ਸੈਕਸ ਥੈਰੇਪਿਸਟ ਕਿਵੇਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ

ਸੈਕਸ ਥੈਰੇਪੀ Image copyright BBC THREE/VICKY LETA

ਪੀਟਰ ਸੈਂਡੀਗਟਨ ਸੈਕਸ ਥੈਰੇਪਿਸਟ ਹਨ। ਉਨ੍ਹਾਂ ਅਤੇ ਉਨ੍ਹਾਂ ਦੇ ਕਲਾਇੰਟ ਵਿਚਾਲੇ ਹੋਈ ਗੱਲਬਾਤ ਗੁਪਤ ਹੈ।

ਉਸਦੇ ਬਾਰੇ ਗੱਲ ਕਰਕੇ ਉਹ ਆਪਣਾ ਭਰੋਸਾ ਨਹੀਂ ਤੋੜਨਗੇ। ਉਨ੍ਹਾਂ ਦੀਆਂ ਦੱਸੀਆਂ ਗਈਆਂ ਕਹਾਣੀਆਂ ਇੱਕ ਸੈਕਸ ਥੈਰੇਪਿਸਟ ਦੇ ਤੌਰ 'ਤੇ ਨੌਜਵਾਨਾਂ ਨਾਲ ਕੀਤੇ ਗਏ ਉਨ੍ਹਾਂ ਦੇ ਕੰਮ 'ਤੇ ਅਧਾਰਿਤ ਹਨ। ਉਨ੍ਹਾਂ ਦੀ ਹੱਡਬੀਤੀ ਪੀਟਰ ਦੇ ਸ਼ਬਦਾਂ ਵਿੱਚ ਹੀ ਪੜ੍ਹੋ:

ਮੈਂ ਲੋਕਾਂ ਨਾਲ ਉਨ੍ਹਾਂ ਦੀਆਂ ਬੇਹੱਦ ਨਿੱਜੀ ਗੱਲਾਂ 'ਤੇ ਚਰਚਾ ਕਰਦਾ ਹਾਂ ਪਰ ਉਹ ਉਸ ਬਾਰੇ ਕੁਝ ਨਹੀਂ ਜਾਣਦੇ ਅਤੇ ਇਹ ਕੰਮ ਇਸੇ ਤਰ੍ਹਾਂ ਦਾ ਹੁੰਦਾ ਹੈ।

ਮੈਂ ਇੱਕ ਸੈਕਸ ਥੈਰੇਪਿਸਟ ਹਾਂ ਇਸ ਲਈ ਲੋਕ ਮੇਰੇ ਕੋਲ ਆਪਣੀਆਂ ਸਰੀਰਕ ਸਬੰਧਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਲੈ ਕੇ ਆਉਂਦੇ ਹਨ। ਜੇਕਰ ਕੋਈ ਕਲਾਇੰਟ ਮੈਨੂੰ ਪੁੱਛਦਾ ਹੈ ''ਕੀ ਤੁਹਾਡਾ ਵਿਆਹ ਹੋਇਆ ਹੈ?" ਮੈਂ ਦੱਸ ਦਿੰਦਾ ਹਾਂ ਕਿ "ਹਾਂ"। ਇਸ ਗੱਲ ਨੂੰ ਲੁਕਾਉਣਾ ਬਹੁਤ ਅਜੀਬ ਹੋਵੇਗਾ। ਇਸ ਤੋਂ ਇਲਾਵਾ ਮੈਂ ਸਾਰੀਆਂ ਚੀਜ਼ਾਂ ਨੂੰ ਪ੍ਰੋਫੈਸ਼ਨਲ ਰੱਖਦਾ ਹਾਂ।

ਮੈਂ ਲੋਕਾਂ ਨਾਲ ਉਨ੍ਹਾਂ ਦੇ ਥੈਰੇਪਿਸਟ ਦੇ ਤੌਰ 'ਤੇ ਗੱਲ ਕਰਦਾ ਹਾਂ। ਉਨ੍ਹਾਂ ਦੇ ਦੋਸਤ ਦੀ ਤਰ੍ਹਾਂ ਨਹੀਂ। ਇਹ ਜ਼ਾਹਰ ਹੈ ਕਿ ਲੋਕਾਂ ਨੂੰ ਸਹਿਜ ਕਰਨ ਲਈ ਉਨ੍ਹਾਂ ਨਾਲ ਥੋੜ੍ਹੀ ਹਲਕੀ-ਫੁਲਕੀ ਗੱਲਬਾਤ ਕਰਨੀ ਪੈਂਦੀ ਹੈ ਪਰ ਇਹ ਸਭ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਲੱਭਣ ਦਾ ਬਸ ਇੱਕ ਛੋਟਾ ਜਿਹਾ ਹਿੱਸਾ ਹੈ।

ਇਹ ਵੀ ਪੜ੍ਹੋ:

ਜਿਸ ਕਲੀਨਿਕ ਵਿੱਚ ਮੈਂ ਕੰਮ ਕਰਦਾ ਹਾਂ, ਉਹ ਇੱਕ ਘਰ ਦੇ ਬੈਠਕ ਵਾਲੇ ਕਮਰੇ ਦੀ ਤਰ੍ਹਾਂ ਹੈ। ਉੱਥੇ ਸਿਰਫ਼ ਤਿੰਨ ਆਰਾਮਦਾਇਕ ਕੁਰਸੀਆਂ ਹਨ, ਇੱਕ ਮੇਰੇ ਲਈ ਅਤੇ ਬਾਕੀ ਦੋ ਕਲਾਇੰਟਸ ਦੇ ਲਈ। ਉੱਥੇ ਮੇਰੇ ਕੋਲ ਮੇਰੇ ਪਰਿਵਾਰ ਦੀ ਕੋਈ ਫੋਟੋ ਨਹੀਂ ਹੈ ਅਤੇ ਨਾ ਹੀ ਹੋਰ ਕੋਈ ਨਿੱਜੀ ਸਮਾਨ। ਇਸ ਨਾਲ ਲੋਕਾਂ ਤੋਂ ਦੂਰੀ ਬਣਾਈ ਰੱਖਣ ਵਿੱਚ ਮਦਦ ਮਿਲਦੀ ਹੈ।

ਕਲਾਇੰਟ ਇਕੱਲੇ ਵੀ ਮੇਰੇ ਨਾਲ ਗੱਲ ਕਰਨ ਆਉਂਦੇ ਹਨ ਅਤੇ ਜੋੜੇ ਵਿੱਚ ਵੀ।

ਕੁਝ ਸਾਲ ਪਹਿਲਾਂ 29 ਸਾਲਾ ਰੌਬ ਇਕੱਲੇ ਮੇਰੇ ਕੋਲ ਆਏ ਸਨ ਕਿਉਂਕਿ ਉਹ ਆਪਣੀ ਨਵੀਂ ਗਰਲ ਫਰੈਂਡ ਦੇ ਨਾਲ ਆਪਣੇ ਸਰੀਰਕ ਸਬੰਧਾਂ ਨੂੰ ਲੈ ਕੇ ਚਿੰਤਾ ਵਿੱਚ ਸਨ।

ਉਨ੍ਹਾਂ ਦੀ ਗਰਲਫਰੈਂਡ ਨੂੰ ਇਸ ਸਭ ਦਾ ਬੜਾ ਤਜ਼ਰਬਾ ਸੀ ਪਰ ਉਨ੍ਹਾਂ ਨੂੰ ਨਹੀਂ। ਉਹ ਥੈਰੇਪੀ ਵਿੱਚ ਆਪਣੀ ਗਰਲਫਰੈਂਡ ਨੂੰ ਸ਼ਾਮਲ ਨਹੀਂ ਕਰਨਾ ਚਾਹੁੰਦੇ ਸਨ ਕਿਉਂਕਿ ਉਹ ਇਸ ਨੂੰ ਲੈ ਕੇ ਸ਼ਰਮਿੰਦਾ ਮਹਿਸੂਸ ਕਰ ਰਹੇ ਸਨ।

ਸੈਸ਼ਨ ਦੇ ਦੌਰਾਨ ਮੈਂ ਰੌਬ ਨੂੰ ਪੁੱਛਿਆ ਕਿ ਜੇਕਰ ਕੈਲੀ ਤੁਹਾਡੀ ਥਾਂ ਹੁੰਦੀ ਤਾਂ ਕੀ ਤੁਸੀਂ ਵੀ ਉਨ੍ਹਾਂ ਨੂੰ ਤਜ਼ਰਬੇ ਦੀ ਕਮੀ ਕਾਰਨ ਵੱਖਰੀ ਤਰ੍ਹਾਂ ਨਾਲ ਦੇਖਦੇ? ਉਨ੍ਹਾਂ ਨੂੰ ਮੇਰੀ ਗੱਲ ਸਮਝ ਆਈ ਅਤੇ ਉਨ੍ਹਾਂ ਨੇ ਕੈਲੀ ਨੂੰ ਥੈਰੇਪੀ ਵਿੱਚ ਸ਼ਾਮਲ ਹੋਣ ਲਈ ਕਿਹਾ। ਰੌਬ ਦਾ ਸਵੈਭਰੋਸਾ ਵਾਪਿਸ ਆ ਗਿਆ।

ਜਿਸ ਚੀਜ਼ ਨੇ ਰੌਬ ਦੀ ਮਦਦ ਕੀਤੀ ਉਹ ਸੀ ਦਿਖਾਵਾ ਕਰਨ ਦੀ ਥਾਂ ਆਪਣੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਪਾਰਟਨਰ ਨਾਲ ਈਮਾਨਦਾਰ ਹੋਣਾ।

Image copyright VICKY LETA

ਨੌਜਵਾਨਾਂ ਨੂੰ ਵੀ ਸਮੱਸਿਆ

ਮੇਰੇ ਕਲਾਇੰਟਸ 20 ਸਾਲ ਤੋਂ ਲੈ ਕੇ 45 ਸਾਲ ਦੀ ਉਮਰ ਦੇ ਹੁੰਦੇ ਹਨ। ਲੋਕ ਸੈਕਸ ਥੈਰੇਪੀ ਨੂੰ ਲੈ ਕੇ ਐਨੇ ਡਰੇ ਹੋਏ ਨਹੀਂ ਹੁੰਦੇ ਹਨ ਜਿੰਨਾ ਕਿ ਦੂਜਿਆਂ ਨੂੰ ਲਗਦਾ ਹੈ।

ਪਿਛਲੇ 15 ਸਾਲਾਂ ਵਿੱਚ ਮੈਂ ਦੇਖਿਆ ਹੈ ਕਿ ਸੈਕਸ ਥੈਰੇਪੀ ਲਈ ਆਉਣ ਵਾਲਿਆਂ ਵਿੱਚ ਘੱਟ ਉਮਰ ਦੇ ਲੋਕਾਂ ਦੀ ਗਿਣਤੀ ਵਧੀ ਹੈ। ਨਾਲ ਹੀ ਮੈਂ ਉਨ੍ਹਾਂ ਵੱਧ ਉਮਰ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਦੇਖਿਆ ਜਿਨ੍ਹਾਂ ਨੇ ਨਵੇਂ ਰਿਸ਼ਤੇ ਦੀ ਸ਼ੁਰੂਆਤ ਕੀਤੀ ਹੈ।

ਸਰੀਰਕ ਸਮੱਸਿਆਵਾਂ ਬਾਰੇ ਗੱਲ ਕਰਨ ਵਿੱਚ ਹੁਣ ਕੋਈ ਮਨਾਹੀ ਨਹੀਂ ਹੈ। ਮੈਨੂੰ ਲਗਦਾ ਹੈ ਕਿ ਪੋਰਨ ਦੇ ਪ੍ਰਭਾਵ ਅਤੇ ਸੈਕਸ ਨੂੰ ਲੈ ਕੇ ਬਦਲਦੀਆਂ ਇੱਛਾਵਾਂ ਦੇ ਕਾਰਨ ਲੋਕ ਇਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦੇ ਹਨ ਅਤੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਆਉਂਦੇ ਹਨ।

ਜਿਸ ਸੰਸਥਾ ਲਈ ਮੈਂ ਕੰਮ ਕਰਦਾ ਹਾਂ ਉਸਦੇ ਮੁਤਾਬਕ 2018 ਵਿੱਚ ਥੈਰੇਪੀ ਲਈ ਆਉਣ ਵਾਲੇ ਲੋਕਾਂ ਵਿੱਚ 42 ਫ਼ੀਸਦ 35 ਸਾਲ ਤੋਂ ਘੱਟ ਉਮਰ ਵਾਲੇ ਸਨ।

ਇਸ ਤੋਂ ਇਲਾਵਾ ਮੇਰੇ ਸਭ ਤੋਂ ਵੱਧ ਉਮਰ ਦੇ ਕਲਾਇੰਟ 89 ਸਾਲ ਦੇ ਸਨ। ਉਹ ਇੱਕ ਨਵੇਂ ਰਿਸ਼ਤੇ ਨਾਲ ਜੁੜੇ ਸਨ।

ਉਨ੍ਹਾਂ ਨੂੰ ਤੇ ਉਨ੍ਹਾਂ ਦੀ ਪਾਰਟਨਰ ਨੂੰ ਸਰੀਰਕ ਸਬੰਧਾਂ ਵਿੱਚ ਕੁਝ ਦਿੱਕਤਾਂ ਆ ਰਹੀਆਂ ਸਨ। ਉਹ ਪਹਿਲਾਂ ਕਿਸੇ ਡਾਕਟਰ ਕੋਲ ਗਏ ਸਨ ਪਰ ਉਹ ਇਹ ਦੇਖ ਕੇ ਹੈਰਾਨ ਹੋ ਗਿਆ ਕਿ ਉਹ ਇਸ ਉਮਰ ਵਿੱਚ ਸਰੀਰਕ ਸਬੰਧ ਬਣਾ ਰਹੇ ਹਨ। ਇਸਦੇ ਚਲਦੇ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ ਅਤੇ ਫਿਰ ਉਹ ਮੇਰੇ ਕੋਲ ਆ ਗਏ।

ਸੈਕਸ ਥੈਰੇਪੀ ਲਈ ਮੇਰੇ ਕੋਲ ਆਉਣ ਵਾਲੇ ਜ਼ਿਆਦਾਤਰ ਲੋਕ ਪਹਿਲਾਂ ਕਿਸੇ ਡਾਕਟਰ ਕੋਲ ਜਾ ਚੁੱਕੇ ਹੁੰਦੇ ਹਨ। ਅਕਸਰ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਗੱਲ ਕਰਨ ਲਈ ਬਸ ਕਿਸੇ ਦੀ ਲੋੜ ਹੁੰਦੀ ਹੈ।

ਕਈ ਲੋਕ ਘਬਰਾਏ ਹੁੰਦੇ ਹਨ। ਕਈ ਜੋੜਿਆਂ ਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਆਪਣੀਆਂ ਸਰੀਰਕ ਸਮੱਸਿਆਵਾਂ ਮੇਰੇ ਸਾਹਮਣੇ ਦਿਖਾਉਣੀਆਂ ਪੈਣਗੀਆਂ। ਪਰ ਅਜਿਹਾ ਕੁਝ ਵੀ ਨਹੀਂ ਹੰਦਾ।

ਮੇਰਾ ਸਭ ਤੋਂ ਘੱਟ ਉਮਰ ਦਾ ਕਲਾਇੰਟ 17 ਸਾਲ ਦਾ ਸੀ, ਜਿਨ੍ਹਾਂ ਨੂੰ ਸਬੰਧ ਬਣਾਉਣ ਵਿੱਚ ਕੁਝ ਦਿੱਕਤ ਹੋ ਰਹੀ ਸੀ। ਇਸ ਕਾਰਨ ਉਨ੍ਹਾਂ ਦਾ ਬ੍ਰੇਕਅਪ ਹੋ ਗਿਆ ਸੀ।

ਉਸ ਨੇ ਕਾਫ਼ੀ ਕੋਸ਼ਿਸ਼ ਕੀਤੀ ਪਰ ਪ੍ਰੇਸ਼ਾਨੀ ਦੂਰ ਨਹੀਂ ਹੋਈ। ਉਸ ਦੀ ਕਾਲਸ ਵਿੱਚ ਇੱਕ ਕੁੜੀ ਸੀ ਜੋ ਉਨ੍ਹਾਂ ਨੂੰ ਪਸੰਦ ਕਰਦੀ ਸੀ ਪਰ ਪਹਿਲਾਂ ਜੋ ਹੋਇਆ ਉਸਦੇ ਕਾਰਨ ਉਹ ਡਰਿਆ ਹੋਇਆ ਸੀ।

ਉਹ ਪਹਿਲਾਂ ਇਸ ਬਾਰੇ ਸਲਾਹ ਲੈਣ ਇੱਕ ਡਾਕਟਰ ਕੋਲ ਗਏ ਸਨ। ਡਾਕਟਰ ਨੇ ਕਿਹਾ ਸੀ ਕਿ ਉਨ੍ਹਾਂ ਦੀ ਉਮਰ ਅਜੇ ਘੱਟ ਹੈ, ਇਸੇ ਕਾਰਨ ਅਜਿਹਾ ਹੋ ਸਕਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਪ੍ਰੇਸ਼ਾਨੀ ਦੂਰ ਹੋ ਜਾਵੇਗੀ।

ਪਰ ਫਿਰ ਉਹ ਮੇਰੇ ਕੋਲ ਆਏ। ਜਦੋਂ ਉਹ ਮੇਰੇ ਕੋਲ ਆਏ ਸਨ ਤਾਂ ਬਹੁਤ ਘਬਰਾਏ ਹੋਏ ਸਨ। ਸੈਸ਼ਨ ਦੌਰਾਨ ਉਨ੍ਹਾਂ ਦਾ ਮੂੰਹ ਲਾਲ ਹੀ ਰਿਹਾ।

ਹਰ ਸੈਸ਼ਨ ਵੱਖਰਾ ਹੁੰਦਾ ਹੈ। ਅਜਿਹੇ ਮਾਮਲਿਆਂ ਵਿੱਚ ਅਸੀਂ ਜ਼ਿਆਦਾਤਰ ਜੋ ਕਰਦੇ ਹਾਂ. ਉਹ ਹੈ ਸੈਕਸ ਐਜੂਕੇਸ਼ਨ ਦੇਣਾ। ਤਸਵੀਰਾਂ ਦੀ ਮਦਦ ਨਾਲ ਸਮੱਸਿਆ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨਾ। ਮੈਂ ਉਨ੍ਹਾਂ ਦੀ ਮਦਦ ਕੀਤੀ। ਉਨ੍ਹਾਂ ਦੀ ਘਬਰਾਹਟ ਹੀ ਉਨ੍ਹਾਂ ਦੀ ਸਮੱਸਿਆ ਦਾ ਕਾਰਨ ਬਣ ਰਹੀ ਸੀ।

Image copyright VICKY LETA

ਮੈਂ ਉਨ੍ਹਾਂ ਨੂੰ ਘਰ ਵਿੱਚ ਤਿੰਨ ਵਾਰ ਇਰੈਕਸ਼ਨ ਦੀ ਸਲਾਹ ਦਿੱਤੀ ਤਾਂ ਜੋ ਉਨ੍ਹਾਂ ਨੂੰ ਇਹ ਭਰੋਸਾ ਹੋ ਸਕੇ ਕਿ ਉਹ ਇਸ ਨੂੰ ਮੁੜ ਕਰ ਸਕਦਾ ਹੈ।

ਹੌਲੀ-ਹੌਲੀ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਆਉਣ ਲਗਿਆ ਅਤੇ ਉਸਦੀ ਸਮੱਸਿਆ ਨੂੰ ਦੂਰ ਕਰਨ ਲਈ ਸਿਰਫ਼ ਸੱਤ ਸੈਸ਼ਨ ਲੱਗੇ।

ਥੈਰੇਪੀ ਖ਼ਤਮ ਹੋਣ ਤੋਂ ਕਰੀਬ ਇੱਕ ਮਹੀਨੇ ਬਾਅਦ ਉਨ੍ਹਾਂ ਨੇ ਸੈਂਟਰ ਵਿੱਚ ਫੋਨ ਕਰਕੇ ਮੇਰੇ ਲਈ ਇੱਕ ਸੰਦੇਸ਼ ਵੀ ਛੱਡਿਆ ਸੀ ਕਿ ਉਹ ਆਪਣੀ ਕਲਾਸ ਦੀ ਕੁੜੀ ਨਾਲ ਬਾਹਰ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਹੁਣ ਉਨ੍ਹਾਂ ਦੀ ਸਮੱਸਿਆ ਦੂਰ ਹੋ ਗਈ ਹੈ।

ਥੈਰੇਪਿਸਟ ਬਣਨ ਤੋਂ ਪਹਿਲਾਂ ਮੈਂ ਸਪੈਸ਼ਲ ਐਜੂਕੇਸ਼ਨ ਵਾਲੇ ਬੱਚਿਆਂ ਲਈ ਬਣੀ ਇੱਕ ਅਕੈਡਮੀ ਵਿੱਚ ਕੰਮ ਕੀਤਾ ਸੀ।

ਮੈਂ ਦੇਖਿਆ ਕਿ ਬੱਚਿਆਂ ਲਈ ਸਹੀ ਸਕੂਲ ਲੱਭਣ ਅਤੇ ਉਸਦੇ ਭਵਿੱਖ ਦੀ ਚਿੰਤਾ ਦੇ ਚਲਦੇ ਕੁਝ ਲੋਕਾਂ ਦੇ ਸਬੰਧਾਂ ਵਿੱਚ ਕਿੰਨਾ ਦਬਾਅ ਆ ਜਾਂਦਾ ਹੈ। ਕਾਸ਼! ਮੈਂ ਉਨ੍ਹਾਂ ਲਈ ਕੁਝ ਕਰ ਸਕਦਾ। ਮੇਰੀ ਨੌਕਰੀ ਤੋਂ ਇਲਾਵਾ ਮੈਂ ਦੋ ਸਾਲ ਦੀ ਕਪਲਸ ਕਾਊਂਸਲਿੰਗ ਦੀ ਟ੍ਰੇਨਿੰਗ ਵੀ ਲਈ।

ਲੋਕਾਂ ਦੀ ਕਾਊਂਸਲਿੰਗ ਦੌਰਾਨ ਕਈ ਵਾਰ ਮੈਨੂੰ ਇਹ ਪਤਾ ਲਗਦਾ ਸੀ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਸੈਕਸ਼ੁਅਲ ਦੇ ਨਾਲ-ਨਾਲ ਭਾਵਨਾਤਮਕ ਹਨ। ਇਸ ਲਈ, ਮੈਂ ਸੈਕਸ ਥੈਰੇਪੀ ਵੀ ਦਿੰਦਾ ਸੀ ਤਾਂ ਜੋ ਹਰ ਪੱਧਰ 'ਤੇ ਉਨ੍ਹਾਂ ਦੀ ਮਦਦ ਕਰ ਸਕਾਂ।

ਇੱਕ ਸਮਲਿੰਗੀ ਜੋੜਾ

ਥੈਰੇਪਿਸਟ ਦੇ ਤੌਰ 'ਤੇ ਸ਼ੁਰੂਆਤ ਕਰਨ 'ਤੇ ਮੇਰੇ ਕੋਲ ਇੱਕ ਅਜਿਹਾ ਕਪਲ ਵੀ ਆਇਆ ਸੀ ਜਿਨ੍ਹਾਂ ਦਾ ਭਾਵਨਾਤਮਕ ਰਿਸ਼ਤਾ ਬਹੁਤ ਮਜ਼ਬੂਤ ਸੀ ਪਰ ਉਨ੍ਹਾਂ ਨੂੰ ਸੈਕਸ ਲਾਈਫ਼ ਵਿੱਚ ਮਦਦ ਦੀ ਲੋੜ ਸੀ। ਮੇਰੇ ਕਲਾਇੰਟ ਮੈਟ ਅਤੇ ਅਲੈਕਸ ਉਸ ਵੇਲੇ 20ਵੇਂ ਅਤੇ 30ਵੇਂ ਸਾਲ ਵਿੱਚ ਸਨ।

ਪਹਿਲੇ ਸੈਸ਼ਨ ਵਿੱਚ ਦੋਵੇਂ ਬਹੁਤ ਹੀ ਝਿਜਕ ਮਹਿਸੂਸ ਕਰ ਰਹੇ ਸਨ। ਉਹ ਵਾਰ-ਵਾਰ ਆਪਣੀ ਹੀ ਕੁਰਸੀ 'ਤੇ ਥਾਂ ਬਦਲਦੇ ਅਤੇ ਮੇਰੇ ਸਵਾਲਾਂ ਦੇ ਜਵਾਬ ਦੇਣ ਤੋਂ ਬਚਦੇ। ਉਹ ਸਮਲਿੰਗੀ ਸਨ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਸ਼ੱਕ ਵੀ ਸੀ ਕਿ ਮੈਂ ਇਸ ਗੱਲ ਨੂੰ ਸਵੀਕਾਰ ਕਰਾਂਗਾ ਜਾਂ ਨਹੀਂ। ਉਨ੍ਹਾਂ ਦੀ ਸਮੱਸਿਆ ਇਰੈਕਸ਼ਨ ਸਬੰਧੀ ਸੀ।

ਇਹ ਵੀ ਪੜ੍ਹੋ:

Image copyright VICKY LETA

ਪੁਰਸ਼ ਮੇਰੇ ਕੋਲ ਜਿਨ੍ਹਾਂ ਕਾਰਨਾਂ ਕਰਕੇ ਆਉਂਦੇ ਹਨ ਉਨ੍ਹਾਂ ਵਿੱਚ ਇਰੈਕਸ਼ਨ ਨਾਲ ਜੁੜੀ ਸਮੱਸਿਆ ਸਭ ਤੋਂ ਆਮ ਹੈ।

ਮੈਂ ਮੈਟ ਅਤੇ ਅਲੈਕਸ ਨੂੰ ਇੱਕ ਟਚਿੰਗ ਐਕਸਰਸਾਈਜ਼ ਦੀ ਸਲਾਹ ਦਿੱਤੀ। ਮੇਰਾ ਮਕਸਦ ਉਨ੍ਹਾਂ ਵਿੱਚ ਉਤੇਜਨਾ ਪੈਦਾ ਕਰਨਾ ਸੀ।

ਉਨ੍ਹਾਂ ਨੇ ਹੌਲੀ-ਹੌਲੀ ਸਮਝਿਆ ਕਿ ਕਿਵੇਂ ਇੱਕ-ਦੂਜੇ ਨੂੰ ਸਮਝਿਆ ਜਾ ਸਕਦਾ ਹੈ। ਉਨ੍ਹਾਂ ਦੋਵਾਂ ਨੇ ਇਸਦੇ ਲਈ ਬਹੁਤ ਮਿਹਨਤ ਕੀਤੀ ਅਤੇ ਆਖ਼ਰਕਾਰ ਮੈਟ ਦਾ ਆਤਮਵਿਸ਼ਵਾਸ ਵੱਧ ਗਿਆ। ਉਨ੍ਹਾਂ ਨੇ ਬਾਅਦ ਵਿੱਚ ਵਿਆਹ ਕਰਵਾ ਲਿਆ।

ਦੋਸਤ ਜਾਂ ਡਾਕਟਰ ਬਣਨ ਦੀ ਮੁਸ਼ਕਿਲ

ਮੇਰੇ ਦੋਸਤਾਂ ਨੂੰ ਮੇਰਾ ਕੰਮ ਦਿਲਚਸਪ ਲਗਦਾ ਹੈ। ਖ਼ੁਦ ਨੂੰ ਸੈਕਸ ਥੈਰੇਪਿਸਟ ਦੱਸਣ 'ਤੇ ਲੋਕਾਂ ਨੂੰ ਤੁਹਾਡੀਆਂ ਗੱਲਾਂ ਵਿੱਚ ਉਤਸੁਕਤਾ ਵੱਧ ਜਾਂਦੀ ਹੈ।

ਕੁਝ ਦੋਸਤ ਮੇਰੇ ਨਾਲ ਸਰੀਰਕ ਸਬੰਧਾਂ ਬਾਰੇ ਗੱਲ ਕਰਨ ਵਿੱਚ ਥੋੜ੍ਹਾ ਅਸਹਿਜ ਮਹਿਸੂਸ ਕਰਦੇ ਹਨ ਪਰ ਕੁਝ ਬਹੁਤ ਆਰਾਮ ਨਾਲ ਆਪਣੀਆਂ ਸੈਕਸ ਸਮੱਸਿਆਵਾਂ ਬਾਰੇ ਦੱਸਦੇ ਹਨ।

ਕੁਝ ਦੋਸਤਾਂ ਨੇ ਇਹ ਵੀ ਪੁੱਛਿਆ ਹੈ ਕਿ, ਕੀ ਉਨ੍ਹਾਂ ਦਾ ਮੇਰੇ ਨਾਲ ਇੱਕ ਪੇਸ਼ੇਵਰ ਦੀ ਤਰ੍ਹਾਂ ਵੀ ਸਬੰਧ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਲਈ ਆਪਣੇ ਦੋਸਤ ਨਾਲ ਸਮੱਸਿਆਵਾਂ 'ਤੇ ਗੱਲ ਕਰਨਾ ਜ਼ਿਆਦਾ ਸੌਖਾ ਹੋਵੇਗਾ।

ਪਰ, ਮੈਂ ਉਨ੍ਹਾਂ ਨੂੰ ਇਨਕਾਰ ਕਰ ਦਿੱਤਾ। ਮੈਂ ਆਪਣਾ ਕੰਮ ਘਰ 'ਤੇ ਲੈ ਕੇ ਨਹੀਂ ਆਉਂਦਾ ਅਤੇ ਤੁਸੀਂ ਆਪਣੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨਾਲ ਡਾਕਟਰ ਦਾ ਸਬੰਧ ਨਹੀਂ ਬਣਾ ਸਕਦੇ।

Image copyright VICKY LETA

ਅਤੀਤ ਦੀਆਂ ਮਾੜੀਆਂ ਯਾਦਾਂ

ਕਈ ਵਾਰ ਸੈਕਸ਼ੁਅਲ ਸਮੱਸਿਆਵਾਂ ਅਤੀਤ ਦੀ ਕਿਸੇ ਮਾੜੀ ਯਾਦ ਨਾਲ ਵੀ ਜੁੜੀ ਹੁੰਦੀ ਹੈ ਜਿਵੇਂ ਸਰੀਰਕ ਤਸ਼ਦੱਦ ਜਾਂ ਸਰੀਰਕ ਸ਼ੋਸ਼ਣ।

ਮੇਰੀ ਇੱਕ ਮਹਿਲਾ ਕਲਾਇੰਟ ਮੇਰੀ ਵੈਜੀਨੀਜ਼ਮਸ ਤੋਂ ਪ੍ਰੇਸ਼ਾਨ ਸੀ। ਉਨ੍ਹਾਂ ਨੇ ਘਰ ਵਿੱਚ ਇਹ ਸੁਣਿਆ ਸੀ ਕਿ ਉਨ੍ਹਾਂ ਦੇ ਭਰਾ ਦੇ ਜਨਮ ਸਮੇਂ ਉਨ੍ਹਾਂ ਦੀ ਮਾਂ ਲਗਭਗ ਮਰਨ ਦੀ ਹਾਲਤ ਵਿੱਚ ਪਹੁੰਚ ਗਈ ਸੀ।

ਦੂਜੇ ਸੈਸ਼ਨ ਵਿੱਚ ਮੈਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਰਿਵਾਰ, ਬਚਪਨ ਅਤੇ ਪੁਰਾਣੇ ਸੈਕਸ਼ੁਅਲ ਤਜ਼ਰਬਿਆਂ ਬਾਰੇ ਗੱਲ ਕੀਤੀ। ਉਦੋਂ ਮੇਰੀ ਨੇ ਬਚਪਨ ਵਿੱਚ ਆਪਣੀ ਮਾਂ ਨੂੰ ਲੈ ਕੇ ਸੁਣੀ ਗੱਲ ਬਾਰੇ ਦੱਸਿਆ।

ਮੇਰੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਸੀਂ ਕਈ ਕੌਗਨੀਟਿਵ ਬਿਹੇਵਰੀਅਲ ਥੈਰੇਪੀ ਦਿੱਤੀ ਅਤੇ ਉਨ੍ਹਾਂ ਦੇ ਡਰ ਨੂੰ ਖ਼ਤਮ ਕਰ ਦੀ ਕੋਸ਼ਿਸ਼ ਕੀਤੀ। ਮੈਂ ਉਨ੍ਹਾਂ ਨੂੰ ਪੇਲੀਵਕ ਫਲੋਰ ਮਸਲਜ਼ ਨੂੰ ਢਿੱਲਾ ਛੱਡਣਾ ਸਿਖਾਇਆ।

ਇਹ ਵੀ ਪੜ੍ਹੋ:

ਜੇਕਰ ਮੈਨੂੰ ਸ਼ੁਰੂ ਵਿੱਚ ਵੀ ਸਮੱਸਿਆ ਨੂੰ ਪਛਾਣਕ ਕੇ ਵੱਖ-ਵੱਖ ਕਰਨਾ ਨਹੀਂ ਆਉਂਦਾ ਤਾਂ ਮੈਂ ਇਸ ਕੰਮ ਨੂੰ ਨਹੀਂ ਕਰਰ ਸਕਦਾ। ਮੈਂ ਕਈ ਮੁਸ਼ਕਿਲ ਅਤੇ ਪ੍ਰੇਸ਼ਾਨ ਕਰਨ ਵਾਲੀਆਂ ਕਹਾਣੀਆਂ ਸੁਣਦਾ ਹਾਂ। ਪਰ ਮੈਂ ਇਸ ਸਭ ਤੋਂ ਪ੍ਰਭਾਵਿਤ ਹੋਣ ਤੋਂ ਬਚਣਾ ਹੁੰਦਾ ਹੈ। ਕਲਾਇੰਟ ਲਈ ਦੁਖ਼ ਜਾਂ ਅਫ਼ਸੋਸ ਜ਼ਾਹਰ ਕਰਨਾ ਕੋਈ ਮਦਦ ਨਹੀਂ ਕਰਦਾ।

ਪਰ ਦੁਖ਼ ਭਰੇ ਪਲਾਂ ਦੇ ਨਾਲ ਖੁਸ਼ੀ ਦੇ ਪਲ ਵੀ ਆਉਂਦੇ ਹਨ। ਕਦੇ-ਕਦੇ ਮੈਨੂੰ ਥੈਰੇਪੀ ਤੋਂ ਬਾਅਦ ਕਪਲਸ ਦੇ ਧੰਨਵਾਦ ਸੰਦੇਸ਼ ਅਤੇ ਕਾਰਡ ਵੀ ਮਿਲਦੇ ਹਨ।

ਇੱਕ ਜੋੜੇ ਨੇ 12 ਸਾਲ ਬਾਅਦ ਮੈਨੂੰ ਸੰਦੇਸ਼ ਭੇਜਿਆ ਕਿ ਉਨ੍ਹਾਂ ਦੀ ਜ਼ਿੰਦਗੀ ਕਿਹੋ ਜਿਹੀ ਚੱਲ ਰਹੀ ਹੈ। ਉਨ੍ਹਾਂ ਨੇ ਇੱਕ ਬੱਚੇ ਦੇ ਨਾਮ ਮੇਰੇ ਨਾਮ 'ਤੇ ਵੀ ਰੱਖਿਆ ਹੈ ਜੋ ਕਿ ਮਾਣ ਵਾਲੀ ਗੱਲ ਹੈ।

ਤੁਸੀਂ ਇਸ ਕੰਮ ਵਿੱਚ ਵਾਧੂ ਪੈਸਾ ਭਾਵੇਂ ਹੀ ਨਾ ਕਮਾਉਂਦੇ ਹੋਵੋ ਪਰ ਇਸ ਨੂੰ ਕਰਨ ਦਾ ਇੱਕ ਹੋਰ ਕਾਰਨ ਹੈ। ਲੋਕਾਂ ਨੂੰ ਤੁਹਾਡੀ ਸਲਾਹ ਮੰਨਦੇ ਹੋਏ ਅਤੇ ਉਨ੍ਹਾਂ ਦੀ ਜ਼ਿੰਦਗੀ ਬਦਲਦੇ ਹੋਏ ਦੇਖਣਾ ਇੱਕ ਖਾਸ ਅਹਿਸਾਸ ਹੈ।

(ਨਤਾਸ਼ਾ ਪ੍ਰੇਸਕੇ ਨਾਲ ਗੱਲਬਾਤ 'ਤੇ ਆਧਾਰਿਤ)

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)