ਨਵ-ਵਿਆਹੀ ਪਤਨੀ ਨੇ ਇਸ ਤਰ੍ਹਾਂ ਜਵਾਲਾਮੁਖੀ 'ਚੋਂ ਬਚਾਇਆ ਪਤੀ

ਨਵਵਿਆਹਿਆ ਜੋੜਾ ਹਸਪਤਾਲ ਵਿੱਚ Image copyright GoFundMe/BBC

ਇੱਕ ਨਵਵਿਆਹਿਆ ਵਿਅਕਤੀ ਜਦੋਂ ਠੰਢੇ ਪਏ ਜਵਾਲਾਮੁਖੀ ਵਿੱਚ ਡਿੱਗ ਗਿਆ ਤਾਂ ਉਸ ਦੀ ਪਤਨੀ ਉਸ ਨੂੰ ਬਚਾ ਕੇ ਲੈ ਆਈ। ਦਰਅਸਲ ਉਹ ਹਨੀਮੂਨ 'ਤੇ ਗਿਆ ਸੀ ਜਦੋਂ ਇਹ ਹਾਦਸਾ ਵਾਪਰਿਆ ਅਤੇ ਇਸ ਵੇਲੇ ਅਮਰੀਕਾ ਦੇ ਇੱਕ ਹਸਪਤਾਲ ਵਿੱਚ ਜੇਰੇ ਇਲਾਜ ਹੈ।

ਕੈਰੀਬੀਅਨ ਟਾਪੂ 'ਤੇ ਚੜ੍ਹਦੇ ਹੋਏ ਕਲੇ ਚੈਸਟੇਨ ਡਿੱਗ ਗਿਆ ਸੀ ਜਿਸ ਕਾਰਨ ਉਸ ਦਾ ਸਿਰ ਫੱਟ ਗਿਆ। ਉਸ ਦੀ ਪਤਨੀ ਐਕੈਮੀ ਹੇਠਾਂ ਉਸ ਕੋਲ ਉਤਰੀ ਤੇ ਉਸ ਨੂੰ ਬਾਹਰ ਕੱਢ ਕੇ ਲਿਆਈ।

ਕਲੇ ਚੈਸਟੇਨ ਉਸ ਦੇ ਮੋਢਿਆਂ 'ਤੇ ਚੜ੍ਹ ਗਿਆ। 3.2 ਕਿਲੋਮੀਟਰ ਦੀ ਚੜ੍ਹਾਈ ਦੌਰਾਨ ਉਸ ਨੂੰ ਬਹੁਤ ਦਰਦ ਹੋ ਰਿਹਾ ਸੀ ਤੇ ਉਲਟੀਆਂ ਕਰ ਰਿਹਾ ਸੀ।

ਪਤਨੀ ਦੀ ਸ਼ਲਾਘਾ

ਜਦੋਂ ਕਲੇ ਚੈਸਟੇਨ ਨੂੰ ਫਲੋਰਿਡਾ ਪਹੁੰਚਾ ਦਿੱਤਾ ਗਿਆ ਤਾਂ ਉਸ ਨੇ ਕਿਹਾ, "ਮੇਰੀ ਪਤਨੀ ਬੇਮਿਸਾਲ ਹੈ।"

ਉਸ ਨੇ ਸੀਬੀਐਸ ਨੈੱਟਵਰਕ ਨੂੰ ਦੱਸਿਆ, "ਇੱਕ ਜਵਾਲਾਮੁਖੀ 'ਚੋਂ ਮੈਨੂੰ ਉਦੋਂ ਕੱਢ ਕੇ ਬਾਹਰ ਲਿਆਣਾ ਜਦੋਂ ਮੈਂ ਬਿਲਕੁਲ ਵੀ ਖੜ੍ਹਾ ਨਹੀਂ ਹੋ ਪਾ ਰਿਹਾ ਵਾਕਈ ਕਮਾਲ ਦੀ ਗੱਲ ਹੈ ਤੇ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।"

ਇਹ ਵੀ ਪੜ੍ਹੋ:

ਇਹ ਹਾਦਸਾ ਇੰਡੀਆਨਾ ਵਿੱਚ ਦੋਹਾਂ ਦੇ ਵਿਆਹ ਤੋਂ ਕੁਝ ਹੀ ਦਿਨਾਂ ਬਾਅਦ 18 ਜੁਲਾਈ ਨੂੰ ਹੋਇਆ।

ਕਿਵੇਂ ਵਾਪਰਿਆ ਹਾਦਸਾ

ਮਾਉਂਟ ਲਾਏਮੀਗਾ ਦੇ ਸਿਖਰ 'ਤੇ ਚੜ੍ਹਨ ਤੋਂ ਬਾਅਦ ਕਲੇ ਚੈਸਟੇਨ ਨੇ ਕਿਹਾ ਕਿ ਉਹ ਹਰੇ ਭਰੇ ਜਵਾਲਾਮੁਖੀ ਨੂੰ ਦੇਖਣ ਲਈ ਹੇਠਾਂ ਉਤਰਨਾ ਚਾਹੁੰਦਾ ਹੈ।

ਐਕੈਮੀ ਚੈਸਟੇਨ ਨੇ ਦੱਸਿਆ ਕਿ ਉਸ ਨੂੰ ਉਚਾਈ ਤੋਂ ਡਰ ਲਗਦਾ ਹੈ ਇਸ ਲਈ ਉਸ ਨੇ ਹੇਠਾਂ ਨਾ ਜਾਣ ਦਾ ਫੈਸਲਾ ਲਿਆ।

Image copyright GoFundMe/BBC
ਫੋਟੋ ਕੈਪਸ਼ਨ ਹਾਦਸੇ ਤੋਂ ਕੁਝ ਦਿਨ ਪਹਿਲਾਂ ਹੀ ਦੋਹਾਂ ਦਾ ਵਿਆਹ ਹੋਇਆ ਸੀ

ਉਸ ਨੇ ਕਿਹਾ, "ਇਹ ਬਿਲਕੁਲ ਸਿੱਧਾ ਹੇਠਾਂ ਸੀ... ਮੈਨੂੰ ਉਚਾਈ ਤੋਂ ਡਰ ਲੱਗਦਾ ਹੈ।"

"ਮੈਂ ਇੱਕ ਉੱਚੀ ਆਵਾਜ਼ ਸੁਣੀ ਅਤੇ ਅਜਿਹਾ ਮਹਿਸੂਸ ਹੋਇਆ ਜਿਵੇਂ ਕੋਈ ਇੱਕ ਵੱਡਾ ਪੱਥਰ ਪਹਾੜੀ ਤੋਂ ਹੇਠਾ ਡਿੱਗਿਆ ਹੋਵੇ।"

ਮਦਦ ਲਈ ਤੜਫ਼ਦੇ ਦੇਖਕੇ ਉਹ ਛੇਤੀ ਹੀ ਹੇਠਾਂ ਉਤਰ ਗਈ ਤੇ ਸਭ ਤੋਂ ਪਹਿਲਾਂ ਪਤੀ ਦਾ ਫੋਨ ਮਿਲਿਆ।

ਕਲੇ ਚੈਸਟੇਨ ਜ਼ਮੀਨ 'ਤੇ ਡਿੱਗਿਆ ਹੋਇਆ ਸੀ ਤੇ ਉਸ ਦੇ ਸਿਰ ਤੋਂ ਖੂਨ ਵਹਿ ਰਿਹਾ ਸੀ।

ਜਦੋਂ ਉਨ੍ਹਾਂ ਇਹ ਦੇਖਿਆ ਕਿ ਕੋਈ ਹੋਰ ਚੜ੍ਹਾਈ ਲਈ ਨਹੀਂ ਹੈ ਤੇ ਉਨ੍ਹਾਂ ਦੇ ਫੋਨ ਵਿੱਚ ਵੀ ਨੈੱਟਵਰਕ ਨਹੀਂ ਹੈ, ਉਨ੍ਹਾਂ ਨੇ ਬੇਸ ਕੈਂਪ 'ਤੇ ਵਾਪਸ ਜਾਣ ਲਈ ਖੁਦ ਹੀ ਚੜ੍ਹਾਈ ਕਰਨ ਦਾ ਫੈਸਲਾ ਲਿਆ। ਇਸ ਕੰਮ ਵਿੱਚ ਉਨ੍ਹਾਂ ਨੂੰ ਤਿੰਨ ਘੰਟੇ ਲੱਗੇ।

Image copyright GoFundMe/BBC
ਫੋਟੋ ਕੈਪਸ਼ਨ ਐਕੈਮੀ ਨੂੰ ਲੱਗਦਾ ਹੈ ਕਿ ਉਸ ਦਾ ਪਤੀ ਅੰਦਾਜ਼ਨ 50 ਫੁੱਟ ਹੇਠਾਂ ਡਿੱਗਿਆ ਸੀ

5 ਫੁੱਟ 2 ਇੰਚ ਤੇ 47 ਕਿਲੋ ਦੀ ਐਕੈਮੀ ਚੈਸਟੇਨ ਨੇ ਕਿਹਾ, "ਉਹ ਮੇਰੇ 'ਤੇ ਝੁਕਿਆ ਹੋਇਆ ਸੀ ਅਤੇ ਸਾਹ ਫੁੱਲੇ ਹੋਏ ਸਨ। ਉਹ ਮੈਨੂੰ ਵਾਰ-ਵਾਰ ਪੁੱਛ ਰਿਹਾ ਸੀ ਹੋਰ ਕਿੰਨੀ ਕੁ ਦੂਰ?"

ਇਲਾਜ ਲਈ ਫੰਡ

ਪਰ ਇਲਾਜ ਲਈ ਕਲੇ ਚੈਸਟੇਨ ਨੂੰ ਫਲੋਰੀਡਾ ਪਹੁੰਚਾਉਣਾ ਜ਼ਰੂਰੀ ਸੀ। ਫੰਡ ਲਈ ਕੀਤੀ ਇੱਕ ਅਪੀਲ ਰਾਹੀਂ 30,000 ਤੋਂ ਵੱਧ ਡਾਲਰ ਇਕੱਠੇ ਹੋ ਗਏ ਜਿਸ ਨਾਲ ਕਲੇ ਚੈਸਟੇਨ ਨੂੰ ਲੌਡਰਡੇਲ ਤੋਂ ਫਲੋਰੀਡਾ ਲਈ ਮੈਡੀਕਲ ਉਡਾਣ ਮਿਲ ਗਈ।

ਡਾਕਟਰਾਂ ਦਾ ਕਹਿਣਾ ਹੈ ਕਿ ਨੱਕ ਰਾਹੀਂ ਦਿਮਾਗ ਦੀ ਇੱਕ ਨਸ 'ਚੋਂ ਲੀਕ ਹੋ ਰਿਹਾ ਹੈ ਪਰ ਸਿਰ ਵਿੱਚ ਫਰੈਕਚਰ ਤੇ ਰੀੜ੍ਹ ਦੀ ਹੱਡੀ ਦੇ ਇੱਕ ਜੋੜ ਤੋਂ ਇਲਾਵਾ ਹੋਰ ਕੋਈ ਹੱਡੀ ਨਹੀਂ ਟੁੱਟੀ ਹੈ।

ਇੰਡੀਅਨਪੋਲਿਸ ਸਟਾਰ ਨਿਊਜ਼ਪੇਪਰ ਨੂੰ ਐਕੈਮੀ ਚੈਸਟੇਨ ਨੇ ਕਿਹਾ, "ਇਹ ਚਮਤਕਾਰ ਹੀ ਸੀ ਕਿ ਉਹ ਸੱਟਾਂ ਲੱਗਣ ਦੇ ਬਾਵਜੂਦ ਖੁਦ ਨੂੰ ਸੰਭਾਲ ਸਕਿਆ ਤੇ ਖੁਦ ਨੂੰ ਬਚਾਅ ਕੇ ਰੱਖ ਸਕਿਆ।"

ਫੇਸਬੁੱਕ 'ਤੇ ਕਲੇ ਚੈਸਟੇਨ ਨੇ ਲਿਖਿਆ, "ਮੈਂ ਰੱਬ ਦਾ ਸ਼ੁਕਰਾਨਾ ਕਰਦਾ ਹਾਂ ਕਿ ਮੇਰੀਆਂ ਸੱਟਾਂ ਜ਼ਿਆਦਾ ਡੰਘੀਆਂ ਨਹੀਂ ਸਨ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)