ਕਾਰਗਿਲ ਦੀ ਲੜਾਈ ਤੋਂ ਪਾਕਿਸਤਾਨ ਨੂੰ ਆਖ਼ਰ ਕੀ ਹਾਸਲ ਹੋਇਆ?

ਕਾਰਗਿੱਲ ਦੀ ਲੜਾਈ Image copyright Getty Images

ਕਾਰਗਿਲ ਜੰਗ ਬਾਰੇ ਭਾਰਤ ਅਤੇ ਪਾਕਿਸਤਾਨ ਵਿੱਚ ਕਈ ਕਿਤਾਬਾਂ ਲਿਖੀਆਂ ਗਈਆਂ ਹਨ, ਜਿਸ ਵਿੱਚ ਕਈ ਅਜਿਹੀਆਂ ਜਾਣਕਾਰੀਆਂ ਦਿੱਤੀਆਂ ਗਈਆਂ ਜਿਨ੍ਹਾਂ ਬਾਰੇ ਪਹਿਲਾਂ ਨਹੀਂ ਪਤਾ ਸੀ।

ਪਾਕਿਸਤਾਨੀ ਪੱਤਰਕਾਰ ਨਾਸਿਮ ਜ਼ਾਹਰਾ ਦੀ ਕਿਤਾਬ- ''ਫਰੋਮ ਕਾਰਗਿੱਲ ਟੂ ਦਿ ਕੂਪ - ਈਵੈਂਟਸ ਦੈਟ ਸ਼ੁੱਕ ਪਾਕਿਸਤਾਨ'' ਉਨ੍ਹਾਂ ਵਿੱਚੋਂ ਇੱਕ ਹੈ।

ਕਾਰਗਿਲ ਜੰਗ ਦੇ 20 ਸਾਲ ਪੂਰੇ ਹੋਣ 'ਤੇ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨੇ ਨਾਸਿਮ ਜ਼ਾਹਰਾ ਨਾਲ ਉਨ੍ਹਾਂ ਦੀ ਇਸ ਕਿਤਾਬ ਬਾਰੇ ਗੱਲਬਾਤ ਕੀਤੀ।

ਨਾਸਿਮ ਜ਼ਾਹਰਾ ਦਾ ਕਹਿਣਾ ਹੈ ਕਿ ਸ਼ੁਰੂ ਵਿੱਚ ਕਾਰਗਿਲ ਦੀ ਯੋਜਨਾ ਭਾਰਤ ਪ੍ਰਸ਼ਾਸਿਤ ਕਸ਼ਮੀਰ ਵਿੱਚ ਕੁਝ ਪਹਾੜੀਆਂ 'ਤੇ ਕਬਜ਼ਾ ਕਰਨਾ ਅਤੇ ਕੁਝ ਪਹਾੜੀਆਂ 'ਤੇ ਲੁਕ ਕੇ ਰਹਿਣਾ ਅਤੇ ਉੱਥੋਂ ਹਮਲਾ ਕਰਕੇ ਸ਼੍ਰੀਨਗਰ-ਲੇਅ ਹਾਈਵੇਅ ਨੂੰ ਬਲਾਕ ਕਰਨਾ ਸੀ।

ਰੋਡ ਬਹੁਤ ਹੀ ਜ਼ਿਆਦਾ ਔਖਾ ਸੀ, ਜਿਹੜਾ ਕਿ ਕਸ਼ਮੀਰ ਵਿੱਚ ਤਾਇਨਾਤ ਭਾਰਤੀ ਫੌਜੀਆਂ ਨੂੰ ਸਪਲਾਈ ਪਹੁੰਚਾਉਣ ਦਾ ਇੱਕੋ-ਇੱਕ ਰਸਤਾ ਸੀ।

ਇਹ ਵੀ ਪੜ੍ਹੋ:

ਨਾਸਿਮ ਮੁਤਾਬਕ, ਕਾਰਗਿਲ ਹਮਲੇ ਦੀ ਯੋਜਨਾ ਬਣਾ ਰਹੇ ਪਾਕਿਸਤਾਨੀ ਜਨਰਲਾਂ ਦਾ ਮੰਨਣਾ ਸੀ ਕਿ ਹਾਲਾਤ ਵਿਗੜ ਜਾਣਗੇ ਅਤੇ ਭਾਰਤ ਕਸ਼ਮੀਰ ਵਿਵਾਦ 'ਤੇ ਗੱਲਬਾਤ ਲਈ ਮਜਬੂਰ ਹੋ ਜਵੇਗਾ।

ਪਰ ਜਿਸ ਤਰੀਕੇ ਨਾਲ ਪਾਕਿਸਤਾਨੀ ਫੌਜੀਆਂ ਨੇ ਬਹਾਦੁਰੀ ਨਾਲ ਲੜਾਈ ਲੜੀ- ਇਹ ਦੁਨੀਆਂ ਦਾ ਅੱਠਵਾਂ ਅਜੂਬਾ ਸੀ।

ਉਨ੍ਹਾਂ ਕਿਹਾ, "ਕਾਰਗਿਲ ਬਾਰੇ ਦਿਲਚਸਪ ਗੱਲ ਇਹ ਹੈ ਕਿ ਪਾਕਿਸਤਾਨੀ ਇਸ ਉੱਤੇ ਮਾਣ ਵੀ ਕਰ ਸਕਦੇ ਹਨ ਅਤੇ ਉਦਾਸ ਵੀ ਹੋ ਸਕਦੇ ਹਨ।"

"ਮਾਣ ਇਸ ਲਈ ਕਿਉਂਕਿ ਜਿਸ ਤਰੀਕੇ ਨਾਲ ਇਹ ਬਹਾਦੁਰ ਫੌਜੀ 17-18,000 ਫੁੱਟ ਉੱਚਾਈ ਵਾਲੀ ਕਾਰਗਿੱਲ 'ਤੇ ਗਏ ਜਿੱਥੇ ਕੜਾਕੇ ਦੀ ਠੰਢ ਸੀ। ਅਜਿਹੇ ਹਾਲਾਤਾਂ ਵਿੱਚ ਉਹ ਬਹਾਦੁਰੀ ਨਾਲ ਲੜੇ। ਪਰ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਉਨ੍ਹਾਂ ਨੂੰ ਉੱਥੇ ਕਿਉਂ ਭੇਜਿਆ ਗਿਆ ਸੀ।?''

Image copyright Pib

ਨਾਸੀਮ ਜ਼ਾਹਰਾ ਅੱਗੇ ਕਹਿੰਦੇ ਹਨ, "ਸ਼ੁਰੂਆਤ ਵਿੱਚ ਪਾਕਿਸਤਾਨ ਫੌਜ ਨੇ ਭਾਰਤੀ ਫੌਜ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਭਾਰਤੀ ਫੌਜ ਨੂੰ ਵੀ ਨਹੀਂ ਪਤਾ ਸੀ ਕਿ ਹੋਇਆ ਕਿ। ਭਾਰਤੀ ਜਨਰਲ ਕਹਿ ਰਹੇ ਸਨ ਕਿ ਉਹ ਉਨ੍ਹਾਂ ਨੂੰ (ਪਾਕਿਸਤਾਨੀਆਂ ਫੌਜੀਆਂ ਨੂੰ) ਕੁਝ ਹੀ ਘੰਟਿਆਂ ਵਿੱਚ ਜਾਂ ਕੁਝ ਹੀ ਦਿਨਾਂ ਵਿੱਚ ਆਪਣੇ ਇਲਾਕੇ ਤੋਂ ਕੱਢ ਦੇਣਗੇ।"

ਨਸੀਮ ਜ਼ਾਹਰਾ ਮੁਤਾਬਕ ਪਾਕਿਸਤਾਨੀ ਫੌਜ ਅਤੇ ਲੜਾਕੂਆਂ ਨੂੰ ਇਸ ਗੱਲ ਦਾ ਫਾਇਦਾ ਸੀ ਕਿ ਉਹ ਪਹਾੜੀਆਂ ਦੇ ਬਿਲਕੁਲ ਟੌਪ 'ਤੇ ਬੈਠੇ ਸਨ ਅਤੇ ਉਨ੍ਹਾਂ ਲਈ ਭਾਰਤ 'ਤੇ ਹਮਲਾ ਕਰਨਾ ਬਹੁਤ ਸੌਖਾ ਸੀ। ਪਰ ਫਿਰ ਹਾਲਾਤ ਬਦਲ ਗਏ।

ਉਨ੍ਹਾਂ ਦੇ ਦਾਅਵਿਆਂ 'ਤੇ ਟਿੱਪਣੀ ਕਰਨ ਲਈ ਕੋਈ ਪਾਕਿਸਤਾਨੀ ਅਧਿਕਾਰੀ ਮੌਜੂਦ ਨਹੀਂ ਸੀ।

"ਵੱਡੀ ਗ਼ਲਤੀ"

ਨਾਸਿਮ ਜ਼ਾਹਰਾ ਦਾ ਕਹਿਣਾ ਹੈ ਜਦੋਂ ਭਾਰਤੀ ਫੌਜ ਨੂੰ ਇਹ ਮਹਿਸੂਸ ਹੋਇਆ ਕਿ ਕੀ ਹੋਇਆ ਹੈ, ਉਹ ਬੋਫੋਰਸ ਤੋਪਾਂ ਲੈ ਆਏ, ਜੋ ਕਿ ਆਮ ਤੌਰ 'ਤੇ ਅਜਿਹੇ ਆਪ੍ਰੇਸ਼ਨਾਂ ਵਿੱਚ ਵਰਤੇ ਨਹੀਂ ਜਾਂਦੇ।

"ਜੇਕਰ ਤੁਸੀਂ ਇਹ ਕਹੋ ਕਿ ਉਹ ਇੱਕ ਚੀਜ਼ ਜਿਸ ਨੇ ਕਾਰਗਿਲ ਵਿੱਚ ਸਥਿਤੀ ਨੂੰ ਬਦਲ ਦਿੱਤਾ ਤਾਂ ਉਹ ਸੀ ਬੋਫੋਰਸ ਬੰਦੂਕਾਂ। ਭਾਰਤੀਆਂ ਨੇ ਉਨ੍ਹਾਂ ਨੂੰ ਸ਼੍ਰੀਨਗਰ-ਲੇਅ ਹਾਈਵੇਅ 'ਤੇ ਲਗਾ ਦਿੱਤਾ, ਉਹ ਰੋਡ ਜਿਸ ਨੂੰ ਪਾਕਿਸਤਾਨੀ ਬਲਾਕ ਕਰਨਾ ਚਾਹੁੰਦੇ ਸਨ।"

"ਇਹ ਭਾਰਤ ਅਤੇ ਪਾਕਿਸਤਾਨ ਦੋਵਾਂ ਪੱਖੋਂ ਪੁਸ਼ਟੀ ਕੀਤੀ ਗਈ ਸੀ ਕਿ ਬੋਫੋਰਸ ਤੋਪਾਂ ਨੇ ਪਹਾੜ ਦੀਆਂ ਚੋਟੀਆਂ ਨੂੰ ਛੋਟੇ-ਛੋਟੇ ਟੁੱਕੜਿਆਂ ਵਿੱਚ ਉਡਾ ਦਿੱਤਾ, ਅਤੇ ਭਾਰਤੀ ਹਵਾਈ ਫੌਜ ਉੱਪਰੋਂ ਲਗਾਤਾਰ ਬੰਬਾਰੀ ਕਰ ਰਹੀ ਸੀ।''

Image copyright PAK ARMY
ਫੋਟੋ ਕੈਪਸ਼ਨ ਪਾਕਿਸਤਾਨੀ ਫੌਜ ਦੇ ਸਾਬਕਾ ਜਨਰਲ ਅਜ਼ੀਜ਼ ਖ਼ਾਨ

ਨਾਸਿਮ ਜ਼ਾਹਰਾ ਦਾ ਕਹਿਣਾ ਹੈ ਕਿ ਕਾਰਗਿੱਲ ਦੀਆਂ ਪਹਾੜੀਆਂ ਤੋਂ ਹੇਠਾਂ ਉਤਰਦੇ ਹੋਏ ਵੀ ਪਾਕਿਸਤਾਨ ਨੂੰ ਜਾਨ ਪੱਖੋਂ ਵੱਡਾ ਨੁਕਸਾਨ ਝੱਲਣਾ ਪਿਆ ਸੀ।

''ਅਜਿਹਾ ਨਹੀਂ ਸੀ ਕਿ ਕੋਈ ਅਜਿਹਾ ਰਸਤਾ ਜਾਂ ਮੋਟਰਵੇਅ ਹੋਵੇ ਜਿਸਦੇ ਜ਼ਰੀਏ ਉਹ ਹੇਠਾਂ ਉਤਰ ਆਉਣ। 16-18 ਹਜ਼ਾਰ ਫੁੱਟ ਦੀਆਂ ਪਹਾੜੀਆਂ ਤੋਂ ਹੇਠਾਂ ਉਤਰਦੇ ਹੋਏ ਕਈ ਤਰ੍ਹਾਂ ਦੀਆਂ ਖੱਡਾਂ ਸਨ ਜਿਨ੍ਹਾਂ ਨੂੰ ਪਾਰ ਕਰਨਾ ਸੀ। ਉੱਥੇ ਕੜਾਕੇ ਦੀ ਠੰਡ ਵੀ ਸੀ।"

"ਜਦੋਂ ਭਾਰਤੀਆਂ ਨੂੰ ਮੌਕਾ ਮਿਲਿਆ ਤਾਂ ਚੰਗੀ ਤਰ੍ਹਾਂ ਵਾਰ ਕੀਤਾ। ਇਹ ਇੱਕ ਛੋਟੀ ਲੜਾਈ ਸੀ ਜਿਸ ਨੂੰ ਪੂਰਾ ਜ਼ੋਰ ਲਾ ਕੇ ਲੜਿਆ ਗਿਆ।"

ਨਾਸਿਮ ਜ਼ਾਹਰਾ ਦਾ ਕਹਿਣਾ ਹੈ ਕਿ ਭਾਰਤ ਨੇ ਆਪਣੀ ਹਵਾਈ ਤਾਕਤ ਦੀ ਚੰਗੀ ਤਰ੍ਹਾਂ ਵਰਤੋਂ ਕੀਤੀ। ਪਰ ਪਾਕਿਸਤਾਨ ਹਵਾਈ ਫੌਜ ਨੇ ਕਾਰਗਿਲ ਆਪ੍ਰੇਸ਼ਨ ਤੋਂ ਕਾਫ਼ੀ ਕੁਝ ਸਿੱਖਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਾਰੇ ਕੋਈ ਪੱਕਾ ਅੰਕੜਾ ਨਹੀਂ ਹੈ ਕਿ ਕਾਰਗਿੱਲ ਵਿੱਚ ਕਿੰਨੇ ਫੌਜੀ ਮਾਰੇ ਗਏ।

"ਕਈਆਂ ਦਾ ਕਹਿਣਾ ਹੈ ਕਿ ਅੰਕੜਾ 300 ਸੀ ਅਤੇ ਕਈ ਕਹਿੰਦੇ ਸਨ ਕਿ 2000। ਪਰ 2000 ਲੋਕ ਸ਼ਾਇਦ ਉੱਥੇ ਸੀ ਹੀ ਨਹੀਂ। ਜਦੋਂ ਮੈਂ ਫੌਜ ਨਾਲ ਇਸ ਬਾਰੇ ਗੱਲ ਕੀਤੀ ਉਨ੍ਹਾਂ ਦਾ ਕਹਿਣਾ ਸੀ ਕਿ ਸ਼ਾਇਦ ਪੂਰਬੀ ਪਾਕਿਸਤਾਨ ਵਿੱਚ ਐਨੇ ਫੌਜੀਆਂ ਦੀ ਮੌਤ ਨਹੀਂ ਹੋਈ ਜਿੰਨੀ ਕਿ ਕਾਰਗਿੱਲ ਵਿੱਚ ਸ਼ਹੀਦ ਹੋਏ। ਤਾਂ ਇਹ ਇੱਕ ਬਹੁਤ ਵੱਡਾ ਬਲੰਡਰ ਸੀ।''

'ਕਸ਼ਮੀਰ, ਸਿਆਚਨ, ਕਾਰਗਿੱਲ'

ਨਾਸਿਮ ਜ਼ਾਹਰ ਦਾ ਕਹਿਣਾ ਹੈ ਕਿ ਕਾਰਗਿਲ ਦੀ ਯੋਜਨਾ ਕਈ ਸਾਲਾਂ ਤੋਂ ਬਣਾਈ ਜਾ ਰਹੀ ਸੀ ਪਰ ਇਸ ਨੂੰ ਅੰਜਾਮ 1999 ਵਿੱਚ ਦਿੱਤਾ ਗਿਆ।

"ਇਹ ਯੋਜਨਾ ਬੇਨਜ਼ੀਰ ਭੁੱਟੋ ਨੂੰ ਜਨਰਲ ਪਰਵੇਜ਼ ਮੁਸ਼ਰੱਫ ਵੱਲੋਂ ਦਿਖਾਈ ਗਈ ਸੀ। ਉਸ ਵੇਲੇ ਉਹ ਡੀਜੀ ਮਿਲਟਰੀ ਆਪ੍ਰੇਸ਼ਨਜ਼ ਸਨ। ਇਸ ਤੋਂ ਪਹਿਲਾਂ, ਜਨਰਲ ਜ਼ੀਆ-ਉਲ-ਹਕ ਦੇ ਸਮੇਂ ਵਿੱਚ ਵੀ ਇਸ ਬਾਰੇ ਗੱਲਬਾਤ ਕੀਤੀ ਗਈ ਸੀ।"

ਨਾਸਿਮ ਜ਼ਾਹਰਾ ਮੁਤਾਬਕ ਕਸ਼ਮੀਰ ਮੁੱਦਾ ਕਾਰਗਿਲ ਯੁੱਧ ਦਾ ਮੁੱਖ ਕਾਰਨ ਸੀ।

ਇਹ ਵੀ ਪੜ੍ਹੋ:

"ਪਾਕਿਸਤਾਨ ਅਤੇ ਭਾਰਤ ਵਿਚਾਲੇ ਇਹ ਲੜਾਈ ਜਾਰੀ ਰਹੇਗੀ। ਕਈ ਵਾਰ ਇਹ ਸ਼ੀਤ ਯੁੱਧ ਬਣ ਜਾਵੇਗਾ ਅਤੇ ਕਦੇ ਝੜਪਾਂ ਹੋਣਗੀਆਂ। ਇਸ ਸੰਘਰਸ਼ ਵਿੱਚ ਕਸ਼ਮੀਰੀ ਵੀ ਸ਼ਾਮਲ ਹਨ।"

"ਪੁਲਵਾਮਾ ਅਤੇ ਬਾਲਾਕੋਟ ਵਰਗੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਕਸ਼ਮੀਰ ਹੀ ਅਸਲ ਮੁੱਦਾ ਹੈ ਅਤੇ ਹੋਰ ਚੀਜ਼ਾਂ ਇਸ ਸਮੱਸਿਆ ਦੇ ਨਤੀਜੇ ਵਜੋਂ ਹੁੰਦੀਆਂ ਹਨ।"

ਉਨ੍ਹਾਂ ਨੇ ਇੱਕ ਹੋਰ ਮੁੱਦੇ ਦਾ ਵੀ ਜ਼ਿਕਰ ਕੀਤਾ ਜੋ ਪਾਕਿਸਤਾਨ ਦੀ ਫੌਜ ਲਈ ਇੱਕ ਪ੍ਰੇਰਨਾ ਦਾ ਸਰੋਤ ਬਣਿਆ।

"ਦੂਜੀ ਸਮੱਸਿਆ ਸਿਆਚਨ ਦਾ ਮੁੱਦਾ ਸੀ ਜਿਸ ਨੂੰ ਦੋਵਾਂ ਦੇਸਾਂ ਨੇ ਹੱਲ ਕਰਨਾ ਸੀ, ਜਿਸ 'ਤੇ ਭਾਰਤ ਨੇ 1984 ਵਿੱਚ ਕਬਜ਼ਾ ਕਰ ਲਿਆ ਸੀ।''

Image copyright Getty Images

'ਚਾਰ ਜਨਰਲਾਂ ਦਾ ਗਰੁੱਪ'

ਨਾਸਿਮ ਜ਼ਾਹਰਾ ਦਾ ਕਹਿਣਾ ਹੈ ਕਿ ਕਾਰਗਿੱਲ ਦੀ ਯੋਜਨਾ ਨੂੰ 4 ਜਨਰਲਾਂ ਦੇ ਗਰੁੱਪ ਨੇ ਅਮਲ ਵਿੱਚ ਲਿਆਂਦਾ।

ਉਨ੍ਹਾਂ ਮੁਤਾਬਕ ਇਨ੍ਹਾਂ ਚਾਰ ਜਨਰਲਾਂ ਵਿੱਚ ਆਰਮੀ ਸਟਾਫ਼ ਦੇ ਮੁਖੀ ਜਨਰਲ ਪਰਵੇਜ਼ ਮੁਸ਼ਰੱਫ, ਉੱਤਰੀ ਖੇਤਰਾਂ ਦੇ ਫੋਰਸ ਕਮਾਂਡਰ ਮੇਜਰ ਜਨਰਲ ਜਾਵੇਦ ਹਸਨ, ਜਨਰਲ ਸਟਾਫ਼ ਦੇ ਮੁਖੀ ਲੈਫਟੀਨੈਂਟ ਜਨਰਲ ਅਜ਼ੀਜ਼ ਖਾਨ ਅਤੇ ਕਮਾਂਡਰ 10 ਕੋਰਪਸ ਲੈਫਟੀਨੈਂਟ ਜਨਰਲ ਮਹਿਮੂਦ ਅਹਿਮਦ ਸ਼ਾਮਲ ਸਨ। ਬਾਕੀ ਆਰਮ ਦੀ ਟੌਪ ਦੀ ਲੀਡਰਸ਼ਿਪ ਇਸ ਆਪ੍ਰੇਸ਼ਨ ਤੋਂ ਅਣਜਾਣ ਸੀ।

Image copyright Getty Images
ਫੋਟੋ ਕੈਪਸ਼ਨ ਫਰਵਰੀ 1999 ਵਿੱਚ ਨਵਾਜ਼ ਸ਼ਰੀਫ਼ ਅਤੇ ਵਾਜਪਾਈ ਵਿਚਾਲੇ ਲਾਹੌਰ ਸਮਝੌਤਾ ਹੋਇਆ ਸੀ

ਨਾਸਿਮ ਜ਼ਾਹਰਾ ਦਾ ਮੰਨਣਾ ਹੈ ਕਿ ਸਿਵੀਲੀਅਨ ਸਰਕਾਰ ਦੀ ਬਿਨਾਂ ਇਜਾਜ਼ਤ ਤੋਂ ਕਾਰਗਿੱਲ ਆਪ੍ਰੇਸ਼ਨ ਨੂੰ ਅੰਜਾਮ ਦੇਣਾ ਚੁਣੇ ਗਏ ਪ੍ਰਧਾਨ ਮੰਤਰੀ ਦੀ ਨੀਤੀ ਦਾ ਉਲੰਘਣ ਕਰਨਾ ਹੈ।

ਨਾਸਿਮ ਜ਼ਾਹਰਾ ਫਰਵਰੀ 1999 ਵਿੱਚ ਨਵਾਜ਼ ਸ਼ਰੀਫ਼ ਅਤੇ ਵਾਜਪਾਈ ਵਿਚਾਲੇ ਹੋਏ ਲਾਹੌਰ ਸਮਝੌਤੇ ਵੱਲ ਇਸ਼ਾਰਾ ਕਰ ਰਹੇ ਸਨ, ਜਿਸ ਵਿੱਚ ਦੋਵਾਂ ਦੇਸਾਂ ਨੇ ਗੱਲਬਾਤ ਦੀ ਨੀਤੀ ਦੇ ਆਧਾਰ 'ਤੇ ਸਬੰਧਾ ਦਾ ਇੱਕ ਨਵਾਂ ਚੈਪਟਰ ਸ਼ੁਰੂ ਕਰਨ ਲਈ ਖ਼ੁਦ ਨੂੰ ਵਚਨਬੱਧ ਕੀਤਾ ਸੀ।

'ਜਨਰਲਾਂ ਵੱਲੋਂ ਇਤਰਾਜ਼'

ਨਸੀਮ ਜ਼ਾਹਰਾ ਮੁਤਾਬਕ 16 ਮਈ 1999 ਨੂੰ ਜਨਰਲ ਪਰਵੇਜ਼ ਮੁਸ਼ਰੱਫ ਨੇ ਕੋਰ ਕਮਾਂਡਰਾਂ ਨੂੰ ਕਾਰਗਿਲ ਬਾਰੇ ਦੱਸਿਆ ਸੀ।

"ਉਸ ਸਮੇਂ ਬਹੁਤ ਸਾਰੇ ਜਨਰਲਾਂ ਨੇ ਸਵਾਲ ਚੁੱਕਿਆ ਸੀ ਕਿ ਅਸੀਂ ਕੀ ਕਰੀਏ ਪਰ ਯਾਦ ਰੱਖੋ ਕਿ ਉਸ ਵੇਲੇ ਹਾਲਾਤ ਇਹ ਸਨ ਕਿ ਜਿਨ੍ਹਾਂ ਨੇ ਕਾਰਗਿਲ ਆਪ੍ਰੇਸ਼ਨ ਸ਼ੁਰੂ ਕੀਤਾ ਸੀ ਉਹ ਕਹਿ ਰਹੇ ਸਨ ਕਿ ਹੁਣ ਸਾਨੂੰ ਕੋਈ ਹਿਲਾ ਹੀ ਨਹੀਂ ਸਕਦਾ"

"ਉਸ ਵੇਲੇ ਲੱਗ ਰਿਹਾ ਸੀ ਕਿ ਜਿੱਤਣ ਦੀ ਸਥਿਤੀ ਹੈ ਪਰ ਇਸਦੇ ਬਾਵਜੂਦ ਕੁਝ ਜਨਰਲ ਸਨ ਜਿਨ੍ਹਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਅਸੀਂ ਇਹ ਕੀ ਕਰ ਰਹੇ ਹਾਂ ਅਤੇ ਸਵਾਲ ਚੁੱਕੇ ਸਨ।''

Image copyright AFP

'ਕਸ਼ਮੀਰ ਦਾ ਵਿਜੇਤਾ'

ਨਾਸਿਮ ਜ਼ਾਹਰਾ ਮੁਤਾਬਕ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਪਹਿਲੀ ਵਾਰ 17 ਮਈ 1999 ਨੂੰ ਦੱਸਿਆ ਗਿਆ। ਉਸ ਤੋਂ ਕੁਝ ਹਫ਼ਤੇ ਬਾਅਦ ਫੌਜ ਨੇ ਲਾਈਨ ਆਫ਼ ਕੰਟਰੋਲ ਪਾਰ ਕਰ ਲਈ।

"ਸਰਤਾਜ਼ ਅਜ਼ੀਜ਼ (ਜਿਹੜੇ ਉਸ ਵੇਲੇ ਵਿਦੇਸ਼ ਮੰਤਰੀ ਸਨ) ਸਥਿਤੀ ਨੂੰ ਸਮਝ ਗਏ ਸਨ। ਸਾਡੇ ਕੁਝ ਫੌਜੀਆਂ ਨੇ ਕੰਟਰੋਲ ਰੇਖਾ ਪਾਰ ਕਰ ਲਈ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਜੀ ਅਸੀਂ ਭਾਰਤ ਨਾਲ ਗੱਲ ਕਰ ਰਹੇ ਸੀ।''

ਉਨ੍ਹਾਂ ਕਿਹਾ, "ਲਾਹੌਰ ਸੰਮੇਲਨ ਤੋਂ ਬਾਅਦ ਗੱਲਬਾਤ ਕੀਤੀ ਜਾਣੀ ਸੀ।''

ਨਾਸਿਮ ਜ਼ਾਹਰਾ ਮੁਤਾਬਕ ਸ਼ੁਰੂਆਤ ਵਿੱਚ, ਨਵਾਜ਼ ਸ਼ਰੀਫ਼ ਨੂੰ ਪੂਰਾ ਯਕੀਨ ਸੀ ਕਿ ਫੌਜ ਸ਼ਾਇਦ ਇਸ ਆਪ੍ਰੇਸ਼ਨ ਜ਼ਰੀਏ ਕਸ਼ਮੀਰ ਮਸਲੇ ਨੂੰ ਸੁਲਝਾ ਸਕਦੀ ਹੈ।''

"ਸਰਤਾਜ ਅਜ਼ੀਜ਼ ਕਹਿੰਦੇ ਸਨ ਕਿ ਕੌਮਾਂਤਰੀ ਫੋਰਸਾਂ ਖਾਸ ਕਰਕੇ ਅਮਰੀਕਾ ਇਸ ਚੀਜ਼ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗੀ, ਅਮਰੀਕਾ ਹਮੇਸ਼ਾ ਭਾਰਤ ਦੇ ਨਾਲ ਰਿਹਾ ਹੈ। ਤਾਂ ਉਸ ਵੇਲੇ ਨਵਾਜ਼ ਸ਼ਰੀਫ਼ ਨੇ ਕਿਹਾ ਸੀ ਨਹੀਂ ਸਰਤਾਜ ਸਾਹਿਬ ਅਸੀਂ ਬੈਠਕਾਂ ਅਤੇ ਐਕਸਚੇਜਿੰਗ ਫਾਈਲਾਂ ਜ਼ਰੀਏ ਕਦੇ ਵੀ ਕਸ਼ਮੀਰ ਹਾਸਲ ਨਹੀਂ ਕਰ ਸਕਦੇ।''

"ਜਨਰਲ ਅਜ਼ੀਜ਼ ਖ਼ਾਨ, ਜਿਹੜੇ ਕਾਰਗਿਲ ਗਰੁੱਪ ਦਾ ਹਿੱਸਾ ਸਨ ਉਨ੍ਹਾਂ ਨੇ ਨਵਾਜ਼ ਸ਼ਰੀਫ਼ ਨੂੰ ਕਿਹਾ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਨੇ ਪਾਕਿਸਤਾਨ ਬਣਾਇਆ ਸੀ ਹੁਣ ਤੁਹਾਡੇ ਲਈ ਮੌਕਾ ਹੈ ਕਸ਼ਮੀਰ ਦਾ ਵਿਜੇਤਾ ਬਣਨ ਦਾ।''

ਇਹ ਵੀ ਪੜ੍ਹੋ:

Image copyright Getty Images

"ਪਾਕਿਸਤਾਨ ਦਾ ਅਕਸ ਹੋਇਆ ਖ਼ਰਾਬ"

ਨਾਸਿਮ ਜ਼ਾਹਰਾ ਦਾ ਕਹਿਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧ ਉਦੋਂ ਸੁਧਰ ਰਹੇ ਸਨ ਜਦੋਂ ਜਨਰਲ ਮੁਸ਼ਰੱਫ ਨੇ ਕਾਰਗਿਲ ਦਾ ਯੁੱਧ ਕੀਤਾ ਸੀ।

"ਵਾਜਪਾਈ ਪਾਕਿਸਤਾਨ ਆਏ ਸਨ ਅਤੇ ਪਾਕਿਸਤਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸਵਾਗਤ ਕੀਤਾ ਸੀ। ਉਹ ਗੱਲਬਾਤ ਕਰਨ ਆਏ ਸਨ ਅਤੇ ਗੱਲਬਾਤ ਚੱਲ ਰਹੀ ਸੀ।"

"ਉਸ ਤੋਂ ਬਾਅਦ ਜਨਰਲ ਮੁਸ਼ਰੱਫ ਨੇ ਭਾਰਤ ਨੂੰ ਆਹਮਣੇ-ਸਾਹਮਣੇ ਬੈਠ ਕੇ ਗੱਲਬਾਤ ਕਰਨ ਦੀ ਅਪੀਲ ਕੀਤੀ ਸੀ। ਪਾਕਿਸਤਾਨ ਨਾਲ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਮਨਾਉਣ ਲਈ ਉਨ੍ਹਾਂ ਨੂੰ ਆਪਣੇ ਗੋਢਿਆਂ ਦੇ ਬਲ ਭਾਰਤ ਜਾਣਾ ਪਿਆ ਸੀ।''

ਫੋਟੋ ਕੈਪਸ਼ਨ ਨਾਸਿਮ ਜ਼ਾਹਰ

ਨਾਸਿਮ ਮੁਤਾਬਕ ਜਿਹੜੇ ਲੋਕ ਕਹਿੰਦੇ ਹਨ ਕਿ ਇਸ ਨਾਲ ਪਾਕਿਸਤਾਨ ਨੂੰ ਕਸ਼ਮੀਰ ਅੰਦੋਲਨ ਤੋ ਫਾਇਦਾ ਮਿਲਿਆ ਉਹ ਗ਼ਲਤ ਸਨ।

"ਅੰਕੜੇ ਇਸ ਗੱਲ ਦਾ ਪੱਖ ਨਹੀਂ ਲੈਂਦੇ। ਅੰਕੜਿਆਂ ਮੁਤਾਬਕ ਇਹ ਇੱਕ ਅਜਿਹਾ ਗ਼ਲਤ ਕਦਮ ਸੀ ਜਿਸ ਨਾਲ ਪਾਕਿਸਤਾਨ ਨੂੰ ਸਾਲਾਂ ਤੱਕ ਗੱਲਬਾਤ ਮੁੜ ਸ਼ੁਰੂ ਕਰਨ ਲਈ ਕੋਸ਼ਿਸ਼ਾਂ ਕਰਨੀਆਂ ਪਈਆਂ।"

"ਭਾਵੇਂ 71 ਦੀ ਲੜਾਈ ਦੀ ਗੱਲ ਹੋਵੇ ਜਾਂ ਸਿਆਚਨ ਦੀ, ਭਾਰਤ ਨੇ ਕੀ ਨਹੀਂ ਕੀਤਾ ਪਰ ਕਾਰਗਿੱਲ ਬਹੁਤ ਹੀ ਗ਼ੈਰ-ਜ਼ਿੰਮੇਦਾਰਾਨਾ ਕਦਮ ਸੀ। ਇਸ ਪਾਕਿਸਤਾਨ ਦੇ ਅਕਸ ਨੂੰ ਖ਼ਰਾਬ ਕਰਕੇ ਰੱਖ ਦਿੱਤਾ।''

ਹਾਲਾਂਕਿ, ਨਾਜ਼ਿਮ ਜ਼ਾਹਰ ਦਾ ਮੰਨਣਾ ਹੈ ਕਿ ਕੋਈ ਵੀ ਨੁਕਸਾਨ ਜਾਂ ਲਾਭ ਸਥਾਈ ਨਹੀਂ ਹੈ। ਦੇਸਾਂ ਨੂੰ ਆਪਣੀਆਂ ਨੀਤੀਆਂ ਦੀ ਸਮੀਖਿਆ ਕਰਨ ਲਈ ਮੌਕੇ ਮਿਲਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)