ਕਾਰਗਿਲ ਦੀ ਕਹਾਣੀ, ਪਾਕਿਸਤਾਨੀ ਫ਼ੌਜ ਨੂੰ ਰੋਟੀ ਖਵਾਉਣ ਵਾਲੇ ਇੱਕ ਬੰਦੇ ਦੀ ਜ਼ੁਬਾਨੀ

20 ਸਾਲ ਪਹਿਲਾਂ ਪਾਕਿਸਤਾਨ ਤੇ ਭਾਰਤ ਵਿਚਾਲੇ ਹੋਈ ਕਾਰਗਿਲ ਜੰਗ ਦੇ ਉਹ ਦਿਨ ਉਸ ਨੂੰ ਸਾਫ਼ ਯਾਦ ਹਨ
ਫੋਟੋ ਕੈਪਸ਼ਨ 20 ਸਾਲ ਪਹਿਲਾਂ ਪਾਕਿਸਤਾਨ ਤੇ ਭਾਰਤ ਵਿਚਾਲੇ ਹੋਈ ਕਾਰਗਿਲ ਜੰਗ ਦੇ ਉਹ ਦਿਨ ਉਸ ਨੂੰ ਸਾਫ਼ ਯਾਦ ਹਨ

"ਮਈ 1999 ਵਿੱਚ ਇੱਕ ਦਿਨ ਮੈਂ ਗਿਲਗਿਟ ਦੇ ਪਿੰਡ ਜਗਲੋਟ ਨੇੜਿਓਂ ਲੰਘ ਰਿਹਾ ਸੀ। ਮੈਂ ਦੇਖਿਆ ਕਿ ਕੁਝ ਲੋਕ ਕਾਰਾਕੋਰਮ ਹਾਈਵੇਅ ਕਿਨਾਰੇ ਖੜ੍ਹੇ ਹੋ ਕੇ ਪਾਕਿਸਤਾਨੀ ਫ਼ੌਜ ਦੇ ਹੱਕ ’ਚ ਨਾਅਰੇ ਲਗਾ ਰਹੇ ਸਨ। ਇੱਕ ਹਸਪਤਾਲ ਵਿੱਚ ਅਜਿਹੇ ਲੋਕਾਂ ਨੂੰ ਵੀ ਦੇਖਿਆ ਜੋ ਜ਼ਖਮੀ ਸੈਨਿਕਾਂ ਨੂੰ ਖ਼ੂਨ ਦੇਣ ਆਏ ਸਨ।"

ਇਹ ਨਜ਼ਾਰਾ ਪਾਕਿਸਤਾਨੀ ਇਲਾਕੇ ਦੇ ਗੁਲ ਸ਼ੇਰ (ਬਦਲਿਆ ਹੋਇਆ ਨਾਂ) ਨੇ ਬੀਬੀਸੀ ਨਾਲ ਸਾਂਝਾ ਕੀਤਾ, ਹਾਲਾਂਕਿ ਇਸ ਦੀ ਪੁਸ਼ਟੀ ਬੀਬੀਸੀ ਖੁਦ ਨਹੀਂ ਕਰ ਸਕਦਾ।

ਗੁਲ ਸ਼ੇਰ ਦੀ ਉਮਰ 50 ਦੇ ਨੇੜੇ ਹੈ ਪਰ ਅੱਜ ਵੀ, 20 ਸਾਲ ਪਹਿਲਾਂ ਪਾਕਿਸਤਾਨ ਤੇ ਭਾਰਤ ਵਿਚਾਲੇ ਹੋਈ ਕਾਰਗਿਲ ਜੰਗ ਦੇ ਉਹ ਦਿਨ ਉਸ ਨੂੰ ਸਾਫ਼ ਯਾਦ ਹਨ।

ਫੋਟੋ ਕੈਪਸ਼ਨ ਉਮੀਦ ਸੀ ਕਿ ਸ਼੍ਰੀਨਗਰ ਨੂੰ "ਭਾਰਤ ਦੇ ਕਬਜ਼ੇ ਤੋਂ ਆਜ਼ਾਦ ਕਰਾਇਆ ਜਾ ਸਕੇਗਾ"।

ਜੰਗ ਦੀ ਹਵਾ ਉਦੋਂ ਬਣੀ ਜਦੋਂ ਅਪ੍ਰੈਲ 1999 ਵਿੱਚ ਲਾਈਨ ਆਫ਼ ਕੰਟਰੋਲ ਨੇੜੇ ਗਸ਼ਤ ਲਗਾ ਰਹੇ ਭਾਰਤੀ ਫ਼ੌਜੀਆਂ ਉੱਪਰ ਗੋਲੀਬਾਰੀ ਹੋਈ।

ਇਹ ਵੀ ਜ਼ਰੂਰ ਪੜ੍ਹੋ

ਕੁਝ ਦਿਨਾਂ ਬਾਅਦ ਭਾਰਤ ਨੂੰ ਪਤਾ ਲੱਗਿਆ ਕਿ ਜਿਨ੍ਹਾਂ ਚੌਕੀਆਂ ਨੂੰ ਫ਼ੌਜ ਨੇ ਖ਼ਰਾਬ ਮੌਸਮ ਕਰਕੇ ਖਾਲੀ ਕੀਤਾ ਸੀ, ਉਨ੍ਹਾਂ ’ਤੇ ਪਾਕਿਸਤਾਨ ਦੇ ਹਥਿਆਰਬੰਦ ਲੜਾਕਿਆਂ ਦਾ ਕਬਜ਼ਾ ਸੀ। ਭਾਰਤੀ ਫੌਜੀ ਅਧਿਕਾਰੀਆਂ ਨੂੰ ਬਾਅਦ ਵਿੱਚ ਇਹ ਵੀ ਅਹਿਸਾਸ ਹੋਇਆ ਕਿ ਕਬਜ਼ਾ ਕਰਨ ਵਾਲੇ ਜ਼ਿਆਦਾਤਰ ਪਾਕਿਸਤਾਨੀ ਫ਼ੌਜ ਦੀ ਨੌਰਦਰਨ ਲਾਈਟ ਇਨਫੈਂਟਰੀ ਦੇ ਸੈਨਿਕ ਸਨ।

ਜਵਾਬੀ ਕਾਰਵਾਈ 'ਚ ਭਾਰਤੀ ਫ਼ੌਜ ਨੇ ਅਭਿਆਨ ਛੇੜਿਆ ਜੋ ਤਿੰਨ ਮਹੀਨੇ ਚੱਲਿਆ।

ਇਸ ਦੌਰਾਨ ਗੁਲ ਸ਼ੇਰ ਪਾਕਿਸਤਾਨੀ ਫ਼ੌਜ ਨਾਲ ਇੱਕ ਕਾਰਜਕਰਤਾ ਵਜੋਂ ਵੱਧ-ਚੜ੍ਹ ਕੇ ਕੰਮ ਕਰਦਾ ਰਿਹਾ। ਉਸ ਦੇ ਪੁਰਖੇ ਸਦੀਆਂ ਪਹਿਲਾਂ ਸ਼੍ਰੀਨਗਰ ਤੋਂ ਗਿਲਗਿਟ ਆ ਗਏ ਸਨ ਪਰ ਉਸ ਦਾ ਜਜ਼ਬਾਤੀ ਨਾਤਾ ਅਜੇ ਵੀ ਕਸ਼ਮੀਰ ਵਾਦੀ ਨਾਲ ਜੁੜੇ ਹੋਇਆ ਸੀ।

ਗੁਲ ਸ਼ੇਰ ਨੇ ਦੱਸਿਆ, "ਮੈਂ ਉਸ ਦਿਨ ਜੋ ਦੇਖਿਆ, ਉਸ ਤੋਂ ਬਾਅਦ ਤੁਰੰਤ ਫ਼ੈਸਲਾ ਲੈ ਲਿਆ ਕਿ ਭਾਰਤੀ ਫ਼ੌਜ ਖ਼ਿਲਾਫ਼ ਪਾਕਿਸਤਾਨੀ ਫ਼ੌਜ ਦੀ ਮਦਦ ਕਰਾਂਗਾ।"

ਗੁਲ ਸ਼ੇਰ ਨੇ 1987-88 ਵਿੱਚ ਪਾਕਿਸਤਾਨੀ ਫ਼ੌਜ ਤੋਂ ਫ਼ੌਜੀ ਸਿਖਲਾਈ ਲਈ ਸੀ। ਉਹ ਮੁਜਾਹਿਦ ਰੈਜੀਮੈਂਟ ਵਿੱਚ ਰਿਹਾ ਸੀ ਜਿਸ ਨੂੰ ਪਾਕਿਸਤਾਨੀ ਫ਼ੌਜ ਦੀ ਸੈਕਿੰਡ ਲਾਈਨ ਆਫ਼ ਡਿਫੈਂਸ ਆਖਿਆ ਜਾਂਦਾ ਸੀ। ਇਸ ਰੈਜੀਮੈਂਟ ਨੂੰ ਯੁੱਧ ’ਚ ਫ਼ੌਜ ਦੀ ਮਦਦ ਲਈ ਤਿਆਰ ਕੀਤਾ ਗਿਆ ਸੀ।

ਇਹ ਵੀ ਜ਼ਰੂਰ ਦੇਖੋ

ਗੁਲ ਸ਼ੇਰ ਨੂੰ ਸਿਹਤ ਸਮੱਸਿਆਵਾਂ ਕਰਕੇ ਪੰਜ ਸਾਲ ਬਾਅਦ ਇਸ ਰੈਜੀਮੈਂਟ ਤੋਂ ਸੇਵਾਮੁਕਤੀ ਲੈਣੀ ਪਈ ਸੀ। 1999 'ਚ ਮੁੜ ਫ਼ੌਜ ਦੀ ਮਦਦ ਪਿੱਛੇ ਮਕਸਦ ਸੀ, ਉਮੀਦ ਸੀ ਕਿ ਸ਼੍ਰੀਨਗਰ ਨੂੰ "ਭਾਰਤ ਦੇ ਕਬਜ਼ੇ ਤੋਂ ਆਜ਼ਾਦ ਕਰਾਇਆ ਜਾ ਸਕੇਗਾ"।

ਉਸ ਨੇ ਦੱਸਿਆ, "ਯੁੱਧ ਦੌਰਾਨ ਮੈਂ ਸਕਰਦੂ ਤੋਂ 100 ਕਿਲੋਮੀਟਰ ਦੂਰ ਖਪਲੂ ਦੇ ਇੱਕ ਆਰਮੀ ਕੈਂਪ ਵਿੱਚ ਜਾਂਦਾ ਸੀ। ਕਈ ਅਜਿਹੇ ਲੋਕ ਫ਼ੌਜ ਦਾ ਸਾਥ ਦੇ ਰਹੇ ਸਨ ਜਿਨ੍ਹਾਂ ਨੇ ਆਰਮੀ ਟ੍ਰੇਨਿੰਗ ਲਈ ਹੋਈ ਸੀ। ਆਮ ਲੋਕ ਵੀ ਰਲ ਰਹੇ ਸਨ। ਜ਼ਿਆਦਾਤਰ ਕਸ਼ਮੀਰੀ ਸਨ, ਕੁਝ ਪਾਕਿਸਤਾਨੀ ਵੀ ਸਨ।"

ਗੁਲ ਸ਼ੇਰ ਮੁਤਾਬਕ ਗਿਲਗਿਟ-ਬਾਲਟੀਸਤਾਨ ਦੇ ਕਈ ਲੋਕਾਂ ਨੇ ਇਸ ਜੰਗ ਵਿੱਚ ਬਲੀਦਾਨ ਵੀ ਦਿੱਤਾ।

ਫੋਟੋ ਕੈਪਸ਼ਨ "ਉਨ੍ਹਾਂ ਵੱਲ ਸੜਕਾਂ ਬਿਹਤਰ ਸਨ, ਉਨ੍ਹਾਂ ਦੇ ਬਖ਼ਤਰਬੰਦ ਟਰੱਕ ਆ-ਜਾ ਰਹੇ ਸਨ। ਭਾਰਤੀ ਫ਼ੌਜ ਲਗਾਤਾਰ ਹਵਾਈ ਤੇ ਜ਼ਮੀਨੀ ਫਾਇਰਿੰਗ ਕਰ ਰਹੀ ਸੀ।"

"ਲੋਕ ਆਪਣੀਆਂ ਜੀਪਾਂ-ਕਾਰਨ-ਟਰੱਕਾਂ ਦਾ ਇਸਤੇਮਾਲ ਪਾਕਿਸਤਾਨੀ ਫ਼ੌਜ ਨੂੰ ਖਾਣਾ ਤੇ ਫਿਊਲ ਪਹੁੰਚਾਉਣ ਲਈ ਕਰ ਰਹੇ ਸਨ।"

ਖਪਲੂ ਇਲਾਕੇ ਵਿੱਚ ਗੁਲ ਸ਼ੇਰ ਕਾਰਜਕਰਤਾਵਾਂ ਦੀ ਅਗਵਾਈ ਕਰ ਰਿਹਾ ਸੀ। ਉਨ੍ਹਾਂ ਨੇ ਕਈ ਹਫ਼ਤੇ ਪਾਕਿਸਤਾਨੀ ਫ਼ੌਜ ਨਾਲ ਸਰਹੱਦ 'ਤੇ ਰਸ਼ੀਦ ਪੋਸਟ ਉੱਪਰ ਬਿਤਾਏ।

"ਮੇਰੇ ਕੋਲ ਵਧੀਆ ਲੈਂਡ ਕਰੂਜ਼ਰ ਸੀ। ਪੂਰੇ ਇਲਾਕੇ ਦੇ ਲੋਕ ਫ਼ੌਜ ਲਈ ਭੋਜਨ ਦੇ ਰਹੇ ਸਨ। ਘੱਟੋ-ਘੱਟ ਦਸ ਵਾਰ ਮੈਂ ਗੱਡੀ ਭਰ ਕੇ ਖਾਣਾ ਲੈ ਕੇ ਗਿਆ ਤੇ ਤਾਇਨਾਤ ਸੈਨਿਕਾਂ ਵਿੱਚ ਵੰਡਿਆ।"

ਫੋਟੋ ਕੈਪਸ਼ਨ “ਭਾਰਤ ਵੱਲੋਂ ਨਾਕੇਬੰਦੀ ਕਰਕੇ ਵੀ ਰਸਦ ਭੇਜਣ ਦੀ ਕਵਾਇਦ ਕਈ ਵਾਰ ਨਾਕਾਮ ਹੋਈ”

ਗੁਲ ਸ਼ੇਰ ਦਾ ਦਾਅਵਾ ਹੈ ਕਿ ਭਾਰਤੀ ਫ਼ੌਜ ਕੋਲ ਸੰਸਾਧਨਾਂ ਦੀ ਕਮੀ ਨਹੀਂ ਸੀ। "ਉਨ੍ਹਾਂ ਵੱਲ ਸੜਕਾਂ ਬਿਹਤਰ ਸਨ, ਉਨ੍ਹਾਂ ਦੇ ਬਖ਼ਤਰਬੰਦ ਟਰੱਕ ਆ-ਜਾ ਰਹੇ ਸਨ। ਭਾਰਤੀ ਫ਼ੌਜ ਲਗਾਤਾਰ ਹਵਾਈ ਤੇ ਜ਼ਮੀਨੀ ਫਾਇਰਿੰਗ ਕਰ ਰਹੀ ਸੀ।"

"ਇਸੇ ਗੋਲੀਬਾਰੀ ਕਾਰਨ ਮੈਂ ਸਰਹੱਦ ਤੋਂ ਪਾਰ ਨਹੀਂ ਜਾ ਸਕਿਆ। ਭਾਰਤੀ ਫ਼ੌਜ ਤੋਪਾਂ ਵਰਤ ਰਹੀ ਸੀ ਪਰ ਪਾਕਿਸਤਾਨ ਵਾਲੇ ਪਾਸੇ ਬੁਨਿਆਦੀ ਢਾਂਚਾ ਜ਼ਰਜ਼ਰ ਸੀ, ਸੜਕਾਂ ਖਤਮ ਹੋ ਗਈਆਂ ਸਨ।"

ਇਹ ਵੀ ਜ਼ਰੂਰਪੜ੍ਹੋ

"ਕਈ ਵਾਰੀ ਮੈਂ ਸ਼ੈਲਿੰਗ ਤੋਂ ਮਸਾਂ ਬਚਿਆ ਪਰ ਮੇਰੀ ਕਾਰ ਸ਼ਿਕਾਰ ਹੋ ਗਈ ਤੇ ਮੈਂ ਪੰਜ ਦਿਨ ਕਿਤੇ ਨਹੀਂ ਜਾ ਸਕਿਆ।"

ਗੁਲ ਸ਼ੇਰ ਕਹਿੰਦੇ ਹਨ ਕਿ ਭਾਰਤ ਵੱਲੋਂ ਨਾਕੇਬੰਦੀ ਕਰਕੇ ਵੀ ਰਸਦ ਭੇਜਣ ਦੀ ਕਵਾਇਦ ਕਈ ਵਾਰ ਨਾਕਾਮ ਹੋਈ। "ਉਂਝ ਗਿਲਗਿਟ ਦੇ ਲੋਕ ਠੰਢ ਦੇ ਆਦੀ ਹਨ ਪਰ ਕੰਮ ਬਹੁਤ ਔਖਾ ਹੋ ਗਿਆ ਸੀ। ਦੋ ਦਿਨ ਤਾਂ ਸਾਨੂੰ ਵੀ ਖਾਣ ਨੂੰ ਨਹੀਂ ਮਿਲਿਆ।"

ਫੋਟੋ ਕੈਪਸ਼ਨ “ਆਪਣੇ ਸ਼ਰੀਰ ਨਾਲ ਤੀਹ-ਤੀਹ ਕਿਲੋ ਖਾਣਾ ਬੰਨ੍ਹ ਕੇ...”

ਕਿਵੇਂ ਲਿਜਾਉਂਦੇ ਸੀ ਰਸਦ

"ਅਸੀਂ ਰਸ਼ੀਦ ਪੋਸਟ ਤੋਂ 100 ਫੁੱਟ ਉੱਪਰ ਇੱਕ ਥਾਂ 'ਤੇ ਕਬਜ਼ਾ ਕੀਤਾ ਤੇ ਰਾਤੀਂ, ਜਦੋਂ ਗੋਲੀਬਾਰੀ ਬੰਦ ਹੁੰਦੀ ਸੀ, ਅਸੀਂ ਉੱਥੇ ਰਾਸ਼ਨ ਲੈ ਕੇ ਜਾਂਦੇ ਸੀ। ਆਪਣੇ ਸ਼ਰੀਰ ਨਾਲ 30-30 ਕਿਲੋ ਖਾਣਾ ਬੰਨ੍ਹ ਕੇ, ਬਰਫ਼ ਨਾਲ ਢਕੇ ਪਹਾੜਾਂ 'ਤੇ ਰੰਗਦੇ ਸੀ ਤੇ ਖਾਣਾ ਪਹੁੰਚਾਉਂਦੇ ਸੀ।"

ਇਸ ਤੋਂ ਬਾਅਦ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ 4 ਜੁਲਾਈ ਨੂੰ ਕੌਮਾਂਤਰੀ ਦਬਾਅ ਹੇਠ ਭਾਰਤ-ਸ਼ਾਸਤ ਕਸ਼ਮੀਰ ਤੋਂ ਫ਼ੌਜ ਵਾਪਿਸ ਬੁਲਾਉਣ ਲਈ ਹਾਮੀ ਭਰੀ।

ਇਹ ਵੀ ਜ਼ਰੂਰ ਦੇਖੋ

ਗੁਲ ਸ਼ੇਰ ਨੂੰ ਇਸ ਗੱਲ ਦਾ ਅੱਜ ਵੀ ਪਛਤਾਵਾ ਹੈ ਕਿ ਫ਼ੌਜ ਵਾਪਿਸ ਬੁਲਾ ਲਈ ਗਈ। ਉਸ ਦਾ ਮੰਨਣਾ ਹੈ ਕਿ ਇਸ ਨਾਲ ਪਾਕਿਸਤਾਨ ਨੂੰ ਭਾਰੀ ਨੁਕਸਾਨ ਹੋਇਆ।

"ਸਾਡੇ ਇਰਾਦੇ ਨੇਕ ਸਨ ਅਤੇ ਸਾਨੂੰ ਭਰੋਸਾ ਸੀ ਕਿ ਅਸੀਂ ਸ਼੍ਰੀਨਗਰ ਪਹੁੰਚਾਂਗੇ। ਪਾਕਿਸਤਾਨ ਕੋਲ ਸੰਸਾਧਨਾਂ ਦੀ ਕਮੀ ਸੀ ਅਤੇ ਅਰਥਚਾਰਾ ਮਜ਼ਬੂਤ ਨਹੀਂ ਸੀ। ਅੰਤਰਰਾਸ਼ਟਰੀ ਦਬਾਅ ਕਰਕੇ ਫ਼ੌਜ ਵਾਪਿਸ ਬੁਲਾਉਣੀ ਪਈ।"

ਫੋਟੋ ਕੈਪਸ਼ਨ “ਪਾਕਿਸਤਾਨੀ ਅਧਿਕਾਰੀਆਂ ਨੂੰ ਬਿਹਤਰ ਯੋਜਨਾ ਬਣਾਉਣ ਦੀ ਲੋੜ ਸੀ”

ਉਹ ਇਸ ਗੱਲ ਨੂੰ ਨਕਾਰਦਾ ਹੈ ਕਿ ਪਾਕਿਸਤਾਨ ਨੇ ਆਪਣੇ ਸੈਨਿਕਾਂ ਦੀਆਂ ਲਾਸ਼ਾਂ ਵੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। "ਲਾਸ਼ਾਂ ਨੂੰ ਲਿਆਉਣ ਵਿੱਚ ਬਹੁਤ ਪੈਸੇ ਤੇ ਸੰਸਾਧਨ ਲੱਗੇ ਪਰ ਫ਼ੌਜ ਨੇ ਸਾਰੀਆਂ ਲਾਸ਼ਾਂ ਬਰਾਮਦ ਕਰ ਕੇ ਪਰਿਵਾਰਾਂ ਦੇ ਹਵਾਲੇ ਕੀਤੀਆਂ, ਪੂਰੇ ਸਤਿਕਾਰ ਨਾਲ।"

ਜੰਗ ਅਪ੍ਰੈਲ ਵਿੱਚ ਸ਼ੁਰੂ ਹੋਈ ਤੇ 26 ਜੁਲਾਈ 1999 ਨੂੰ ਭਾਰਤ ਨੇ ਐਲਾਨ ਕੀਤਾ ਕਿ ਉਸ ਨੇ ਪਾਕਿਸਤਾਨੀਆਂ ਨੂੰ ਆਪਣੇ ਖੇਤਰ ਤੋਂ ਖਦੇੜ ਦਿੱਤਾ ਸੀ।

ਗੁਲ ਸ਼ੇਰ ਮੁਤਾਬਕ ਪਾਕਿਸਤਾਨੀ ਅਧਿਕਾਰੀਆਂ ਨੂੰ ਬਿਹਤਰ ਯੋਜਨਾ ਬਣਾਉਣ ਦੀ ਲੋੜ ਸੀ, ਸੰਸਾਧਨਾਂ ਦਾ ਹਿਸਾਬ-ਕਿਤਾਬ ਲਗਾਉਣ ਦੋ ਲੋੜ ਸੀ।

"ਮੈਂ ਤਾਂ ਸਿਰਫ਼ ਇੱਕ ਕਾਰਜਕਰਤਾ ਸੀ। ਮੈਨੂੰ ਨਹੀਂ ਪਤਾ ਕਿ ਇਹ ਜੰਗ ਕਿਉਂ ਲੜੀ ਗਈ ਪਰ ਮੈਂ ਅਜਿਹੀ ਕਿਸੇ ਸਥਿਤੀ ਲਈ ਅੱਜ ਵੀ ਤਿਆਰ ਹਾਂ।"

ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)