ਬ੍ਰਿਟੇਨ 'ਚ ਭਾਰਤੀ ਮੂਲ ਦੀ ਪ੍ਰੀਤੀ ਪਟੇਲ ਤੇ ਪਾਕਿਸਤਾਨੀ ਮੂਲ ਦੇ ਸਾਜਿਦ ਜਾਵਿਦ ਬਣੇ ਮੰਤਰੀ

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਹੁਣ ਬਰਤਾਨੀਆ ਵਿੱਚ ਗ੍ਰਹਿ ਮੰਤਰੀ ਭਾਰਤੀ ਮੂਲ ਦੀ ਹੈ ਤੇ ਖਜਾਨਾ ਮੰਤਰੀ ਪਾਕਿਸਤਾਨੀ ਮੂਲ ਦਾ

ਭਾਰਤੀ ਮੂਲ ਦੀ ਪ੍ਰੀਤੀ ਪਟੇਲ ਬਰਤਾਨੀਆ ਦੀ ਨਵੀਂ ਗ੍ਰਹਿ ਮੰਤਰੀ ਅਤੇ ਪਾਕਿਸਤਾਨੀ ਮੂਲ ਦੇ ਸਾਜਿਦ ਜਾਵਿਦ ਨੂੰ ਦੇਸ਼ ਦੇ ਗ੍ਰਹਿ ਮੰਤਰੀ ਤੋਂ ਹਟਾ ਕੇ ਦੇਸ਼ ਦੇ ਨਵੇਂ ਖ਼ਜ਼ਾਨਾ ਮੰਤਰੀ ਬਣਾਇਆ ਗਿਆ ਹੈ।

ਹੁਣ ਬਰਤਾਨੀਆ ਵਿੱਚ ਗ੍ਰਹਿ ਮੰਤਰੀ ਭਾਰਤੀ ਮੂਲ ਦੀ ਹੈ ਤੇ ਖਜਾਨਾ ਮੰਤਰੀ ਪਾਕਿਸਤਾਨੀ ਮੂਲ ਦਾ।

ਬੁੱਧਵਾਰ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਬੋਰਿਸ ਜੌਹਨਸਨ ਨੇ ਦੇਸ਼ ਦੀ ਪੁਰਾਣੀ ਵਜਾਰਤ ਵਿੱਚ ਵੱਡਾ ਰੱਦੋ ਬਦਲ ਕੀਤਾ। ਡੌਮਨਿਕ ਰਾਬ ਨੂੰ ਬਰਤਾਨੀਆ ਦਾ ਨਵਾਂ ਵਿਦੇਸ਼ ਮੰਤਰੀ ਬਣਾਇਆ ਗਿਆ ਹੈ।

ਦੋ ਸਾਲ ਪਹਿਲਾਂ ਇੱਕ ਵਿਵਾਦ ਤੋਂ ਬਾਅਦ ਪ੍ਰੀਤੀ ਪਟੇਲ ਨੂੰ ਤਤਕਾਲੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਸਰਕਾਰ ਵਿੱਚੋਂ ਅਸਤੀਫ਼ਾ ਦੇਣਾ ਪਿਆ ਸੀ ਪਰ ਹੁਣ ਉਨ੍ਹਾਂ ਦੀ ਸਰਕਾਰ ਵਿੱਚ ਇੱਕ ਵਾਰ ਮੁੜ ਤੋਂ ਸ਼ਾਨਦਾਰ ਵਾਪਸੀ ਹੋਈ ਹੈ।

ਇਹ ਵੀ ਪੜ੍ਹੋ:

Image copyright Getty Images

ਇਜ਼ਰਾਈਲ ਵਿਵਾਦ

47 ਸਾਲ ਪ੍ਰੀਤੀ ਲੰਡਨ ਵਿੱਚ ਹੀ ਪੈਦਾ ਹੋਏ ਸਨ ਤੇ ਉਨ੍ਹਾਂ ਦੇ ਮਾਤਾ ਪਿਤਾ ਗੁਜਰਾਤ ਤੋਂ ਬਰਤਾਨੀਆ ਗਏ ਸਨ ਪਰ ਬਾਅਦ ਵਿੱਚ ਉਹ ਯੂਗਾਂਡਾ ਚਲੇ ਗਏ ਸਨ।

1960 ਦੇ ਦਹਾਕੇ ਵਿੱਚ ਉਹ ਬਰਤਾਨੀਆ ਆ ਵਸੇ ਸਨ। ਪ੍ਰੀਤੀ 20 ਸਾਲ ਦੀ ਉਮਰ ਤੋਂ ਵੀ ਪਹਿਲਾਂ ਵਿੱਚ ਹੀ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਉਸ ਸਮੇਂ ਜਾਹਨ ਮੇਜਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਸਨ।

ਸਾਲ 2017 ਵਿੱਚ ਆਪਣੀ ਇਜ਼ਰਾਈਲ ਫੇਰੀ ਕਾਰਨ ਉਹ ਵਿਵਾਦਾਂ ਵਿੱਚ ਆਏ ਸਨ। ਜਿਸ ਕਾਰਨ ਉਨ੍ਹਾਂ ਨੂੰ ਆਪਣਾ ਇੰਟਰਨੈਸ਼ਨਲ ਡਿਵੈਲਪਮੈਂਟ ਸੈਕਟਰੀ ਦਾ ਅਹੁਦਾ ਛੱਡਣਾ ਪਿਆ ਸੀ। ਜੋ ਕਿ ਉਨ੍ਹਾਂ ਨੇ ਸਾਲ 2016 ਵਿੱਚ ਹੀ ਸੰਭਾਲਿਆ ਸੀ।

ਅਗਸਤ 2017 ਵਿੱਚ ਪਰਿਵਾਰਕ ਛੁੱਟੀਆਂ ਬਿਤਾਉਣ ਗਏ ਸਨ। ਉਸ ਸਮੇਂ ਉਨ੍ਹਾਂ ਨੇ ਉੱਥੋ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਿਨ ਯਾਹੂ ਨਾਲ ਮੁਲਾਕਾਤ ਕੀਤੀ ਸੀ।

ਜਿਸ ਦੀ ਜਾਣਕਾਰੀ ਨਾ ਤਾਂ ਉਨ੍ਹਾਂ ਨੇ ਆਪਣੀ ਸਰਕਾਰ ਨੂੰ ਦਿੱਤੀ ਸੀ ਤੇ ਨਾ ਇਜ਼ਰਾਈਲ ਵਿੱਚ ਬਰਤਾਨਵੀ ਦੂਤਾਵਾਸ ਨੂੰ ਦਿੱਤਾ ਸੀ।

Image copyright PA WIRE

ਕੰਜ਼ਰਵੇਟਿਵ ਪਾਰਟੀ ਦਾ ਚਮਕਦਾ ਚਿਹਰਾ

ਕੰਜ਼ਰਵੇਟਿਵ ਪਾਰਟੀ ਵਿੱਚ ਉਨ੍ਹਾਂ ਨੂੰ ਇੱਕ ਸਟਾਰ ਸਿਆਸਤਾਦਨ ਵਜੋਂ ਦੇਖਿਆ ਜਾਂਦਾ ਰਿਹਾ ਹੈ।

ਇਸ ਤੋਂ ਪਹਿਲਾਂ ਵੀ ਉਹ ਸਰਕਾਰ ਵਿੱਚ ਕਈ ਭੂਮਿਕਾਵਾਂ ਨਿਭਾ ਚੁੱਕੇ ਹਨ। ਇੰਟਰਨੈਸ਼ਨਲ ਡਿਵੈਲਪਮੈਂਟ ਸੈਕਟਰੀ ਵਜੋਂ ਉਹ ਵਿਕਾਸਸ਼ੀਲ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਆਰਥਿਕ ਮਦਦ ਦੀ ਨਿਗਰਾਨੀ ਕਰਦੇ ਸਨ।

ਉਹ ਯੂਰਪੀ ਸੰਘ ਦੀ ਆਲੋਚਕ ਰਹਿ ਚੁੱਕੇ ਹਨ। ਉਨ੍ਹਾਂ ਨੇ ਸਮਲਿੰਗੀ ਵਿਆਹਾਂ ਖ਼ਿਲਾਫ਼ ਵੋਟ ਦਿੱਤਾ ਸੀ ਤੇ ਸਿਗਰਟਨੋਸ਼ੀ ਖ਼ਿਲਾਫ ਵੀ ਲਹਿਰ ਚਲਾਈ ਸੀ।

ਉਹ ਇਜ਼ਰਾਈਲ ਦੇ ਪੁਰਾਣੇ ਹਮਾਇਤੀ ਰਹੇ ਹਨ।

ਉਹ ਸਭ ਤੋਂ ਪਹਿਲਾਂ ਸਾਲ 2010 ਵਿੱਚ ਸੰਸਦ ਮੈਂਬਰ ਬਣੇ ਸਨ। ਬ੍ਰੈਗਜ਼ਿਟ ਅਭਿਆਨ ਦੇ ਹਮਾਇਤੀ ਪ੍ਰੀਤੀ ਪਟੇਲ ਪਟੇਲ 2014 ਵਿੱਚ ਖਜ਼ਾਨਾਂ ਮੰਤਰੀ ਸਨ।

ਸਾਲ 2015 ਦੀਆਂ ਆਮ ਚੋਣਾਂ ਤੋਂ ਬਾਅਦ ਉਹ ਰੁਜ਼ਗਾਰ ਮੰਤਰੀ ਬਣਾ ਦਿੱਤੇ ਗਏ।

Image copyright Reuters

ਯੂਰਪੀ ਯੂਨੀਅਨ ਵਿਰੋਧੀ ਪਾਰਟੀ ਦੇ ਬੁਲਾਰੇ ਵਜੋਂ ਵੀ ਕੰਮ

ਲੰਡਨ ਵਿੱਟ ਯੁਗਾਂਡਾ ਤੋਂ ਭੱਜ ਕੇ ਆਏ ਇੱਕ ਗੁਜਰਾਤੀ ਪਰਿਵਾਰ ਵਿੱਚ ਪੈਦਾ ਹੋਈ ਪ੍ਰੀਤੀ ਪਟੇਲ ਨੇ ਵੈਟਫੋਰਡ ਗਰਾਮਰ ਸਕੂਲ ਫਾਰ ਗਰਲਸ ਵਿੱਚ ਪੜ੍ਹਾਈ ਕੀਤੀ।

ਉਨ੍ਹਾਂ ਨੇ ਵੈਟਫੋਰਡ ਗਰਾਮਰ ਸਕੂਲ ਫੌਰ ਗਰਲਜ਼ ਤੋਂ ਅਤੇ ਉੱਚ ਸਿੱਖਿਆ, ਕੀਲ ਅਤੇ ਏਸੇਕਸ ਯੂਨੀਵਰਸਟੀ ਤੋਂ ਹਾਸਲ ਕੀਤੀ ਹੈ।

ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਕੇਂਦਰੀ ਦਫ਼ਤਰ ਵਿੱਚ ਨੌਕਰੀ ਵੀ ਕੀਤੀ ਹੈ ਅਤੇ 1995 ਤੋਂ 1997 ਤੱਕ ਸਰ ਜੇਮਜ਼ ਗੋਲਡਸਮਿੱਥ ਦੀ ਅਗਵਾਈ ਵਾਲੀ ਰਫਰੈਂਡਮ ਪਾਰਟੀ ਦੇ ਬੁਲਾਰੇ ਵਜੋਂ ਕੰਮ ਕੀਤਾ।

ਇਹ ਪਾਰਟੀ ਬਰਤਾਨੀਆ ਦੀ ਯੂਰਪੀ ਯੂਨੀਅਨ ਵਿਰੋਧੀ ਪਾਰਟੀ ਸੀ।

ਵਿਲਹੈਮ ਹੇਗ ਦੇ ਕੰਜ਼ਰਵੇਟਿਵ ਪਾਰਟੀ ਦਾ ਆਗੂ ਬਣਨ ਤੋਂ ਬਾਅਦ ਉਹ ਪਾਰਟੀ ਵਿੱਚ ਮੁੜ ਆਏ ਤੇ 1997 ਤੋਂ 2000 ਤੱਕ ਉਪ ਸਕੱਤਰ ਰਹੇ। ਉਨ੍ਹਾਂ ਨੇ ਬਰਤਾਨੀਆ ਦੀ ਮੁੱਖ ਸ਼ਰਾਬ ਨਿਰਮਾਤਾ ਕੰਪਨੀ ਵਿੱਚ ਵੀ ਕੰਮ ਕੀਤਾ।

ਸਾਲ 2005 ਵਿੱਚ ਨਟਿੰਘਮ ਸੀਟ ਤੋਂ ਉਹ ਚੋਣਾਂ ਹਾਰ ਗਏ ਸਨ ਤੇ ਸਾਲ 2010 ਵਿੱਚ ਉਹ ਇਸੇ ਸੀਟ ਤੋਂ ਜਿੱਤ ਵੀ ਗਏ ਸਨ। ਪ੍ਰੀਤੀ ਪਟੇਲ ਬ੍ਰਿਟਿਨ ਦੀ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੂੰ ਆਪਣਾ ਆਦਰਸ਼ ਮੰਨਦੇ ਹਨ।

ਕੌਣ ਹਨ ਬਰਤਾਨੀਆ ਦੇ ਨਵੇਂ ਖਜਾਨਾ ਮੰਤਰੀ ਸਾਜਿਦ ਜਾਵਿਦ

49 ਸਾਲਾ ਦੇ ਸਾਜਿਦ ਜਾਵਿਦ ਪਾਕਿਸਤਾਨੀ ਮੂਲ ਦੇ ਪਰਿਵਾਰ ਵਿੱਚ ਬਰਤਾਨੀਆ ਵਿੱਚ ਹੀ ਪੈਦਾ ਹੋਏ।

ਸਾਲ 2018 ਵਿੱਚ ਟੈਰੀਜ਼ਾ ਮੇਅ ਨੇ ਉਨ੍ਹਾਂ ਨੂੰ ਗ੍ਰਹਿ ਮੰਤਰੀ ਬਣਾਇਆ ਤਾਂ ਉਹ ਪਹਿਲੇ ਨਸਲੀ ਘੱਟ-ਗਿਣਤੀ ਸਮੂਹ ਨਾਲ ਸੰਬੰਧਿਤ ਗ੍ਰਹਿ ਮੰਤਰੀ ਬਣੇ ਸਨ।

ਉਹ ਸਾਲ 2010 ਤੋਂ ਬਰੂਸਗਰੋਵ ਤੋਂ ਸੰਸਦ ਮੈਂਬਰ ਹਨ। ਉਨ੍ਹਾਂ ਦਾ ਜਨਮ ਰਾਕਡੇਲ ਵਿੱਚ ਹੋਇਆ।

ਆਪਣੇ ਪਰਿਵਾਰ ਬਾਰੇ ਉਨ੍ਹਾਂ ਨੇ ਈਵਨਿੰਗ ਸਟੈਂਡਰਡ ਨੂੰ ਦੱਸਿਆ, "ਮੇਰੇ ਮਾਤਾ ਪਿਤਾ ਇੱਕ ਛੋਟੇ ਜਿਹੇ ਪਿੰਡ ਤੋਂ ਹਨ ਅਤੇ ਉਹ ਸਿਰਫ਼ 17 ਸਾਲ ਦੀ ਉਮਰ ਵਿੱਚ ਕੰਮ ਕਰਨ ਬਰਤਾਨੀਆ ਆ ਗਏ ਸਨ।"

Image copyright PRESS ASSOCIATION

ਉਨ੍ਹਾਂ ਦੱਸਿਆ, "ਮੇਰੇ ਪਿਤਾ ਰਾਕਡੇਲ ਵਿੱਚ ਵਸ ਗਏ, ਜਿੱਥੇ ਉਨ੍ਹਾਂ ਨੂੰ ਕੱਪੜੇ ਦੀ ਮਿੱਲ ਵਿੱਚ ਕੰਮ ਮਿਲ ਗਿਆ। ਉਹ ਇੱਕ ਅਵਾਨ ਸਨ ਤੇ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਬਸ ਡਰਾਈਵਰਾਂ ਦੀ ਤਨਖ਼ਾਹ ਵਧੀਆ ਹੈ।

ਉਹ ਬਸ ਡਰਾਈਵਰ ਬਣ ਗਏ। ਉਹ ਦਿਨ ਹੋਵੇ ਜਾਂ ਰਾਤ ਜਦੋਂ ਵੀ ਕੰਮ ਮਿਲਦਾ ਕਰਦੇ ਅਤੇ ਇਸੇ ਲਈ ਉਨ੍ਹਾਂ ਨੂੰ ਮਿਸਟਰ 'ਨਾਈਟ ਐਂਡ ਡੇ' ਦੇ ਨਾਮ ਨਾਲ ਜਾਣਿਆ ਜਾਂਦਾ ਸੀ।"

ਉਨ੍ਹਾਂ ਨੇ ਬਰਿਸਟਲ ਤੋਂ ਸਕੂਲੀ ਪੜ੍ਹਾਈ ਪੂਰੀ ਕੀਤੀ ਜਿੱਥੇ ਉਨ੍ਹਾਂ ਦੇ ਮਾਂ ਬਾਪ ਨੇ ਕੱਪੜਿਆਂ ਦੀ ਇੱਕ ਦੁਕਾਨ ਖ਼ਰੀਦੀ ਸੀ, ਜਿਸ ਦੇ ਉੱਪਰ ਬਣੇ ਦੋ ਕਮਰਿਆਂ ਵਿੱਚ ਪਰਿਵਾਰ ਰਹਿੰਦਾ ਸੀ।

ਪੜ੍ਹਾਈ ਦੇ ਦੌਰਾਨ ਹੀ ਉਨ੍ਹਾਂ ਦੀ ਦਿਲਚਸਪੀ ਬੈਂਕ ਅਤੇ ਨਿਵੇਸ਼ ਵਿੱਚ ਹੋ ਗਈ। ਉਨ੍ਹਾਂ ਨੇ 14 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੇ ਆਪਣੇ ਪਿਤਾ ਦੇ ਬੈਂਕ ਦੇ ਮੈਨੇਜਰ ਨਾਲ ਮੁਲਾਕਾਤ ਕੀਤੀ ਅਤੇ ਪੰਜ ਸੌ ਪੌਂਡ ਦਾ ਕਰਜ਼ਾ ਲਿਆ। ਇਹ ਰਕਮ ਉਨ੍ਹਾਂ ਨੇ ਸ਼ੇਅਰਾਂ ਵਿੱਚ ਲਾ ਦਿੱਤੀ ਸੀ। ਅੱਗੇ ਚੱਲ ਕੇ ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਇਸ ਖੇਤਰ ਵਿੱਚ ਵੱਡੀਆਂ ਸਫ਼ਲਤਾਵਾਂ ਹਾਸਲ ਕੀਤੀਆਂ।

Image copyright EPA

ਆਲੋਕ ਸ਼ਰਮਾ ਨੂੰ ਵੀ ਵਜ਼ਾਰਤ ਵਿੱਚ ਥਾਂ

ਬੋਰਿਸ ਜੌਹਨਸਨ ਦੀ ਟੀਮ ਵਿੱਚ ਇੱਕ ਹੋਰ ਭਾਰਤੀ ਮੂਲ ਦੇ ਸੰਸਦ ਆਲੋਕ ਸ਼ਰਮਾ ਨੂੰ ਵੀ ਥਾਂ ਦਿੱਤੀ ਗਈ ਹੈ। ਉਨ੍ਹਾਂ ਨੂੰ ਕੌਮਾਂਤਰੀ ਵਿਕਾਸ ਦੇ ਰਾਜ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ।

51 ਸਾਲਾਂ ਦੇ ਆਲੋਕ ਸ਼ਰਮਾ ਦਾ ਜਨਮ ਆਗਰਾ ਵਿੱਚ ਹੋਇਆ ਸੀ ਪਰ ਪੰਜਾਂ ਸਾਲਾਂ ਦੀ ਉਮਰ ਵਿੱਚ ਹੀ ਉਨ੍ਹਾਂ ਦੇ ਮਾਤਾ-ਪਿਤਾ ਦੇ ਨਾਲ ਰੀਡਿੰਗ ਵਿੱਚ ਆ ਗਏ।

ਉਹ ਪੇਸ਼ੇ ਵਜੋਂ ਚਾਰਟਡ ਅਕਾਊਂਟੈਂਟ ਹਨ। ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ 16 ਸਾਲ ਬੈਂਕਿੰਗ ਸੈਕਟਰ ਵਿੱਚ ਕੰਮ ਕੀਤਾ।

ਸ਼ਰਮਾ 2010 ਤੋਂ ਰੀਡਿੰਗ ਤੋਂ ਸੰਸਦ ਮੈਂਬਰ ਹਨ। ਜੂਨ 2017 ਤੋਂ ਹਾਊਸਿੰਗ ਮਨਿਸਟਰ ਬਣਾਇਆ ਗਿਆ ਸੀ ਉਨ੍ਹਾਂ ਦੇ ਕਾਰਜ ਕਾਲ ਦੌਰਾਨ ਗ੍ਰੀਨਫੇਲ ਟਾਵਰ ਵਿੱਚ ਅੱਗ ਲੱਗਣ ਦੀ ਦੁਰਘਟਨਾ ਹੋਈ ਸੀ।

ਜਨਵਰੀ 2018 ਵਿੱਚ ਉਹ ਰੁਜ਼ਗਾਰ ਮਾਮਲਿਆਂ ਦੇ ਮੰਤਰੀ ਬਣਾਏ ਗਏ।

Image copyright UK PARLIAMENT
ਫੋਟੋ ਕੈਪਸ਼ਨ ਰਿਸ਼ੀ ਸੁਨਕ

ਰਿਸ਼ੀ ਸੁਨਕ ਬਣਾਏ ਗਏ ਟਰੈਜ਼ਰੀ ਸਕੱਤਰ

49 ਸਾਲ ਦੇ ਰਿਸ਼ੀ ਸੁਨਕ ਨੂੰ ਟਰੈਜ਼ਰੀ ਦੇ ਚੀਫ਼ ਸੈਕਟਰੀ ਬਣਾਇਆ ਗਿਆ ਹੈ। ਫਿਲਹਾਲ ਉਹ ਸਰਕਾਰ ਵਿੱਚ ਜੂਨੀਅਰ ਲੋਕਲ ਮੰਤਰੀ ਹਨ। ਉਨ੍ਹਾਂ ਕੋਲ ਸੋਸ਼ਲ ਕੇਅਰ ਸਮੇਤ ਕਈ ਜ਼ਿੰਮੇਵਾਰੀਆਂ ਹਨ।

ਰਿਸ਼ੀ ਆਕਸਫੋਰਡ ਤੋਂ ਪੜ੍ਹੇ ਹਨ। ਉਨ੍ਹਾਂ ਦੇ ਪਿਤਾ ਡਾਕਟਰ ਸਨ ਅਤੇ ਮਾਂ ਇੱਕ ਕੈਮਿਸਟ ਦੀ ਦੁਕਾਨ ਚਲਾਉਂਦੇ ਸਨ। ਰਿਸ਼ੀ ਰਿਚਮੰਡ ਤੋਂ ਸੰਸਦ ਹਨ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)