ਇਮਰਾਨ ਖ਼ਾਨ ਅਮਰੀਕਾ ਕੀ ਕਰਨ ਗਏ ਸਨ

ਇਮਰਾਨ ਖ਼ਾਨ Image copyright Getty Images
ਫੋਟੋ ਕੈਪਸ਼ਨ ਇੱਕ ਅਮਰੀਕੀ ਥਿੰਕ ਟੈਂਕ ਨੇ ਵੀ ਇਮਰਾਨ ਖ਼ਾਨ ਦੇ ਦੌਰੇ ਨੂੰ ਇੱਕ ਖੁਸ਼ਗਵਾਰ ਤਬਦੀਲੀ ਕਿਹਾ ਹੈ

ਇੰਗਲੈਂਡ ਵਿੱਚ ਖੇਡੇ ਗਏ ਵਿਸ਼ਵ ਕੱਪ 2019 ਦੌਰਾਨ ਕਈ ਲੋਕ ਸੋਚ ਰਹੇ ਸਨ ਕਿ 1992 ਵਿੱਚ ਇਮਰਾਨ ਖ਼ਾਨ ਨੇ ਜਿਸ ਤਰ੍ਹਾਂ ਪਾਕਿਸਤਾਨ ਨੂੰ ਵਿਸ਼ਵ ਕੱਪ ਜਿਤਾਇਆ ਸੀ, ਸ਼ਾਇਦ 2019 'ਚ ਵੀ ਅਜਿਹਾ ਹੀ ਕੋਈ ਚਮਤਕਾਰ ਹੋਵੇ।

ਪਰ ਇਸ ਵਾਰ ਤਾਂ ਪਾਕਿਸਤਾਨ ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ਤੱਕ ਵੀ ਨਾ ਪਹੁੰਚ ਸਕਿਆ। ਸ਼ਾਇਦ ਇਸ ਲਈ ਇਮਰਾਨ ਖ਼ਾਨ ਦੀ ਅਮਰੀਕੀ ਦੌਰੇ ਨੂੰ ਕੱਪ ਜਿੱਤਣ ਵਰਗੀ ਸਫ਼ਲਤਾ ਵਾਂਗ ਦੇਖਿਆ ਜਾ ਰਿਹਾ ਹੈ।

ਪਾਕਿਸਤਾਨ ਵਿੱਚ ਖ਼ਾਨ ਦੇ ਅਮਰੀਕੀ ਦੌਰੇ ਦੀ ਸਫ਼ਲਤਾ ਨੂੰ ਤਕਰੀਬਨ ਇਸੇ ਤਰ੍ਹਾਂ ਮਹਿਸੂਸ ਕੀਤਾ ਜਾ ਰਿਹਾ ਹੈ, ਜਿਸ ਤਰ੍ਹਾਂ ਉਨ੍ਹਾਂ ਨੇ 1992 'ਚ ਵਿਸ਼ਵ ਕੱਪ ਜਿੱਤਿਆ ਸੀ।

ਹਾਲਾਂਕਿ 1992 ਵਾਂਗ ਹਰ ਸ਼ਹਿਰ ਵਿੱਚ ਜਲੂਸ ਤਾਂ ਨਜ਼ਰ ਨਹੀਂ ਆ ਰਹੇ ਪਰ ਅੱਜ ਜਿਸ ਸਿਆਸੀ ਅਤੇ ਆਰਥਿਕ ਦਬਾਅ ਵਿੱਚ ਉਹ ਘਿਰੇ ਹੋਏ ਹਨ, ਉਸ ਵਿੱਚ ਉਨ੍ਹਾਂ ਦੇ ਅਮਰੀਕੀ ਦੌਰੇ ਦੀ 'ਸਫ਼ਲਤਾ' ਨੂੰ ਇੱਕ ਵੱਡੀ ਰਾਹਤ ਜ਼ਰੂਰ ਸਮਝਿਆ ਜਾ ਰਿਹਾ ਹੈ।

ਇੱਕ ਅਮਰੀਕੀ ਥਿੰਕ ਟੈਂਕ ਨੇ ਵੀ ਇਮਰਾਨ ਖ਼ਾਨ ਦੇ ਦੌਰੇ ਨੂੰ ਇੱਕ ਖੁਸ਼ਗਵਾਰ ਤਬਦੀਲੀ ਕਿਹਾ ਹੈ।

ਇਹ ਵੀ ਪੜ੍ਹੋ-

Image copyright PA Media

ਮਸਲਨ ਅਮਰੀਕੀ ਮੈਗ਼ਜ਼ੀਨ ਫੌਰਨ ਪਾਲਿਸੀ ਨੇ ਵੀ ਇਸ ਦੌਰੇ ਦੀ ਸ਼ਲਾਘਾ ਕੀਤੀ ਹੈ। ਦੁਨੀਆਂ ਦੀਆਂ ਕਈ ਅਖ਼ਬਾਰਾਂ ਅਤੇ ਟੈਲੀਵਿਜ਼ਨ ਚੈਨਲ, ਜੋ ਦੱਖਣੀ ਏਸ਼ੀਆ 'ਤੇ ਡੂੰਘੀ ਨਜ਼ਰ ਰੱਖਦੇ ਹਨ ਉਨ੍ਹਾਂ ਨੇ ਇਸ ਦੌਰੇ ਨੂੰ ਇਮਰਾਨ ਖ਼ਾਨ ਦੀ ਇੱਕ ਵੱਡੀ ਸਫ਼ਲਤਾ ਕਰਾਰ ਦਿੱਤਾ ਹੈ।

ਮੁਲਾਕਾਤ ਤੋਂ ਪਹਿਲਾਂ ਚੰਗਾ ਹੋਮਵਰਕ

ਅਮਰੀਕੀ ਦੌਰੇ 'ਤੇ 'ਇਮਰਾਨ ਖਾਨ ਦਿ ਕ੍ਰਿਕਟਰ' ਨੇ ਨਾ ਸਿਰਫ਼ ਆਪਣੇ ਕ੍ਰਿਕਟ ਸੈਲੀਬ੍ਰਿਟੀ ਸਟੇਟਸ ਨੂੰ ਵਰਤਿਆ ਬਲਕਿ ਆਪਣੀ ਆਕਸਫੋਰਡ ਯੂਨੀਵਰਸਿਟੀ ਦੀ ਤਾਲੀਮ ਦਾ ਫਾਇਦਾ ਵੀ ਚੁੱਕਿਆ।

ਸਾਫ਼ ਨਜ਼ਰ ਆਉਂਦਾ ਹੈ ਕਿ ਇਮਰਾਨ ਖ਼ਾਨ ਨੇ ਅਤੇ ਉਨ੍ਹਾਂ ਦੀ ਸਮਰਥਕ ਆਰਮੀ ਐਸਟੈਬਲਿਸ਼ਮੈਂਟ ਨੇ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਤੋਂ ਪਹਿਲਾਂ ਚੰਗਾ ਹੋਮਵਰਕ ਕੀਤਾ ਸੀ।

ਕੈਪੀਟਲ ਏਰੇਨਾ ਵਨ 'ਚ ਉਨ੍ਹਾਂ ਦਾ ਜਲਸਾ ਕਿਸੇ ਵੀ ਪਾਕਿਸਤਾਨੀ ਲੀਡਰ ਲਈ ਵੱਡੀ ਸਫ਼ਲਤਾ ਹੈ। ਅਮਰੀਕਾ ਵਿੱਚ ਜਾਂ ਕਿਸੇ ਦੂਜੇ ਦੇਸ ਵਿੱਚ ਜਾ ਕੇ ਆਪਣੇ ਦੇਸਵਾਸੀਆਂ ਨੂੰ ਜਨ ਸਭਾ 'ਚ ਸੰਬੋਧਨ ਕਰਨ ਦੀ ਪਰੰਪਰਾ ਹਾਲ ਹੀ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਰੂ ਕੀਤੀ ਹੈ।

Image copyright FOX NEWS
ਫੋਟੋ ਕੈਪਸ਼ਨ ਇਮਰਾਨ ਖ਼ਾਨ ਨੇ ਅਤੇ ਉਨ੍ਹਾਂ ਦੀ ਸਮਰਥਕ ਆਰਮੀ ਐਸਟੈਬਲਿਸ਼ਮੈਂਟ ਨੇ ਟਰੰਪ ਨਾਲ ਮੁਲਾਕਾਤ ਤੋਂ ਪਹਿਲਾਂ ਚੰਗਾ ਹੋਮਵਰਕ ਕੀਤਾ ਸੀ

ਪਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਜਿਸ ਅੰਦਾਜ਼ 'ਚ ਪਹਿਲਾਂ ਇੱਕ ਸਫ਼ਲ ਜਲਸਾ ਕੀਤਾ ਅਤੇ ਫਿਰ ਅਗਲੇ ਹੀ ਦਿਨ ਵ੍ਹਾਈਟ ਹਾਊਸ ਵਿੱਚ ਰਾਸ਼ਟਰਪਤੀ ਟਰੰਪ ਅਤੇ ਫਰਸਟ ਲੇਡੀ ਮੇਲਾਨੀਆ ਟਰੰਪ ਨਾਲ ਮੁਲਾਕਾਤ ਕੀਤੀ, ਉਹ ਬਿਲਕੁਲ ਇੱਕ ਅਜਿਹਾ ਸੀਨ ਬਣਾਉਂਦਾ ਹੈ ਜਿਵੇਂ ਇੱਕ ਮਸ਼ਹੂਰ ਵਿਦਿਆਰਥੀ ਨੇਤਾ ਆਪਣੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਸਾਹਮਣੇ ਵਿਦਿਆਰਥੀਆਂ ਦੇ ਮੁੱਦੇ ਦੀ ਸੂਚੀ ਲੈ ਕੇ ਗਿਆ ਹੋਵੇ।

ਜੇਕਰ ਇਹ ਵਿਦਿਆਰਥੀ ਨੇਤਾ ਆਪਣੇ ਵਿਦਿਆਰਥੀਆਂ ਦੇ ਮੁੱਦਿਆਂ ਨੂੰ ਮਨਜ਼ੂਰ ਕਰਵਾ ਲਏ ਜਾਂ ਫਿਰ ਇੰਮਪ੍ਰੇਸ਼ਨ ਦਿਖਾਉਣ 'ਚ ਸਫ਼ਲ ਹੋ ਜਾਵੇ ਕਿ ਮੁੱਦੇ ਮੰਨ ਲਏ ਗਏ ਹਨ ਤਾਂ ਇਸ ਦੇ ਸਮਰਥਕਾਂ ਦੀ ਖੁਸ਼ੀ ਦੀ ਕੋਈ ਸੀਮਾ ਨਹੀਂ ਰਹਿੰਦੀ ਹੈ। ਇਮਰਾਨ ਖ਼ਾਨ ਨੂੰ ਕੁਝ ਅਜਿਹਾ ਹੀ ਹਾਸਿਲ ਹੋਇਆ ਹੈ।

ਨਵੇਂ ਅਧਿਆਏ ਦੀ ਸ਼ੁਰੂਆਤ

ਪਰ ਵ੍ਹਾਈਟ ਹਾਊਸ ਵਿੱਚ ਉਹ ਨਾ ਮੈਚ ਖੇਡਣ ਗਏ ਸਨ ਅਤੇ ਨਾ ਹੀ ਸਫ਼ਲਤਾ ਦਾ ਅਜਿਹਾ ਕੋਈ ਨਾਟਕ ਕਰਨ ਜੋ ਪਹਿਲਾਂ ਕਦੇ ਨਹੀਂ ਹੋਇਆ।

ਉਨ੍ਹਾਂ ਦੇ ਦੇਸ ਦਾ ਅਮਰੀਕਾ ਨਾਲ ਕੁਝ ਸਾਲਾਂ ਤੋਂ ਤਲਖ ਰਿਸ਼ਤਾ ਰਿਹਾ ਹੈ ਜਿਸ ਕਾਰਨ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸੈਨਿਕ ਮਦਦ ਵੀ ਬੰਦ ਕੀਤੀ ਹੋਈ ਹੈ ਅਤੇ ਉਨ੍ਹਾਂ ਦਾ ਦੇਸ ਬੇਹੱਦ ਆਰਥਿਕ ਤੰਗੀ ਵਾਲੇ ਹਾਲਾਤ ਨਾਲ ਘਿਰਿਆ ਹੋਇਆ ਹੈ।

ਉਨ੍ਹਾਂ ਦੀ ਅਮਰੀਕਾ ਵਿੱਚ ਸਫ਼ਲਤਾ ਨੂੰ ਪਾਕਿਸਤਾਨ ਅਤੇ ਅਮਰੀਕਾ ਦੇ ਰਿਸ਼ਤਿਆਂ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕਿਹਾ ਜਾ ਰਿਹਾ ਹੈ।

ਇਹ ਬਦਲਾਅ ਉਨ੍ਹਾਂ ਦੇ ਅਮਰੀਕਾ ਪਹੁੰਚਣ ਤੋਂ ਬਾਅਦ ਤੋਂ ਸ਼ੁਰੂ ਨਹੀਂ ਹੋਇਆ ਹੈ ਇਸ ਲਈ ਮਦਦਗਾਰ ਹਾਲਾਤ ਕਾਫੀ ਸਮੇਂ ਤੋਂ ਤਿਆਰ ਕੀਤੇ ਜਾ ਰਹੇ ਸਨ।

Image copyright Reuters
ਫੋਟੋ ਕੈਪਸ਼ਨ ਇਮਰਾਨ ਦੀ ਅਮਰੀਕਾ ਵਿੱਚ ਸਫ਼ਲਤਾ ਨੂੰ ਪਾਕਿਸਤਾਨ ਅਤੇ ਅਮਰੀਕਾ ਦੇ ਰਿਸ਼ਤਿਆਂ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕਿਹਾ ਜਾ ਰਿਹਾ ਹੈ

ਪਾਕਿਸਤਾਨ ਨੇ ਇਸ ਦੌਰਾਨ ਅਫ਼ਗਾਨਿਸਤਾਨ ਦੇ ਤਾਲਿਬਾਨ ਨੂੰ ਅਮਰੀਕਾ ਨਾਲ ਗੱਲਬਾਤ ਲਈ ਤਿਆਰ ਕਰਨ 'ਚ ਅਹਿਮ ਕਿਰਦਾਰ ਅਦਾ ਕੀਤਾ।

ਜ਼ਾਹਿਰ ਹੈ ਕਿ ਅਮਰੀਕਾ ਨੇ ਇਮਰਾਨ ਖ਼ਾਨ ਦੇ ਦੌਰੇ ਤੋਂ ਪਹਿਲਾਂ ਹੀ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਦਾ ਬਲੋਚ ਲਿਬਰੇਸ਼ਨ ਆਰਮੀ ਨੂੰ ਅੱਤਵਾਦੀ ਸੰਗਠਨ ਐਲਾਨ ਕਰਕੇ ਇਸ਼ਾਰਾ ਦੇ ਦਿੱਤਾ ਸੀ।

ਪਰ ਜਿਸ ਗੱਲ ਨੇ ਦੱਖਣੀ ਏਸ਼ੀਆ 'ਚ ਇੱਕ ਚਿੰਗਾਰੀ ਪੈਦਾ ਕੀਤੀ ਹੈ ਉਹ ਰਾਸ਼ਟਰਪਤੀ ਟਰੰਪ ਦਾ ਕਸ਼ਮੀਰ ਦੇ ਮੁੱਦੇ 'ਤੇ ਪਾਕਿਸਤਾਨ ਅਤੇ ਭਾਰਤ ਵਿਚਾਲੇ ਵਿਚੋਲਗੀ ਕਰਨ ਦਾ ਬਿਆਨ ਸੀ।

ਪਾਕਿਸਤਾਨ ਇਸ ਕਿਸਮ ਦੇ ਬਿਆਨ ਦਾ ਕਈ ਸਾਲਾਂ ਤੋਂ ਇੰਤਜ਼ਾਰ ਕਰ ਰਿਹਾ ਹੈ ਜਦਕਿ ਭਾਰਤ ਕਸ਼ਮੀਰ ਨੂੰ ਦੋ-ਪੱਖੀ ਮਾਮਲਾ ਦੱਸਦਾ ਰਿਹਾ ਹੈ।

ਪਰ ਇਸ ਵਾਰ ਤਾਂ ਅਮਰੀਕੀ ਰਾਸ਼ਟਰਪਤੀ ਨੇ ਇਸ ਦਾ ਨਾ ਸਿਰਫ਼ ਜਨਤਕ ਤੌਰ 'ਤੇ ਇਜ਼ਹਾਰ ਕੀਤਾ ਬਲਕਿ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਵਿਚੋਲਗੀ ਦੇ ਇਸ ਕਿਰਦਾਰ ਅਦਾ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਕਿਹਾ ਹੈ।

ਇਹ ਵੀ ਪੜ੍ਹੋ-

Image copyright Getty Images
ਫੋਟੋ ਕੈਪਸ਼ਨ ਅਮਰੀਕਾ ਲਈ ਚੀਨ ਕਰਕੇ ਭਾਰਤ ਦੀ ਅਹਿਮੀਅਤ ਆਪਣੀ ਥਾਂ ਬਰਕਰਾਰ ਰਹੇਗੀ

ਹਾਲਂਕਿ ਭਾਰਤ ਸਰਕਾਰ ਨੇ ਇਸ ਦਾ ਖੰਡਨ ਕੀਤਾ ਹੈ, ਪਰ ਮੋਦੀ ਨੇ ਅਜੇ ਤੱਕ ਖ਼ਾਮੋਸ਼ੀ ਹੀ ਕਾਇਮ ਰੱਖੀ ਹੋਈ ਹੈ।

ਅਫ਼ਗਾਨਿਸਤਾਨ 'ਚ ਪਾਕਿਸਤਾਨ ਅਤੇ ਅਮਰੀਕਾ ਦੇ ਵਿਚ ਸਾਰਥਕ ਸਹਿਯੋਗ, ਦਹਿਸ਼ਗਰਦਾਂ ਦੀ ਪਰਿਭਾਸ਼ਾ 'ਚ ਦੋਵਾਂ ਦੇਸਾਂ ਦੇ ਵਿਚਾਲੇ ਘਟਦਾ ਫਰਕ, ਕਸ਼ਮੀਰ ਬਾਰੇ ਪਾਕਿਸਤਾਨ ਦੇ ਕੰਨਾਂ 'ਚ ਰਸ ਘੋਲਣ (ਭਾਵੇਂ ਕੁਝ ਦੇਰ ਲਈ ਹੀ ਸਹੀ), ਆਰਥਿਕ ਸਹਿਯੋਗ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ, ਪਾਕਿਸਤਾਨ ਅਤੇ ਅਮਰੀਕਾ ਵਿਚਾਲੇ ਵਪਾਰਕ ਰਿਸ਼ਤੇ ਵਿੱਚ ਅਤੇ ਡਿਪਲੋਮੈਟਿਕ ਪੱਧਰ 'ਤੇ ਦੋਵਾਂ ਦੇਸਾਂ ਵਿਚਾਲੇ ਦੋਤਰਫ਼ਾ ਰਿਸ਼ਤੇ ਲਈ ਨਵੇਂ ਸੰਕੇਤ ਦਾ ਪੈਦਾ ਹੋਣਾ, ਇਹ ਸਭ ਇਸ ਦੌਰੇ ਦੀਆਂ ਅਹਿਮ ਗੱਲਾਂ ਹਨ।

ਪਰ ਦੋਵਾਂ ਨੂੰ ਪਤਾ ਹੈ ਕਿ ਬੁਨਿਆਦੀ ਤੌਰ 'ਤੇ ਰਣਨੀਤੀ ਦੇ ਮਾਮਲਿਆਂ ਬਾਰੇ 'ਚ ਦੋਵਾਂ ਨੇ ਕੁਝ ਕਹਿਣ ਤੋਂ ਗੁਰੇਜ਼ ਕੀਤਾ ਹੈ। ਪਾਕਿਸਤਾਨ ਨੇ ਪਰਮਾਣੂ ਸਮੂਹ ਵਿੱਚ ਸ਼ਾਮਿਲ ਹੋਣ ਬਾਰੇ ਨਾ ਕੋਈ ਗੱਲ ਕੀਤੀ ਹੈ ਅਤੇ ਨਾ ਹੀ ਅਮਰੀਕਾ ਨੇ ਕੋਈ ਇਸ਼ਾਰਾ ਕੀਤਾ ਹੈ।

ਪਾਕਿਸਤਾਨ ਦੀ ਅਸਲੀ ਚੁਣੌਤੀ

ਇਸ ਤੋਂ ਇਲਾਵਾ ਪਾਕਿਸਤਾਨ ਵਿੱਚ ਚੀਨ ਦਾ ਨਾ ਸਿਰਫ਼ ਵਪਾਰਕ ਬਲਕਿ ਉਸ ਦੇ ਵਧਦੇ ਹੋਏ ਕੂਟਨੀਕ ਹਿੱਤਾਂ ਬਾਰੇ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਫਿਲਹਾਲ ਖੁੱਲ੍ਹ ਕੇ ਕੋਈ ਗੱਲ ਨਹੀਂ ਹੋਈ ਹੈ।

ਕੀ ਕੋਈ ਗੱਲ ਹੋ ਸਕਦੀ ਹੈ ਅਤੇ ਜੇਕਰ ਹੁੰਦੀ ਹੈ ਤਾਂ ਕੀ ਨਤੀਜਾ ਨਿਕਲ ਸਕਦਾ ਹੈ ਇਸ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ ਹੈ। ਗਵਾਦਰ ਬੰਦਰਗਾਹ 'ਤੇ ਚੀਨ ਦੇ ਅਸਰ ਨੂੰ ਅਮਰੀਕਾ ਸਵੀਕਾਰ ਕਰਨ ਲਈ ਤਿਆਰ ਨਜ਼ਰ ਨਹੀਂ ਆਉਂਦਾ ਹੈ।

ਪਾਕਿਸਤਾਨ ਅਤੇ ਅਮਰੀਕਾ ਵਿਚਾਲੇ ਭਵਿੱਖ ਵਿੱਚ ਰਿਸ਼ਤੇ ਦਾ ਰੂਪ ਕੀ ਹੋਵੇਗਾ ਇਹ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਰਾਸ਼ਟਰਪਤੀ ਟਰੰਪ ਅਤੇ ਫਰਸਟ ਲੇਡੀ ਮੇਲਾਨੀਆ ਟਰੰਪ ਨਾਲ ਗਰਮਜੋਸ਼ੀ ਨਾਲ ਹੋਈ ਮੁਲਾਕਾਤ ਤੋਂ ਵਧੇਰੇ ਪਾਕਿਸਤਾਨ ਦੇ ਚੀਨ ਦੇ ਨਾਲ ਡੂੰਘੇ ਆਰਥਿਕ ਅਤੇ ਨਕਸ਼ਾ ਬਦਲ ਦੇਣ ਵਾਲੇ ਕੂਟਨੀਤਕ ਰਿਸ਼ਤੇ ਦੇ ਦ੍ਰਿਸ਼ ਨੂੰ ਦੇਖਣਾ ਹੋਵੇਗਾ।

ਪਾਕਿਸਤਾਨ ਦੀ ਅਸਲੀ ਚੁਣੌਤੀ ਹੁਣ ਇਹ ਹੈ ਕਿ ਉਹ ਚੀਨ ਦੇ ਨਾਲ ਆਪਣੇ ਹਿਮਾਲਿਆ ਤੋਂ ਉੱਚੇ ਰਿਸ਼ਤਿਆਂ ਨੂੰ ਅਮਰੀਕਾ ਨਾਲ ਸਬੰਧਾਂ ਦੇ ਰਾਹ 'ਚ ਰੁਕਾਵਟ ਨਾ ਬਣਨ ਦੇਵੇ।

Image copyright Getty Images

ਇਸ ਤਰ੍ਹਾਂ ਉਹ ਅਮਰੀਕਾ ਨਾਲ ਰਿਸ਼ਤੇ ਚੀਨ ਦੇ ਇਸ ਖੇਤਰ 'ਚ ਹਿੱਤਾਂ ਦੀ ਕੀਮਤ 'ਤੇ ਨਾ ਬਣਾਵੇ। ਅਮਰੀਕਾ ਪਾਕਿਸਤਾਨ ਨੂੰ ਕਿੰਨੀ ਥਾਂ ਦੇਵੇਗਾ ਇਹ ਤਾਂ ਕੁਝ ਦਿਨਾਂ ਬਾਅਦ ਪਤਾ ਲੱਗ ਹੀ ਜਾਵੇਗਾ।

ਪਾਕਿਸਤਾਨ ਦੇ ਅਮਰੀਕਾ ਨਾਲ ਰਿਸ਼ਤੇ ਦੇ ਇਤਿਹਾਸ ਨੂੰ ਦੇਖਿਆ ਜਾਵੇ ਤਾਂ ਅਸਲ ਤਾਕਤ ਅਮਰੀਕਾ ਦੇ ਹੱਥਾਂ 'ਚ ਹੀ ਰਹੀ ਹੈ।

1950 ਦੇ ਦਹਾਕੇ ਤੋਂ ਲੈ ਕੇ 21ਵੀ ਸਦੀ ਦੇ ਪਹਿਲੇ ਦਹਾਕੇ ਤੱਕ ਅਮਰੀਕਾ ਆਪਣੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਪਾਕਿਸਤਾਨ ਨਾਲ ਰਿਸ਼ਤਿਆਂ ਦਾ ਸੁਭਾਅ ਅਤੇ ਸ਼ਰਤਾਂ ਤੈਅ ਕਰਦਾ ਰਿਹਾ ਹੈ।

ਅਮਰੀਕਾ ਤੈਅ ਕਰਦਾ ਸੀ ਕਿ ਪਾਕਿਸਤਾਨ ਨੂੰ ਕੀ ਕੰਮ ਕਰਨਾ ਹੈ ਅਤੇ ਕਿਸ ਕੀਮਤ 'ਤੇ ਕਰਨਾ ਹੈ।

ਪਾਕਿਸਤਾਨ ਦੇ ਹਾਲਾਤ ਬਿਹਤਰ ਹੋਣ 'ਚ ਅਜੇ ਕਾਫੀ ਸਮਾਂ

ਪਰ ਹੁਣ ਪਾਕਿਸਤਾਨ ਵਿੱਚ ਚੀਨ ਦੇ ਇੱਕ ਨਵੇਂ ਅਤੇ ਜ਼ਿਆਦਾ ਤਾਕਤਵਰ ਕਿਰਦਾਰ ਦੇ ਉਭਰਨ ਤੋਂ ਬਾਅਦ, ਪਾਕਿਸਤਾਨ ਖੇਤਰ ਵਿੱਚ ਅਮਰੀਕਾ ਤੋਂ ਬਿਹਤਰ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਕਰੇਗਾ। ਹਾਲਾਂਕਿ ਇਸ ਵਿੱਚ ਪਾਕਿਸਤਾਨ ਨੂੰ ਅਜੇ ਤੱਕ ਕੋਈ ਖ਼ਾਸ ਸਫ਼ਲਤਾ ਹਾਸਿਲ ਨਹੀਂ ਹੋਈ ਹੈ।

26 ਸਾਲ ਪਹਿਲਾਂ ਜਦੋਂ ਇਮਰਾਨ ਖ਼ਾਨ ਇੰਗਲੈਂਡ ਨੂੰ ਹਰਾ ਕੇ ਆਸਟਰੇਲੀਆ ਦੇ ਮੈਲਬਰਨ ਸ਼ਹਿਰ ਵਿਚੋਂ ਵਿਸ਼ਵ ਕੱਪ ਜਿੱਤ ਕੇ ਪਾਕਿਸਤਾਨ ਪਹੁੰਚੇ ਤਾਂ ਉਹ ਜਿਸ ਸ਼ਹਿਰ ਵਿੱਚ ਵੀ ਗਏ, ਉੱਥੇ ਉਨ੍ਹਾਂ ਦਾ ਜ਼ਬਰਦਸਤ ਸਵਾਗਤ ਹੋਇਆ ਸੀ।

Image copyright @PID_GOV
ਫੋਟੋ ਕੈਪਸ਼ਨ ਇਮਰਾਨ ਨੂੰ ਦੱਸਣਾ ਹੋਵੇਗਾ ਕਿ ਅਮਰੀਕਾ ਨਾਲ ਰਿਸ਼ਤੇ ਬਹਾਲ ਕਰਦਿਆਂ ਚੀਨ ਨਾਲ ਪਾਕਿਸਤਾਨ ਦੇ ਰਿਸ਼ਤੇ 'ਤੇ ਕੀ ਅਸਰ ਪਵੇਗਾ

ਅੱਜ ਵੀ ਜਦੋਂ ਉਹ ਕੈਪੀਟਲ ਏਰੇਨਾ ਵਨ ਅਤੇ ਵ੍ਹਾਈਟ ਹਾਊਸ ਵਿੱਚ 'ਸਫ਼ਲਤਾ' ਤੋਂ ਬਾਅਤ ਪਾਕਿਸਤਾਨ ਵਾਪਸ ਆਏ ਹਨ ਤਾਂ ਉਨ੍ਹਾਂ ਨੂੰ ਡਿਪਲੋਮੈਟਿਕ ਸ਼ਬਦਾਂ ਵਿੱਚ ਅਤੇ ਰਣਨੀਤਕ ਅੰਦਾਜ਼ 'ਚ ਗੱਲ ਕਰਨ ਦੇ ਬਜਾਇ ਆਪਣੀ ਸਫ਼ਲਤਾ ਨੂੰ ਅੰਕੜਿਆਂ ਰਾਹੀਂ ਦੱਸਣਾ ਹੋਵੇਗਾ।

ਉਨ੍ਹਾਂ ਨੂੰ ਇਹ ਦੱਸਣਾ ਹੋਵੇਗਾ ਕਿ ਅਮਰੀਕਾ ਨਾਲ ਰਿਸ਼ਤੇ ਬਹਾਲ ਕਰਦਿਆਂ ਚੀਨ ਨਾਲ ਪਾਕਿਸਤਾਨ ਦੇ ਰਿਸ਼ਤੇ 'ਤੇ ਕੀ ਅਸਰ ਪਵੇਗਾ।

ਅਫ਼ਗਾਨਿਸਤਾਨ ਵਿੱਚ ਪਾਕਿਸਤਾਨ ਕਿਸ ਹੱਦ ਤੱਕ ਅਮਰੀਕਾ ਦੀ ਮਦਦ ਲਈ ਤਿਆਰ ਹੈ। ਕੀ ਅਮਰੀਕਾ ਈਰਾਨ ਅਤੇ ਪੱਛਮ ਏਸ਼ੀਆ ਵਿੱਚ ਪਾਕਿਸਤਾਨ ਤੋਂ ਕੋਈ ਮਦਦ ਚਾਹੁੰਦਾ ਹੈ ਜੋ ਪਾਕਿਸਤਾਨ ਦੀ ਆਪਣੀ ਸੁਰੱਖਿਆ ਲਈ ਬਿਹਤਰ ਨਾ ਹੋਵੇ।

ਅਜਿਹੇ ਹਾਲਾਤ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਅਮਰੀਕਾ ਦੌਰੇ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਆਰਥਿਕ ਤੌਰ 'ਤੇ ਕਮਜ਼ੋਰ ਪਾਕਿਸਤਾਨ ਦੇ ਹਾਲਾਤ ਬਿਹਤਰ ਹੋਣ 'ਚ ਅਜੇ ਕਾਫੀ ਸਮਾਂ ਲੱਗ ਸਕਦਾ ਹੈ।

ਅਮਰੀਕਾ ਲਈ ਚੀਨ ਕਰਕੇ ਭਾਰਤ ਦੀ ਅਹਿਮੀਅਤ ਆਪਣੀ ਥਾਂ ਬਰਕਰਾਰ ਰਹੇਗੀ।

ਅਮਰੀਕਾ ਨੇ ਅਫ਼ਗਾਨਿਸਤਾਨ 'ਚ ਸ਼ਾਂਤੀ ਬਹਾਲੀ ਦੀਆਂ ਕੋਸ਼ਿਸ਼ਾਂ 'ਚ ਪਾਕਿਸਤਾਨ ਨੂੰ ਖੁੱਲ੍ਹੇ ਤੌਰ 'ਤੇ ਸ਼ਾਮਿਲ ਕੀਤਾ ਹੈ ਪਰ ਇੱਕ ਗੱਲ ਦਾ ਦੋਵਾਂ ਨੂੰ ਅਹਿਸਾਸ ਹੈ ਕਿ ਉਹ ਹੁਣ ਸਰਦ ਜੰਗ ਦੇ ਦੌਰ 'ਚ ਨਹੀਂ ਰਹਿ ਰਹੇ ਹਨ।

ਲਿਹਾਜ਼ਾ ਸ਼ਾਇਦ ਪਾਕਿਸਤਾਨ ਅਤੇ ਅਮਰੀਕਾ ਵਿਚਾਲੇ ਬਹੁਤ ਹੀ ਬਿਹਤਰੀਨ ਰਿਸ਼ਤਿਆਂ ਦੇ ਹਵਾਲੇ ਨਾਲ ਇਮਰਾਨ ਖ਼ਾਨ ਦਾ ਇਸ ਦੌਰੇ ਨਾਲ ਅੱਜ ਦੇ ਦੌਰੇ ਦਾ ਅਯੂਬ ਖ਼ਾਨ ਬਣਨ ਦਾ ਸੁਪਨਾ ਪੂਰਾ ਨਾ ਹੋ ਸਕੇ।

ਪਾਕਿਸਤਾਨ ਤੇ ਅਮਰੀਕਾ ਦੇ ਰਿਸ਼ਤੇ ਕਿੰਨੇ ਬਿਹਤਰ ਹੋਏ ਇਸ ਬਾਰੇ ਸਮੀਖਿਆ ਕੀਤੀ ਜਾਵੇਗੀ ਅਤੇ ਨਾਲ ਹੀ ਇਹ ਵੀ ਦੇਖਿਆ ਜਾਵੇਗਾ ਕਿ ਪਾਕਿਸਤਾਨੀ ਫੌਜ ਅਮਰੀਕਾ ਨੂੰ ਕਿਸ ਹੱਦ ਤੱਕ ਅਤੇ ਕਿਸ ਪੱਧਰ ਦੀ ਸੇਵਾ ਦਿੰਦੀ ਹੈ।

ਇਮਰਾਨ ਖ਼ਾਨ ਦੀ ਸਫ਼ਲਤਾ ਦਾ ਜਸ਼ਨ ਸ਼ਾਇਦ ਹੀ ਪਾਕਿਸਤਾਨ ਦੇ ਲੋਕਾਂ ਲਈ ਵਧੇਰੇ ਪ੍ਰਸੰਗਿਕ ਅਤੇ ਮਹੱਤਵਪੂਰਨ ਹੈ ਜਿੱਥੇ ਵਿਰੋਧੀਆਂ ਨੇ ਉਨ੍ਹਾਂ ਨੂੰ ਲਗਾਤਾਰ ਘੇਰਿਆ ਹੋਇਆ ਹੈ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)