ਥਾਈਲੈਂਡ 'ਚ ਦੂਜੇ ਕਮਰੇ 'ਚੋਂ ਆ ਰਹੇ ਰੌਲੇ ਨੂੰ ਸ਼ਾਂਤ ਕਰਵਾਉਣ ਦੀ 'ਕੀਮਤ ਪੰਜਾਬੀ ਨੇ ਜਾਨ ਦੇ ਕੇ ਚੁਕਾਈ'

ਅਮਿਤਪਾਲ ਸਿੰਘ Image copyright THE BAJAJ FAMILY

ਥਾਈਲੈਂਡ ਦੇ ਇੱਕ ਹੋਟਲ ਵਿੱਚ ਹੋਈ ਲੜਾਈ ਦੌਰਾਨ ਪੰਜਾਬੀ ਮੂਲ ਦੇ ਬਰਤਾਨਵੀ ਨਾਗਰਿਕ ਅਮਿਤਪਾਲ ਸਿੰਘ ਬਜਾਜ ਦੀ ਮੌਤ ਹੋ ਗਈ।

ਅਮਿਤਪਾਲ ਸਿੰਘ ਦੇ ਪਰਿਵਾਰ ਮੁਤਾਬਕ ਗੱਲ ਸਿਰਫ਼ ਇੱਥੋਂ ਸ਼ੁਰੂ ਹੋਈ ਸੀ ਕਿ ਅਮਿਤਪਾਲ ਨੇ ਹੋਟਲ ਵਿੱਚ ਕਿਸੇ ਹੋਰ ਮਹਿਮਾਨ ਨੂੰ ਸਿਰਫ਼ ਘੱਟ ਰੌਲਾ ਪਾਉਣ ਲਈ ਕਿਹਾ ਕਿ ਕਿਉਂਕਿ ਉਨ੍ਹਾਂ ਦੀ ਪਤਨੀ ਤੇ ਬੇਟਾ ਸੁੱਤੇ ਹੋਏ ਸਨ।

34 ਸਾਲ ਦੇ ਅਮਿਤਪਾਲ ਸਿੰਘ ਬਜਾਜ ਲੰਡਨ ਤੋਂ ਆਏ ਸਨ ਅਤੇ ਉਹ ਫੁਕੇਟ 'ਚ ਪੰਜ ਤਾਰਾ ਹੋਟਲ ਸੈਂਟਾਰਾ ਗਰਾਂਡ ਹੋਟਲ 'ਚ ਰੁਕੇ ਹੋਏ ਸਨ ਤੇ ਨੇੜਲੇ ਕਮਰੇ ਵਿਚੋਂ ਆ ਰਹੀਆਂ ਆਵਾਜ਼ਾਂ ਦੀ ਸ਼ਿਕਾਇਤ ਕੀਤੀ ਸੀ।

ਉਨ੍ਹਾਂ ਦੇ ਪਰਿਵਾਰ ਦਾ ਦਾਅਵਾ ਹੈ ਕਿ ਬੁੱਧਵਾਰ ਨੂੰ ਕਿਸੇ ਨੇ ਬਾਲਕੋਨੀ ਰਾਹੀਂ ਉਨ੍ਹਾਂ ਦੇ ਕਮਰੇ ਵਿੱਚ ਆ ਕੇ ਉਨ੍ਹਾਂ ਦਾ ਗਲਾ ਘੁੱਟਿਆ ਹੈ।

ਉਨ੍ਹਾਂ ਦੀ ਪਤਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਬੇਟੇ ਨੂੰ ਬਚਾਉਣ ਲਈ ਜਾਨ ਗੁਆ ਦਿੱਤੀ।

ਬਰਤਾਨੀਆ ਦੇ ਫੌਰਨ ਆਫਿਸ ਨੇ ਪੁਸ਼ਟੀ ਕੀਤੀ ਕਿ ਉਹ ਪਰਿਵਾਰ ਦੀ ਸਹਾਇਤਾ ਕਰ ਰਹੇ ਹਨ।

ਇਹ ਵੀ ਪੜ੍ਹੋ-

ਇੱਕ ਬਿਆਨ ਵਿੱਚ ਬਜਾਜ ਦੀ ਪਤਨੀ ਬੰਧਨਾ ਕੌਰ ਬਜਾਜ ਨੇ ਕਿਹਾ ਹੈ, "ਮੇਰੇ ਪਤੀ ਨੇ ਮੇਰੀ ਤੇ ਮੇਰੇ ਪੁੱਤਰ ਦੀ ਜਾਨ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ। ਉਹ ਹਮੇਸ਼ਾ ਸਾਡੇ ਹੀਰੋ ਰਹਿਣਗੇ।"

34 ਸਾਲਾਂ ਬੰਧਨਾ ਬਜਾਜ ਨੇ ਦੱਸਿਆ ਕਿ ਕਿਵੇਂ ਹਮਲਾਵਰ ਉਨ੍ਹਾਂ ਦੇ ਕਮਰੇ ਵਿੱਚ ਆਇਆ ਅਤੇ "ਮੇਰੇ ਪਤੀ 'ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ।"

ਉਨ੍ਹਾਂ ਨੇ ਕਿਹਾ, "ਮੇਰੇ ਪਤੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਮੈਨੂੰ ਤੇ ਮੇਰੇ ਬੇਟੇ ਨੂੰ ਦੂਰ ਧੱਕ ਰਹੇ ਸਨ। ਆਦਮੀ ਉਨ੍ਹਾਂ ਨੂੰ ਲੱਤਾਂ, ਮੁੱਕੇ ਮਾਰ ਰਿਹਾ ਸੀ ਅਤੇ ਮੇਰੇ ਪਤੀ ਮੈਨੂੰ ਉਥੋਂ ਜਾਣ ਲਈ ਤੇ ਬੇਟੇ ਨੂੰ ਬਚਾਉਣ ਲਈ ਕਹਿ ਰਹੇ ਸਨ।"

'ਬੇਹੱਦ ਡਰੀ ਹੋਈ ਸੀ'

ਲੰਡਨ ਦੇ ਸਾਊਥਹਾਲ ਤੋਂ ਬੰਧਨਾ ਬਜਾਜ ਨੇ ਕਿਹਾ ਕਿ ਉਨ੍ਹਾਂ ਨੇ 2 ਸਾਲਾ ਪੁੱਤਰ ਵੀਰ ਸਿੰਘ ਨੂੰ ਫੜ੍ਹ ਲਿਆ ਅਤੇ ਮਦਦ ਲਈ ਕਮਰੇ ਤੋਂ ਬਾਹਰ ਭੱਜੀ।

ਉਹ ਪੌੜੀਆਂ ਵੱਲ ਭੱਜੀ ਤੇ ਇੱਕ ਥਾਂ 'ਤੇ ਲੁੱਕ ਕੇ ਘਟਨਾ ਬਾਰੇ ਰਿਸੈਪਸ਼ਨ 'ਤੇ ਫੋਨ ਕੀਤਾ।

ਉਨ੍ਹਾਂ ਨੇ ਦੱਸਿਆ, "ਮੈਂ ਰਿਸੈਪਸ਼ਨ 'ਤੇ ਕਿਹਾ ਕਿਸੇ ਨੂੰ ਮੇਰੇ ਪਤੀ ਕੋਲ ਭੇਜਿਆ ਜਾਵੇ ਤੇ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾਵੇ, ਮੈਂ ਬੇਹੱਦ ਡਰੀ ਹੋਈ ਸੀ।"

ਫਿਰ ਇੱਕ ਐਂਬੁਲੈਂਸ ਹੋਟਲ ਵਿੱਚ ਪਹੁੰਚੀ ਅਤੇ ਅਮਿਤਪਾਲ ਸਿੰਘ ਨੂੰ ਪੈਟੋਂਗ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ।

ਕੀ ਕਿਹਾ ਹਮਲਾਵਰ ਨੇ

ਕੈਰੋਨ ਪੁਲਿਸ ਮੇਜਰ ਟੈਕਿਨ ਡੀਥੋਂਗਨ ਨੇ ਖ਼ਬਰ ਏਜੰਸੀ ਏਐਫਪੀ ਨੂੰ ਦੱਸਿਆ, "ਉਨ੍ਹਾਂ ਦੀ ਲੜਾਈ ਹੋਈ ਅਤੇ ਸੈਨਿਕ ਪਿਛੋਕੜ ਹੋਣ ਕਾਰਨ ਨਾਰਵੇਈਆਈ ਨੇ ਪੀੜਤ ਵਿਅਕਤੀ ਦਾ ਗਲਾ ਘੁੱਟ ਕੇ ਮਾਰ ਦਿੱਤਾ।"

ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਹਮਲਾਵਰ ਰੋਜ਼ਰ ਬੁਲਮੈਨ 'ਤੇ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦਾ ਕੇਸ ਲਗਾਇਆ ਗਿਆ ਹੈ।

ਟੈਕਿਨ ਨੇ ਦੱਸਿਆ, "ਉਸ ਨੇ ਕਬੂਲ ਕੀਤਾ ਅਤੇ ਕਿਹਾ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੀ ਕਾਰਵਾਈ ਪੀੜਤ ਦੀ ਮੌਤ ਦਾ ਕਾਰਨ ਬਣ ਜਾਵੇਗੀ।"

ਉਨ੍ਹਾਂ ਨੇ ਅੱਗੇ ਦੱਸਿਆ ਕਿ ਜੇਕਰ ਬੁਲਮੈਨ ਦਾ ਇਲਜ਼ਾਮ ਸਾਬਿਤ ਹੁੰਦਾ ਹੈ ਤਾਂ ਉਨ੍ਹਾਂ ਨੂੰ 15 ਸਾਲ ਦੀ ਜੇਲ੍ਹ ਹੋ ਸਕਦੀ ਹੈ।

ਇਸ ਬਾਰੇ ਨਾ ਹੀ ਬੈਂਕਾਕ ਵਿੱਚ ਸਥਿਤ ਬਰਤਾਨਵੀ ਅੰਬੈਂਸੀ ਅਤੇ ਨਾ ਹੀ ਨਾਰਵੇ ਦੀ ਅੰਬੈਂਸੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਪੁਲਿਸ ਮੁਤਾਬਕ ਅਮਿਤਪਾਲ ਦੀ ਪਤਨੀ ਸਿੰਗਾਪੁਰ ਦੀ ਸਿਟੀਜ਼ਨ ਹੈ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)