ਆਪਣੇ ਹੀ ਬੱਚਿਆਂ ਦਾ ਕਤਲ ਕਰਨ ਵਾਲੀਆਂ ਮਾਵਾਂ

ਰੂਸ ਵਿੱਚ ਮਾਵਾਂ ਵੱਲੋਂ ਆਪਣੇ ਹੀ ਬੱਚਿਆਂ ਦਾ ਕਤਲ

ਰੂਸ 'ਚ ਹਰ ਸਾਲ ਦਰਜਨਾਂ ਹੀ ਮਾਵਾਂ ਵੱਲੋਂ ਆਪਣੇ ਹੀ ਬੱਚਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਜਿਹਾ ਕਰਨ ਵਾਲੀਆਂ ਮਾਵਾਂ 'ਚ ਘਰੇਲੂ ਕੰਮਕਾਜੀ ਅਤੇ ਸਫ਼ਲ ਕਾਰੋਬਾਰ ਪ੍ਰਬੰਧਕ ਔਰਤਾਂ ਹਨ, ਜਿੰਨ੍ਹਾਂ ਦੇ ਬਹੁਤ ਸਾਰੇ ਬੱਚੇ ਹੁੰਦੇ ਹਨ।

ਇਹ ਸਮੱਸਿਆ ਸਿਰਫ਼ ਇੱਕਲੇ ਰੂਸ ਦੀ ਹੀ ਨਹੀਂ ਹੈ। ਅਮਰੀਕੀ ਮਨੋਵਿਗੀਆਨੀਆਂ ਦਾ ਅੰਦਾਜ਼ਾ ਹੈ ਕਿ ਚਾਰ 'ਚੋਂ ਇੱਕ ਮਾਂ ਵੱਲੋਂ ਆਪਣੇ ਬੱਚੇ ਨੂੰ ਮਾਰਨ ਬਾਰੇ ਸੋਚਿਆ ਜਾਂਦਾ ਰਿਹਾ ਹੈ।

ਪਰ ਰੂਸ 'ਚ , ਹੋਰ ਮੁਲਕਾਂ ਦੀ ਤਰ੍ਹਾਂ ਹੀ ਇੱਥੇ ਵੀ ਰੀਤ ਹੈ ਕਿ ਤੁਹਾਨੂੰ ਹਰ ਹਾਲਤ 'ਚ ਆਪਣਾ ਗੁਜ਼ਾਰਾ ਕਰਨਾ ਆਉਣਾ ਚਾਹੀਦਾ ਹੈ ਅਤੇ ਮਾਨਸਿਕ ਸਿਹਤ ਮਸਲਿਆਂ ਬਾਰੇ ਗੱਲ ਕਰਨੀ ਜ਼ਰੂਰੀ ਨਹੀਂ ਹੈ। ਤੁਹਾਨੂੰ ਤਾਂ ਸਿਰਫ ਜ਼ਿੰਦਗੀ ਨੂੰ ਕੱਟਣਾ ਆਉਣਾ ਚਾਹੀਦਾ ਹੈ।

ਇਹ ਸਾਰੀਆਂ ਕਹਾਣੀਆਂ ਦੱਸਦੀਆਂ ਹਨ ਕਿ ਨਾ ਜਨਮ ਤੋਂ ਬਾਅਦ ਦੇ ਤਣਾਅ ਦੀ ਪਛਾਣ ਨਹੀਂ ਹੁੰਦੀ ਹੈ ਅਤੇ ਨਾ ਹੀ ਸਮੇਂ ਸਿਰ ਇਸ ਦਾ ਇਲਾਜ।

ਇੱਥੋਂ ਤੱਕ ਕਿ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਵੀ ਨਹੀਂ ਪਤਾ ਲਗਦਾ ਕਿ ਇਹ ਹੋ ਕੀ ਗਿਆ ਹੈ ਅਤੇ ਜਦੋਂ ਤੱਕ ਇਸ ਤਣਾਅ ਦੀ ਭਣਕ ਲਗਦੀ ਹੈ ਉਦੋਂ ਤੱਕ ਦਰਦਨਾਕ ਘਟਨਾ ਨੂੰ ਅੰਜਾਮ ਦਿੱਤਾ ਜਾ ਚੁੱਕਿਆ ਹੁੰਦਾ ਹੈ।

ਇਹ ਵੀ ਪੜ੍ਹੋ:

ਵਹਿਮ- ਭਰਮ

ਬੀਬੀਸੀ ਰੂਸ ਦੀਆਂ ਪੱਤਰਕਾਰਾਂ ਓਲੇਸੀਆ ਗ੍ਰੇਸੀਮੇਂਕੋ ਅਤੇ ਸਵੈਤਲਾਨਾ ਰੇਟਰ ਨੇ ਰੂਸ 'ਚ ਔਰਤਾਂ ਨਾਲ ਇਸ ਸਬੰਧੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਕਿ ਕਿਉਂ ਮਾਵਾਂ ਵੱਲੋਂ ਆਪਣੇ ਹੀ ਬੱਚਿਆਂ ਦੇ ਖ਼ੂਨ ਨਾਲ ਹੱਥ ਰੰਗੇ ਜਾਂਦੇ ਹਨ।

ਉਨ੍ਹਾਂ ਦੀ ਜਾਂਚ ਤੋਂ ਪਤਾ ਲੱਗਿਆ ਕਿ ਕਿਵੇਂ ਮਾਂਵਾਂ ਸਬੰਧੀ ਪੁਰਾਣੇ ਸਮੇਂ ਤੋਂ ਚੱਲੀਆਂ ਆ ਰਹੀਆਂ ਮਿੱਥਾਂ ਨੂੰ ਖ਼ਤਮ ਕਰਨ ਦੀ ਲੋੜ ਹੈ ਅਤੇ ਇਸ ਦੇ ਨਾਲ ਹੀ ਜੋ ਵਹਿਮ-ਭਰਮ ਸਾਡੇ ਦਿਲੋ ਦਿਮਾਗ 'ਚ ਘਰ ਕਰ ਗਏ ਹਨ, ਉਨ੍ਹਾਂ ਨੂੰ ਬਾਹਰ ਕੱਢਣ ਦੀ ਲੋੜ ਹੀ ਅਸਲ 'ਚ ਸਮੇਂ ਦੀ ਮੰਗ ਹੈ। ਇਸ ਤਣਾਅ ਸਬੰਧੀ ਖੁੱਲ੍ਹ ਕੇ ਗੱਲ ਕਰਨ ਦੀ ਲੋੜ ਹੈ ਤਾਂ ਜੋ ਬੱਚਿਆਂ ਦੇ ਹੋ ਰਹੇ ਕਤਲ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

ਅਲੀਓਨਾ

ਅਲੀਓਨਾ, ਜੋ ਕਿ ਇੱਕ ਅਰਥਸ਼ਾਸਤਰੀ ਹੈ , ਆਪਣੇ ਪਤੀ ਪਿਓਟਰ ਨਾਲ ਆਪਣੀ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਬਿਤਾ ਰਹੀ ਸੀ ਅਤੇ ਇੱਕ ਬੱਚੇ ਲਈ ਉਤਸੁਕ ਸੀ।

ਉਨ੍ਹਾਂ ਨੇ ਬੱਚੇ ਦੇ ਕੱਪੜੇ, ਖਿਡੌਣੇ ਅਤੇ ਬਹੁਤ ਕੁੱਝ ਖਰੀਦਿਆ ਹੋਇਆ ਸੀ। ਅਲੀਓਨਾ ਨੇ ਸਿਹਤਮੰਦ ਬੱਚੇ ਲਈ ਕੁੱਝ ਖਾਸ ਕਲਾਸਾਂ ਵੀ ਲਈਆਂ।

ਪਰ ਕਿਸੇ ਨੇ ਵੀ ਮਾਂ ਬਣਨ ਤੋਂ ਬਾਅਦ ਆਉਣ ਵਾਲੀਆਂ ਮਨੋਵਿਗਿਆਨਕ ਸਮੱਸਿਆਵਾਂ ਬਾਰੇ ਉਸ ਨਾਲ ਜ਼ਿਕਰ ਨਾ ਕੀਤਾ।

ਬੱਚੇ ਦੇ ਜਨਮ ਤੋਂ ਬਾਅਦ ਅਲੀਓਨਾ ਇਨਸੋਮਾਨੀਆ ਭਾਵ ਉਨੀਂਦਰੇ ਦਾ ਸ਼ਿਕਾਰ ਹੋ ਗਈ ਅਤੇ ਉਸ ਨੇ ਕਿਹਾ ਕਿ ਉਹ ਇਸ ਸਥਿਤੀ ਨੂੰ ਸਵੀਕਾਰ ਨਹੀਂ ਕਰ ਸਕਦੀ ਹੈ।

ਅਤੀਤ 'ਚ ਉਸ ਨੇ ਜੋ ਮਾਨਸਿਕ ਤਣਾਅ ਝੱਲਿਆ ਉਸ ਕਰਕੇ ਮਨੋਵਿਗਿਆਨੀ ਡਾਕਟਰ ਵੱਲੋਂ ਉਸ ਨੂੰ ਕੁਝ ਦਵਾਈਆਂ ਦਿੱਤੀਆਂ ਗਈਆਂ, ਜਿਸ ਨਾਲ ਕਿ ਅਲੀਓਨਾ ਦੀ ਸਥਿਤੀ 'ਚ ਕੁਝ ਸੁਧਾਰ ਹੋਇਆ।

ਇੱਕ ਦਿਨ ਉਸ ਦਾ ਪਤੀ ਜਦੋਂ ਘਰ ਆਇਆ ਤਾਂ ਉਸ ਨੇ ਵੇਖਿਆ ਕਿ ਉਸ ਦਾ 7 ਮਹੀਨਿਆਂ ਦਾ ਬੱਚਾ ਨਹਾਉਣ ਵਾਲੇ ਟੱਬ 'ਚ ਮਰਿਆ ਪਿਆ ਸੀ। ਬੱਚੇ ਨੂੰ ਡੋਬਣ ਤੋਂ ਬਾਅਦ ਅਲੀਓਨਾ ਨੇ ਵੋਡਕਾ ਪੀਤੀ ਅਤੇ ਖੁਦ ਨੂੰ ਵੀ ਡੋਬ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਉਹ ਆਪਣੇ ਹੋਸ਼-ਓ-ਹਾਵਾਸ ਖੋ ਬੈਠੀ।

ਹੁਣ ਅਲੀਓਨਾ 'ਤੇ ਮੁਕੱਦਮਾ ਚੱਲ ਰਿਹਾ ਹੈ। ਆਪਣੇ ਬੱਚੇ ਦੀ ਮੌਤ ਤੋਂ ਬਾਅਦ ਟੁੱਟ ਚੁੱਕਿਆ ਪਿਓਟਰ ਹਰ ਸੁਣਵਾਈ ਭੁਗਤਦਾ ਹੈ ਅਤੇ ਅਲੀਓਨਾ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਦਾ ਹੈ।

ਉਸ ਨੇ ਕਿਹਾ ਕਿ ਇਸ ਸਾਰੀ ਸਥਿਤੀ ਨੂੰ ਟਾਲਿਆ ਜਾ ਸਕਦਾ ਸੀ, ਜੇਕਰ ਕਿਸੇ ਇੱਕ ਨੇ ਵੀ ਬੱਚੇ ਦੇ ਜਨਮ ਤੋਂ ਬਾਅਦ ਮਾਂ ਲਈ ਮਾਨਸਿਕ ਤਣਾਅ ਸਬੰਧੀ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੁੰਦਾ।

ਉਹ ਕਹਿੰਦਾ ਹੈ, " ਅਲੀਓਨਾ ਦਾ ਕੋਈ ਬੁਰਾ ਇਰਾਦਾ ਨਹੀਂ ਸੀ। ਉਹ ਤਾਂ ਸਿਰਫ਼ ਮਾਨਸਿਕ ਦਬਾਅ ਦਾ ਸ਼ਿਕਾਰ ਹੋ ਗਈ।"

"ਜੇ ਉਸ ਦਾ ਉੱਚਿਤ ਸਮੇਂ 'ਤੇ ਸਹੀ ਡਾਕਟਰ ਤੋਂ ਇਲਾਜ ਹੋ ਜਾਂਦਾ ਜਾਂ ਮੈਂ ਹੀ ਉਸ ਨੂੰ ਹਸਪਤਾਲ ਲੈ ਜਾਂਦਾ ਤਾਂ ਇਹ ਸਭ ਨਹੀਂ ਸੀ ਵਾਪਰਨਾ।"

ਰੂਸ ਦੀ ਅਪਰਾਧੀਆਂ ਦੀ ਰਿਪੋਰਟ 'ਚ 80 ਫ਼ੀਸਦ ਔਰਤਾਂ ਉਹ ਹਨ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਮਾਰਨ ਤੋਂ ਪਹਿਲਾਂ ਸਿਰ ਦਰਦ, ਉਨੀਂਦਰੇ, ਅਨਿਯਮਿਤ ਮਹਾਵਾਰੀ ਦੀਆਂ ਸਮੱਸਿਆ ਲਈ ਡਾਕਟਰ ਤੱਕ ਪਹੁੰਚ ਕੀਤੀ ਸੀ ਪਰ ਉਨ੍ਹਾਂ ਦੀ ਸਥਿਤੀ ਨੂੰ ਅਣਗੋਲਿਆ ਕੀਤਾ ਗਿਆ।

ਉਹ ਕੌਣ ਹਨ?

ਰੂਸ ਦੇ ਕਾਨੂੰਨ ਤਹਿਤ ਸਮਾਜਿਕ ਸ਼ਰਮ 'ਤੇ ਆਧਾਰਿਤ ਅਪਰਾਧ ਨੂੰ ਫਿਲੀਸਿਡ ਕਿਹਾ ਜਾਂਦਾ ਹੈ, ਜਿਸ 'ਚ ਮਾਵਾਂ ਵੱਲੋਂ ਹੀ ਆਪਣੇ ਬੱਚਿਆਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ।

ਇਸ 'ਚ ਨੈਨੋਸਾਈਡ ਵੀ ਹਨ, ਜਦੋਂ ਉਨ੍ਹਾਂ ਵੱਲੋਂ ਨਵ-ਜੰਮੇ ਬੱਚੇ ਨੂੰ ਮਾਰ ਦਿੱਤਾ ਜਾਂਦਾ ਹੈ ਅਤੇ 2 ਸਾਲ ਤੋਂ ਘੱਟ ਉਮਰ ਦੇ ਬੱਚੇ ਦਾ ਕਤਲ ਕੀਤਾ ਜਾਂਦਾ ਹੈ।

ਸਾਲ 2018 'ਚ ਰੂਸ 'ਚ ਅਜਿਹੇ 33 ਮਾਮਲੇ ਵੇਖੇ ਗਏ।

ਕੁਝ ਅਪਰਾਧਕ ਮਾਮਲਿਆਂ ਦੇ ਮਾਹਿਰਾਂ ਦਾ ਅੰਦਾਜ਼ਾ ਹੈ ਕਿ ਇਸ ਤੋਂ ਅੱਠ ਗੁਣਾ ਮਾਮਲੇ ਅਜਿਹੇ ਹਨ, ਜੋ ਕਿ ਅਦਾਲਤ ਤੱਕ ਪਹੁੰਚ ਹੀ ਨਹੀਂ ਪਾਉਂਦੇ।

ਮਾਸਕੋ ਦੀ ਮਨੋਰੋਗ ਸਰਬਸਕਾਈ ਸੰਸਥਾ 'ਚ ਮੋਹਰੀ ਖੋਜਕਾਰ ਮਰਗਰੀਟਾ ਨੇ ਦੱਸਿਆ ਕਿ ਸਾਡੇ ਇੱਥੇ ਔਰਤਾਂ ਦੇ ਵਾਰਡ 'ਚ ਤਿੰਨ ਜਾਂ ਚਾਰ ਅਜਿਹੀਆਂ ਔਰਤਾਂ ਹੁੰਦੀਆਂ ਹਨ ਜਿਨ੍ਹਾਂ ਨੇ ਆਪਣੇ ਹੀ ਬੱਚਿਆਂ ਨੂੰ ਮਾਰਿਆ ਹੁੰਦਾ ਹੈ।

ਇੱਕ ਅਕਾਊਂਟੈਂਟ, ਇੱਕ ਅਧਿਆਪਕ, ਬੇਰੁਜ਼ਗਾਰ ਔਰਤ, ਇੱਕ ਸਮਾਜਿਕ ਭਲਾਈ ਸਲਾਹਕਾਰ , ਇੱਕ ਕਾਰੋਬਾਰੀ ਮਹਿਲਾ ਅਜਿਹੀਆਂ ਕਈ ਮਹਿਲਾਵਾਂ ਹਨ, ਜਿਨ੍ਹਾਂ ਦੀਆਂ ਕਹਾਣੀਆਂ ਬਾਰੇ ਬੀਬੀਸੀ ਰੂਸ ਵੱਲੋਂ ਜਾਂਚ ਕੀਤੀ ਗਈ। ਇਸ ਪੂਰੀ ਪ੍ਰਕਿਰਿਆ 'ਚ ਪਾਇਆ ਗਿਆ ਕਿ ਇਨ੍ਹਾਂ ਸਾਰੇ ਹਾਦਸਿਆਂ ਦੀ ਸਥਿਤੀ ਵੱਖ ਸੀ।

ਇਸ ਤੋਂ ਇਲਾਵਾ ਕੁਝ ਅਜਿਹੀਆਂ ਔਰਤਾਂ ਵੀ ਸਨ , ਜਿਨ੍ਹਾਂ ਦੇ ਪਤੀ ਸਨ, ਘਰ-ਬਾਰ ਸੀ, ਨੌਕਰੀ ਵੀ ਸੀ ਅਤੇ ਉਨ੍ਹਾਂ ਨੂੰ ਕਿਸੇ ਵੀ ਨਸ਼ੇ ਦੀ ਲੱਤ ਨਹੀਂ ਸੀ, ਪਰ ਫਿਰ ਵੀ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਡਾਕਟਰ ਇਸ ਗੱਲ ਤੋਂ ਜਾਣੂ ਹੁੰਦੇ ਹਨ ਕਿ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਔਰਤਾਂ ਦੀ ਮਾਨਸਿਕ ਸਥਿਤੀ 'ਚ ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਅ ਆਉਂਦੇ ਹਨ।

ਔਰਤਾਂ 'ਚ ਇਹ ਸਥਿਤੀ ਲੰਮੇ ਸਮੇਂ ਤੋਂ ਚੱਲਦੀ ਹੋ ਸਕਦੀ ਹੈ ਪਰ ਇਸ ਨੂੰ ਜਾਣਨਾ ਕਈ ਵਾਰ ਮੁਸ਼ਕਿਲ ਹੋ ਜਾਂਦਾ ਹੈ। ਗਰਭ ਅਵਸਥਾ, ਬੱਚੇ ਦੇ ਜਨਮ ਅਤੇ ਮਾਹਵਾਰੀ ਦੇ ਰੁਕਣ ਸਮੇਂ ਅਜਿਹੀ ਸਥਿਤੀ ਨੂੰ ਭਾਪਿਆਂ ਜਾ ਸਕਦਾ ਹੈ।

ਇਹ ਵੀ ਪੜ੍ਹੋ:

" ਵੇਖੋ ਮੈਂ ਆਪਣੇ ਬੱਚੇ ਨੂੰ ਇਸ ਤਰ੍ਹਾਂ ਮਾਰਿਆ"

38 ਸਾਲਾ ਆਨਾ, ਜੋ ਕਿ ਇਕ ਅਧਿਆਪਕ ਹੈ। ਉਸ ਦੇ ਦੋ ਬੇਟੇ 18 ਅਤੇ 10 ਸਾਲ ਦੇ ਹਨ। ਆਹਨਾ ਇੱਕ ਧੀ ਦੀ ਉਡੀਕ 'ਚ ਸੀ।

ਪਰ 7 ਜੁਲਾਈ, 2018 ਨੂੰ ਆਹਨਾ ਨੇ ਖੁਦ ਐਂਬੂਲੈਂਸ ਨੂੰ ਫੋਨ ਕੀਤਾ। ਉਸ ਦੀ ਸਥਿਤੀ ਬਹੁਤ ਖ਼ਰਾਬ ਸੀ। ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਉਸ ਨੇ ਬਹੁਤ ਪੀੜ ਸਹੀ ਅਤੇ ਸਥਿਤੀ ਵਿਗੜਦੀ ਜਾ ਰਹੀ ਸੀ।

ਆਹਨਾ ਨੂੰ ਲੱਗ ਰਿਹਾ ਸੀ ਕਿ ਉਹ ਸਥਿਤੀ ਨੂੰ ਸੰਭਾਲ ਨਹੀਂ ਸਕੇਗੀ ਪਰ ਡਾਕਟਰ ਨੇ ਉਸ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ। ਜਦੋਂ ਉਸ ਦਾ ਪਤੀ ਮਾਸਕੋ ਵਿਖੇ ਕਿਸੇ ਕੰਮ ਲਈ ਗਿਆ ਤਾਂ ਆਹਨਾ ਨੇ ਆਪਣੇ ਬੱਚਿਆਂ ਨੂੰ ਆਪਣੀ ਕਿਸੇ ਦੋਸਤ ਦੇ ਘਰ ਇਹ ਕਹਿ ਕੇ ਛੱਡ ਦਿੱਤਾ ਕਿ ਉਹ ਬੈੱਡ ਖਰੀਦਣ ਜਾ ਰਹੀ ਹੈ।

ਪਰ ਆਹਨਾ ਆਪਣੀ ਮਾਂ ਦੀ ਕਬਰ 'ਤੇ ਗਈ ਸੀ। ਅਗਲੇ ਦਿਨ ਆਹਨਾ ਨੰਗੇ ਪੈਰੀ ਆਪਣੇ ਬੱਚੇ ਨੂੰ ਲੈ ਕੇ ਜਾ ਰਹੀ ਸੀ। ਜਦੋਂ ਇੱਕ ਪੁਲਿਸ ਅਧਿਕਾਰੀ ਨੇ ਪੁੱਛਿਆ ਕਿ ਉਹ ਇਸ ਹਾਲਤ 'ਚ ਕਿੱਥੇ ਜਾ ਰਹੀ ਹੈ ਤਾਂ ਉਹ ਕੁਝ ਵੀ ਕਹਿਣ 'ਚ ਅਸਮਰੱਥ ਸੀ।

ਉਸ ਦੀ ਸੱਸ ਉਸ ਨੂੰ ਘਰ ਲੈ ਗਈ। ਅਦਾਲਤ ਮੁਤਾਬਕ ਆਹਨਾ ਨੇ ਆਪਣੇ ਬੱਚੇ ਨੂੰ ਸਿਰਹਾਣੇ ਨਾਲ ਸਾਹ ਘੁੱਟ ਕੇ ਮਾਰ ਦਿੱਤਾ ਸੀ।

7 ਜੁਲਾਈ ਨੂੰ ਜਦੋਂ ਐਂਬੂਲੈਂਸ ਆਈ ਤਾਂ ਆਹਨਾ ਨੇ ਡਾਕਟਰ ਨੂੰ ਕਿਹਾ ਕਿ ਵੇਖੋ , ਮੈਂ ਇਸ ਤਰ੍ਹਾਂ ਆਪਣੇ ਬੱਚੇ ਨੂੰ ਮਾਰਿਆ ਹੈ।"

ਫੌਰੀ ਡਾਕਟਰੀ ਇਲਾਜ ਨਾਲ ਬੱਚਾ ਬਚ ਗਿਆ ਅਤੇ ਆਹਨਾ ਨੂੰ ਵੀ ਹਸਪਤਾਲ 'ਚ ਭਰਤੀ ਕੀਤਾ ਗਿਆ। ਉਹ ਸਾਈਜ਼ੋਫਰੀਨੀਆ ਦੀ ਸ਼ਿਕਾਰ ਪਾਈ ਗਈ।

ਡਾ. ਕਾਛੇਵਾ ਨੇ ਦੱਸਿਆ, " ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਇਹ ਪੂਰੀ ਤਰ੍ਹਾਂ ਨਾਲ ਪਾਗਲ ਨਹੀਂ ਹੈ। ਇੱਕ ਔਰਤ ਜੋ ਕਿ ਮਾਨਸਿਕ ਤੌਰ 'ਤੇ ਬੀਮਾਰ ਹੈ, ਉਸ ਨੇ ਆਪਣੇ ਬੱਚੇ ਨੂੰ ਮਾਰ ਦਿੱਤਾ, ਉਹ ਇਸ ਦਰਦਨਾਕ ਹਾਦਸੇ ਤੋਂ ਪਹਿਲਾਂ ਬਹੁਤ ਹੀ ਆਮ ਜੀਵਨ ਬਤੀਤ ਕਰ ਰਹੀ ਸੀ।"

"ਹਾਏ ਮੇਰਿਆ ਰੱਬਾ, ਮੈਂ ਇਹ ਕੀ ਕਰ ਦਿੱਤਾ? ਡਾਕਟਰ ਹੁਣ ਮੈਂ ਕਿਵੇਂ ਜੀਅ ਸਕਦੀ ਹਾਂ?

21 ਸਾਲਾ ਅਰੀਨਾ ਨੇ ਹੱਥਾਂ 'ਚ ਆਪਣੇ ਛੋਟੇ ਬੱਚੇ ਦੇ ਨਾਲ 9ਵੀਂ ਮੰਜਿਲ ਤੋਂ ਛਾਲ ਮਾਰ ਦਿੱਤੀ ਸੀ।

ਅਰੀਨਾ ਦੇ ਜਦੋਂ ਬੱਚਾ ਹੋਇਆ, ਉਸ ਸਮੇਂ ਉਸ ਦਾ ਪਤੀ ਫੌਜ ਦੀ ਡਿਊਟੀ 'ਤੇ ਸੀ। ਫਿਰ ਜਦੋਂ ਉਹ ਘਰ ਪਰਤਿਆ ਤਾਂ ਉਸ ਦਾ ਅਰੀਨਾ ਨਾਲ ਵਿਹਾਰ ਚੰਗਾ ਨਹੀਂ ਸੀ, ਕਿਉਂਕਿ ਅਰੀਨਾ ਬਹੁਤ ਹੀ ਉਦਾਸ ਰਹਿੰਦੀ ਸੀ।

ਅਰੀਨਾ ਇੱਕ ਸਾਲ ਤੱਕ ਆਪਣੇ ਮਾਪਿਆਂ ਨਾਲ ਰਹੀ। ਖੁਦਕੁਸ਼ੀ ਕਰਨ ਤੋਂ ਇੱਕ ਦਿਨ ਪਹਿਲਾਂ, ਉਸ ਨੇ ਪੁਲਿਸ ਨੂੰ ਕਿਹਾ ਕਿ ਉਸ ਦਾ ਪਤੀ ਇੱਕ ਤਿੱਖੇ ਚਾਕੂ ਨਾਲ ਉਸ ਨੂੰ ਮਾਰਨਾ ਚਾਹੁੰਦਾ ਹੈ।

ਇਹ ਤਾਂ ਪ੍ਰਮਾਤਾਮਾ ਦਾ ਸ਼ੁਕਰ ਹੈ ਕਿ ਮਾਂ ਅਤੇ ਬੱਚਾ ਦੋਵੇਂ ਹੀ ਬਚ ਗਏ। ਅਰੀਨਾ ਨੂੰ ਹਸਪਤਾਲ ਤੋਂ ਬਾਅਦ ਪੁਲਿਸ ਹਿਰਾਸਤ 'ਚ ਰੱਖਿਆ ਗਿਆ।

ਮਨੋਵਿਗਿਅਨਕ ਡਾਕਟਰ ਨੇ ਅਰੀਨਾ ਨੂੰ ਸਾਈਜ਼ੋਫਰੀਨੀਆ ਦਾ ਸ਼ਿਕਾਰ ਦੱਸਿਆ।

ਸਾਈਜ਼ੋਫਰੀਨੀਆ ਅਤੇ ਮਾਨਸਿਕ ਤਣਾਅ ਝੱਲ ਰਹੀਆਂ ਮਾਵਾਂ ਕੋਲ ਆਪਣੇ ਹੀ ਬੱਚਿਆਂ ਨੂੰ ਮਾਰਨ ਦੇ ਕਾਰਨ ਕਿਸੇ ਹੱਦ ਤੱਕ ਇੱਕੋ ਜਿਹੇ ਹੀ ਹੁੰਦੇ ਹਨ।

" ਮੈਂ ਬਹੁਤ ਹੀ ਬੁਰੀ ਮਾਂ ਹਾਂ। ਇਹ ਦੁਨੀਆਂ ਵੀ ਬਹੁਤ ਖ਼ਰਾਬ ਹੈ। ਇਸ ਲਈ ਬੱਚੇ ਦਾ ਇਸ ਦੁਨੀਆ 'ਤੇ ਰਹਿਣਾ ਚੰਗਾ ਨਹੀਂ ਹੈ।"

ਡਾ. ਕਾਛੇਵਾ ਦਾ ਕਹਿਣਾ ਹੈ ਕਿ ਜੁਰਮ ਕਰਨ ਤੋਂ ਬਾਅਦ ਉਹ ਕਦੇ ਵੀ ਆਰਾਮ ਮਹਿਸੂਸ ਨਹੀਂ ਕਰ ਸਕਦੇ ਅਤੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ।"

ਉਨ੍ਹਾਂ ਦੱਸਿਆ ਕਿ ਅਕਸਰ ਹੀ ਉਸ ਦੀ ਸੰਸਥਾ 'ਚ ਉਨ੍ਹਾਂ ਔਰਤਾਂ ਨੂੰ ਲਿਆਂਦਾ ਜਾਂਦਾ ਹੈ ਜਿਨ੍ਹਾਂ ਦੇ ਪਰਿਵਾਰ 'ਚ ਕਿਸੇ ਨੇ ਉਨ੍ਹਾਂ ਦੀ ਸਥਿਤੀ 'ਚ ਦਖ਼ਲ ਦਿੱਤਾ ਹੈ। ਇਕ ਵਾਰ ਜਦੋਂ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ ਤਾਂ 6 ਮਹੀਨੇ ਕਾਫ਼ੀ ਹੁੰਦੇ ਹਨ ਤੰਦਰੁਸਤ ਹੋਣ ਲਈ।

ਅਮਰੀਕਾ ਦੀ ਤਰਜ 'ਤੇ ਹੀ ਰੂਸ 'ਚ ਵੀ ਅਦਾਲਤਾਂ ਹੀ ਤੈਅ ਕਰਦੀਆਂ ਹਨ ਕਿ ਆਪਣੇ ਹੀ ਬੱਚਿਆਂ ਦੀ ਹਥਿਆਰਣਾਂ ਬਣਨ ਵਾਲੀਆਂ ਮਾਵਾਂ ਨੂੰ ਕੀ ਸਜ਼ਾ ਦਿੱਤੀ ਜਾਵੇ।

ਜੇਕਰ ਜਾਂਚ ਮਨੋਵਿਗਿਆਨਕਾਂ ਨੂੰ ਲਗਦਾ ਹੈ ਕਿ ਮਹਿਲਾ ਪਾਗਲ ਨਹੀਂ ਹੈ ਤਾਂ ਉਸ ਨੂੰ ਲੰਮੇ ਸਮੇਂ ਲਈ ਜੇਲ੍ਹ 'ਚ ਪਾ ਦਿੱਤਾ ਜਾਂਦਾ ਹੈ।

ਬਹੁਤ ਸਾਰੀਆਂ ਔਰਤਾਂ ਨੂੰ ਤਾਂ ਬੱਚਿਆਂ ਵਾਂਗ ਝਿੜਕਿਆ ਵੀ ਜਾਂਦਾ ਹੈ।

ਰੂਸ ਦੇ ਫੋਰੈਂਸਿਕ ਮਨੋ ਵਿਗਿਆਨੀਆਂ ਵੱਲੋਂ ਕੀਤੀ ਖੋਜ 'ਚ ਵੇਖਿਆ ਗਿਆ ਹੈ ਕਿ ਆਪਣੇ ਬੱਚਿਆਂ ਨੂੰ ਮਾਰਨ ਵਾਲੀਆਂ ਮਾਵਾਂ 'ਚੋਂ 80 ਫ਼ੀਸਦ ਗਰੀਬ ਪਰਿਵਾਰਾਂ ਦੀਆਂ ਹਨ ਅਤੇ 85% ਔਰਤਾਂ ਦੀ ਵਿਆਹੁਤਾ ਜ਼ਿੰਦਗੀ ਝਗੜਿਆਂ ਦਾ ਘਰ ਬਣੀ ਹੋਈ ਹੈ।

ਖੋਜਕਾਰਾਂ ਨੇ ਨੌਜਵਾਨ ਕੁੜੀਆਂ 'ਚ ਝੂਠ, ਮਨਮੁਟਾਵ, ਝਗੜੇ, ਨਾਰਾਜ਼ਗੀ ਅਤੇ ਸ਼ਰਾਬੀ ਹੋਣ ਦੀ ਆਦਤ ਅਤੇ ਬਾਅਦ 'ਚ ਉਨ੍ਹਾਂ ਦੇ ਵਿਆਹੁਤਾ ਜੀਵਨ 'ਚ ਇਸ ਦੇ ਪ੍ਰਭਾਵ ਨਾਲ ਸਬੰਧ ਜੋੜਿਆ ਹੈ ।

ਮਾਪਿਆਂ ਨਾਲ ਸੁਖਾਲੇ ਸਬੰਧ ਨਾ ਹੋਣਾ ਵੀ ਬੱਚੇ ਪ੍ਰਤੀ ਗੁੱਸੇ ਦਾ ਕਾਰਨ ਬਣ ਸਕਦਾ ਹੈ।

ਇਸ ਤੋਂ ਇਲਾਵਾ ਘਰੇਲੂ ਹਿੰਸਾ ਵੀ ਅਜਿਹੇ ਅਪਰਾਧਾਂ ਦੀ ਜੜ੍ਹ ਹੋ ਸਕਦੀ ਹੈ। ਇਨ੍ਹਾਂ 'ਚੋਂ ਵਧੇਰੇ ਔਰਤਾਂ ਨਾਲ ਮਾੜਾ ਵਿਹਾਰ ਹੋਇਆ ਹੁੰਦਾ ਹੈ, ਭਾਵੇਂ ਉਹ ਜਜ਼ਬਾਤੀ ਹੋਵੇ ਜਾਂ ਫਿਰ ਜਿਨਸੀ ਜਾਂ ਸਰੀਰਕ ਤੌਰ 'ਤੇ।

ਕਈ ਵਕੀਲਾਂ ਵੱਲੋਂ ਅਜਿਹੀਆਂ ਮਾਵਾਂ ਦੇ ਮੁਕੱਦਮੇ ਲੜਨ ਤੋਂ ਨਾਂਹ ਕੀਤੀ ਗਈ ਹੈ।

" ਮੈਂ ਸੋਚਿਆ ਕਿ ਇਹ ਮੇਰੇ ਨਾਲ ਕਦੇ ਨਾ ਹੋਵੇ"

ਮਰੀਨਾ ਜੋ ਕਿ ਇਕ ਅਦਾਕਾਰਾ ਹੈ ਅਤੇ ਕਈ ਅਪਰਾਧਾਂ ਲਈ ਸਜ਼ਾ ਭੁਗਤ ਰਹੀ ਸੀ ਦਾ ਕਹਿਣਾ ਹੈ ਕਿ ਆਪਣੇ ਬੱਚਿਆਂ ਨੂੰ ਮਾਰਨ ਵਾਲੀਆਂ ਮਾਵਾਂ ਦੀ ਪਛਾਣ ਦੂਜੇ ਕੈਦੀਆਂ ਤੋਂ ਲੁਕਾ ਕੇ ਰੱਖੀ ਜਾਂਦੀ ਹੈ।

ਮਾਸਕੋ ਦੇ ਇਕ ਮਨੋਵਿਗਿਆਨਕ ਯਾਕੋਵ ਨੇ ਦੱਸਿਆ ਕਿ ਔਰਤਾਂ ਆਪਣੇ ਖਤਰਨਾਕ ਵਿਚਾਰਾਂ ਨੂੰ ਨਕਾਰਦੀਆਂ ਹਨ ਅਤੇ ਆਪਣੇ ਗੁੱਸੇ ਨੂੰ ਆਪਣੀ ਰੱਖਿਆ ਦਾ ਹਥਿਆਰ ਦੱਸਦੀਆਂ ਹਨ। ਭਾਵੇਂ ਇਸ 'ਚ ਦੂਜੇ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੀ ਕਿਉਂ ਨਾ ਪਹੁੰਚ ਜਾਵੇ।

" ਜੇਕਰ ਤੁਸੀਂ ਕਿਸੇ ਔਰਤ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ ਅਤੇ ਉਸ ਲਈ ਤਰਸ ਮਹਿਸੂਸ ਕਰਦੇ ਹੋ ਤਾਂ ਤੁਹਾਨੂੰ ਉਸ ਦੀਆਂ ਭਾਵਨਾਵਾਂ ਮੁਤਾਬਕ ਉਸ ਨਾਲ ਵਿਵਹਾਰ ਕਰਨਾ ਹੋਵੇਗਾ, ਪਰ ਕੋਈ ਵੀ ਅਜਿਹਾ ਨਹੀਂ ਕਰਨਾ ਚਾਹੁੰਦਾ ਹੈ।"

33 ਸਾਲਾ ਤਾਤਿਆਨਾ ਜੋ ਕਿ ਵੱਡੀ ਟੈਲੀਕਮਿਊਨੀਕੇਸ਼ਨ ਕੰਪਨੀ 'ਚ ਕਾਰਪੋਰੇਟ ਗਾਹਕਾਂ ਨਾਲ ਕੰਮ ਕਰਦੀ ਹੈ ਨੇ ਕਿਹਾ ਕਿ ਮੈਂ ਅਜਿਹੀਆਂ ਮਾਂਵਾਂ ਦੀ ਨਿੰਦਾ ਕਰਦੀ ਹਾਂ ਅਤੇ ਮੈਂ ਸੋਚਦੀ ਹਾਂ ਕਿ ਇਹ ਕਦੇ ਵੀ ਮੇਰੇ ਨਾਲ ਨਾ ਵਾਪਰੇ। ਮੈਂ ਆਪਣੀ ਨੌਕਰੀ ਦੇ ਨਾਲ-ਨਾਲ ਇੱਕ ਬੱਚਾ ਵੀ ਚਾਹੁੰਦੀ ਹਾਂ। ਸਾਨੂੰ ਅਜਿਹੀ ਸਥਿਤੀ ਲਈ ਪਹਿਲਾਂ ਹੀ ਤਿਆਰ ਹੋਣਾ ਚਾਹੀਦਾ ਹੈ।

" ਬੱਚੇ ਨੂੰ ਜਨਮ ਦੇਣਾ ਅਸਲ 'ਚ ਹੀ ਬਹੁਤ ਮੁਸ਼ਕਲ ਕਾਰਜ ਸੀ ਅਤੇ ਦਾਈਆਂ ਵੀ ਬਹੁਤ ਚਿੜਚਿੜੀਆਂ ਸਨ। ਬਾਅਦ 'ਚ ਮੈਨੂੰ ਉਸ ਸਮੇਂ ਦੀ ਵਾਰ-ਵਾਰ ਯਾਦ ਆਉਣ ਲੱਗੀ, ਕਿ ਕਿਸ ਤਰ੍ਹਾਂ ਮੈਂ ਬੱਚੇ ਨੂੰ ਜਨਮ ਦੇਣ ਲੱਗਿਆ ਦਰਦ ਸਹਿਆ ਸੀ। ਸੁਪਨਿਆਂ 'ਚ ਵੀ ਉਹ ਸਾਰੀ ਸਥਿਤੀ ਮੇਰੀਆਂ ਅੱਖਾਂ ਅੱਗੇ ਘੁਮੰਣ ਲੱਗੀ ਅਤੇ ਮੈਂ ਡਰ ਕੇ ਉੱਠ ਜਾਂਦੀ। ਵਾਲਾਂ ਦਾ ਝੜਨਾ, ਭਾਰ ਦਾ ਵੱਧਣਾ ਅਤੇ ਹੋਰ ਇਸ ਤਰ੍ਹਾਂ ਦੀਆਂ ਕਈ ਸਮੱਸਿਆਵਾਂ ਨਾਲ ਮੈਂ ਦੋ ਚਾਰ ਹੋ ਰਹੀ ਸੀ। ਜਿਸ ਕਰਕੇ ਬੱਚੇ ਪ੍ਰਤੀ ਮੇਰਾ ਗੁੱਸਾ ਵੱਧਦਾ ਹੀ ਜਾ ਰਿਹਾ ਸੀ। ਮੈਨੂੰ ਲੱਗ ਰਿਹਾ ਸੀ ਕਿ ਉਸ ਨੇ ਮੇਰੀ ਜ਼ਿੰਦਗੀ ਹੀ ਖ਼ਰਾਬ ਕਰ ਦਿੱਤੀ ਹੈ। ਮੈਂ ਆਪਣੇ ਹਿਸਾਬ ਨਾਲ ਕੁਝ ਵੀ ਨਹੀਂ ਸੀ ਕਰ ਪਾ ਰਹੀ।''

ਜਦੋਂ ਬੱਚਾ ਰਾਤ ਨੂੰ ਜਾਗਦਾ ਜਾਂ ਰੋਂਦਾ ਤਾਂ ਤਾਤਿਆਨਾ ਦੀ ਹਿੰਮਤ ਜਿਵੇਂ ਟੁੱਟ ਹੀ ਜਾਂਦੀ।

" ਤੂੰ ਇਕ ਮਾਂ ਹੈ ਜਾਂ ਫਿਰ ਨਹੀਂ? ਹੋਰ ਮਾਵਾਂ ਇਹ ਸਭ ਕੁੱਝ ਕਿਵੇਂ ਕਰ ਲੈਂਦੀਆਂ ਹਨ, ਫਿਰ ਤੂੰ ਕਿਉਂ ਨਹੀਂ?''

ਇਹ ਵੀ ਪੜ੍ਹੋ:

ਤਾਤਿਆਨਾ ਨੂੰ ਯਾਦ ਆਉਂਦਾ ਹੈ ਕਿ ਬੱਚੇ ਦਾ ਰੋਣਾ ਕਿਵੇਂ ਸਿਰ ਦਰਦ ਲਗਾ ਦਿੰਦਾ ਹੈ ਲੱਗਦਾ ਹੈ ਕਿ ਜੋ ਤੁਹਾਡੇ ਬਚਪਨ 'ਚ ਹੋਇਆ ਉਹ ਮੁੜ ਦੁਹਰਾਇਆ ਜਾ ਰਿਹਾ ਹੈ।

"ਮੈਂ ਸਭ ਕੁਝ ਸਹਿਣਸ਼ੀਲਤਾ ਨਾਲ ਨਜਿੱਠਣ ਦਾ ਫ਼ੈਸਲਾ ਕੀਤਾ। ਮੈਂ ਜਦੋਂ ਉਸ ਨੂੰ ਸੁਆਉਣਾ ਹੁੰਦਾ ਤਾਂ ਮੈਂ ਬੱਚੇ ਨੂੰ ਜ਼ੋਰ ਨਾਲ ਹਿਲਾਉਂਦੀ। ਉਹ ਡਰ ਜਾਂਦਾ ਅਤੇ ਉਹ ਹੋਰ ਜ਼ੋਰ ਦੀ ਰੋਣ ਲੱਗ ਜਾਂਦਾ। ਫਿਰ ਮੈਂ ਆਪਣੇ ਪੂਰੇ ਜ਼ੋਰ ਨਾਲ ਉਸ ਨੂੰ ਬੈੱਡ 'ਤੇ ਸੁੱਟ ਦਿੰਦੀ। ਫਿਰ ਮੈਂ ਚੀਕ ਕੇ ਕਹਿੰਦੀ, " ਚੰਗਾ ਹੋਵੇ ਜੇ ਤੂੰ ਮਰ ਜਾਵੇ।" ਪਰ ਬਾਅਦ 'ਚ ਮੈਂ ਸ਼ਰਮ ਮਹਿਸੂਸ ਕਰਦੀ ਕਿਉਂਕਿ ਮੈਂ ਮਾਂ ਹੋਣ ਦਾ ਸੁੱਖ ਨਹੀਂ ਮਾਣ ਰਹੀ ਹਾਂ।

ਤਾਤਿਆਨਾ ਨੇ ਦੱਸਿਆ ਕਿ ਉਸ ਦੇ ਪਤੀ ਨੇ ਕਿਹਾ ਸੀ ਕਿ ਉਹ ਬੱਚੇ ਨੂੰ ਮਾਨਸਿਕ ਤੌਰ 'ਤੇ ਕਮਜ਼ੋਰ ਬਣਾ ਰਹੀ ਹੈ। ਉਸ ਨੇ ਮੇਰੀਆਂ ਸਾਰੀਆਂ ਸ਼ਿਕਾਇਤਾਂ ਨੂੰ ਨਕਾਰਦਿਆਂ ਕਿਹਾ ਕਿ ਤੂੰ ਇੱਕ ਮਾਂ ਹੈ ਜਾਂ ਫਿਰ ਨਹੀਂ? ਦੂਜੀਆਂ ਮਾਵਾਂ ਵੀ ਤਾਂ ਇਹ ਸਭ ਕੁਝ ਕਰਦੀਆਂ ਹਨ ਫਿਰ ਤੂੰ ਕਿਉਂ ਨਹੀਂ ਕਰ ਸਕਦੀ?

ਇਕ ਸਾਲ ਬੀਤਣ ਤੋਂ ਬਾਅਦ ਸਥਿਤੀ ਹੋਰ ਵਿਗੜ ਗਈ। ਖੁਦਕੁਸ਼ੀ ਕਰਨ ਦੀ ਬਜਾਏ ਤਾਤਿਆਨਾ ਨੇ ਮਨੋਵਿਗਿਆਨਕ ਕੋਲ ਜਾਣ ਦਾ ਫ਼ੈਸਲਾ ਕੀਤਾ। ਉਸ ਨੂੰ ਲੱਗਿਆ ਕਿ ਮੈਂ ਇੱਕ ਚੰਗੀ ਮਾਂ ਕਿਉਂ ਨਹੀਂ ਬਣ ਸਕਦੀ? ਮੇਰੇ ਲਈ ਇਹ ਬਹੁਤ ਸਰਲ ਹੈ ਕਿ ਮੈਂ ਆਪਣੇ ਹੀ ਬੱਚੇ ਨੂੰ ਮੌਤ ਦੇ ਘਾਟ ਉਤਾਰ ਦੇਵਾਂ ਜਾਂ ਖੁਦਕੁਸ਼ੀ ਕਰ ਲਵਾਂ।

ਰੋਕਥਾਮ

ਜਦੋਂ ਫਿਲੀਸਿਡ ਦੀ ਸਮੱਸਿਆ ਨੂੰ ਰੋਕਣ ਦੀ ਗੱਲ ਚੱਲਦੀ ਹੈ ਤਾਂ ਅਸੀਂ ਗਰਭ ਨਿਰੋਧਕ ਦਵਾਈਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਦੇ ਹਾਂ। ਪਰ ਰੂਸ ਅਤੇ ਪੱਛਮੀ ਡਾਕਟਰਾਂ ਦਾ ਮੰਨਣਾ ਹੈ ਕਿ ਮਾਵਾਂ 'ਚ ਮਨੋਵਿਗਿਆਨਕ ਸਮੱਸਿਆਵਾਂ ਪ੍ਰਤੀ ਸੁਚੇਤ ਹੋਣਾ ਮਹੱਤਵਪੂਰਨ ਹੈ, ਤਾਂ ਉਹ ਬੱਚਾ ਹੋਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਤਣਾਅ ਦਾ ਸ਼ਿਕਾਰ ਨਾ ਹੋਣ।

ਮਨੋਵਿਗਿਆਨਕ ਮਾਰੀਨਾ ਬਿਲੋਬਰਮ ਦਾ ਕਹਿਣਾ ਹੈ ਕਿ ਕਿਸੇ ਵੀ ਔਰਤ ਨੂੰ ਮਾਂ ਬਣਨ ਤੋਂ ਪਹਿਲਾਂ ਆਪਣੀ ਮਾਂ ਨਾਲ ਆਪਣੇ ਸਬੰਧਾਂ ਨੂੰ ਵਿਚਾਰਨਾ ਚਾਹੀਦਾ ਹੈ ਅਤੇ ਨਾਲ ਹੀ ਬੱਚੇ ਦੇ ਜਨਮ ਤੋਂ ਪਹਿਲਾਂ ਅਤੇ ਬਾਅਦ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਤਾਂ ਜੋ ਉਹ ਇਨ੍ਹਾਂ ਹਾਲਾਤਾਂ ਬਾਰੇ ਪਹਿਲਾਂ ਤੋਂ ਹੀ ਜਾਣੂ ਹੋਵੇ।

ਡਾ.ਮਰਗਰੀਟਾ ਨੇ ਕਿਹਾ ਕਿ ਮਾਸਕੋ ਅਤੇ ਪੂਰੇ ਖੇਤਰ 'ਚ ਸਾਡੇ ਵੱਲੋਂ ਮਹਿਲਾਵਾਂ ਲਈ ਇਸ ਸੰਕਟ ਤੋਂ ਬਾਹਰ ਨਿਕਲਣ ਲਈ ਕੇਂਦਰ ਸਥਾਪਿਤ ਕੀਤੇ ਗਏ ਹਨ।

ਘਰੇਲੂ ਹਿੰਸਾ ਅਤੇ ਤਣਾਅ ਤੋਂ ਪੀੜਤ ਔਰਤਾਂ ਇੱਥੇ ਆ ਸਕਦੀਆਂ ਹਨ। ਕਈ ਔਰਤਾਂ ਆਪਣੀਆਂ ਸਮੱਸਿਆਵਾਂ ਬਾਰੇ ਗੱਲ ਕਰਨ ਤੋਂ ਵੀ ਗੁਰੇਜ਼ ਕਰਦੀਆਂ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਉਨ੍ਹਾਂ ਨੇ ਖੁੱਲ੍ਹ ਕੇ ਗੱਲ ਕੀਤੀ ਤਾਂ ਉਨ੍ਹਾਂ ਦਾ ਪਰਿਵਾਰ ਜਾਂ ਬੱਚੇ ਉਸ ਨੂੰ ਛੱਡ ਦੇਣਗੇ।

ਇਸ ਲੇਖ 'ਚ ਜਿਨ੍ਹਾਂ ਨਾਵਾਂ ਦੀ ਚਰਚਾ ਕੀਤੀ ਗਈ ਹੈ, ਉਹ ਸਾਰੇ ਕਾਲਪਨਿਕ ਹਨ ਤਾਂ ਜੋ ਪ੍ਰਭਾਵਿਤ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾ ਸਕੇ।

ਚਿੱਤਰ: ਤਾਤਿਆਨਾ ਓਸਪੇਨੀਕੋਵਾ

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)