ਅਰਬ ਦੇਸ਼ਾਂ ਵਿੱਚ ਔਰਤਾਂ ਨਾਲੋਂ ਮਰਦਾਂ ਦਾ ਜਿਨਸੀ ਸ਼ੋਸ਼ਣ ਵੱਧ - ਬੀਬੀਸੀ ਦਾ ਸਰਵੇਖਣ

ਜਿਨਸੀ ਸ਼ੋਸ਼ਣ

ਅਰਬ ਦੇਸ਼ਾਂ ਵਿੱਚ ਬੀਬੀਸੀ ਦੇ ਸਰਵੇਖਣ ਵਿੱਚ ਇੱਕ ਹੈਰਾਨ ਕਰਨ ਵਾਲੀ ਜਾਣਕਾਰੀ ਹਾਸਲ ਹੋਈ ਹੈ। ਸਰਵੇਖਣ ਵਿੱਚ ਔਰਤਾਂ ਦੇ ਮੁਕਾਬਲੇ ਵਧੇਰੇ ਪੁਰਸ਼ਾਂ ਨੇ ਜਿਨਸੀ ਸ਼ੋਸ਼ਣ ਹੋਣ ਦੀ ਗੱਲ ਕਹੀ। ਕੀ ਵਾਕਈ ਅਜਿਹਾ ਹੈ?

ਸਮੀ (ਬਦਲਿਆ ਨਾਂ) ਦੀ ਉਮਰ 13 ਸਾਲ ਹੈ

ਉਹ ਆਪਣੇ ਸਕੂਲ ਦੇ ਬਾਥਰੂਮ ਵਿੱਚ ਸਨ, ਜਿੱਥੇ 15 ਤੋਂ 17 ਸਾਲਾਂ ਦੀ ਉਮਰ ਦੇ ਤਿੰਨ ਮੁੰਡੇ ਉਨ੍ਹਾਂ ਨੂੰ ਖੂੰਜੇ ਵਿੱਚ ਲੈ ਗਏ।

ਉਹ ਉਨ੍ਹਾਂ ਦੇ ਸਰੀਰ ਨੂੰ ਛੂਹਣ ਤੇ ਦੱਬਣ ਲੱਗੇ। ਸਮੀ ਜਿਵੇਂ ਸੁੰਨ ਹੋ ਗਏ ਉਨ੍ਹਾਂ ਨੇ ਜਿਵੇਂ-ਤਿਵੇਂ ਹੌਂਸਲਾ ਕੀਤਾ ਅਤੇ ਚੀਕ ਮਾਰੀ।

ਚੀਕ ਸੁਣ ਕੇ ਦੂਸਰੇ ਬੱਚਿਆਂ ਨੇ ਹੈਡ ਟੀਚਰ ਨੂੰ ਇਸ ਗੱਲ ਦੀ ਇਤਲਾਹ ਕੀਤੀ। ਉਨ੍ਹਾਂ ਤਿੰਨਾਂ ਮੁੰਡਿਆਂ ਨੂੰ ਸਕੂਲੋਂ ਕੱਢ ਦਿੱਤਾ ਗਿਆ ਪਰ ਉਨ੍ਹਾਂ ਦੇ ਮਾਪਿਆਂ ਨੂੰ ਇਸ ਦੀ ਵਜ੍ਹਾ ਨਹੀਂ ਦੱਸੀ ਗਈ।

ਇਹ ਵੀ ਪੜ੍ਹੋ:

ਸਮੀ ਨੂੰ ਵੀ ਮੁੱਖ ਅਧਿਆਪਕ ਦੇ ਕਮਰੇ ਵਿੱਚ ਸੱਦਿਆ ਗਿਆ ਜਿੱਥੇ ਉਨ੍ਹਾਂ ਉੱਪਰ ਦੂਸਰਾ ਹਮਲਾ ਹੋਇਆ।

ਉਨ੍ਹਾਂ ਨੂੰ ਦੱਸਿਆ ਗਿਆ ਕਿ ਸਕੂਲ ਇਸ ਨੂੰ ਸਹਿਮਤੀ ਨਾਲ ਹੋਈ ਘਟਨਾ ਮੰਨ ਰਿਹਾ ਹੈ ਅਤੇ ਉਹ ਖ਼ੁਸ਼ਕਿਸਮਤ ਹਨ ਕਿ ਉਨ੍ਹਾਂ ਦੇ ਹਮਲਾਵਰਾਂ ਵਾਂਗ ਉਨ੍ਹਾਂ ਨੂੰ ਸਕੂਲੋਂ ਕੱਢਿਆ ਨਹੀਂ ਜਾ ਰਿਹਾ। ਇਸ ਤਰ੍ਹਾਂ ਸਮੀ ਨੂੰ ਇੱਕ ਹੋਰ ਮੌਕਾ ਦਿੱਤਾ ਗਿਆ।

ਉਨ੍ਹਾਂ ਨੇ ਕਿਹਾ, "ਸਾਰਿਆਂ ਨੂੰ ਲੱਗ ਰਿਹਾ ਸੀ ਕਿ ਮੈਂ ਇਹ ਸਭ ਕੁਝ ਉਨ੍ਹਾਂ ਨਾਲ ਮਿਲ ਕੇ ਕਰ ਰਿਹਾ ਸੀ।"

ਸਮੀ ਹੁਣ 15 ਸਾਲਾਂ ਦਾ ਹੈ

ਇਹ ਸਾਲ 2007 ਹੈ ਅਤੇ ਸਮੀ ਦੇ ਪਿਤਾ ਦੀ ਮੌਤ ਹੋ ਗਈ ਹੈ।

ਪਰਿਵਾਰ ਵਿੱਚ ਉਨ੍ਹਾਂ ਦੇ ਪਿਤਾ ਹੀ ਕਮਾਉਂਦੇ ਸਨ, ਜਿਨ੍ਹਾਂ ਦੀ ਮੌਤ ਨਾਲ ਪਰਿਵਾਰ ਦੀ ਜਿਵੇਂ ਰੀੜ੍ਹ ਟੁੱਟ ਗਈ।

ਇਰਾਕ ਦੇ ਬੇਬੀਲੋਨ ਸੂਬੇ ਵਿੱਚ ਪਲੇ-ਵੱਡੇ ਹੋਏ ਸਮੀ ਦਾ ਬਚਪਨ ਬਹੁ ਸੌਖਾ ਬੀਤਿਆ ਪਰ ਪਿਤਾ ਦੀ ਮੌਤ ਤੋਂ ਪਰਿਵਾਰ ਦੀ ਜਿੰਮੇਵਾਰੀ ਸਮੀ ਦੇ ਮੋਢਿਆਂ 'ਤੇ ਆ ਗਈ।

ਸਮੀ ਨੂੰ ਸਥਾਨਕ ਬਾਜ਼ਾਰ ਵਿੱਚ ਨੌਕਰੀ ਮਿਲ ਗਈ। ਇੱਥੇ ਵੀ ਉਨ੍ਹਾਂ ਨਾਲ ਉਹੀ ਹੋਇਆ।

Image copyright Getty Images

ਦੁਕਾਨ ਦਾ ਮਾਲਕ ਸਮੀ ਦਾ ਕੁਝ ਜ਼ਿਆਦਾ ਹੀ ਧਿਆਨ ਰੱਖਦਾ ਸੀ। ਇਹ ਗੱਲ ਸਮੀ ਨੂੰ ਅਸੁਖਾਵੀਂ ਕਰ ਦਿੰਦੀ ਸੀ।

ਫਿਰ ਇੱਕ ਦਿਨ, ਜਦੋਂ ਉਹ ਇਕੱਲੇ ਸਨ ਤਾਂ ਦੁਕਾਨ ਦੇ ਮਾਲਕ ਨੇ ਉਸ ਨੂੰ ਚੁੰਮਣ ਦੀ ਕੋਸ਼ਿਸ਼ ਕੀਤੀ। ਸਮੀ ਘਬਰਾ ਗਿਆ ਅਤੇ ਨੇੜੇ ਹੀ ਪਿਆ ਇੱਕ ਜੱਗ ਉਨ੍ਹਾਂ ਨੇ ਮਾਲਕ ਦੇ ਸਿਰ ਵਿੱਚ ਦੇ ਮਾਰਿਆ।

ਸਮੀਂ ਨਹੀਂ ਜਾਣਦੇ ਕਿ ਦੁਕਾਨ ਦੇ ਮਾਲਕ ਨੇ ਬਾਹਰ ਜਾ ਕੇ ਭਾਈਚਾਰੇ ਵਿੱਚ ਕੀ ਕਿਹਾ ਪਰ ਇੱਕ ਸਾਲ ਤੱਕ ਉਸ ਨੂੰ ਦੂਸਰੀ ਨੌਕਰੀ ਨਹੀਂ ਮਿਲੀ।

ਸਮੀ ਹੁਣ 16 ਸਾਲ ਦਾ ਹੈ

ਸਮੀ ਦੀ ਮਾਂ ਅਤੇ ਭਾਈ-ਭੈਣ ਕਿਤੇ ਬਾਹਰ ਗਏ ਹੋਏ ਹਨ ਅਤੇ ਉਸ ਦੇ ਰਿਸ਼ਤੇਦਾਰ ਉਨ੍ਹਾਂ ਦੇ ਘਰ ਆ ਗਏ।

ਸਮੀ ਦੇ ਕੋਲ ਬੈਠੇ ਉਸ ਦੇ ਰਿਸ਼ਤੇਦਾਰ ਨੇ ਉਸ ਦਾ ਫੋਨ ਖੋਹ ਲਿਆ ਤੇ ਸਾਹਮਣੇ ਹੀ ਪੋਰਨੋਗ੍ਰਾਫਿਕ ਤਸਵੀਰਾਂ ਦੇਖਣ ਲੱਗਿਆ।

ਅਚਾਨਕ ਉਸ ਨੇ ਸਮੀ ਨੂੰ ਫੜ ਲਿਆ, ਕੁੱਟਿਆ ਤੇ ਬਲਾਤਕਾਰ ਕੀਤਾ।

ਇਹ ਹਿੰਸਕ ਹਮਲਾ ਸਮੀ ਲਈ ਬਹੁਤ ਦਰਦਨਾਕ ਸੀ। ਜੇ ਉਹ ਇਸ ਬਾਰੇ ਜ਼ਿਆਦਾ ਸੋਚਦਾ ਹੈ ਤਾਂ ਉਸ ਨੂੰ ਬੁਰੇ ਸੁਪਨੇ ਦਿਖਣ ਲੱਗ ਜਾਂਦੇ ਹਨ।

ਸਮੀ ਤੋਂ ਹੁਣ ਆਪਣੇ ਬਚਪਨ ਦੇ ਘਰ ਵਿੱਚ ਹੋਰ ਨਹੀਂ ਰਿਹਾ ਜਾ ਰਿਹਾ ਸੀ।

ਉਹ ਕਹਿੰਦਾ ਹੈ ਕਿ ਉਸ ਨੇ ਆਪਣੇ ਪਰਿਵਾਰ ਨੂੰ ਘਰ ਅਤੇ ਗੁਆਂਢ ਛੱਡਣ ਲਈ ਮਨ੍ਹਾ ਲਿਆ। ਸਮੀ ਨੇ ਆਪਣੇ ਰਿਸ਼ਤੇਦਾਰਾਂ ਤੇ ਗੁਆਂਢ ਦੇ ਦੋਸਤਾਂ ਨਾਲੋਂ ਵੀ ਸੰਬੰਧ ਖ਼ਤਮ ਕਰ ਲਏ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਬੀਬੀਸੀ ਦੀ ਅਰਬੀ ਸੇਵਾ ਨੇ ਅਰਬ ਬੈਰੋਮੀਟਰ ਖੋਜ ਸੰਸਥਾਨ ਦਾ ਸਰਵੇ

ਪਰਿਵਾਰ ਬਗ਼ਦਾਦ ਚਲਿਆ ਗਿਆ, ਇੱਥੇ ਸਾਰਿਆਂ ਨੂੰ ਕੰਮ ਵੀ ਮਿਲ ਗਿਆ।

ਉਸ ਹਮਲੇ ਦਾ ਸਦਮਾ ਸਮੀ ਨੂੰ ਲਗਾਤਾਰ ਸਤਾਉਂਦਾ ਰਿਹਾ ਅਤੇ ਉਹ ਰੁਮਾਨੀ ਰਿਸ਼ਤਿਆਂ ਤੋਂ ਸ਼ਰਮਾਉਂਦਾ ਰਿਹਾ।

ਹੌਲੀ-ਹੌਲੀ ਸਮੀ ਦੇ ਨਵੇਂ ਸ਼ਹਿਰ ਵਿੱਚ ਨਵੇਂ ਦੋਸਤ ਬਣੇ ਅਤੇ ਭਰੋਸਾ ਬੱਝਿਆ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਅਜਿਹਾ ਕੌੜਾ ਅਨੁਭਵ ਰੱਖਣ ਵਾਲੇ ਉਹ ਇਕੱਲਾ ਨਹੀਂ ਸੀ।

ਉਸ ਦੇ ਦੋਸਤਾਂ ਵਿੱਚ ਹੋਰ ਵੀ ਕੁਝ ਨੌਜਵਾਨ ਸਨ ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਵੀ ਅਜਿਹਾ ਜਿਨਸੀ ਸ਼ੋਸ਼ਣ ਹੋਇਆ ਹੈ।

ਸਰਵੇਖਣ ਤੋਂ ਕੀ ਜਾਣਕਾਰੀ ਹਾਸਲ ਹੋਈ?

ਬੀਬੀਸੀ ਨਿਊਜ਼ ਅਰਬ ਨੇ 10 ਦੇਸ਼ਾਂ ਅਤੇ ਫਲਸਤੀਨੀ ਖੇਤਰਾਂ ਵਿੱਚ ਇੱਕ ਸਰਵੇਖਣ ਕੀਤਾ ਤੇ ਪਾਇਆ ਕਿ ਇਨ੍ਹਾਂ ਵਿੱਚੋਂ ਦੋ ਦੇਸ਼ਾਂ— ਟਿਊਨੀਸ਼ੀਆ ਅਤੇ ਇਰਾਕ ਵਿੱਚ ਔਰਤਾਂ ਨਾਲੋਂ ਜ਼ਿਆਦਾ ਮਰਦਾਂ ਨੇ ਆਪਣੇ ਨਾਲ ਜਿਸਮਾਨੀ ਸ਼ੋਸ਼ਣ ਦੀ ਗੱਲ ਕੀਤੀ।

ਟਿਊਨੀਸ਼ੀਆ ਵਿੱਚ ਇਹ ਫਰਕ ਘੱਟ ਸੀ। ਉੱਥੇ ਇਹ ਸਿਰਫ਼ ਇੱਕ ਫ਼ੀਸਦੀ ਸੀ। ਜਦਕਿ ਇਰਾਕ ਵਿੱਚ ਇਹ ਬਹੁਤ ਜ਼ਿਆਦਾ ਸੀ। ਉੱਥੇ 39% ਮਰਦਾਂ ਨੇ ਕਿਹਾ ਕਿ ਉਨ੍ਹਾਂ ਨੇ 33% ਔਰਤਾਂ ਦੀ ਤੁਲਨਾ ਵਿੱਚ ਮੌਖਿਕ ਜਿਨਸੀ ਸ਼ੋਸ਼ਣ ਝੱਲਿਆ ਹੈ।

ਇਰਾਕ ਵਿੱਚ 20% ਮਰਦਾਂ ਨੇ ਕਿਹਾ ਕਿ ਉਨ੍ਹਾਂ ਨੇ ਜਿਨਸੀ ਸ਼ੋਸ਼ਣ ਝੱਲਿਆ ਹੈ, ਜਦਕਿ ਔਰਤਾਂ ਵਿੱਚ ਇਹ 17% ਹੀ ਸੀ।

ਕਈ ਇਰਾਕੀ ਮਰਦਾਂ ਨੇ ਆਪਣੇ ਨਾਲ ਘਰੇਲੂ ਹਿੰਸਾ ਹੋਣ ਦੀ ਗੱਲ ਵੀ ਦੱਸੀ।

ਇਹ ਹੈਰਾਨੀ ਪੈਦਾ ਕਰਨ ਵਾਲੇ ਨਤੀਜੇ ਹਨ ਕਿਉਂਕਿ ਔਰਤਾਂ ਦੇ ਅਧਿਕਾਰਾਂ ਦੇ ਮਾਮਲੇ ਵਿੱਚ ਇਰਾਕ ਦਾ ਮੰਦਾ ਹਾਲ ਹੈ। ਇਰਾਕੀ ਪੀਨਲ ਕੋਡ ਦੀ ਧਾਰਾ 41 ਮੁਤਾਬਕ ਪਤੀ ਵੱਲੋਂ ਪਤਨੀ ਨੂੰ ਕੁੱਟਣਾ ਗੈਰ-ਕਾਨੂੰਨੀ ਨਹੀਂ ਹੈ।

ਇਸ ਸਰਵੇਖਣ ਨੂੰ ਅੰਜਾਮ ਦੇਣ ਵਾਲੇ ਨੈਟਵਰਕ, ਅਰਬ ਬੈਰੋਮੀਟਰ ਨਾਲ ਜੁੜੀ ਇੱਕ ਰਿਸਰਚ ਐਸੋਸੀਏਟ ਡਾਕਟਰ ਕੈਥਰੀਨ ਥਾਮਸ ਦਾ ਕਹਿਣਾ ਹੈ ਕਿ ਸਾਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿੱਚ ਔਰਤਾਂ ਚੁੱਪ ਰਹਿਣਾ ਪੰਸਦ ਕਰਦੀਆਂ ਹਨ।

ਉਨ੍ਹਾਂ ਨੇ ਕਿਹਾ, "ਇੱਕ ਸੰਵੇਦਨਸ਼ੀਲ ਮਾਮਲੇ ਵਿੱਚ ਕੁਝ ਪੁੱਛਣਾ, ਜਿਵੇਂ ਸ਼ੋਸ਼ਣ ਬਾਰੇ, ਤਾਂ ਹੋ ਸਕਦਾ ਹੈ ਕਿ ਉਹ ਖੁੱਲ੍ਹ ਕੇ ਨਾ ਦੱਸਣ।"

ਉਨ੍ਹਾਂ ਨੇ ਕਿਹਾ, "ਕਈ ਵਾਰ ਔਰਤਾਂ ਆਪਣੇ ਨਾਲ ਹੋਏ ਸ਼ੋਸ਼ਣ ਬਾਰੇ ਦੱਸਦੀਆਂ ਨਹੀਂ। ਉਨ੍ਹਾਂ ਨੂੰ ਝਿਜਕ ਮਹਿਸੂਸ ਹੁੰਦੀ ਹੈ ਜਾਂ ਉਨ੍ਹਾਂ ਨੂੰ ਲਗਦਾ ਹੈ ਕਿ ਇਸ ਬਾਰੇ ਜੇ ਉਹ ਦੱਸਣਗੀਆਂ ਤਾਂ ਉਨ੍ਹਾਂ ਨੂੰ ਹੀ ਇਸ ਦਾ ਖਾਮਿਆਜ਼ਾ ਭੁਗਤਣਾ ਪਵੇਗਾ।"

ਇਹ ਵੀ ਪੜ੍ਹੋ:

"ਪੁਰਸ਼ਾਂ ਦੇ ਮੁਕਾਬਲੇ ਸ਼ਾਇਦ ਔਰਤਾਂ ਆਪਣੇ ਨਾਲੇ ਹੋਏ ਸ਼ੋਸ਼ਣ ਦੇ ਮਾਮਲੇ ਦਰਜ ਨਹੀਂ ਕਰਾਉਂਦੀਆਂ।"

ਹਿਊਮਨ ਰਾਈਟਸ ਵਾਚ ਦੇ ਸੀਨੀਅਰ ਰਿਸਰਚਰ ਬੇਲਿਕਸ ਵਿਲ ਇਸ ਬਾਰੇ ਸਹਿਮਤ ਹਨ

ਉਨ੍ਹਾਂ ਕਿਹਾ, "ਔਰਤਾਂ ਅਕਸਰ ਸਾਹਮਣੇ ਆ ਕੇ ਆਪਣੇ ਨਾਲ ਹੋਈ ਘਰੇਲੂ ਹਿੰਸਾ ਜਾਂ ਜਿਨਸੀ ਸ਼ੋਸ਼ਣ ਬਾਰੇ ਦੱਸਦੀਆਂ ਨਹੀਂ ਹਨ। ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੇ ਇਹ ਸ਼ਬਦ ਸੁਣੇ ਹੀ ਨਾ ਹੋਣ।"

ਇਰਾਕ ਦੇ ਹਸਪਤਾਲਾਂ ਵਿੱਚ ਸੁਰੱਖਿਆ ਦਸਤੇ ਹੁੰਦੇ ਹਨ, ਜੇ ਕੋਈ ਔਰਤ ਕਹੇ ਕਿ ਉਸ ਦਾ ਸ਼ੋਸ਼ਣ ਹੋਇਆ ਹੈ ਤਾਂ ਡਾਕਟਰਾਂ ਨੇ ਮਾਮਲਾ ਸੁਰੱਖਿਆ ਦਸਤਿਆਂ ਨੂੰ ਰਿਪੋਰਟ ਕਰਨਾ ਹੁੰਦਾ ਹੈ।

ਉਨ੍ਹਾਂ ਨੇ ਕਿਹਾ, "ਇਸ ਲਈ ਅਕਸਰ ਝੂਠ ਬੋਲਦੀਆਂ ਹਨ ਅਤੇ ਆਪਣੇ ਅਪਰਾਧੀ ਨੂੰ ਬਚਾਉਂਦੀਆਂ ਹਨ। ਖ਼ਾਸਕਰ ਜਦੋਂ ਉਹ ਇਨਸਾਨ ਕੋਈ ਪਛਾਨਣ ਵਾਲਾ ਹੋਵੇ। ਉਨ੍ਹਾਂ ਨੂੰ ਲਗਦਾ ਹੈ ਕਿ ਉਹ ਦੱਸਣਗੀਆਂ ਤਾਂ ਅਪਰਾਧਿਕ ਜਾਂਚ ਹੋਵੇਗੀ, ਜਿਸ ਨਾਲ ਸਜ਼ਾ ਹੋਣ ਦਾ ਖ਼ਤਰਾ ਹੋਵੇਗਾ।"

ਫੋਟੋ ਕੈਪਸ਼ਨ ਬਗਦਾਦ ਜਾਣ ਤੋਂ ਬਾਅਦ ਸਮੀ ਦੀ ਜ਼ਿੰਦਗੀ ਬੇਹਤਰ ਹੋਈ

ਨਹੀਂ ਮਿਲਦਾ ਇਨਸਾਫ਼

ਹਿਊਮਨ ਰਾਈਟਸ ਵਾਚ ਵੀ ਇਰਾਕ ਵਿੱਚ ਗੇ ਮਰਦਾਂ ਅਤੇ ਟਰਾਂਸ ਔਰਤਾਂ ਨਾਲ ਹੋਣ ਵਾਲੀ ਜਿਨਸੀ ਹਿੰਸਾ ਬਾਰੇ ਜਾਣਦੀ ਹੈ। ਹਾਲਾਂਕਿ ਇਹ ਮਾਮਲੇ ਵੀ ਅਕਸਰ ਪੁਲਿਸ ਕੋਲ ਦਰਜ ਨਹੀਂ ਕਰਾਏ ਜਾਂਦੇ।

ਇਰਾਕ ਵਿੱਚ ਸਮਲਿੰਗੀ ਲੋਕਾਂ ਲਈ ਕੰਮ ਕਰਨ ਵਾਲੀ ਇੱਕ ਸਵੀਡਨ ਅਧਿਕਾਰਿਤ ਐੱਨਜੀਓ, ਇਰਾਕੀਰ ਦੇ ਮੋਢੀ ਆਮਿਰ ਕਹਿੰਦੇ ਹਨ, "ਗੇ ਅਤੇ ਟਰਾਂਸ ਪੁਰਸ਼ ਇਰਾਕ ਵਿੱਚ ਲਗਾਤਾਰ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਹੁੰਦੇ ਹਨ। ਇਹ ਮਾਮਲੇ ਪੁਲਿਸ ਕੋਲ ਦਰਜ ਨਹੀਂ ਹੁੰਦੇ ਕਿਉਂਕਿ ਸਮਾਜਿਕ ਢਾਂਚਾ ਪੁਰਸ਼ਾਂ ਨੂੰ ਇਨ੍ਹਾਂ ਚੀਜ਼ਾਂ ਬਾਰੇ ਬੋਲਣ ਦੀ ਇਜਾਜ਼ਤ ਨਹੀਂ ਦਿੰਦੇ। ਉਹ ਇਸ ਲਈ ਵੀ ਰਿਪੋਰਟ ਦਰਜ ਨਹੀਂ ਕਰਦੇ ਕਿਉਂਕਿ ਲੋਕਾਂ ਨੂੰ ਪਤਾ ਚੱਲ ਜਾਵੇਗਾ ਕਿ ਉਹ ਗੇ ਹਨ, ਜਿਸ ਤੋਂ ਬਾਅਦ ਉਹ ਹੋਰ ਵਧੇਰੇ ਹਿੰਸਾ ਤੇ ਵਿਤਕਰੇ ਦੇ ਸ਼ਿਕਾਰ ਹੋਣਗੇ।"

ਸਮੀ ਦਾ ਵੀ ਮੰਨਣਾ ਹੈ ਕਿ ਪੁਰਸ਼ ਬਲਾਤਕਾਰ ਦੇ ਮਾਮਲੇ ਵਿੱਚ ਰਿਪੋਰਟ ਦਰਜ ਕਰਵਾਉਂਦਾ ਹੈ ਤਾਂ ਪੁਲਿਸ ਵਾਲੇ ਆਪ ਹੀ ਹਸਦੇ ਹਨ।"

ਬੀਬੀਸੀ ਪੋਲ

ਪੱਛਮੀਂ ਏਸ਼ੀਆ ਅਤੇ ਉੱਤਰੀ ਅਫ਼ਰੀਕਾ-ਅਲਜੀਰੀਆ, ਮਿਸਰ, ਇਰਾਕ, ਜਾਰਡਨ, ਕੁਵੈਤ, ਲਿਬਨਾਨ, ਮੋਰੱਕੋ, ਸੁਡਾਨ, ਟਿਊਨੇਸ਼ੀਆ, ਯਮਨ ਅਤੇ ਫਲਿਸਤੀਨੀ ਖੇਤਰ ਦੇ 25 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਸਵਾਲ ਪੁੱਛੇ ਗਏ।

ਜਿੰਨੇ ਦੇਸ਼ਾਂ ਵਿੱਚ ਜਿੰਨੇ ਲੋਕਾਂ ਨਾਲ ਇੰਟਰਵਿਊ ਕੀਤਾ ਗਿਆ ਅਤੇ ਜਿੰਨੇ ਸਵਾਲ ਪੁੱਛੇ ਗਏ, ਉਨ੍ਹਾਂ ਦੇ ਹਿਸਾਬ ਨਾਲ ਇਹ ਖੇਤਰ ਦਾ ਸਭ ਤੋਂ ਵੱਡਾ ਸਰਵੇਖਣ ਹੈ।

ਇਹ ਸਰਵੇਖਣ ਪ੍ਰਿੰਸਟਨ ਯੂਨੀਵਰਸਿਟੀ ਦੇ ਇੱਕ ਰਿਸਰਚ ਨੈਟਵਰਕ ਅਰਬ ਬੈਰੋਮੀਟਰ ਨੇ ਕੀਤਾ ਸੀ।

ਸਮੀ ਨੂੰ ਯਾਦ ਹੈ ਕਿ 13 ਸਾਲ ਦੀ ਉਮਰ ਵਿੱਚ ਜੋ ਕੁਝ ਉਸ ਨਾਲ ਹੋਇਆ ਸੀ, ਉਸ ਸਮੇਂ ਉਸ ਨੂੰ ਹੀ ਦੋਸ਼ੀ ਬਣਾ ਦਿੱਤਾ ਗਿਆ ਸੀ।

ਉਹ ਕਹਿੰਦਾ ਹੈ, "ਜੇ ਮੈਂ ਆਪਣੇ ਬਲਾਤਕਾਰ ਬਾਰੇ ਸ਼ਿਕਾਇਤ ਕਰਨ ਜਾਂਦਾਂ ਤਾਂ ਪੁਲਿਸ ਮੈਨੂੰ ਪੀੜਤ ਵਜੋਂ ਦੇਖਣ ਦੀ ਥਾਂ ਮੈਨੂੰ ਹੀ ਜੇਲ੍ਹ ਵਿੱਚ ਪਾ ਦਿੰਦੀ ਕਿਉਂਕਿ ਉਹ ਮੈਨੂੰ ਵੀ ਘਟਨਾ ਵਿੱਚ ਸ਼ਾਮਲ ਮੰਨ ਲੈਂਦੀ। ਇਸ ਨੂੰ ਸਮਲਿੰਗੀ ਵਿਹਾਰ ਵਜੋਂ ਦੇਖਿਆ ਜਾਂਦਾ- ਜੋ ਕਿ ਗੈਰ-ਕਾਨੂੰਨੀ ਹੈ।"

"ਕਾਨੂੰਨ ਮੇਰੇ ਨਾਲ ਹੈ ਪਰ ਕਾਨੂੰਨ ਲਾਗੂ ਕਰਨ ਵਾਲੇ ਨਹੀਂ।"

ਇਰਾਕੀ ਪੁਲਿਸ ਦੇ ਇੱਕ ਬੁਲਾਰੇ ਨੇ ਬਿਆਨ ਵਿੱਚ ਕਿਹਾ, "ਸਾਡੇ ਦਰਵਾਜ਼ੇ ਸਾਰੇ ਨਾਗਰਿਕਾਂ ਲਈ ਖੁੱਲ੍ਹੇ ਹਨ। ਪੀੜਤ ਦੇ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਉਣ ਤੋਂ ਬਾਅਦ ਜਿਨਸੀ ਸ਼ੋਸ਼ਣ ਕਰਨ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ।"

ਸਮੀ ਹੁਣ 21 ਸਾਲ ਦੇ ਹਨ

ਜ਼ਿੰਦਗੀ ਹੁਣ ਬਿਹਤਰ ਹੈ। ਉਨ੍ਹਾਂ ਨੇ ਬਗਦਾਦ ਵਿੱਚ ਰਹਿ ਕੇ ਵਧੀਆ ਲੱਗ ਰਿਹਾ ਹੈ। ਉਹ ਇੱਕ ਵੱਡੀ ਕੌਮਾਂਤਰੀ ਕੰਪਨੀ ਵਿੱਚ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਕਈ ਵਧੀਆ ਦੋਸਤ ਹਨ, ਜਿਨ੍ਹਾਂ ਨੂੰ ਸਮੀ ਦੇ ਅਤੀਤ ਬਾਰੇ ਪਤਾ ਹੈ।

ਉਨ੍ਹਾਂ ਨੂੰ ਉਮੀਦ ਹੈ ਕਿ ਬੀਬੀਸੀ ਨੂੰ ਆਪਣੀ ਕਹਾਣੀ ਦਸਣ ਨਾਲ ਉਹ ਦੂਸਰੇ ਮਰਦਾਂ ਨੂੰ ਉਤਸ਼ਾਹਿਤ ਕਰਨਗੇ, ਜਿਸ ਨਾਲ ਉਹ ਦੂਸਰੇ ਪੁਰਸ਼ਾਂ ਨੂੰ ਉਤਾਸ਼ਾਹਿਤ ਕਰਨਗੇ, ਜਿਸ ਨਾਲ ਉਹ ਆਪਣੇ ਅਨੁਭਵ ਬਾਰੇ ਗੱਲ ਕਰ ਸਕਣਗੇ।

ਹਾਲਾਂਕਿ ਆਪਣਾ ਬੀਤਿਆ ਹੋਇਆ ਸਮਾਂ ਕੋਈ ਬੰਦ ਹੋ ਚੁੱਕੀ ਕਿਤਾਬ ਨਹੀਂ ਹੁੰਦਾ। ਉਨ੍ਹਾਂ ਨੂੰ ਹਾਲੇ ਵੀ ਲਗਦਾ ਹੈ ਕਿ ਉਹ ਕਿਸੇ ਦੇ ਨਾਲ ਰਿਸ਼ਤੇ ਵਿੱਚ ਨਹੀਂ ਆ ਸਕਦੇ।

ਸ਼ਾਇਦ ਇੱਕ ਦਿਨ ਉਨ੍ਹਾਂ ਨੂੰ ਸਾਂਝੀਦਾਰ ਮਿਲ ਜਾਵੇਗਾ, ਉਹ ਕਹਿੰਦੇ ਹਨ— ਉਹ ਬਦਲੇ ਹਨ ਤਾਂ ਇਰਾਕੀ ਸਮਾਜ ਵੀ ਬਦਲਿਆ ਹੈ। ਉਹ ਕਹਿੰਦੇ ਹਨ ਕਿ ਜਦੋਂ 35 ਦੇ ਹੋ ਜਾਣਗੇ ਤਾਂ ਇਸ ਬਾਰੇ ਮੁੜ ਸੋਚਣਗੇ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ