ਕੈਲੀਫੋਰਨੀਆ ਦੇ ਫੂਡ ਫੈਸਟੀਵਲ ਵਿੱਚ ਚੱਲੀਆਂ ਗੋਲੀਆਂ, 3 ਦੀ ਮੌਤ

ਕੈਲੀਫੋਰਨੀਆ Image copyright Reuters

ਸਥਾਨਕ ਮੀਡੀਆ ਰਿਪੋਰਟ ਮੁਤਾਬਕ ਕੈਲੀਫੋਰਨੀਆ ਵਿੱਚ ਫੂਡ ਫੈਸਟੀਵਲ ਦੌਰਾਨ ਚੱਲੀਆਂ ਗੋਲੀਆਂ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਅਤੇ 15 ਲੋਕ ਜ਼ਖ਼ਮੀ ਹੋਏ ਹਨ।

ਇੱਕ ਹਮਲਾਵਰ ਨੂੰ ਪੁਲਿਸ ਵੱਲੋਂ ਗੋਲੀ ਮਾਰ ਦਿੱਤੀ ਗਈ।

ਐਤਵਾਰ ਸ਼ਾਮ ਨੂੰ ਗਿਲੋਰੀ ਗਾਰਲਿਕ ਫੈਸਟੀਵਲ ਖ਼ਤਮ ਹੋਣ ਵਾਲਾ ਸੀ ਜਦੋਂ ਉੱਥੇ ਗੋਲੀਆਂ ਚੱਲੀਆਂ।

ਚਸ਼ਮਦੀਦ ਜੁਲੀਸਾ ਕੰਟਰੀਰਾਸ ਨੇ NBC ਨੂੰ ਦੱਸਿਆ, "ਸ਼ੁਰੂਆਤ ਵਿੱਚ ਇੱਕ ਚਿੱਟਾ ਆਦਮੀ ਸੀ ਜਿਸ ਨੇ ਰਾਈਫਲ ਨਾਲ ਫਾਇਰਿੰਗ ਕੀਤੀ।"

ਸੋਸ਼ਲ ਮੀਡੀਆ 'ਤੇ ਕੁਝ ਵੀਡੀਓਜ਼ ਪੋਸਟ ਕੀਤੀਆਂ ਗਈਆਂ ਹਨ ਜਿਸ ਵਿੱਚ ਲੋਕ ਫੈਸਟੀਵਲ ਤੋਂ ਭੱਜਦੇ ਹੋਏ ਦਿਖਾਈ ਦਿੰਦੇ ਰਹੇ ਹਨ।

ਪੁਲਿਸ ਦਾ ਕਹਿਣਾ ਹੈ ਦ੍ਰਿਸ਼ ਅਜੇ ਵੀ ''ਸਰਗਰਮ ਹੈ''। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸ਼ੂਟਿੰਗ ਨੂੰ ਲੈ ਕੇ ਟਵੀਟ ਕੀਤਾ ਹੈ ਅਤੇ ਲੋਕਾਂ ਨੂੰ 'ਚੌਕਸ ਤੇ ਸੁਰੱਖਿਅਤ' ਰਹਿਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ:

CBS ਰਿਪੋਰਟ ਮੁਤਾਬਕ ਸਾਂਤਾ ਕਲਾਰਾ ਮੈਡੀਕਲ ਸੈਂਟਰ ਵਿੱਚ ਪੰਜ ਲੋਕਾਂ ਨੂੰ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਨੂੰ ਲੈ ਕੁਝ ਸਪੱਸ਼ਟ ਨਹੀਂ ਦੱਸਿਆ ਗਿਆ।

ਕੰਟਰੀਰਾਸ ਨੇ NBC ਨੂੰ ਦੱਸਿਆ, "ਇਹ ਸਿਰਫ਼ ਇੱਕ ਰੈਪਿਡ ਫਾਇਰ ਸੀ। ਉਹ ਹਰ ਦਿਸ਼ਾ ਵਿੱਚ ਫਾਇਰਿੰਗ ਕਰ ਰਿਹਾ ਸੀ। ਉਹ ਖਾਸ ਤੌਰ 'ਤੇ ਕਿਸੇ ਨੂੰ ਨਿਸ਼ਾਨਾ ਨਹੀਂ ਬਣਾ ਰਿਹਾ ਸੀ।"

"ਮੈਂ ਖੱਬੇ ਤੋਂ ਸੱਜੇ ਪਾਸੇ ਜਾ ਰਹੀ ਸੀ ਤੇ ਸੱਜੇ ਤੋਂ ਖੱਬੇ। ਉਹ ਉਸਦੇ ਲਈ ਬਿਲਕੁਲ ਤਿਆਰ ਸੀ ਜੋ ਉਹ ਕਰ ਰਿਹਾ ਸੀ।''

13 ਸਾਲਾ ਇਵੀਨੇ ਰੇਈਸ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਸੀ ਜਿਹੜੇ ਗੋਲੀਆਂ ਚੱਲਣ ਕਾਰਨ ਬੌਖਲਾ ਗਏ ਸੀ।

ਉਸ ਨੇ ਸਨ ਜੋਸ ਮਰਕਰੀ ਨਿਊਜ਼ ਨੂੰ ਕਿਹਾ,'' ਅਸੀਂ ਉੱਥੋਂ ਨਿਕਲੇ ਤੇ ਇੱਕ ਸ਼ਖ਼ਸ ਨੂੰ ਦੇਖਿਆ ਜਿਸ ਨੇ ਆਪਣੀ ਲੱਤ 'ਤੇ ਰੁਮਾਲ ਬੰਨਿਆ ਹੋਇਆ ਸੀ ਕਿਉਂਕਿ ਉਸ ਨੂੰ ਗੋਲੀ ਲੱਗੀ ਹੋਈ ਸੀ।''

ਗਿਲੋਰੀ ਗਾਰਲਿਕ ਫੈਸਟੀਵਲ 1979 ਤੋਂ ਲੈ ਕੇ ਹੁਣ ਤੱਕ ਹਰ ਸਾਲ ਹੁੰਦਾ ਹੈ। ਫੈਸਟੀਵਲ ਦੀ ਵੈੱਬਸਾਈਟ ਮੁਤਾਬਕ ਕ੍ਰਿਸਮਸ ਹਿੱਲ ਪਾਰਕ ਵਿੱਚ ਹਰ ਈਵੈਂਟ ਹੁੰਦਾ ਹੈ ਜਿੱਥੇ ਹਥਿਆਰ ਬਿਲਕੁਲ ਬੈਨ ਹਨ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ