ਅਫ਼ਗਾਨਿਸਤਾਨ ਦੇ ਮੰਤਰੀਆਂ ਤੇ ਸੰਤਰੀਆਂ ਦੇ ਸੈਕਸ ਸਕੈਂਡਲ ਦਾ ਪਰਦਾਫ਼ਾਸ

ਅਫ਼ਗਾਨਿਸਤਾਨ, ਸਰੀਰਕ ਸ਼ੋਸ਼ਣ ਦੀਆਂ ਸ਼ਿਕਾਰ ਔਰਤਾਂ
ਫੋਟੋ ਕੈਪਸ਼ਨ ਸਾਬਕਾ ਸਰਕਾਰੀ ਮੁਲਾਜ਼ਮ ਦਾ ਕਹਿਣਾ ਹੈ ਕਿ ਸੀਨੀਅਤ ਮੰਤਰੀ ਨੇ ਉਸ ਨੂੰ ਸੈਕਸ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ

ਅਫ਼ਗਾਨਿਸਤਾਨ ਵਿੱਚ ਸਰਕਾਰ ਵਿੱਚ ਉੱਚ ਪੱਧਰ 'ਤੇ ਹੋ ਰਹੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੇ ਪੂਰੇ ਦੇਸ ਨੂੰ ਹਿਲਾ ਦਿੱਤਾ ਹੈ। ਅਧਿਕਾਰੀ ਇੰਨ੍ਹਾਂ ਇਲਜ਼ਾਮਾਂ ਨੂੰ ਨਕਾਰ ਰਹੇ ਹਨ। ਪਰ ਬੀਬੀਸੀ ਨੇ ਕੁਝ ਔਰਤਾਂ ਨਾਲ ਗੱਲ ਕੀਤੀ ਜੋ ਇਸ ਸ਼ੋਸ਼ਣ ਦੇ ਮਾਹੌਲ ਬਾਰੇ ਦੱਸਦੀਆਂ ਹਨ।

ਪਹਾੜਾਂ ਨੇੜੇ ਵਸੇ ਕਾਬੁਲ ਦੇ ਇੱਕ ਘਰ ਵਿੱਚ, ਮੈਂ ਇੱਕ ਸਾਬਕਾ ਸਰਕਾਰੀ ਕਰਮਚਾਰੀ ਨੂੰ ਮਿਲੀ।

ਮੁਸ਼ਕਲਾਂ ਤੋਂ ਬਚਣ ਲਈ ਉਹ ਖ਼ੁਦ ਦੀ ਪਛਾਣ ਤਾਂ ਜ਼ਾਹਰ ਨਹੀਂ ਕਰਨਾ ਚਾਹੁੰਦੀ ਪਰ ਦੁਨੀਆਂ ਨੂੰ ਆਪਣੀ ਕਹਾਣੀ ਜ਼ਰੂਰ ਸੁਣਾਉਣਾ ਚਾਹੁੰਦੀ ਹੈ।

ਉਹ ਦੱਸਦੀ ਹੈ ਕਿ ਸਰਕਾਰ ਦਾ ਇੱਕ ਸੀਨੀਅਰ ਮੰਤਰੀ ਨੇ ਜੋ ਕਦੇ ਉਸਦਾ ਬੌਸ ਸੀ, ਉਸ ਦਾ ਕਈ ਵਾਰ ਸ਼ੋਸ਼ਣ ਕੀਤਾ। ਉਸ ਨੇ ਉਸ 'ਤੇ ਇੱਕ ਦਿਨ ਦਫ਼ਤਰ ਪਹੁੰਚਣ 'ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ।

ਇਹ ਵੀ ਪੜ੍ਹੋ:

"ਉਸ ਨੇ ਮੈਨੂੰ ਸਿੱਧੇ ਤੌਰ 'ਤੇ ਜਿਨਸੀ ਸਬੰਧ ਬਣਾਉਣ ਲਈ ਕਿਹਾ। ਮੈਂ ਉਸ ਨੂੰ ਕਿਹਾ ਕਿ ਮੈਂ ਕਾਬਲ ਤੇ ਤਜ਼ਰਬੇਕਾਰ ਹਾਂ। ਮੈਂ ਇਹ ਕਦੇ ਨਹੀਂ ਸੀ ਸੋਚਿਆ ਕਿ ਤੁਸੀਂ ਮੈਨੂੰ ਇਹ ਸਭ ਕਹੋਗੇ। ਮੈਂ ਵਾਪਿਸ ਪਰਤਣ ਲਈ ਖੜ੍ਹੀ ਹੋ ਗਈ।”

“ਉਸ ਨੇ ਮੇਰਾ ਹੱਥ ਫੜਿਆ ਅਤੇ ਮੈਨੂੰ ਦਫ਼ਤਰ ਦੇ ਪਿਛਲੇ ਪਾਸੇ ਬਣੇ ਕਮਰੇ ਵਿੱਚ ਲੈ ਗਿਆ। ਮੈਨੂੰ ਕਮਰੇ ਵੱਲ ਧੱਕਦਿਆਂ ਉਸ ਨੇ ਕਿਹਾ,ਮੈਂ ਥੋੜ੍ਹਾ ਸਮਾਂ ਹੀ ਲਵਾਂਗਾ, ਚਿੰਤਾ ਨਾ ਕਰ, ਮੇਰੇ ਨਾਲ ਆ ਜਾ"

"ਮੈਂ ਉਸ ਨੂੰ ਧੱਕਾ ਮਾਰਿਆ ਤੇ ਕਿਹਾ ਬਹੁਤ ਹੋ ਗਿਆ। ਮੈਨੂੰ ਚੀਕਣ ਲਈ ਮਜਬੂਰ ਨਾ ਕਰੋ। ਬੱਸ ਉਸੇ ਵੇਲੇ ਹੀ ਮੈਂ ਉਸ ਨੂੰ ਆਖਰੀ ਵਾਰ ਵੇਖਿਆ। ਮੈਂ ਬਹੁਤ ਪ੍ਰੇਸ਼ਾਨ ਅਤੇ ਗੁੱਸੇ ਵਿੱਚ ਸੀ।"

ਕੀ ਤੁਸੀਂ ਇਸ ਹਾਦਸੇ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ?

ਉਸ ਨੇ ਦੱਸਿਆ, "ਨਹੀਂ, ਮੈਂ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਮੈਨੂੰ ਸਰਕਾਰ 'ਤੇ ਭਰੋਸਾ ਨਹੀਂ ਹੈ। ਜੇਕਰ ਤੁਸੀਂ ਅਦਾਲਤ ਜਾਂ ਪੁਲਿਸ ਕੋਲ ਜਾਓਗੇ, ਤੁਸੀਂ ਵੇਖੋਗੇ ਕਿ ਉਹ ਕਿੰਨੇ ਭ੍ਰਿਸ਼ਟ ਹਨ। ਤੁਹਾਨੂੰ ਸ਼ਿਕਾਇਤ ਕਰਨ ਲਈ ਕੋਈ ਸੁਰੱਖਿਅਤ ਜਗ੍ਹਾ ਨਹੀਂ ਮਿਲੇਗੀ। ਜੇ ਤੁਸੀਂ ਬੋਲਦੇ ਹੋ ਤਾਂ ਸਭ ਤੁਹਾਡੇ 'ਤੇ ਹੀ ਇਲਜ਼ਾਮ ਲਗਾਉਂਦੇ ਹਨ।"

ਸਾਬਕਾ ਸਰਕਾਰੀ ਮੁਲਾਜ਼ਮ ਦਾ ਕਹਿਣਾ ਹੈ ਕਿ ਦੋ ਹੋਰ ਔਰਤਾਂ ਨੇ ਉਸ ਨੂੰ ਦੱਸਿਆ ਹੈ ਕਿ ਉਸ ਮੰਤਰੀ ਨੇ ਉਨ੍ਹਾਂ ਦਾ ਬਲਾਤਕਾਰ ਕੀਤਾ। ਆਪਣੇ ਪੱਧਰ 'ਤੇ ਬੀਬੀਸੀ ਇਸ ਦਾਅਵੇ ਦੀ ਤਸਦੀਕ ਨਹੀਂ ਕਰ ਸਕਿਆ।

ਉਹ ਦੱਸਦੀ ਹੈ, "ਉਹ ਬੇਰਹਿਮੀ ਨਾਲ ਇਹ ਕਰ ਰਿਹਾ ਹੈ, ਬਿਨਾਂ ਕਿਸੇ ਡਰ ਦੇ, ਕਿਉਂਕਿ ਉਹ ਸਰਕਾਰ ਵਿੱਚ ਇੱਕ ਰਸੂਖ਼ਦਾਰ ਵਿਅਕਤੀ ਹੈ।"

ਅਫ਼ਗਾਨਿਸਤਾਨ ਔਰਤਾਂ ਲਈ ਦੁਨੀਆਂ ਦੇ ਸਭ ਤੋਂ ਮਾੜੇ ਦੇਸਾਂ ਵਿੱਚੋਂ ਪਹਿਲੇ ਨੰਬਰ 'ਤੇ ਹੈ।

ਸੰਯੁਕਤ ਰਾਸ਼ਟਰ ਦੀ 2018 ਵਿੱਚ ਜਾਰੀ ਇੱਕ ਰਿਪੋਰਟ 'ਚ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਕਿਵੇਂ ਜਿਨਸੀ ਜੁਰਮ ਅਤੇ ਹਿੰਸਾ ਦੀਆਂ ਸ਼ਿਕਾਰ ਔਰਤਾਂ ਉੱਤੇ ਸ਼ਿਕਾਇਤਾਂ ਵਾਪਸ ਲੈਣ ਲਈ ਦਬਾਅ ਪਾਇਆ ਜਾਂਦਾ ਹੈ। ਬਹੁਤ ਸਾਰੇ ਮਾਮਲਿਆਂ ਵਿੱਚ, ਉਨ੍ਹਾਂ ਦੇ ਖਿਲਾਫ਼ ਕੀਤੇ ਗਏ ਅਪਰਾਧਾਂ ਲਈ ਉਨ੍ਹਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।

ਇਸ ਮਾਹੌਲ ਵਿੱਚ ਤਾਕਤਵਰ ਮਰਦਾਂ ਵੱਲੋਂ ਕੀਤੇ ਜਿਨਸੀ ਜੁਰਮਾਂ ਬਾਰੇ ਗੱਲ ਕਰਨਾ ਸੌਖਾ ਨਹੀਂ ਹੈ।

ਇਹੀ ਕਾਰਨ ਹੈ ਕਿ ਜਿਨ੍ਹਾਂ ਛੇ ਔਰਤਾਂ ਨਾਲ ਅਸੀਂ ਗੱਲ ਕੀਤੀ ਸੀ, ਉਨ੍ਹਾਂ ਵਿੱਚੋਂ ਬਹੁਤੀਆਂ ਨੂੰ ਆਪਣੇ ਨਾਲ ਹੋਈ ਵਾਪਰੇ ਦੁਖਾਂਤ ਦਾ ਹਵਾਲਾ ਦੇਣ ਤੋਂ ਡਰ ਸੀ। ਪਰ ਉਨ੍ਹਾਂ ਨਾਲ ਸਾਡੀ ਗੱਲਬਾਤ ਤੋਂ, ਅਸੀਂ ਜਾਣਿਆ ਕਿ ਜਿਨਸੀ ਸ਼ੋਸ਼ਣ ਅਫ਼ਗਾਨ ਸਰਕਾਰ ਵਿੱਚ ਇੱਕ ਸਮੱਸਿਆ ਹੈ ਜੋ ਕਿਸੇ ਇੱਕ ਵਿਅਕਤੀ ਜਾਂ ਮੰਤਰਾਲੇ ਤੱਕ ਸੀਮਿਤ ਨਹੀਂ ਹੈ।

ਫੋਟੋ ਕੈਪਸ਼ਨ ਰਾਸ਼ਟਰਪਤੀ ਘਨੀ ਦੇ ਦਫ਼ਤਰ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਗਿਆ ਹੈ

'ਇਹ ਹੁਣ ਸੱਭਿਆਚਾਰ ਦਾ ਹਿੱਸਾ ਬਣ ਗਿਆ ਹੈ'

ਇੱਕ ਵੱਖਰੇ ਦਫ਼ਤਰ ਵਿੱਚ, ਮੈਂ ਇੱਕ ਹੋਰ ਔਰਤ ਨੂੰ ਮਿਲੀ ਜੋ ਆਪਣੀ ਕਹਾਣੀ ਸਾਂਝੀ ਕਰਨ ਲਈ ਤਿਆਰ ਸੀ। ਉਸ ਨੇ ਸਰਕਾਰ ਵਿੱਚ ਇੱਕ ਨੌਕਰੀ ਲਈ ਅਪਲਾਈ ਕੀਤਾ ਸੀ।

ਉਸ ਕੋਲ ਸਭ ਕੁਝ ਸੀ ਅਤੇ ਉਸ ਨੇ ਇਹ ਸਭ ਸੁਰੱਖਿਅਤ ਰੱਖ ਲਿਆ, ਜਦੋਂ ਉਸ ਨੂੰ ਰਾਸ਼ਟਰਪਤੀ ਅਸ਼ਰਫ ਗਨੀ ਦੇ ਨਜ਼ਦੀਕੀ ਸਾਥੀ ਨਾਲ ਮੁਲਾਕਾਤ ਕਰਨ ਲਈ ਕਿਹਾ ਗਿਆ ਸੀ।

ਇਸ ਔਰਤ ਨੇ ਦੱਸਿਆ, "ਇਹ ਆਦਮੀ ਰਾਸ਼ਟਰਪਤੀ ਦੇ ਨਾਲ ਤਸਵੀਰਾਂ ਵਿੱਚ ਦਿਖਾਈ ਦਿੰਦਾ ਹੈ। ਉਸ ਨੇ ਮੈਨੂੰ ਆਪਣੇ ਨਿੱਜੀ ਦਫ਼ਤਰ ਆਉਣ ਲਈ ਕਿਹਾ। ਉਸ ਨੇ ਕਿਹਾ, ਆ ਅਤੇ ਬੈਠ ਜਾ, ਮੈਂ ਤੇਰੇ ਦਸਤਾਵੇਜ਼ਾਂ ਨੂੰ ਮਨਜ਼ੂਰੀ ਦੇਵਾਂਗਾ। ਉਹ ਮੇਰੇ ਨੇੜੇ ਆਇਆ ਅਤੇ ਫਿਰ ਕਿਹਾ ਕਿ ਚੱਲ ਸ਼ਰਾਬ ਪੀਏ ਅਤੇ ਸੈਕਸ ਕਰੀਏ।"

"ਮੇਰੇ ਕੋਲ ਦੋ ਵਿਕਲਪ ਸਨ, ਜਾਂ ਤਾਂ ਉਹ ਸਭ ਸਵੀਕਾਰ ਕਰ ਲੈਂਦੀ ਜਾਂ ਫਿਰ ਛੱਡ ਕੇ ਆ ਜਾਂਦੀ। ਜੇਕਰ ਮੈਂ ਸਵੀਕਾਰ ਕਰ ਲਿਆ ਹੁੰਦਾ ਤਾਂ ਇਹ ਸਭ ਨਹੀਂ ਰੁਕਦਾ। ਹੋਰ ਆਦਮੀ ਵੀ ਮੈਨੂੰ ਸੈਕਸ ਕਰਨ ਲਈ ਕਹਿੰਦੇ। ਇਹ ਬਹੁਤ ਹੀ ਹੈਰਾਨੀਜਨਕ ਸੀ। ਮੈਂ ਡਰ ਗਈ ਤੇ ਵਾਪਸ ਆ ਗਈ।"

ਮੈਂ ਫਿਰ ਨੌਕਰੀ ਬਾਰੇ ਪੁੱਛਿਆ। ਉਹ ਦੱਸਦੀ ਹੈ ਕਿ ਉਸ ਨੇ ਸਰਕਾਰੀ ਵਿਭਾਗ ਨੂੰ ਇਸ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ। ਉਸਨੂੰ ਕਿਹਾ ਗਿਆ ਸੀ,"ਕਲਪਨਾ ਕਰੋ ਕਿ ਤੁਹਾਡੇ ਬੈਂਕ ਖਾਤੇ ਵਿੱਚ ਪੈਸੇ ਦਿੱਤੇ ਗਏ ਸਨ, ਪਰ ਤੁਸੀਂ ਲੈਣ ਤੋਂ ਇਨਕਾਰ ਕਰ ਦਿੱਤਾ।"

Image copyright AFP

ਇਹ ਵੀ ਪੜ੍ਹੋ:

ਸਾਡੀ ਗੱਲਬਾਤ ਦੌਰਾਨ ਉਸ ਦੇ ਹੰਝੂ ਨਿਕਲ ਆਏ। ਉਹ ਦੱਸਦੀ ਹੈ, "ਇਹ ਚੀਜ਼ਾਂ ਮੈਨੂੰ ਰਾਤ ਨੂੰ ਸੋਣ ਨਹੀਂ ਦਿੰਦੀਆਂ।"

"ਜੇ ਤੁਸੀਂ ਕਿਸੇ ਜੱਜ, ਪੁਲਿਸ, ਵਕੀਲ ਜਾਂ ਫਿਰ ਕਿਸੇ ਹੋਰ ਕੋਲ ਵੀ ਸ਼ਿਕਾਇਤ ਕਰਨ ਜਾਓ, ਤਾਂ ਉਹ ਵੀ ਤੁਹਾਨੂੰ ਸੈਕਸ ਕਰਨ ਲਈ ਪੁੱਛਣਗੇ।"

"ਜੇ ਉਹ ਵੀ ਇਹ ਸਭ ਕਰ ਰਹੇ ਹਨ ਤਾਂ ਤੁਸੀਂ ਕਿਸ ਕੋਲ ਜਾ ਸਕਦੇ ਹੋ? ਲੱਗਦਾ ਹੈ ਇਹ ਸਭ ਹੁਣ ਸੱਭਿਆਚਾਰ ਦਾ ਹਿੱਸਾ ਬਣ ਚੁੱਕਿਆ ਹੈ। ਤੁਹਾਡੇ ਆਲੇ-ਦੁਆਲੇ ਮੌਜੂਦ ਹਰ ਆਦਮੀ ਤੁਹਾਡੇ ਨਾਲ ਸੈਕਸ ਕਰਨਾ ਚਾਹੁੰਦਾ ਹੈ।"

ਇਹ ਕਹਾਣੀਆਂ ਜਾਂ ਤਾਂ ਕਿਸੇ ਨੂੰ ਦੱਸੀਆਂ ਨਹੀਂ ਗਈਆਂ ਜਾਂ ਫਿਰ ਇਨ੍ਹਾਂ ਬਾਰੇ ਸਿਰਫ਼ ਘੁਸਰ-ਮੁਸਰ ਕੀਤੀ ਗਈ। ਇਹ ਸਭ ਉਸ ਵੇਲੇ ਤੱਕ ਰਿਹਾ ਜਦੋਂ ਤੱਕ ਇਹ ਮੁੱਦਾ ਚਰਚਾ ਵਿੱਚ ਨਹੀਂ ਆਇਆ ਸੀ।

ਇਸ ਬਾਰੇ ਰਾਸ਼ਟਰਪਤੀ ਦੇ ਸਾਬਕਾ ਸਲਾਹਕਾਰ ਜਨਰਲ ਹਬੀਬੁੱਲਾ ਅਹਿਮਦਜ਼ਾਈ, ਜੋ ਹੁਣ ਸਿਆਸੀ ਵਿਰੋਧੀ ਬਣ ਚੁੱਕੇ ਹਨ, ਨੇ ਅਫਗਾਨਿਸਤਾਨ ਦੇ ਇੱਕ ਚੈਨਲ 'ਤੇ ਇੰਟਰਵਿਊ ਦੌਰਾਨ ਗੱਲ ਕੀਤੀ।

ਉਸ ਨੇ ਸੀਨੀਅਰ ਅਧਿਕਾਰੀਆਂ ਅਤੇ ਸਿਆਸਤਦਾਨਾਂ 'ਤੇ ਸਰੀਰਕ ਸ਼ੋਸ਼ਣ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਾਇਆ।

ਫੋਟੋ ਕੈਪਸ਼ਨ ਫਾਵਿਜ਼ਾ ਕੂਫੀ 2005 ਵਿੱਚ ਸੰਸਦ ਮੈਂਬਰ ਚੁਣੀ ਗਈ ਸੀ

ਰਾਸ਼ਟਰਪਤੀ ਦੇ ਦਫ਼ਤਰ ਤੋਂ ਇੰਟਰਵਿਊ ਦੀ ਬੇਨਤੀ ਨੂੰ ਠੁਕਰਾ ਦਿੱਤਾ ਗਿਆ ਅਤੇ ਨਾ ਹੀ ਈ-ਮੇਲ ਦੁਆਰਾ ਕੀਤੇ ਸਵਾਲਾਂ ਦਾ ਜਵਾਬ ਦਿੱਤਾ ਗਿਆ।

ਉਨ੍ਹਾਂ ਨੇ ਪਹਿਲਾਂ ਦੇ ਇੱਕ ਬਿਆਨ ਦਾ ਜ਼ਿਕਰ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਜਨਰਲ ਅਹਿਮਦਜ਼ਾਏ ਦੇ ਸਾਰੇ ਦੋਸ਼ ਬਿਲਕੁਲ ਝੂਠੇ ਹਨ ਅਤੇ ਉਹ ਨਿੱਜੀ ਹਿੱਤਾਂ ਕਾਰਨ ਝੂਠ ਬੋਲ ਰਹੇ ਹਨ।

ਇੱਕ ਸਰਕਾਰੀ ਮੰਤਰੀ ਨਰਗਿਸ ਨੇਹਾਨ ਨੇ ਟਵਿੱਟਰ 'ਤੇ ਲਿਖਿਆ ਹੈ, "ਐਨਯੂਜੀ (ਨੈਸ਼ਨਲ ਯੁਨਟੀ ਸਰਕਾਰ) ਦੀ ਕੈਬਨਿਟ ਵਿੱਚ ਇੱਕ ਮਹਿਲਾ ਮੈਂਬਰ ਹੋਣ ਦੇ ਨਾਤੇ, ਮੈਂ ਯਕੀਨ ਨਾਲ ਕਹਿ ਸਕਦੀ ਹਾਂ ਕਿ ਇਹ ਦੋਸ਼ ਬੇਬੁਨਿਆਦ ਹਨ।"

ਪਰ ਔਰਤਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਪ੍ਰਸਿੱਧ ਕਾਰਕੁਨ ਫਾਜਿਆ ਕੂਫੀ- ਜਦੋਂ ਤੱਕ ਉਹ ਸੰਸਦ ਮੈਂਬਰ ਨਹੀਂ ਬਣੇ ਸੀ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੌਜੂਦਾ ਸਰਕਾਰ ਦੇ ਲੋਕਾਂ ਖਿਲਾਫ਼ ਸਰੀਰਕ ਸ਼ੋਸ਼ਣ ਕਰਨ ਬਾਰੇ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਹਨ।

ਉਹ ਕਹਿੰਦੇ ਹਨ, "ਸਰਕਾਰ ਦਾ ਜਵਾਬ ਰੱਖਿਆਤਮਕ ਹੈ। ਉਹ ਇਸ ਨੂੰ ਅਫ਼ਗਾਨਿਸਤਾਨ ਦੀਆਂ ਸਾਰੀਆਂ ਔਰਤਾਂ ਬਾਰੇ ਨਾ ਸੋਚਦੇ ਹੋਏ, ਸਿਆਸੀ ਮਾਮਲਾ ਸਮਝ ਕੇ ਵੇਖ ਰਹੇ ਹਨ।"

"ਸਜ਼ਾ ਤੋਂ ਬਚਣ ਦਾ ਸੱਭਿਆਚਾਰ ਹੈ। ਜਿਹੜੇ ਲੋਕ ਅਪਰਾਧੀ ਹਨ, ਉਹ ਇਸ ਸਰਕਾਰ ਵਿੱਚ ਸੁਰੱਖਿਅਤ ਮਹਿਸੂਸ ਕਰਦੇ ਹਨ ਇਸ ਲਈ ਉਹ ਅਜਿਹੇ ਹੋਰ ਅਪਰਾਧ ਕਰਨ ਲਈ ਉਤਸ਼ਾਹਤ ਕੀਤੇ ਜਾਣਗੇ।"

ਸਰਕਾਰ ਨੇ ਜਿਨਸੀ ਦੁਰਵਿਵਹਾਰ ਦੇ ਦੋਸ਼ਾਂ ਦੀ ਜਾਂਚ ਕਰਨ ਦਾ ਹੁਕਮ ਦਿੱਤਾ ਹੈ। ਇਹ ਜਾਂਚ ਅਟਾਰਨੀ ਜਨਰਲ ਦੇ ਦਫ਼ਤਰ ਵੱਲੋਂ ਕਰਵਾਈ ਜਾ ਰਹੀ ਹੈ। ਅਟਾਰਨੀ ਜਨਰਲ ਰਾਸ਼ਟਰਪਤੀ ਵੱਲੋਂ ਨਿਯੁਕਤ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ:

ਮੈਂ ਅਟਾਰਨੀ ਜਨਰਲ ਦੇ ਬੁਲਾਰੇ ਜਮਸ਼ੀਦ ਰਸੂਲੀ ਨੂੰ ਉਨ੍ਹਾਂ ਦੇ ਕਾਬੁਲ ਵਾਲੇ ਦਫ਼ਤਰ ਵਿੱਚ ਮਿਲੀ। ਰਾਸ਼ਟਰਪਤੀ ਗਨੀ ਦੀ ਤਸਵੀਰ ਉਨ੍ਹਾਂ ਦੇ ਡੈਸਕ ਦੇ ਪਿੱਛੇ ਲਟਕ ਰਹੀ ਸੀ।

ਮੈਂ ਉਨ੍ਹਾਂ ਨੂੰ ਪੁੱਛਿਆ ਕਿ ਲੋਕਾਂ ਨੂੰ ਇਹ ਵਿਸ਼ਵਾਸ ਕਿਉਂ ਕਰਨਾ ਚਾਹੀਦਾ ਹੈ ਕਿ ਜਾਂਚ ਨਿਰਪੱਖ ਹੋਵੇਗੀ।

ਉਨ੍ਹਾਂ ਨੇ ਕਿਹਾ,"ਸੰਵਿਧਾਨ ਨੇ ਅਟਾਰਨੀ ਜਨਰਲ ਨੂੰ ਆਜ਼ਾਦ ਹੋ ਕੇ ਕੰਮ ਕਰਨ ਦਾ ਹੱਕ ਦਿੱਤਾ ਹੈ। ਅਸੀਂ ਕਾਰਕੁਨਾਂ,ਮੁਸਲਮਾਨ ਪਾਦਰੀਆਂ ਅਤੇ ਮਨੁੱਖੀ ਅਧਿਕਾਰਾਂ 'ਤੇ ਕੰਮ ਕਰ ਰਹੀਆਂ ਸੰਸਥਾਵਾਂ ਨੂੰ ਕਿਹਾ ਹੈ ਕਿ ਉਹ ਇਸ ਜਾਂਚ ਵਿੱਚ ਹਿੱਸਾ ਲੈਣ ਤਾਂ ਕਿ ਲੋਕਾਂ ਨੂੰ ਯਕੀਨ ਹੋ ਸਕੇ ਕਿ ਅਸੀਂ ਨਿਰਪੱਖ ਹਾਂ।"

ਮੈਂ ਉਨ੍ਹਾਂ ਨੂੰ ਦੱਸਿਆ ਕਿ ਜਿਨ੍ਹਾਂ ਔਰਤਾਂ ਨਾਲ ਅਸੀਂ ਗੱਲ ਕੀਤੀ ਸੀ ਉਹ ਕਹਿੰਦੀਆਂ ਹਨ ਕਿ ਉਨ੍ਹਾਂ ਨੂੰ ਸਰਕਾਰੀ ਸੰਸਥਾਵਾਂ 'ਤੇ ਭਰੋਸਾ ਨਹੀਂ ਹੈ।

ਉਨ੍ਹਾਂ ਨੇ ਕਿਹਾ, "ਅਸੀਂ ਐਲਾਨ ਕੀਤਾ ਹੈ ਕਿ ਹਰੇਕ ਸ਼ਿਕਾਇਤਕਰਤਾ ਦੀ ਪਛਾਣ ਗੁਪਤ ਰੱਖੀ ਜਾਵੇਗੀ।"

"ਜਿਹੜੇ ਲੋਕ ਸਾਡੇ ਨਾਲ ਸਹਿਯੋਗ ਕਰਨਗੇ, ਅਸੀਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੁਰੱਖਿਅਤ ਰੱਖਣ ਲਈ ਪ੍ਰਬੰਧ ਕਰਾਂਗੇ।"

ਅਫ਼ਗਾਨਿਸਤਾਨ ਵਿੱਚ ਲੋਕਤੰਤਰ, ਲੜਾਈ ਵਿੱਚ ਗਈ ਹਜ਼ਾਰਾਂ ਲੋਕਾਂ ਦੀ ਜਾਨ ਦੀ ਕੀਮਤ ਬਦਲੇ ਆਇਆ ਹੈ। ਜੁੱਧ ਦੇ ਇੱਕ ਉਦੇਸ਼ ਦਾ ਹਿੱਸਾ ਇਹ ਸੀ ਕਿ ਔਰਤਾਂ ਨੂੰ ਅਧਿਕਾਰ ਅਤੇ ਸਨਮਾਨ ਦਿਵਾਉਣਾ ਹੈ ਜਿਨ੍ਹਾਂ ਨਾਲ ਤਾਲਿਬਾਨ ਅਧੀਨ ਬੇਰਹਿਮੀ ਵਾਲਾ ਸਲੂਕ ਕੀਤਾ ਜਾਂਦਾ ਸੀ।

ਨਾਟੋ (NATO) ਦੀ ਅਗਵਾਈ ਹੇਠ ਹੋਈ ਮੁਹਿੰਮ ਦੇ ਪ੍ਰਤੀਨਿਧੀ, ਸਰਕਾਰ ਵਿੱਚ ਕਥਿਤ ਜਿਨਸੀ ਸ਼ੋਸ਼ਣ ਦੇ ਮੁੱਦੇ 'ਤੇ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਕਿਹਾ ਕਿ ਇਹ ਅਫ਼ਗਾਨਿਸਤਾਨ ਦਾ ਅੰਦਰੂਨੀ ਮਾਮਲਾ ਹੈ। ਸੰਯੁਕਤ ਰਾਸ਼ਟਰ (ਔਰਤਾਂ) ਨੇ ਵੀ ਟਿੱਪਣੀ ਨਹੀਂ ਕੀਤੀ। ਬ੍ਰਿਟਿਸ਼ ਸਫਾਰਤਖ਼ਾਨੇ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਅਫ਼ਗਾਨਿਸਤਾਨ 'ਚ ਔਰਤਾਂ ਲਈ ਇਹ ਅਸੁਰੱਖਿਅਤ ਪਲ ਹੈ। ਉਹ ਸੰਯੁਕਤ ਰਾਸ਼ਟਰ ਅਤੇ ਤਾਲਿਬਾਨ ਵਿਚਕਾਰ ਚਲ ਰਹੀ ਸ਼ਾਂਤੀ ਲਈ ਹੋ ਰਹੀ ਗੱਲਬਾਤ ਵਿੱਚ ਆਵਾਜ਼ ਉਠਾਉਣ ਦਾ ਇਰਾਦਾ ਰੱਖਦੀਆਂ ਹਨ। ਦੇਸ਼ ਦੇ ਕੁਝ ਹਿੱਸਿਆਂ ਵਿੱਚ, ਔਰਤਾਂ ਤਾਨਾਸ਼ਾਹੀ ਭਰੇ ਤਾਲਿਬਾਨ ਸ਼ਾਸਨ ਦੇ 2001 ਵਿੱਚ ਤਬਾਹ ਹੋਣ ਤੋਂ ਬਾਅਦ ਲੰਬਾ ਰਸਤਾ ਤੈਅ ਕਰ ਚੁੱਕੀਆਂ ਹਨ।

ਪਰ ਇਹ ਤਰੱਕੀ ਫਿੱਕੀ ਪੈ ਸਕਦੀ ਹੈ ਜੇ ਸਰਕਾਰ ਵਿੱਚ ਚੱਲ ਰਹੇ ਜਿਨਸੀ ਸ਼ੋਸ਼ਣ ਖਿਲਾਫ਼ ਕਦਮ ਨਾ ਚੁੱਕਿਆ ਗਿਆ।

ਉਨ੍ਹਾਂ ਨੇ ਕਿਹਾ, "ਮੈਂ ਰਾਸ਼ਟਰਪਤੀ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਔਰਤਾਂ ਦੀਆਂ ਪ੍ਰੇਸ਼ਾਨੀਆਂ ਸੁਣਨਾ ਅਤੇ ਉਨ੍ਹਾਂ ਨੂੰ ਸਵੀਕਾਰ ਕਰਨਾ ਉਨ੍ਹਾਂ ਦੀ ਜਿੰਮੇਵਾਰੀ ਹੈ। ਜੇ ਉਹ ਦੇਸ ਨੂੰ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਇਸ ਸਮੱਸਿਆ ਦਾ ਹੱਲ ਵੀ ਕਰਨਾ ਚਾਹੀਦਾ ਹੈ।"

"ਇੱਕ ਦਿਨ ਸੱਚ ਜ਼ਰੂਰ ਸਾਹਮਣੇ ਆਵੇਗਾ। ਪਰ ਅਜੇ ਇਸ ਵਿੱਚ ਸਮਾਂ ਲੱਗੇਗਾ।"

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ YouTube , INSTAGRAM, TWITTERਅਤੇFACEBOOK 'ਤੇ ਜੁੜੋ।)