ਕਸ਼ਮੀਰ ਮਸਲਾ: 'ਅਸੀਂ ਆਪ ਬੁੱਢੇ ਹੋਣ ਲੱਗੇ ਹਾਂ ਪਰ ਮਸਲਾ ਕਸ਼ਮੀਰ ਉੱਥੇ ਹੀ ਹੈ' - ਮੁਹੰਮਦ ਹਨੀਫ਼ ਦਾ VLOG

ਕਸ਼ਮੀਰ Image copyright Reuters

ਸਾਨੂੰ ਬਚਪਨ 'ਚ ਹੀ ਇਹ ਸਬਕ ਪੜ੍ਹਾ ਦਿੱਤਾ ਗਿਆ ਸੀ ਕਿ ਕਸ਼ਮੀਰ ਪਾਕਿਸਤਾਨ ਦੀ ਸ਼ਾਹ ਰਗ ਹੈ। ਓਦੋਂ ਨਾ ਇਹ ਪਤਾ ਸੀ ਕਿ ਕਸ਼ਮੀਰ ਕਿਸ ਬਲਾ ਦਾ ਨਾਂ ਹੈ... ਨਾ ਹੀ ਕੁਝ ਇਹ ਸਮਝ ਸੀ ਕਿ ਸ਼ਾਹ ਰਗ ਕਿੱਥੇ ਹੁੰਦੀ ਹੈ।

ਜਦੋਂ ਸੱਤਵੀਂ-ਅੱਠਵੀਂ ਜਮਾਤ ਤੱਕ ਪਹੁੰਚੇ ਤੇ ਪਤਾ ਲੱਗਾ ਕਿ ਇੰਡੀਆ ਕਸ਼ਮੀਰ ਨੂੰ ਆਪਣਾ ਅਟੁੱਟ ਅੰਗ ਕਹਿੰਦਾ। ਅਟੁੱਟ ਦਾ ਵੀ ਅਤੇ ਅੰਗ ਦਾ ਵੀ ਮਤਲਬ ਬਹੁਤ ਬਾਅਦ ਵਿੱਚ ਸਮਝ ਅਇਆ।

ਕਸ਼ਮੀਰ ਦਾ ਪਤਾ ਕੁਝ ਇੰਝ ਲੱਗਾ ਕਿ ਇੰਡੀਅਨ ਫਿਲਮਾਂ ਵੇਖੀਆਂ ਤੇ ਸਮਝ ਆਈ ਕਿ ਬਹੁਤ ਸੋਹਣੀ ਜਗ੍ਹਾ ਹੈ ਤੇ ਜਦੋਂ ਹੀਰੋ ਅਤੇ ਹੀਰੋਇਨ ਨੂੰ ਪਿਆਰ ਥੋੜ੍ਹਾ ਜ਼ਿਆਦਾ ਹੋ ਜਾਂਦਾ ਹੈ... ਜਾਂ ਜਦੋਂ ਉਨ੍ਹਾਂ ਨੇ ਗਾਣਾ ਗਾਉਣਾ ਹੁੰਦਾ ਜਾਂ ਜਦੋਂ ਉਨ੍ਹਾਂ ਦਾ ਹਨੀਮੂਨ ਦਾ ਮੂਡ ਹੋਵੇ...ਉਹ ਕਸ਼ਮੀਰ ਤੁਰ ਜਾਂਦੇ ਨੇ।

ਬਾਅਦ 'ਚ ਸਮਝੇ ਮਸਲਾ ਕਸ਼ਮੀਰ

ਜਦੋਂ ਕਾਲਜ ਅਪੜੇ ਤਾਂ ਪਤਾ ਲਗਾ ਕਿ ਕਸ਼ਮੀਰ ਇੱਕ ਜਗ੍ਹਾਂ ਦਾ ਨਾਂ ਨਹੀਂ ਹੈ...ਇਹ ਇੱਕ ਮਸਲੇ ਦਾ ਨਾਂ ਹੈ।

ਮਸਲਾ ਕਸ਼ਮੀਰ..ਮਸਲਾ ਕਸ਼ਮੀਰ 'ਤੇ ਅਸੀਂ ਮਜ਼ਮੂਨ ਵੀ ਲਿਖੇ...ਤਕਰੀਰਾਂ ਵੀ ਕੀਤੀਆਂ ਪਰ ਜਿਨ੍ਹਾਂ ਜਵਾਨਾਂ ਦੇ ਸੀਨਿਆਂ ਵਿੱਚ ਇਮਾਨ ਜ਼ਿਆਦਾ ਸੀ ਤੇ ਘਰ ਦਾਣੇ ਥੋੜ੍ਹੇ ਸਨ, ਉਨ੍ਹਾਂ ਨੇ ਜਿਹਾਦੀ ਜਥਿਆਂ 'ਚ ਸ਼ਮੂਲੀਅਤ ਕਰ ਲਈ ਅਤੇ ਕਸ਼ਮੀਰ ਨੂੰ ਆਜ਼ਾਦ ਕਰਨ ਤੁਰ ਪਏ।

ਕਸ਼ਮੀਰ ਤੇ ਆਜ਼ਾਦ ਨਾ ਹੋਇਆ...ਸਾਡੇ ਪੰਜਾਬ ਦੇ ਕਬਰਿਸਨਤਾਨਾਂ ਵਿੱਚ ਸ਼ਹੀਦਾਂ ਦੀਆਂ ਕਬਰਾਂ ਵਿੱਚ ਜ਼ਰੂਰ ਇਜ਼ਾਫ਼ਾ ਹੋਇਆ।

ਫਿਰ ਸਾਡੇ ਆਪਣੇ ਗਲੀ-ਮੁਹੱਲਿਆਂ 'ਚ ਇਜਾਜ਼ ਸ਼ੁਰੂ ਹੋ ਗਿਆ। ਅਸੀਂ ਕਸ਼ਮੀਰ ਨੂੰ ਥੋੜ੍ਹਾ ਜਿਹਾ ਭੁੱਲ ਜਿਹੇ ਗਏ।

ਸਾਲ ਦਰ ਸਾਲ ਕਸ਼ਮੀਰ ਦੇ ਉੱਤੇ ਕਸ਼ਮੀਰ ਬਣੇਗਾ ਪਾਕਿਸਤਾਨ ਦੇ ਨਾਅਰੇ ਲਾ ਕੇ ਆਪਣਾ ਰਾਂਝਾ ਰਾਜੀ ਕਰਦੇ ਰਹੇ।

ਉਧਰ ਇੰਡੀਅਨ ਕਸ਼ਮੀਰ ਵਿੱਚ ਜਦੋਂ ਵੀ ਜ਼ੁਲਮ ਥੋੜ੍ਹਾ ਵਧੇ ਤਾਂ ਕਸ਼ਮੀਰੀ ਮੁੰਡੇ ਪਾਕਿਸਤਾਨ ਦੇ ਝੰਡੇ ਚੁੱਕ ਕੇ ਸੜਕਾਂ 'ਤੇ ਆਪਣੀਆਂ ਗੁਲੇਲਾਂ ਨਾਲ ਪੰਜ ਲੱਖ ਫੌਜ਼ ਦਾ ਮੁਕਾਬਲਾ ਕਰਨ ਲਈ ਤਿਆਰ।

ਇਹ ਵੀ ਪੜ੍ਹੋ-

Image copyright AFP/GETTY IMAGES

ਕਸ਼ਮੀਰ 'ਤੇ ਹੋ ਚੁੱਕੀਆਂ ਜੰਗਾਂ

ਹਿੰਦੁਸਤਾਨ, ਪਾਕਿਸਤਾਨ ਕੁਝ ਸਾਢੇ ਤਿੰਨ- ਚਾਰ ਜੰਗਾਂ ਵੀ ਲੜ ਬੈਠੇ ਨੇ, ਲਾਈਨ ਆਫ਼ ਕੰਟਰੋਲ 'ਤੇ ਰੋਜ਼ ਤੋਪਾਂ ਵੀ ਚੱਲਦੀਆਂ ਨੇ...ਅਸੀਂ ਆਪ ਬੁੱਢੇ ਹੋਣ ਲੱਗੇ ਹਾਂ ਪਰ ਮਸਲਾ ਕਸ਼ਮੀਰ ਉੱਥੇ ਹੀ ਹੈ, ਜਿੱਥੇ ਅਸੀਂ ਆਪਣਾ ਪ੍ਰਾਇਮਰੀ ਸਕੂਲ 'ਚ ਛੱਡਿਆ ਸੀ।

ਹੁਣ ਸਾਡੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਸਾਹਿਬ ਅਮਰੀਕਾ ਗਏ, ਟਰੰਪ ਨੇ ਨਾਲ ਬਿਠਾ ਕੇ ਬੜਕ ਮਾਰੀ ਕਿ ਇੰਡੀਆ ਤਾਂ ਤਿਆਰ ਹੈ, ਮੈਂ ਵਿਚੋਲਾ ਬਣਨਾ ਤੇ ਤੁਹਾਡਾ ਪੁਰਾਣਾ ਮਸਲਾ ਕਸ਼ਮੀਰ ਹੱਲ ਕਰ ਦਿੰਦੇ ਹਾਂ।

ਖਾਨ ਸਾਹਬ ਵਾਪਿਸ ਆਏ, ਉਨ੍ਹਾਂ ਦੀ ਪਾਰਟੀ ਨੇ ਇੰਨੇ ਢੋਲ ਵਜਾਏ, ਇੰਨੇ ਹਾਰ ਪਾਏ ਜਿਵੇਂ ਖਾਨ ਸਾਹਬ ਸ਼੍ਰੀਨਗਰ 'ਤੇ ਪਾਕਿਸਤਾਨ ਦਾ ਝੰਡਾ ਲਾ ਕੇ ਆਏ ਹੋਣ।

ਹਫ਼ਤੇ ਬਾਅਦ ਹੀ ਮੋਦੀ ਸਰਕਾਰ ਨੇ ਮਸਲਾ ਕਸ਼ਮੀਰ ਹੱਲ ਕਰ ਛੱਡਿਆ। ਉਨ੍ਹਾਂ ਨੇ ਕਿਹਾ ਕਿਹੜਾ ਮਸਲਾ ਤੇ ਕਿਹੜਾ ਵਿਚੋਲੇ। ਪੰਜ ਲੱਖ ਫੌਜ਼ ਉੱਥੇ ਪਹਿਲਾਂ ਹੀ ਸੀ, ਪੈਂਤੀ ਹਜ਼ਾਰ ਹੋਰ ਭੇਜੇ।

ਟੀਵੀ ਬੰਦ, ਅਖ਼ਬਾਰ ਬੰਦ, ਇੰਟਰਨੈਟ ਬੰਦ, ਮੋਬਾਇਲ, ਲੈਂਡਲਾਇਨਾਂ ਸਭ ਬੰਦ। ਪਾਕਿਸਤਾਨ ਪਿਆਰੇ ਸਿਆਸਤਦਾਨ ਤਾਂ ਬੰਦ ਹੋਣੇ ਹੀ ਸਨ। ਨਾਲ ਦਿੱਲੀ ਦੇ ਲਾਡਲੇ ਵੀ ਸਾਰੇ ਸਿਆਸਤਦਾਨ ਜੇਲ੍ਹਾਂ ਵਿੱਚ।

ਇਹ ਵੀ ਪੜ੍ਹੋ-

Image copyright Getty Images

ਕਸ਼ਮੀਰੀ ਜਾਣ ਤਾਂ ਕਿੱਥੇ ਜਾਣ?

ਇੰਝ ਸਮਝੋ ਜਿਵੇਂ ਕਸ਼ਮੀਰੀਆਂ ਨੂੰ ਇੱਕ ਪਿੰਜਰੇ ਵਿੱਚ ਬੰਦ ਕਰਕੇ ਐਲਾਨ ਕਰ ਦਿੱਤਾ ਗਿਆ ਕਿ ਹੁਣ ਦਸੋਂ ਤੁਹਾਡਾ ਮਸਲਾ ਹੈ ਕੀ ਸੀ।

ਜਿਹੜੇ ਕਸ਼ਮੀਰੀ ਕਸ਼ਮੀਰੋਂ ਬਾਹਰ ਨੇ, ਉਹ ਆਪਣੇ ਘਰਦਿਆਂ ਨਾਲ ਗੱਲ ਨਹੀਂ ਕਰ ਸਕਦੇ। ਜਿਹੜੇ ਕਸ਼ਮੀਰੀ ਕਸ਼ਮੀਰ ਵਿੱਚ ਨੇ, ਉਨ੍ਹਾਂ ਕੋਲ ਨੱਸ ਕੇ ਜਾਣ ਦਾ ਕਿਤੇ ਕੋਈ ਚਾਰਾ ਨਹੀਂ।

ਮੋਦੀ ਦੇ ਭਗਤ ਐਂਵੇ ਜਸ਼ਨ ਮਨਾ ਰਹੇ ਨੇ ਜਿਵੇਂ ਇੱਕੋ ਦਿਨ ਅੰਗਰੇਜ਼ਾਂ ਕੋਲੋਂ ਆਜ਼ਾਦੀ ਵੀ ਹਾਸਿਲ ਕੀਤੀ ਹੋਵੇ ਤੇ ਓਸੇ ਹੀ ਦਿਨ ਵਲਰਡ ਕੱਪ ਵੀ ਜਿੱਤ ਲਿਆ ਹੋਵੇ।

ਜਿਹੜੇ ਭਗਤ ਨਹੀਂ ਉਹ ਇਸ ਗੱਲ 'ਤੇ ਖ਼ੁਸ਼ ਨੇ ਕਿ ਇਹ ਕਸ਼ਮੀਰੀ ਬੜੇ ਟੱਪਦੇ ਸਨ, ਕਈ ਤਾਂ ਪਾਕਿਸਤਾਨ ਦੇ ਝੰਡੇ ਲਈ ਫਿਰਦੇ ਸਨ, ਹੁਣ ਇਨ੍ਹਾਂ ਨੂੰ ਇਨ੍ਹਾਂ ਦੀ ਔਕਾਤ ਯਾਦ ਕਰਾਓ।

ਇਹ ਵੀ ਪੜ੍ਹੋ-

Image copyright Getty Images

ਕਸ਼ਮੀਰੀਆਂ ਨੂੰ ਹੀ ਪੁੱਛੋ

ਇੱਕ ਇੰਡੀਅਨ ਲਿਖਾਰੀ ਨਾਲ ਗੱਲ ਹੋਈ, ਬੜਾ ਖ਼ੁਸ਼ ਸੀ। ਮੈਂ ਕਿਹਾ ਯਾਰ ਗੱਲ ਸੁਣ, ਤੇਰਾ ਕੋਈ ਫੋਨ ਖੋ ਲਏ, ਇੰਟਰਨੈਟ ਬੰਦ ਕਰ ਦੇਵੇ, ਤੇਰੇ ਘਰ ਦੇ ਦਰਵਾਜ਼ੇ 'ਤੇ ਇੱਕ ਫੌਜ਼ੀ ਬਿਠਾ ਦੇਵੇ, ਤੇਰਾ ਬੱਚਾ ਘਰੋਂ ਸੌਦਾ ਲੈਣ ਲਈ ਨਿਕਲੇ, ਉਨੂੰ ਫਾਇਰ ਮਾਰ ਕੇ ਅੰਨਾ ਕਰ ਦੇਵੇ, ਫਿਰ ਤੂੰ ਖ਼ੁਸ਼ ਹੋਵੇਗਾ? ਕਹਿਣ ਲੱਗਾ, "ਦੇਖੀਏ ਜੀ ਜਬ ਮਰਜ਼ ਪੁਰਾਣਾ ਹੋ ਜਾਤਾ ਹੈ ਤੋਂ ਮਰੀਜ਼ ਕੋ ਓਪਰੇਸ਼ਨ ਕੇ ਲੀਏ ਜ਼ਬਰਦਸਤੀ ਲੇ ਜਾਨਾ ਪੜਤਾ ਹੈ, ਔਰ ਜਬ ਵੋ ਸ਼ੋਰ ਮਚਾਤਾ ਹੈ ਤੋਂ ਕੋਈ ਨਰਸ ਯਾ ਡੋਕਟਰ ਉਸ ਕੇ ਮੂੰਹ ਪਰ ਹਾਥ ਰੱਖ ਦੇਤਾ ਹੈ।"

ਮੈਂ ਕਿਹਾ ਸ਼ਰਮ ਕਰ ਇੱਡਾ ਵੱਡਾ ਡਾਕਟਰ ਤੂੰ, ਇੱਕ ਪੂਰੀ ਕੌਮ ਨੂੰ ਮਰੀਜ਼ ਕਹਿ ਰਿਹਾ ਹੈ। ਕਹਿਣ ਲੱਗਾ, "ਆਪ ਹੀ ਬਤਾਏ ਤੋਂ ਕਿਯਾ ਹਲ ਹੈ ਕਿਉਂ ਕਿ ਬਾਕੀ ਸਭ ਤੋਂ ਹਮ ਅਜ਼ਮਾ ਚੁੱਕੇ।"

ਮੈਂ ਕਿਹਾ ਹੱਲ ਦਾ ਮੈਨੂੰ ਪਤਾ ਕੋਈ ਨਹੀਂ, ਲੇਕੀਨ ਇੱਕ ਸ਼ੈਅ ਹੈ ਜਿਹੜੀ ਨਾ ਕਦੇ ਹਿੰਦੁਸਤਾਨ ਨੇ ਅਜ਼ਮਾਈ ਹੈ, ਨਾ ਕਦੇ ਪਾਕਿਸਤਾਨ ਨੇ। ਕਹਿਣ ਲੱਗਾ, "ਵੋ ਕਿਆ?" ਮੈਂ ਕਿਹਾ ਕਿ ਕਸ਼ਮੀਰੀਆਂ ਨੂੰ, ਉਨ੍ਹਾਂ ਦੇ ਨਾਲ ਬਹਿ ਕੇ ਉਨ੍ਹਾਂ ਨੂੰ ਪੁੱਛੋ ਕਿ ਭਰਾਓ ਇਹ ਤਾਂ ਦੱਸੋ ਕਿ ਤੁਸੀਂ ਚਾਹੁੰਦੇ ਕੀ ਹੋ?

ਕਸ਼ਮੀਰ ਬਾਰੇ ਸਾਡੀ ਇਹ ਵੀਡੀਓਜ਼ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)