ਕਸ਼ਮੀਰ ਮੁੱਦੇ 'ਤੇ ਫਿਰ ਬੋਲੇ ਇਮਰਾਨ ਖ਼ਾਨ : 'ਆਰਐੱਸਐੱਸ ਦੀ ਵਿਚਾਰਧਾਰਾ ਕਸ਼ਮੀਰ ਤੱਕ ਨਹੀਂ ਰੁਕੇਗੀ ਸਗੋਂ ਭਾਰਤ ਦੇ ਹੋਰ ਮੁਸਲਮਾਨਾਂ ਨੂੰ ਵੀ ਦਬਾਏਗੀ'

ਇਮਰਾਨ ਖ਼ਾਨ Image copyright AFP

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਦੀ ਭਾਜਪਾ ਸਰਕਾਰ ਦੁਆਰਾ ਧਾਰਾ 370 ਹਟਾਉਣ ਦੀ ਨਿਖੇਧੀ ਕਰਦਿਆਂ ਆਪਣੇ ਟਵੀਟਰ ਹੈਂਡਲ 'ਤੇ ਆਰਐੱਸਐੱਸ ਦੀ ਵਿਚਾਰਧਾਰਾ ਦੀ ਤੁਲਨਾ ਨਾਜ਼ੀਆਂ ਨਾਲ ਕਰਦੇ ਹੋਏ ਮੁਸਲਮਾਨਾਂ 'ਤੇ ਇਸ ਫ਼ੈਸਲੇ ਦੇ ਪ੍ਰਭਾਵ ਬਾਰੇ ਸ਼ੰਕਾ ਜਤਾਈ ਹੈ।

ਪਹਿਲਾਂ ਵੀ ਇਸ ਮੁੱਦੇ ਬਾਰੇ ਇਮਰਾਨ ਖਾਨ ਨੇ ਬਿਆਨ ਦਿੱਤਾ ਸੀ ਕਿ ਉਹ ਦੁਨੀਆਂ ਨੂੰ ਦੱਸਣਗੇ ਕਿ ਕਸ਼ਮੀਰੀਆਂ ’ਤੇ ਉਹੀ ਜ਼ੁਲਮ ਹੋ ਰਹੇ ਹਨ ਜੋ ਨਾਜ਼ੀਆਂ ਨੇ ਕੀਤੇ ਸੀ।

ਅੱਜ ਆਰਐਸਐਸ ਦੀ ਵਿਚਾਰਧਾਰਾ 'ਤੇ ਬੋਲਦਿਆਂ ਇਮਰਾਨ ਖਾਨ ਨੇ ਦੋ ਟਵੀਟ ਕੀਤੇ।

ਪਹਿਲੇ ਟਵੀਟ ਵਿੱਚ ਉਨ੍ਹਾਂ ਲਿਖਿਆ," ਕਰਫਿਊ, ਸਖ਼ਤ ਕਾਨੂੰਨ ਤੇ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਕਸ਼ਮੀਰੀਆਂ 'ਤੇ ਹੋਣ ਵਾਲੇ ਅੱਤਿਆਚਾਰ ਨੂੰ ਵੇਖ ਕੇ ਆਰਐਸਐਸ ਦੀ ਨਾਜ਼ੀਆਂ ਤੋਂ ਪ੍ਰੇਰਿਤ ਵਿਚਾਰਧਾਰਾ ਬਾਰੇ ਪਤਾ ਲੱਗ ਰਿਹਾ ਹੈ। ਇਹ ਕੋਸ਼ਿਸ਼ ਹੈ ਕਸ਼ਮੀਰ ਦੀ ਆਬਾਦੀ ਨੂੰ ਨਸਲੀ ਸਫਾਈ ਰਾਹੀਂ ਬਦਲਣ ਦੀ। ਪ੍ਰਸ਼ਨ ਇਹ ਹੈ ਕਿ ਕੀ ਦੁਨੀਆ ਵੇਖੇਗੀ ਅਤੇ ਸ਼ਾਂਤੀ ਲੈ ਕੇ ਆਉਣ ਦੀ ਕੋਸ਼ਿਸ਼ ਕਰੇਗੀ ਜਿਵੇਂ ਮਿਊਨਿਖ ਵੇਲੇ ਹਿਟਲਰ ਦੇ ਸਮੇਂ ਕੀਤੇ ਗਿਆ ਸੀ?"

ਥੋੜ੍ਹੇ ਸਮੇਂ ਬਾਅਦ ਉਨ੍ਹਾਂ ਨੇ ਇੱਕ ਹੋਰ ਟਵੀਟ ਕੀਤਾ," ਮੈਨੂੰ ਡਰ ਹੈ ਕਿ ਆਰਐੱਸਐੱਸ ਦੀ ਹਿੰਦੂ ਵਿਚਾਰਧਾਰਾ, ਨਾਜ਼ੀ ਆਰਯਨ ਵਿਚਾਰਧਾਰਾ ਵਾਂਗ, ਸਿਰਫ਼ ਭਾਰਤ ਸ਼ਾਸਿਤ ਕਸ਼ਮੀਰ 'ਚ ਹੀ ਨਹੀਂ ਰੁਕੇਗੀ, ਸਗੋਂ ਇਹ ਮੁਸਲਮਾਨਾਂ ਨੂੰ ਭਾਰਤ ਵਿੱਚ ਦਬਾਏਗੀ ਤੇ ਫਿਰ ਪਾਕਿਸਤਾਨ ਨੂੰ ਨਿਸ਼ਾਨਾ ਬਣਾਇਆ ਜਾਵੇਗਾ।''

ਇਹ ਵੀ ਪੜ੍ਹੋ:

ਲੋਕਾਂ ਨੇ ਇਸ ਬਾਰੇ ਕੀ ਕਿਹਾ?

ਕਸ਼ਯਪ ਪਟੇਲ ਲਿਖਦੇ ਹਨ, “ਭਾਰਤੀ ਮੁਸਲਮਾਨ ਭਾਰਤ ਵਿੱਚ ਬਹੁਤ ਖ਼ੁਸ਼ ਹਨ। ਉਨ੍ਹਾਂ ਨੂੰ ਕਿਸੇ ਵੀ ਹੋਰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਹਮਦਰਦੀ ਨਹੀਂ ਚਾਹੀਦੀ। ਆਰਐੱਸਐੱਸ ਤੇ ਭਾਰਤ ਅਖੰਡ ਭਾਰਤ ਦੀ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਦੇ ਹਨ। ਇੱਕ ਦਿਨ ਤੁਹਾਨੂੰ ਵੀ ਇਹ ਵਿਚਾਰਧਾਰਾ ਮੰਨਣੀ ਪਵੇਗੀ ਅਤੇ ਅਖੰਡ ਭਾਰਤ ਵਿੱਚ ਸ਼ਾਮਲ ਹੋਣਾ ਪਵੇਗਾ ।”

ਸੀਪੀ ਖੰਡੇਲਵਾਲ ਨੇ ਲਿਖਿਆ, “ਪਾਕਿਸਤਾਨ ਕਸ਼ਮੀਰ ਵਿੱਚ ਇੱਕ ਹਮਲਾਵਰ ਵਾਂਗ ਹੈ ਅਤੇ (ਉਸ ਨੂੰ) ਪਾਕਿਸਤਾਨ ਸ਼ਾਸਿਤ ਕਸ਼ਮੀਰ ਤੋਂ ਬਾਹਰ ਨਿਕਲ ਜਾਣਾ ਚਾਹੀਦਾ ਹੈ।''

''ਭਾਰਤ ਹਿੰਦੂਆਂ ਅਤੇ ਹਿੰਦੂ ਧਰਮ ਦੇ ਮੂਲ ਵਿਚਾਰਾਂ ਕਰਕੇ ਜਿਨਾਹ ਦੇ ਦੋ ਦੇਸ਼ ਸਿਧਾਂਤ ਦੇ ਬਾਵਜੂਦ ਇੱਕ ਧਰਮ ਨਿਰਪੱਖ ਦੇਸ਼ ਹੈ। ਆਪਣੇ ਦੇਸ਼ ਨੂੰ ਸੰਭਾਲੋ। ਉੁਪ ਮਹਾਂਦੀਪ ਨੇ ਪਾਕਿਸਤਾਨ ਦੇ ਨਫ਼ਰਤ ਫੈਲਾਉਣ ਕਰਕੇ ਬਹੁਤ ਝੱਲਿਆ ਹੈ।''

ਮੀਰ ਮਹੁਮੰਦ ਅਲੀਖਾਨ ਲਿਖਦੇ ਹਨ,“ਕਰਫਿਊ ਹਟ ਲੈਣ ਦਿਓ। ਸੰਚਾਰ ਖੁੱਲ੍ਹ ਲੈਣ ਦਿਓ। ਕਸ਼ਮੀਰੀ ਲੋਕ ਚੁੱਪ ਨਹੀਂ ਬੈਠਣਗੇ। ਇਹ ਸੱਤ ਦਹਾਕਿਆਂ ਦੀ ਲੜਾਈ ਹੈ ਤੇ ਹੁਣ ‘ਕਰੋ ਜਾਂ ਮਰੋ ਵਾਲੀ’ ਸਥਿਤੀ ਹੈ। ਕਸ਼ਮੀਰੀ ਕਸ਼ਮੀਰ ਵਿੱਚੋਂ ਲੜਣਗੇ ਤੇ ਅਸੀਂ ਉਨ੍ਹਾਂ ਲਈ ਬਾਹਰ ਰਹਿ ਕੇ।''

ਪੂਜਾ ਸਿੰਘ ਨੇ ਲਿਖਿਆ, “1947 ਵਿੱਚ ਘੱਟ ਗਿਣਤੀਆਂ ਦੀ ਪਾਕਿਸਤਾਨ ਵਿੱਚ ਆਬਾਦੀ 25% ਸੀ ਜੋ ਹੁਣ ਸਿਰਫ਼ 2% ਰਹਿ ਗਈ ਹੈ। ਕਿਉਂ?”

ਗਉਸਿਆ ਮੁਗਲ ਲਿਖਦੇ ਹਨ, “ਇਹ ਚਿੰਤਾ ਜਨਕ ਹੈ ਤੇ ਤੁਸੀਂ ਬਿਲਕੁਲ ਠੀਕ ਹੋ। ਈਦ 'ਤੇ ਕਸ਼ਮੀਰੀ ਭੈਣਾਂ ਤੇ ਭਰਾਵਾਂ ਲਈ ਦੁਆ ਕਰਦੀ ਹਾਂ। ਭਾਰਤ ਆਪਣੀ ਕੱਟੜ ਮਾਨਸਿਕਤਾ ਕਾਰਨ ਪਛਤਾਇਗਾ। ਸਾਰੀ ਮਾਨਵਤਾ ਨੂੰ ਖ਼ਤਰਾ ਹੈ।”

ਤਾਹਾ ਸ਼ਿਗਰੀ ਲਿਖਦੇ ਹਨ, "ਸ਼ਮੀਰ ਦੀ ਇਸ ਤਰ੍ਹਾਂ ਦੇ ਹਾਲਾਤ, ਜਿੱਥੇ ਲੋਕਾਂ ਨੂੰ ਜਿਆਦਾ ਭੁਗਤਣ ਲਈ ਛੱਡ ਦਿੱਤਾ ਗਿਆ ਹੈ। ਜੇ ਇਹ ਚੱਲਦਾ ਰਿਹਾ, ਤਾਂ ਮਨੁੱਖਤਾ ਲਈ ਬਰਬਾਦੀ ਦਾ ਕਾਰਨ ਬਣੇਗਾ। ਭਾਰਤ ਆਪਣੀਆਂ ਜ਼ਾਲਮ ਹਰਕਤਾਂ ਨਹੀਂ ਲਕੋ ਸਕਦਾ।"

ਰਜਨੀਕਾਂਤ ਨੇ ਅਮਿਤ ਸ਼ਾਹ ਨੂੰ ਕਿਹਾ 'ਅਰਜੁਨ' ਅਤੇ ਨਰਿੰਦਰ ਮੋਦੀ ਨੂੰ 'ਕ੍ਰਿਸ਼ਨ'

ਦੂਜੇ ਪਾਸੇ ਮਸ਼ਹੂਰ ਅਦਾਕਾਰ ਰਜਨੀਕਾਂਤ ਨੇ ਚੇਨੱਈ ਵਿੱਚ ਹੋਏ ਇੱਕ ਸਮਾਗਮ ਵਿੱਚ ਧਾਰਾ 370 ਹਟਾਉਣ ਦੇ ਫ਼ੈਸਲੇ ਦੀ ਤਰੀਫ਼ ਕਰਦੇ ਹੋਏ, ਅਮਿਤ-ਸ਼ਾਹ ਤੇ ਨਰਿੰਦਰ ਮੋਦੀ ਦੀ ਜੋੜੀ ਦੀ ਤੁਲਨਾ ਕ੍ਰਿਸ਼ਨ-ਅਰਜੁਨ ਨਾਲ ਕੀਤੀ ਹੈ।

ਉਨ੍ਹਾਂ ਕਿਹਾ, "ਮੈਂ ਮਿਸ਼ਨ ਕਸ਼ਮੀਰ ਲਈ ਵਧਾਈ ਦਿੰਦਾ ਹਾਂ। ਤੁਸੀਂ ਜੋ ਭਾਸ਼ਣ ਸੰਸਦ ਵਿੱਚ ਦਿੱਤਾ ਉਹ ਲਾਜਵਾਬ ਸੀ। ਅਮੀਤ ਸ਼ਾਹ ਅਤੇ ਮੋਦੀ ਜੀ ਦੀ ਜੋੜੀ ਕ੍ਰਿਸ਼ਨ-ਅਰਜੁਨ ਵਰਗੀ ਹੈ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)