ਪਾਕਿਸਤਾਨ ਤੋਂ ਮੁਹੰਮਦ ਹਨੀਫ਼: 'ਮਰੀਅਮ ਨਵਾਜ਼ ਨੂੰ ਟਵਿੱਟਰ 'ਤੇ ਗਾਲ੍ਹਾਂ ਇੰਝ ਪਈਆਂ ਜਿਵੇਂ ਡਿਕਸ਼ਨਰੀ 'ਚੋਂ ਸਾਰੇ ਲਫ਼ਜ਼ ਗਾਇਬ ਹੋ ਗਏ ਹੋਣ'

ਮਰੀਅਮ ਨਵਾਜ਼ Image copyright Getty Images

ਮੇਰੇ ਇੱਕ ਦੋਸਤ ਨੂੰ ਟਵਿੱਟਰ ਉੱਤੇ ਕਿਸੇ ਨੇ ਮਾਂ ਦੀ ਗਾਲ੍ਹ ਕੱਢ ਦਿੱਤੀ। ਇਹ ਸੋਸ਼ਲ ਮੀਡੀਆ ਬਣਿਆ ਤਾਂ ਸ਼ਾਇਦ ਸੋਸ਼ਲ ਕੰਮਾਂ ਲਈ ਸੀ ਪਰ ਇੱਥੇ ਗਾਲ੍ਹਮੰਦਾ ਜ਼ਿਆਦਾ ਹੁੰਦਾ ਹੈ।

ਮੈਂ ਵੀ ਸਾਰੀ ਜ਼ਿੰਦਗੀ ਵਿੱਚ ਓਨੀਆਂ ਗਾਲ੍ਹਾਂ ਨਹੀਂ ਸੁਣੀਆਂ ਜਿੰਨੀਆਂ ਪਿਛਲੇ ਚੰਦ ਸਾਲਾਂ 'ਚ ਟਵਿੱਟਰ 'ਤੇ ਸੁਣ ਚੁੱਕਿਆ ਹਾਂ।

ਮੇਰੇ ਦੋਸਤ ਨੂੰ ਗਾਲ੍ਹ ਇਸ ਲਈ ਪਈ ਕਿਉਂਕਿ ਇੱਕ ਦਿਨ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨੇ ਕੌਮ ਨਾਲ ਖਤਾਬ ਕਰਨਾ ਸੀ, ਉਨ੍ਹਾਂ ਦੀ ਤਕਰੀਰ ਲੇਟ ਹੁੰਦੀ ਗਈ, ਫਿਰ ਪਤਾ ਲੱਗਿਆ ਕਿ ਤਕਰੀਰ ਅੱਧੀ ਰਾਤ ਨੂੰ ਹੋਏਗੀ।

ਮੇਰੇ ਦੋਸਤ ਨੇ ਟਵਿੱਟਰ 'ਤੇ ਪੁੱਛ ਲਿਆ ਕਿ ਇਹ ਤਕਰੀਰ ਅੱਧੀ ਰਾਤ ਨੂੰ ਕਿਉਂ ਹੋ ਰਹੀ ਹੈ। ਖ਼ਾਨ ਸਾਹਿਬ ਦੇ ਇੱਕ ਦਿਆਲੇ ਨੇ ਫੌਰਨ ਜਵਾਬ ਦਿੱਤਾ ਕਿ ਤਕਰੀਰ ਇਸ ਕਰਕੇ ਅੱਧੀ ਰਾਤ ਨੂੰ ਹੋ ਰਹੀ ਹੈ ਤਾਂ ਕਿ ਤੇਰੀ ਮਾਂ ਚਕਲਾ ਬੰਦ ਕਰਕੇ ਤਕਰੀਰ ਵੇਖ ਸਕੇ।

ਗਾਲ੍ਹ ਸੁਣ ਕੇ ਬਦਲਾ ਜਾਂ ਚੁੱਪੀ

ਆਮ ਤੌਰ 'ਤੇ ਲੋਕ ਗਾਲ੍ਹ ਸੁਣ ਕੇ ਅੱਗੋਂ ਗਾਲ੍ਹ ਕੱਢਦੇ ਹਨ ਤੇ ਬਲਾਕ ਕਰ ਦਿੰਦੇ ਹਨ ਜਾਂ ਚੁੱਪ ਕਰ ਜਾਂਦੇ ਹਨ।

ਮੇਰਾ ਦੋਸਤ ਗੁੱਸੇ ਦਾ ਥੋੜ੍ਹਾ ਤੇਜ਼ ਹੈ। ਉਸ ਨੇ ਗਾਲ੍ਹ ਕੱਢਣ ਵਾਲੇ ਦਾ ਖੁਰਾ ਨੱਪਿਆ ਤੇ ਪਤਾ ਲੱਗਿਆ ਕਿ ਉਹ ਹੋਰ ਵੀ ਲੋਕਾਂ ਨੂੰ ਗੰਦੀਆਂ-ਗੰਦੀਆਂ ਗਾਲ੍ਹਾਂ ਕੱਢਦਾ ਹੈ। ਉਸ ਨੇ ਇਹ ਵੀ ਪਤਾ ਕਰ ਲਿਆ ਕਿ ਉਹ ਬੈਂਕ ਵਿੱਚ ਕੰਮ ਕਰਦਾ ਹੈ।

ਮੇਰੇ ਦੋਸਤ ਨੇ ਟਵੀਟਾਂ ਦੀਆਂ ਫੋਟੋਆਂ ਖਿੱਚ ਕੇ ਬੈਂਕ ਨੂੰ ਦਿੱਤੀਆਂ। ਬੈਂਕ ਨੇ 24 ਘੰਟੇ ਦੇ ਅੰਦਰ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ।

ਇਹ ਵੀ ਪੜ੍ਹੋ:

ਫਿਰ ਟਵਿੱਟਰ 'ਤੇ ਭੜਥੂ ਜਾ ਪੈ ਗਿਆ। ਲੋਕ ਕਹਿਣ ਲੱਗੇ ਕਿ ਗਾਲ੍ਹ ਕੱਢ ਕੇ ਮੁੰਡੇ ਨੇ ਚੰਗਾ ਤਾਂ ਨਹੀਂ ਕੀਤਾ ਪਰ ਤੁਸੀਂ ਵੀ ਉਸ ਦੀ ਰੋਜ਼ੀ-ਰੋਟੀ ਖੋਹ ਕੇ ਕਿਹੜੀ ਨੇਕੀ ਕੀਤੀ ਹੈ।

ਮੈਂ ਵੀ ਦੋਸਤ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਕਿਹਾ ਇਹ ਤਾਂ ਗਾਲ੍ਹ ਹੀ ਫਜ਼ੂਲ ਹੈ। ਅੱਧੀ ਰਾਤੀਂ ਕੌਣ ਚਕਲਾ ਬੰਦ ਕਰਦਾ ਹੈ।ਇਹ ਕੋਈ ਕਰਿਆਣੇ ਦੀ ਹੱਟੀ ਹੈ। ਅੱਧੀ ਰਾਤੀਂ ਤਾਂ ਇੱਥੇ ਕੰਮ ਸ਼ੁਰੂ ਹੁੰਦਾ ਹੈ।

ਪਰ ਮਸਲਾ ਇਹ ਹੈ ਕਿ ਗਾਲ੍ਹ ਮੇਰੇ ਦੋਸਤ ਦੀ ਮਾਂ ਨੂੰ ਪਈ ਸੀ, ਮੇਰੀ ਮਾਂ ਨੂੰ ਨਹੀਂ। ਇਸ ਲਈ ਫੈਸਲਾ ਵੀ ਉਸ ਨੇ ਹੀ ਕਰਨਾ ਸੀ ਕਿ ਉਹ ਗਾਲ੍ਹ ਕੱਢਕੇ ਚੁੱਪ ਹੋ ਜਾਵੇ ਜਾਂ ਫਿਰ ਬੁਰੇ ਨੂੰ ਉਸ ਦੇ ਘਰ ਤੱਕ ਛੱਡ ਕੇ ਆਏ।

ਮਰੀਅਮ ਨਵਾਜ਼ ਨੂੰ ਗਾਲ੍ਹਾਂ

ਗਾਲ੍ਹਮੰਦਾਂ ਸਾਡੇ ਸਮਾਜ ਦਾ ਹਿੱਸਾ ਹੈ। ਜ਼ਿਆਦਾਤਰ ਮਰਦ ਜਾਂ ਕਈ ਖਵਾਤੀਨਾਂ ਨੂੰ ਜਦੋਂ ਗੁੱਸਾ ਆਉਂਦਾ ਹੈ ਜਾਂ ਜ਼ਿਆਦਾ ਪਿਆਰ ਹੁੰਦਾ ਹੈ ਤਾਂ ਗਾਲ੍ਹ ਕੱਢ ਲੈਂਦੇ ਹਨ।

ਪਰ ਜੋ ਹਾਲ ਸੋਸ਼ਲ ਮੀਡੀਆ ਦਾ ਹੋਇਆ ਹੈ ਲੱਗਦਾ ਹੈ ਕਿ ਉਹ ਆਪਣੇ ਦਿਲ ਦਾ ਹਰ ਮਾਮਲਾ ਗਾਲ੍ਹ ਕੱਢਕੇ ਹੀ ਬਿਆਨ ਕਰ ਸਕਦੇ ਹਨ।

ਪਿਛਲੇ ਹਫ਼ਤੇ ਸਾਬਕਾ ਵਜ਼ੀਰ-ਏ-ਆਜ਼ਮ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਨੇ ਮੰਡੀ ਭਾਊਦੀਨ ਵਿੱਚ ਇੱਕ ਜਲਸਾ ਕੀਤਾ।

ਦੁਸ਼ਮਣਾਂ ਨੇ ਟਵਿੱਟਰ 'ਤੇ ਟਰੈਂਡ ਚਲਾਇਆ 'ਰੰਡੀ ਇਨ ਮੰਡੀ।' ਮੈਨੂੰ ਇੰਝ ਲੱਗਿਆ ਜਿਵੇਂ ਡਿਕਸ਼ਨਰੀ 'ਚੋਂ ਸਾਰੇ ਲਫ਼ਜ਼ ਗਾਇਬ ਹੋ ਗਏ ਹਨ ਤੇ ਸਿਰਫ਼ ਗਾਲ੍ਹਾਂ ਹੀ ਬਚੀਆਂ ਹਨ।

ਇਹ ਵੀ ਪੜ੍ਹੋ:

Image copyright @MARYAMNSHARIF

ਇਹ ਗਾਲ੍ਹਮੰਦਾਂ ਸਿਰਫ਼ ਸਿਆਸਤਦਾਨ ਜਾਂ ਉਨ੍ਹਾਂ ਦੇ ਨੁਮਾਇੰਦੇ ਹੀ ਨਹੀਂ ਕਰਦੇ। ਹਰ ਛੋਟੇ-ਮੋਟੇ ਮਸਲੇ ਤੇ ਗਾਲ੍ਹਾਂ ਦੀ ਬਾਰਿਸ਼ ਹੋ ਜਾਂਦੀ ਹੈ। ਬਰਿਆਨੀ ਵਿੱਚ ਆਲੂ ਪਾਉਣ ਤੇ ਵੀ ਲੋਕ ਧੀ-ਭੈਣ ਕਰਨ ਲੱਗ ਜਾਂਦੇ ਹਨ।

ਲਾਹੌਰ-ਕਰਾਚੀ ਦੀ ਬਹਿਸ ਵਿੱਚ ਗਾਲ੍ਹ ਪੈ ਜਾਂਦੀ ਹੈ। ਕ੍ਰਿਕਟ ਦਾ ਮੈਚ ਹੋ ਰਿਹਾ ਹੋਵੇ ਤਾਂ ਹਰ ਗੇਂਦ 'ਤੇ ਕਰੋੜਾਂ ਦਿਲਾਂ 'ਚੋਂ ਗਾਲ੍ਹਾਂ ਨਿਕਲਦੀਆਂ ਹਨ।

ਇਹ ਵੀ ਪੜ੍ਹੋ:

ਕ੍ਰਿਕਟ ਵਾਲੇ ਇੰਨੇ ਭਲੇ ਲੋਕ ਹਨ ਕਿ ਮੈਚ ਹਾਰ ਜਾਣ ਤਾਂ ਖੁਦ ਨੂੰ ਗਾਲ੍ਹਾਂ ਕੱਢ ਲੈਂਦੇ ਹਨ।

ਤੁਸੀਂ ਸੋਚ ਰਹੇ ਹੋਵੋਗੇ ਕਿ ਸ਼ਾਇਦ ਇਨ੍ਹਾਂ ਦੀ ਤਾਲੀਮ ਵਿੱਚ ਕੋਈ ਕਮੀ ਹੈ। ਨਹੀਂ ਜਨਾਬ ਸਾਰਾ ਕੰਮ ਪੂਰਾ ਹੈ। ਪੜ੍ਹੇ-ਲਿਖੇ ਹਨ, ਪੱਕੇ ਮੁਸਲਮਾਨ ਹਨ ਤੇ ਪੱਕੇ ਪਾਕਿਸਤਾਨੀ ਹਨ। ਹਰ ਪ੍ਰੋਫਾਈਲ ਤੇ ਹਰਾ-ਚਿੱਟਾ ਝੰਡਾ, ਨਾਲ ਕੋਈ ਸੋਹਣੀ ਜਿਹੀ ਆਇਤ ਜਾਂ ਹਦੀਸ ਤੇ ਥੱਲੇ ਗਾਲ੍ਹਾਂ ਹੀ ਗਾਲ੍ਹਾਂ।

ਹੁਣ ਤਾਂ ਸਾਡੇ ਨਾਅਰੇ ਇਸ ਤਰ੍ਹਾਂ ਦੇ ਹੋ ਗਏ ਹਨ ਕਿ 'ਇਸਲਾਮ ਹਮਾਰਾ ਦੀਨ ਹੈ ਪਾਕ ਫੌਜ ਕੋ ਸਲਾਮ—ਫਲਾਣਾ ਹਮਾਰਾ ਲੀਡਰ ਹੈ ਤੇ ਫਿਰ ਤੇਰੀ ਮਾਂ ਦੀ'।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)