ਕੈਂਸਰ ਹੋ ਜਾਵੇਗਾ।

Image copyright Getty Images

ਕੈਂਸਰ ਰਿਸਰਚ ਯੂਕੇ ਦੇ ਸੀਨੀਅਰ ਸੰਖਿਅਕੀ (ਸਟੈਟਿਸਟੀਸ਼ੀਅਨ) ਡਾ. ਗਰਾਹਮ ਵਹੀਲਰ ਮੁਤਾਬਕ, "ਇਸ ਦਾ ਮਤਲਬ ਇਹ ਹੈ ਕਿ ਮਿੱਠੇ ਤਰਲ ਪਦਾਰਥਾਂ ਤੇ ਕੈਂਸਰ ਵਿਚਾਲੇ ਸਿੱਧਾ ਸਬੰਧ ਹੈ ਪਰ ਹਾਲੇ ਹੋਰ ਰਿਸਰਚ ਕਰਨ ਦੀ ਲੋੜ ਹੈ।"

ਅਧਿਐਨ ਦੌਰਾਨ 2193 ਕੈਂਸਰ ਦੇ ਮਾਮਲਿਆਂ ਵਿੱਚੋਂ 693 ਛਾਤੀ ਦੇ ਕੈਂਸਰ ਦੇ ਸਨ, 291 ਪ੍ਰੋਸਟੇਟ ਕੈਂਸਰ, 166 ਕੋਲੋਰੈਕਟਲ ਕੈਂਸਰ ਦੇ ਮਾਮਲੇ ਸਨ।

ਕੀ ਇਸ ਦਾ ਪੱਕਾ ਸਬੂਤ ਹੈ?

ਨਹੀਂ, ਕਿਉਂਕਿ ਜਿਸ ਤਰੀਕੇ ਨਾਲ ਅਧਿਐਨ ਕੀਤਾ ਗਿਆ ਹੈ ਉਸ ਨਾਲ ਇੱਕ ਪੈਟਰਨ ਨਜ਼ਰ ਆਉਂਦਾ ਹੈ ਪਰ ਇਸ ਨੂੰ ਵਿਸਥਾਰ ਨਾਲ ਸਮਝਾਇਆ ਨਹੀਂ ਜਾ ਸਕਦਾ।

ਇਸ ਤੋਂ ਪਤਾ ਲਗਦਾ ਹੈ ਕਿ ਜਿੰਨ੍ਹਾਂ ਨੇ ਜ਼ਿਆਦਾ ਮਿੱਠਾ ਪੀਤਾ (185ml ਪ੍ਰਤੀ ਦਿਨ), ਉਨ੍ਹਾਂ ਵਿੱਚ ਘੱਟ ਪੀਣ ਵਾਲਿਆਂ (30ml ਪ੍ਰਤੀ ਦਿਨ) ਨਾਲੋਂ ਕੈਂਸਰ ਦੇ ਮਾਮਲੇ ਵੱਧ ਸਨ।

ਇਸ ਤੋਂ ਇਹ ਜ਼ਰੂਰ ਪਤਾ ਲਗਦਾ ਹੈ ਕਿ ਮਿੱਠੇ ਤਰਲ ਪਦਾਰਥਾਂ ਕਾਰਨ ਕੈਂਸਰ ਦਾ ਖ਼ਤਰਾ ਵਧਦਾ ਜਾ ਰਿਹਾ ਹੈ।

ਪਰ ਇਹ ਵੀ ਹੋ ਸਕਦਾ ਹੈ ਕਿ ਜੋ ਲੋਕ ਜ਼ਿਆਦਾ ਮਿੱਠਾ ਪੀਂਦੇ ਹਨ ਉਨ੍ਹਾਂ ਦੇ ਖਾਣ-ਪੀਣ ਦੀਆਂ ਹੋਰ ਵੀ ਖਰਾਬ ਆਦਤਾਂ ਹੋ ਸਕਦੀਆਂ ਹਨ ਜਿਵੇਂ ਕਿ ਜ਼ਿਆਦਾ ਲੂਣ ਜਾਂ ਕੈਲੋਰੀ ਦੀ ਮਾਤਰਾ। ਇਸ ਕਾਰਨ ਵੀ ਕੈਂਸਰ ਦਾ ਖ਼ਤਰਾ ਵੱਧ ਸਕਦਾ ਹੈ ਤੇ ਵਾਧੂ ਖੰਡ ਬੇਮਾਅਨੀ ਹੋ ਜਾਵੇਗੀ।

ਇਸ ਕਰਕੇ ਅਧਿਅਨ ਦਾਅਵਾ ਨਹੀਂ ਕਰ ਸਕਦਾ ਕਿ ਮਿੱਠੇ ਤਰਲ ਪਦਾਰਥਾਂ ਕਾਰਨ ਕੈਂਸਰ ਹੁੰਦਾ ਹੈ।

ਟੀਸਾਈਡ ਯੂਨੀਵਰਸਿਟੀ ਦੀ ਡਾ. ਐਮੀਲੀਆ ਲੇਕ ਮੁਤਾਬਕ, "ਹਾਲਾਂਕਿ ਇਸ ਅਧਿਅਨ ਤੋਂ ਮਿੱਠੇ ਕਾਰਨ ਕੈਂਸਰ ਹੋਣ ਬਾਰੇ ਪੱਕਾ ਕਾਰਨ ਦਾ ਪਤਾ ਨਹੀਂ ਲਗਦਾ ਪਰ ਮਿੱਠਾ ਘੱਟ ਖਾਣ ਦੀ ਅਹਿਮੀਅਤ ਜ਼ਰੂਰ ਪਤਾ ਲਗਦੀ ਹੈ।"

"ਸਾਡੇ ਭੋਜਨ ਵਿੱਚ ਮਿੱਠਾ ਘੱਟ ਕਰਨਾ ਬੇਹੱਦ ਜ਼ਰੂਰੀ ਹੋ ਗਿਆ ਹੈ।"

ਕੀ ਇਸ ਦਾ ਕਾਰਨ ਮੋਟਾਪਾ ਹੈ?

ਮੋਟਾਪਾ ਕੈਂਸਰ ਦਾ ਵੱਡਾ ਕਾਰਨ ਹੈ। ਵਾਧੂ ਮਿੱਠੇ ਨਾਲ ਮੋਟਾਪਾ ਵਧਣ ਦਾ ਖਦਸ਼ਾ ਰਹਿੰਦਾ ਹੀ ਹੈ।

ਰਿਸਰਚ ਦਾ ਹਿੱਸਾ ਰਹੇ ਡਾ. ਮੈਥਾਈਲ ਟੁਵੀਅਰ ਨੇ ਬੀਬੀਸੀ ਨੂੰ ਦੱਸਿਆ ਕਿ,"ਵਾਧੂ ਮਿੱਠੇ ਕਾਰਨ ਮੋਟਾਪਾ ਵਧਣ ਦਾ ਸਬੰਧ ਜ਼ਰੂਰ ਹੈ ਪਰ ਇਸ ਦਾ ਪੂਰਾ ਸਬੰਧ ਕੈਂਸਰ ਨਾਲ ਹੈ ਇਹ ਸਾਬਿਤ ਨਹੀਂ ਹੋ ਸਕਿਆ ਹੈ।"

ਤਾਂ ਫਿਰ ਕੀ ਹੋ ਸਕਦਾ ਹੈ ਕਾਰਨ?

ਫਰਾਂਸ ਵਿੱਚ ਹੋਈਆਂ ਰਿਸਰਚਾਂ ਅਨੁਸਾਰ ਇਹ ਸਬੰਧ 'ਮਿੱਠੇ ਦੇ ਸੇਵਨ ਕਾਰਨ ਸੀ' ਤੇ ਉਹ ਬਲੱਡ ਸ਼ੂਗਰ ਲੈਵਲ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।

ਉਹ ਇਹ ਵੀ ਕਹਿੰਦੇ ਹਨ ਕਿ ਡਰਿੰਕਸ ਵਿੱਚ ਮੌਜੂਦ ਰੰਗ ਵੀ ਇੱਕ ਕਾਰਨ ਹੋ ਸਕਦਾ ਹੈ।

ਹਾਲਾਂਕਿ ਉਨ੍ਹਾਂ ਦੇ ਅਧਿਅਨ ਵਿੱਚ ਇਸ ਦਾ ਜਵਾਬ ਨਹੀਂ ਮਿਲਦਾ ਹੈ।

ਇਹ ਵੀ ਪੜ੍ਹੋ:

ਐਨਐਚਐਸ ਡਾਈਟੀਸ਼ੀਅਨ ਕੈਥਰੀਨ ਕੋਲਿਨਸ ਮੁਤਾਬਕ, "ਮੈਨੂੰ ਇਸ ਵਿਚਾਲੇ ਸਬੰਧ ਔਖਾ ਲਗਦਾ ਹੈ ਕਿਉਂਕਿ ਭਾਰ ਵਧਣ ਤੇ ਡਾਇਬਟੀਜ਼ ਦੇ ਮਾਮਲਿਆਂ ਦਾ ਕੋਈ ਸਿੱਧਾ ਸਬੰਧ ਨਜ਼ਰ ਨਹੀਂ ਆਇਆ।"

ਰਿਸਰਚਰਜ਼ ਦਾ ਕੀ ਕਹਿਣਾ ਹੈ?

ਯੂਨੀਵਰਸਿਟੀ ਸੋਰਬੋਨ ਪੈਰਿਸ ਸਾਈਟੀ ਮੁਤਾਬਕ ਹਾਲੇ ਹੋਰ ਵੀ ਅਧਿਅਨ ਕਰਨ ਦੀ ਲੋੜ ਹੈ।

ਡਾ. ਟੁਵੀਅਰ ਦਾ ਕਹਿਣਾ ਹੈ, "ਮਿੱਠੇ ਤਰਲ ਪਦਾਰਥਾਂ ਕਾਰਨ ਦਿਲ ਦੇ ਰੋਗ, ਮੋਟਾਪਾ ਤੇ ਸ਼ੂਗਰ ਦਾ ਸਬੰਧ ਕਿਹਾ ਜਾਂਦਾ ਹੈ। ਜੋ ਅਸੀਂ ਸਾਬਿਤ ਕਰ ਰਹੇ ਹਾਂ, ਉਹ ਇਹ ਹੈ ਕਿ ਇਸ ਸਭ ਦਾ ਸਬੰਧ ਕੈਂਸਰ ਨਾਲ ਵੀ ਸਕਦਾ ਹੈ।"

ਉਨ੍ਹਾਂ ਇਹ ਵੀ ਕਿਹਾ ਕਿ ਜ਼ਿਆਦਾ ਮਿੱਠੇ ਵਾਲੀਆਂ ਚੀਜ਼ਾਂ ਤੇ ਟੈਕਸ ਲਾਉਣਾ ਚੰਗੀ ਗੱਲ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਕੀ ਮੈਨੂੰ ਡਾਇਬੀਟੀਜ਼ ਤਾਂ ਨਹੀਂ ?

ਰਿਪੋਰਟ ਮੁਤਾਬਕ, "ਇਹ ਡਾਟਾ ਸਾਬਿਤ ਕਰਦਾ ਹੈ ਕਿ ਮਿੱਠੇ ਦੀ ਮਾਤਰਾ ਘਟਾ ਦਿੱਤੀ ਜਾਵੇ ਜਿਸ ਵਿੱਚ 100% ਫਲਾਂ ਦਾ ਜੂਸ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਮਾਰਕਟਿੰਗ ਤੇ ਥੋੜ੍ਹੀ ਰੋਕ ਜਾਂ ਟੈਕਸ ਨੀਤੀ ਵੀ ਅਪਣਾਈ ਜਾ ਸਕਦੀ ਹੈ।"

ਯੂਕੇ ਨੇ 2018 ਵਿੱਚ ਜ਼ਿਆਦਾ ਮਿੱਠੇ ਵਾਲੇ ਪਦਾਰਥਾਂ ’ਤੇ ਸ਼ੂਗਰ ਟੈਕਸ ਲਾ ਦਿੱਤਾ।

ਤਰਲ ਪਦਾਰਥਾਂ ਦੀਆਂ ਕੰਪਨੀਆਂ ਦਾ ਕੀ ਕਹਿਣਾ ਹੈ?

ਬ੍ਰਿਟਿਸ਼ ਸਾਫ਼ਟ ਡਰਿੰਕਸ ਐਸੋਸੀਏਸ਼ਨ ਮੁਤਾਬਕ ਇਸ ਅਧਿਐਨ ਤੋਂ ਕੈਂਸਰ ਦੇ ਕਾਰਨ ਦੇ ਪੁਖ਼ਤਾ ਸਬੂਤ ਨਹੀਂ ਮਿਲਦੇ ਅਤੇ ਰਿਸਰਚਰਜ਼ ਇਸ ਗੱਲ ਨੂੰ ਮੰਨ ਵੀ ਰਹੇ ਹਨ। "

ਇਹ ਵੀ ਪੜ੍ਹੋ:

ਐਸੋਸੀਏਸ਼ਨ ਦੇ ਡਾਇਰੈਕਟਰ ਜਨਰਲ ਗੈਵਿਨ ਪਾਰਟਿੰਗਟਨ ਮੁਤਾਬਕ, "ਬੈਲੰਸਡ ਡਾਇਟ ਵਜੋਂ ਸਾਫ਼ਟ ਡਰਿੰਕਸ ਸੁਰੱਖਿਅਤ ਹਨ। ਸਾਫ਼ਟ ਡਰਿੰਕਸ ਇੰਡਸਟਰੀ ਨੂੰ ਪਤਾ ਹੈ ਕਿ ਮੋਟਾਪੇ ਨਾਲ ਨਜਿੱਠਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ। ਇਸੇ ਕਾਰਨ ਉਹ ਕੈਲੋਰੀ ਤੇ ਮਿੱਠਾ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।"

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)