ਪਿਤਾ ਦਾ ਕਤਲ ਕਰਨ ਵਾਲੀਆਂ ਭੈਣਾਂ ਦੇ ਹੱਕ ਅਤੇ ਵਿਰੋਧ 'ਚ ਰੌਲਾ

ਤਿੰਨੋਂ ਭੈਣਾਂ, ਪਿਤਾ ਦਾ ਕਤਲ Image copyright Getty Images
ਫੋਟੋ ਕੈਪਸ਼ਨ ਕਤਲ ਵੇਲੇ ਐਂਜਲੀਨਾ (ਖੱਬੇ) 18 ਸਾਲਾ, ਮਾਰੀਆ (ਵਿਚਾਲੇ) 17 ਸਾਲਾ ਤੇ ਕਰੀਸਟੀਨਾ 19 ਸਾਲ ਦੀ ਸੀ

ਜੁਲਾਈ 2018 ਵਿੱਚ ਤਿੰਨ ਭੈਣਾਂ ਨੇ ਸੁੱਤੇ ਪਏ ਪਿਤਾ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਉਨ੍ਹਾਂ ਦੇ ਮਾਸਕੋ ਸਥਿਤ ਘਰ ਵਿੱਚ ਹੀ ਦਿੱਤਾ ਗਿਆ।

ਜਾਂਚ ਅਧਿਕਾਰੀਆਂ ਦਾ ਦਾਅਵਾ ਹੈ ਕਿ ਕੁੜੀਆਂ ਦੇ ਪਿਤਾ ਸਰੀਰਕ ਤੇ ਮਾਨਸਿਕ ਤੌਰ 'ਤੇ ਉਨ੍ਹਾਂ ਉੱਤੇ ਕਈ ਸਾਲਾਂ ਤੋਂ ਤਸ਼ਦੱਦ ਕਰ ਰਹੇ ਸਨ।

ਕਤਲ ਕੇਸ ਵਿੱਚ ਦੋਸ਼ੀ ਤਿੰਨੋ ਭੈਣਾਂ ਨਾਲ ਕੀ ਹੋਣਾ ਚਾਹੀਦਾ ਹੈ, ਰੂਸ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਤਿੰਨ ਲੱਖ ਤੋਂ ਵੱਧ ਲੋਕਾਂ ਨੇ ਉਨ੍ਹਾਂ ਦੀ ਰਿਹਾਈ ਦੀ ਮੰਗ ਲਈ ਪਟੀਸ਼ਨ 'ਤੇ ਦਸਤਖ਼ਤ ਕੀਤੇ ਹਨ।

ਪਿਤਾ ਨਾਲ ਕੀ ਹੋਇਆ?

27 ਜੁਲਾਈ, 2018 ਦੀ ਸ਼ਾਮ ਨੂੰ 57 ਸਾਲਾ ਮਿਖੈਲ ਖਚਾਤੂਰੀਆਨ ਨੇ ਕ੍ਰਿਸਟੀਨਾ, ਐਂਜਲੀਨਾ ਤੇ ਮਾਰੀਆ ਨੂੰ ਇੱਕ-ਇੱਕ ਕਰਕੇ ਆਪਣੇ ਕਮਰੇ ਵਿੱਚ ਬੁਲਾਇਆ। ਮਾਰੀਆ ਉਸ ਵੇਲੇ ਨਾਬਾਲਿਗ ਸੀ।

ਉਸ ਨੇ ਘਰ ਨੂੰ ਚੰਗੀ ਤਰ੍ਹਾਂ ਸਾਫ਼ ਨਾ ਕਰਨ ਲਈ ਝਿੜਕਿਆ ਅਤੇ ਉਨ੍ਹਾਂ ਦੇ ਚਿਹਰੇ 'ਤੇ ਮਿਰਚਾਂ ਵਾਲੀ ਸਪਰੇਅ ਛਿੜਕ ਦਿੱਤੀ।

ਉਸ ਤੋਂ ਤੁਰੰਤ ਬਾਅਦ ਜਦੋਂ ਉਹ ਸੌਂ ਗਿਆ ਤਾਂ ਕੁੜੀਆਂ ਨੇ ਉਸ 'ਤੇ ਚਾਕੂ, ਹਥੌੜੇ ਤੇ ਮਿਰਚਾਂ ਵਾਲੀ ਸਪਰੇਅ ਨਾਲ ਹਮਲਾ ਕੀਤਾ। ਇਸ ਕਾਰਨ ਉਸ ਦੇ ਸਿਰ, ਗਰਦਨ ਤੇ ਛਾਤੀ 'ਤੇ ਗੰਭੀਰ ਸੱਟਾਂ ਲੱਗੀਆਂ। ਉਸ ਦੇ ਸਰੀਰ 'ਤੇ ਚਾਕੂ ਦੇ ਹੀ 30 ਤੋਂ ਵੱਧ ਸੱਟ ਦੇ ਨਿਸ਼ਾਨ ਸਨ।

ਫਿਰ ਕੁੜੀਆਂ ਨੇ ਪੁਲਿਸ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਇਹ ਵੀ ਪੜ੍ਹੋ:

Image copyright Getty Images
ਫੋਟੋ ਕੈਪਸ਼ਨ 4 ਅਗਸਤ ਨੂੰ ਤਿੰਨੋਂ ਭੈਣਾਂ ਦੀ ਰਿਹਾਈ ਲਈ ਮੁਜ਼ਾਹਰਾ ਕੀਤਾ ਗਿਆ

ਜਾਂਚ ਵਿੱਚ ਸਾਹਮਣੇ ਆਇਆ ਕਿ ਕਿਵੇਂ ਕੁੜੀਆਂ ਨਾਲ ਲੰਮੇਂ ਸਮੇਂ ਤੋਂ ਹਿੰਸਾ ਕੀਤੀ ਜਾਂਦੀ ਸੀ।

ਜਾਂਚ ਮੁਤਾਬਕ ਮਿਖੈਲ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਆਪਣੀਆਂ ਧੀਆਂ ਨੂੰ ਕੁੱਟ ਰਿਹਾ ਸੀ। ਉਹ ਧੀਆਂ 'ਤੇ ਤਸ਼ੱਦਦ ਢਾਹੁੰਦਾ ਸੀ, ਕੈਦੀਆਂ ਵਾਂਗ ਰੱਖਿਆ ਜਾਂਦਾ ਸੀ ਤੇ ਜਿਣਸੀ ਸ਼ੋਸ਼ਣ ਵੀ ਕਰਦਾ ਸੀ।

ਪਿਤਾ ਖਿਲਾਫ਼ ਇਲਜ਼ਾਮਾਂ ਦੇ ਸਬੂਤ ਉਨ੍ਹਾਂ ਨੇ ਆਪਣੇ ਬਿਆਨ ਵਿੱਚ ਦਿੱਤੇ ਹਨ।

ਘਰੇਲੂ ਹਿੰਸਾ ਦਾ ਮਾਮਲਾ

ਇਹ ਮਾਮਲਾ ਜਲਦੀ ਹੀ ਰੂਸ ਵਿੱਚ ਵੱਡੀ ਚਰਚਾ ਦਾ ਮੁੱਦਾ ਬਣ ਗਿਆ। ਮਨੁੱਖੀ ਅਧਿਕਾਰ ਕਾਰਕੁਨਾਂ ਨੇ ਦਲੀਲ ਦਿੱਤੀ ਕਿ ਭੈਣਾਂ ਅਪਰਾਧੀ ਨਹੀਂ ਸਨ ਸਗੋਂ ਪੀੜਤ ਸਨ। ਉਨ੍ਹਾਂ ਕੋਲ ਆਪਣੇ ਪਿਤਾ ਤੋਂ ਬਚਾਅ ਅਤੇ ਬਾਹਰੋਂ ਕਿਸੇ ਮਦਦ ਦਾ ਕੋਈ ਰਾਹ ਨਹੀਂ ਸੀ।

ਹਾਲਾਂਕਿ ਰੂਸ ਵਿੱਚ ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਬਚਾਅ ਲਈ ਕੋਈ ਕਾਨੂੰਨ ਨਹੀਂ ਹੈ।

ਸਾਲ 2017 ਵਿੱਚ ਕਾਨੂੰਨ ਵਿੱਚ ਕੀਤੇ ਗਏ ਬਦਲਾਅ ਮੁਤਾਬਕ ਪਹਿਲੀ ਵਾਰੀ ਮੁਲਜ਼ਮ ਜੋ ਕਿ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੁੱਟਦਾ ਹੈ ਪਰ ਇੰਨਾ ਨਹੀਂ ਕਿ ਉਸ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਏ, ਉਸ ਨੂੰ ਸਿਰਫ਼ ਜੁਰਮਾਨਾ ਦੇਣਾ ਪਏਗਾ ਜਾਂ ਫਿਰ ਦੋ ਹਫ਼ਤਿਆਂ ਤੱਕ ਦੀ ਸਜ਼ਾ ਹੋ ਸਕਦੀ ਹੈ।

Image copyright Getty Images
ਫੋਟੋ ਕੈਪਸ਼ਨ ਤਿੰਨਾਂ ਭੈਣਾਂ ਦੀ ਮਾਂ ਓਰੀਲੀਆ ਦਾ ਕਹਿਣਾ ਹੈ ਕਿ ਮਿਖੈਲ ਨੇ ਉਸ ਨੂੰ 2015 ਵਿੱਚ ਘਰੋਂ ਕੱਢ ਦਿੱਤਾ ਸੀ

ਰੂਸ ਵਿੱਚ ਪੁਲਿਸ ਅਕਸਰ ਘਰੇਲੂ ਹਿੰਸਾ ਨੂੰ 'ਪਰਿਵਾਰਕ ਮੁੱਦਾ' ਕਰਾਰ ਦਿੰਦੀ ਹੈ।

ਇਲਜ਼ਾਮ ਹੈ ਕਿ ਤਿੰਨੋ ਭੈਣਾਂ ਦੀ ਮਾਂ ਨੂੰ ਵੀ ਖਚਾਤੂਰੀਆਨ ਨੇ ਕੁੱਟਿਆ ਤੇ ਧੱਕੇਸ਼ਾਹੀ ਕੀਤੀ। ਉਸ ਨੇ ਵੀ ਪਹਿਲਾਂ ਪੁਲਿਸ ਦਾ ਦਰ ਖੜਕਾਇਆ ਸੀ। ਗੁਆਂਢੀਆਂ ਨੇ ਵੀ ਸ਼ਿਕਾਇਤ ਕੀਤੀ ਸੀ। ਪਰ ਇਸ ਦਾ ਹਾਲੇ ਤੱਕ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਪੁਲਿਸ ਨੇ ਇਨ੍ਹਾਂ ਵਿੱਚੋਂ ਕਿਸੇ ਵੀ ਸ਼ਿਕਾਇਤ 'ਤੇ ਕਾਰਵਾਈ ਕੀਤੀ ਜਾਂ ਨਹੀਂ।

ਕਤਲ ਵੇਲੇ ਕੁੜੀਆਂ ਦੀ ਮਾਂ ਉਨ੍ਹਾਂ ਦੇ ਨਾਲ ਨਹੀਂ ਰਹਿ ਰਹੀ ਸੀ ਤੇ ਖਚਾਤੂਰੀਆਨ ਨੇ ਧੀਆਂ ਨੂੰ ਮਾਂ ਨਾਲ ਮਿਲਣ 'ਤੇ ਰੋਕ ਲਾਈ ਹੋਈ ਸੀ।

ਮਾਮਲਾ ਕਿੱਥੇ ਪਹੁੰਚਿਆ

ਖਚਾਤੁਰੀਆਨ ਭੈਣਾਂ ਦਾ ਮਾਮਲਾ ਥੋੜ੍ਹਾ ਅੱਗੇ ਵਧਿਆ ਹੈ। ਹੁਣ ਉਹ ਹਿਰਾਸਤ ਵਿੱਚ ਨਹੀਂ ਹਨ ਪਰ ਉਨ੍ਹਾਂ 'ਤੇ ਕੁਝ ਪਾਬੰਦੀਆਂ ਹਨ। ਉਹ ਪੱਤਰਕਾਰਾਂ ਨਾਲ ਗੱਲ ਨਹੀਂ ਕਰ ਸਕਦੀਆਂ ਤੇ ਨਾ ਹੀ ਕਿਸੇ ਹੋਰ ਨਾਲ।

ਸਰਕਾਰੀ ਵਕੀਲ ਦਾ ਦਾਅਵਾ ਹੈ ਕਿ ਮਿਖੈਲ ਦਾ ਕਤਲ ਯੋਜਨਾਬੱਧ ਤਰੀਕੇ ਨਾਲ ਹੀ ਕੀਤਾ ਗਿਆ ਸੀ ਕਿਉਂਕਿ ਉਹ ਸੁੱਤਾ ਪਿਆ ਸੀ ਤੇ ਭੈਣਾਂ ਨੇ ਮਿਲ ਕੇ ਕਤਲ ਦੀ ਯੋਜਨਾ ਬਣਾਈ। ਚਾਕੂ ਸਵੇਰੇ ਹੀ ਖੋਹ ਕੇ ਰੱਖ ਲਿਆ ਸੀ। ਮਕਸਦ ਸੀ ਬਦਲਾ ਲੈਣਾ।

ਜੇ ਤਿੰਨੋਂ ਭੈਣਾਂ ਦੋਸ਼ੀ ਪਾਈਆਂ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

ਇਹ ਇਲਜ਼ਾਮ ਹੈ ਕਿ ਐਂਜਲੀਨਾ ਨੇ ਹਥੌੜਾ ਮਾਰਿਆ, ਮਾਰੀਆ ਨੇ ਚਾਕੂ ਚਲਾਇਆ ਤੇ ਕਰੀਸਟੀਨਾ ਨੇ ਮਿਰਚਾਂ ਵਾਲੀ ਸਪਰੇਅ ਛਿੜਕੀ।

ਹਾਲਾਂਕਿ ਭੈਣਾਂ ਦੇ ਵਕੀਲ ਦਾ ਕਹਿਣਾ ਹੈ ਕਿ ਇਹ ਕਤਲ ਆਤਮ-ਰੱਖਿਆ ਦਾ ਮਾਮਲਾ ਸੀ।

Image copyright Getty Images
ਫੋਟੋ ਕੈਪਸ਼ਨ ਐਂਜਲੀਨਾ ਜੂਨ 2019 ਵਿੱਚ ਅਦਾਲਤ ਦੀ ਸੁਣਵਾਈ ਦੌਰਾਨ

ਰੂਸੀ ਕ੍ਰਿਮਿਨਲ ਕੋਡ ਦੇ ਤਹਿਤ ਤੁਰੰਤ ਗੁੱਸੇ ਨਾਲ ਕੀਤੀ ਕਾਰਵਾਈ ਦੇ ਮਾਮਲੇ ਵਿੱਚ ਆਤਮ-ਰੱਖਿਆ ਦੀ ਇਜਾਜ਼ਤ ਹੈ। ਇੱਥੋਂ ਤੱਕ ਕਿ 'ਲਗਾਤਾਰ ਅਪਰਾਧ'ਦੇ ਮਾਮਲਿਆਂ ਵਿੱਚ ਵੀ ਆਤਮ-ਰੱਖਿਆ ਦੀ ਇਜਾਜ਼ਤ ਹੈ।

ਭੈਣਾਂ ਦੇ ਵਕੀਲ ਦਾ ਕਹਿਣਾ ਹੈ ਕਿ ਕੁੜੀਆਂ 'ਲਗਾਤਾਰ ਅਪਰਾਧ' ਦੀਆਂ ਪੀੜਤ ਸਨ ਇਸ ਲਈ ਇਨਾਂ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ।

ਕੁੜੀਆਂ ਦੇ ਵਕੀਲ ਦਾ ਕਹਿਣਾ ਹੈ ਕਿ ਇਹ ਮਾਮਲਾ ਰੱਦ ਹੋ ਸਕਦਾ ਹੈ ਕਿਉਂਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਿਤਾ ਸਾਲ 2014 ਤੋਂ ਹੀ ਇਨ੍ਹਾਂ 'ਤੇ ਤਸ਼ਦੱਦ ਢਾਹ ਰਿਹਾ ਸੀ।

ਹੁਣ ਕਈ ਮਨੁੱਖੀ ਅਧਿਕਾਰ ਦੇ ਕਾਰਕੁਨ ਤੇ ਕਈ ਹੋਰ ਰੂਸੀ ਲੋਕ ਕਾਨੂੰਨ ਵਿੱਚ ਬਦਲਾਅ ਚਾਹੁੰਦੇ ਹਨ।

ਘਰੇਲੂ ਹਿੰਸਾ ਕਿੰਨਾ ਵੱਡਾ ਮਾਮਲਾ ਹੈ?

ਰੂਸ ਵਿੱਚ ਕਿੰਨੇ ਲੋਕ ਘਰੇਲੂ ਹਿੰਸਾ ਦੇ ਸ਼ਿਕਾਰ ਹਨ ਇਸ ਦਾ ਕੋਈ ਅੰਕੜਾ ਮੌਜੂਦ ਨਹੀਂ ਹੈ। ਬਸ ਇੱਕ ਅੰਦਾਜ਼ਾ ਹੈ ਤੇ ਮਨੁੱਖੀ ਅਧਿਕਾਰ ਕਾਰਕੁਨਾਂ ਮੁਤਾਬਕ ਹਰੇਕ ਚਾਰ ਪਰਿਵਾਰਾਂ ਵਿੱਚ ਇੱਕ ਵਿਅਕਤੀ ਇਸ ਦਾ ਪੀੜਤ ਹੋ ਸਕਦਾ ਹੈ।

ਕਈ ਮਾਹਿਰਾਂ ਦਾ ਕਹਿਣਾ ਹੈ ਕਿ ਕਤਲ ਦੇ ਇਲਜ਼ਾਮ ਵਿੱਚ ਰੂਸੀ ਜੇਲ੍ਹ ਵਿੱਚ ਬੰਦ ਔਰਤਾਂ 'ਚੋਂ 80 ਫੀਸਦੀ ਨੇ ਘਰੇਲੂ ਹਿੰਸਾ ਤੋਂ ਆਤਮ-ਰੱਖਿਆ ਲਈ ਕਤਲ ਕੀਤਾ ਹੈ।

ਇਹ ਵੀ ਪੜ੍ਹੋ:

ਪਰ 'ਮੈਨਜ਼ ਸਟੇਟ' ਨਾਮ ਦੀ ਇੱਕ ਰੂਸੀ ਸੰਸਥਾ 'ਜੇਲ੍ਹ 'ਚ ਕਾਤਲ' ਨਾਮ ਦੀ ਮੁਹਿੰਮ ਸੋਸ਼ਲ ਮੀਡੀਆ 'ਤੇ ਚਲਾ ਰਹੀ ਹੈ। ਇਹ ਸੰਸਥਾ 'ਪਿਤਾਪੁਰਖੀ' ਤੇ 'ਰਾਸ਼ਟਰਵਾਦ' ਨੂੰ ਉਤਸ਼ਾਹਿਤ ਕਰਦੀ ਹੈ ਤੇ ਸੋਸ਼ਲ ਮੀਡੀਆ 'ਤੇ ਇਸ ਦੇ 1.5 ਲੱਖ ਮੈਂਬਰ ਹਨ।

ਸੰਸਥਾ ਦੀ ਮੰਗ ਹੈ ਕਿ ਕੁੜੀਆਂ ਨੂੰ ਰਿਹਾਅ ਨਹੀਂ ਕਰਨਾ ਚਾਹੀਦਾ।

ਇਸ ਦੇ ਉਲਟ 'change.org' 'ਤੇ ਇੱਕ ਪਟੀਸ਼ਨ ਵਿੱਚ ਇਹ ਕੇਸ ਵਾਪਸ ਲੈਣ ਲਈ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਸਮਰਥਨ ਵਿੱਚ ਕਵਿਤਾਵਾਂ ਲਿਖੀਆਂ ਜਾ ਰਹੀਆਂ ਹਨ, ਰੈਲੀਆਂ ਕੱਢੀਆਂ ਜਾ ਰਹੀਆਂ ਹਨ ਤੇ ਨਾਟਕ ਪੇਸ਼ ਕੀਤੇ ਜਾ ਰਹੇ ਹਨ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)