ਅਫ਼ਗਾਨ ਕ੍ਰਿਕਟ ਟੀਮ ਦਾ ਰਫ਼ਿਊਜੀ ਕੈਂਪ ਤੋਂ ਦੁਨੀਆਂ ਨੂੰ ਹੈਰਾਨ ਕਰਨ ਤੱਕ ਦਾ ਸਫ਼ਰ

ਅਫ਼ਗਾਨਿਸਤਾਨ Image copyright Getty Images

ਏਸ਼ੀਆਈ ਮਹਾਂਦੀਪ ਦੀਆਂ ਪਿੱਚਾਂ ਦੀ ਹਾਲਤ ਮੁਤਾਬਕ ਹੀ ਚਟਗਾਂਵ ਵਿੱਚ ਪੰਜਵੇਂ ਦਿਨ ਦਾ ਖੇਡ ਸ਼ੁਰੂ ਹੋਣਾ ਸੀ। ਅਫ਼ਗਾਨਿਸਤਾਨ ਦੀਆਂ ਨਜ਼ਰਾਂ ਆਪਣੇ ਤੋਂ ਕਿਤੇ ਤਾਕਤਵਰ ਮੰਨੀ ਜਾਣ ਵਾਲੀ ਟੀਮ ਦੇ ਖਿਲਾਫ਼ ਪਹਿਲੀ ਟੈਸਟ ਜਿੱਤ ਹਾਸਿਲ ਕਰਨ 'ਤੇ ਟਿਕੀਆਂ ਸਨ।

ਉੱਥੇ ਹੀ ਦੂਜੇ ਪਾਸੇ ਮੇਜ਼ਬਾਨ ਬੰਗਲਾਦੇਸ਼ੀ ਟੀਮ ਦੀ ਕੋਸ਼ਿਸ਼ ਕਿਸੇ ਤਰ੍ਹਾਂ ਮੈਚ ਡਰਾਅ ਕਰਾ ਲੈਣ ਦੀ ਸੀ।

ਅਫ਼ਗਾਨਿਸਤਾਨ ਨੂੰ ਜਿੱਤ ਲਈ ਚਾਰ ਵਿਕਟਾਂ ਚਾਹੀਦੀਆਂ ਸਨ ਉੱਥੇ ਹੀ ਦੂਜੇ ਪਾਸੇ ਬੰਗਲਾਦੇਸ਼ ਦਾ ਸਾਰਾ ਦਾਰੋਮਦਾਰ ਟੀਮ ਦੇ ਕਪਤਾਨ ਅਤੇ ਅਨੁਭਵੀ ਖਿਡਾਰੀ ਸਾਕਿਬ ਅਲ ਹਸਨ ਦੇ ਬੱਲੇ 'ਤੇ ਸੀ।

ਪਰ ਦਿਨ ਦੀ ਸ਼ੁਰੂਆਤ ਚਟਗਾਂਵ ਵਿੱਚ ਮੀਂਹ ਤੋਂ ਹੋਈ ਅਤੇ ਪਹਿਲੇ ਸੈਸ਼ਨ ਵਿੱਚ ਕੋਈ ਖੇਡ ਮੁਕਾਬਲਾ ਨਹੀਂ ਹੋ ਸਕਿਆ।

ਲੰਚ ਤੋਂ ਬਾਅਦ ਖੇਡ ਸ਼ੁਰੂ ਹੋਇਆ ਅਤੇ ਕੁਝ ਹੀ ਦੇਰ ਵਿੱਚ ਮੀਂਹ ਪੈਣ ਲੱਗਿਆ ਅਤੇ ਖੇਡ ਰੁਕ ਗਿਆ।

ਸਮੇਂ ਤੋਂ ਪਹਿਲਾਂ ਚਾਹ ਦਾ ਬ੍ਰੇਕ ਲੈਣਾ ਪਿਆ। ਅਖੀਰ ਮੀਂਹ ਰੁਕਿਆ ਪਰ ਅਸਮਾਨ ਵਿੱਚ ਸੰਘਣੇ ਬੱਦਲ ਸਨ ਅਤੇ ਰੌਸ਼ਨੀ ਤੇਜ਼ੀ ਨਾਲ ਘੱਟ ਹੁੰਦੀ ਜਾ ਰਹੀ ਸੀ।

ਉਸ ਵੇਲੇ ਅਜਿਹਾ ਲੱਗਣ ਲਗਿਆ ਸੀ ਕਿ ਅਫ਼ਗਾਨਿਸਤਾਨ ਅਤੇ ਇਤਿਹਾਸਕ ਜਿੱਤ ਵਿਚਾਲੇ ਮੀਂਹ ਖੜ੍ਹਾ ਹੋ ਚੁੱਕਿਆ ਹੈ।

ਇਹ ਵੀ ਪੜ੍ਹੋ:

ਪਰ ਅੰਪਾਇਰਾਂ ਨੇ ਖੇਡ ਸ਼ੁਰੂ ਕਰਵਾਉਣ ਦਾ ਫੈਸਲਾ ਲਿਆ। ਇਹ ਤੈਅ ਹੋਇਆ ਕਿ ਜ਼ਿਆਦਾਤਰ 18 ਓਵਰਾਂ ਦਾ ਖੇਡ ਸੰਭਵ ਹੋ ਸਕੇਗਾ।

ਅਫ਼ਗਾਨਿਸਤਾਨ ਦੇ ਜ਼ਹੀਰ ਖ਼ਾਨ ਨੇ ਸਾਕਿਬ ਅਲ ਹਸਨ ਨੂੰ ਜਲਦੀ ਹੀ ਪਵੇਲੀਅਨ ਭੇਜ ਦਿੱਤਾ। ਇਹ ਬੰਗਲਾਦੇਸ਼ ਦੀਆਂ ਉਮੀਦਾਂ ਦੇ ਲਈ ਵੱਡਾ ਝਟਕਾ ਸੀ। ਉੱਥੇ ਹੀ ਦੂਜੇ ਪਾਸੇ ਅਫ਼ਗਾਨਿਸਤਾਨੀ ਟੀਮ ਦੇ ਹੌਂਸਲੇ ਬੁਲੰਦ ਹੋ ਗਏ।

ਇਸ ਤੋਂ ਬਾਅਦ ਟੀਮ ਦੇ ਕਪਤਾਨ ਅਤੇ ਸਟਾਰ ਗੇਂਦਬਾਜ਼ ਰਾਸ਼ਿਦ ਖਾਨ ਨੇ ਬੰਗਲਾਦੇਸ਼ ਪਾਰੀ ਨੂੰ ਸਮੇਟਣ ਵਿੱਚ ਦੇਰ ਨਹੀਂ ਲਾਈ। ਬੰਗਲਾਦੇਸ਼ ਦੇ ਚਾਰ ਵਿਕੇਟ 16 ਓਵਰ ਦੇ ਖੇਡ ਵਿੱਚ ਡਿੱਗ ਗਏ।

ਕਪਤਾਨ ਦੇ ਤੌਰ 'ਤੇ ਆਪਣੇ ਪਹਿਲੇ ਹੀ ਟੈਸਟ ਮੈਚ ਵਿੱਚ ਰਾਸ਼ਿਦ ਖਾਨ ਨੇ 11 ਵਿਕਟ ਲਏ। ਕਪਤਾਨ ਦੇ ਤੌਰ 'ਤੇ ਪਹਿਲੇ ਟੈਸਟ ਮੈਚ ਵਿੱਚ 10 ਤੋਂ ਵੱਧ ਵਿਕਟ ਅਤੇ ਅਧੀ ਸੈਂਚੁਰੀ ਲਗਾਉਣ ਵਾਲੇ ਉਹ ਦੁਨੀਆਂ ਦੇ ਪਹਿਲੇ ਕ੍ਰਿਕਟ ਖਿਡਾਰੀ ਬਣ ਗਏ ਹਨ।

Image copyright Getty Images

ਇਸ ਟੈਸਟ ਮੈਚ ਵਿੱਚ ਅਫ਼ਗਾਨਿਸਤਾਨ ਨੇ ਟਾਸ ਜਿੱਤਣ ਤੋਂ ਬਾਅਦ ਪਹਿਲੀ ਬੱਲੇਬਾਜ਼ੀ ਦਾ ਫ਼ੈਸਲਾ ਲਿਆ।

ਪਹਿਲੀ ਪਾਰੀ ਵਿੱਚ ਰਹਿਮਤ ਸ਼ਾਹ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਅਫ਼ਗਾਨਿਸਤਾਨ ਨੇ 342 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਬੰਗਲਾਦੇਸ਼ ਦੀ ਪਹਿਲੀ ਪਾਰੀ ਸਿਰਫ਼ 205 ਦੌੜਾਂ 'ਤੇ ਸਿਮਟ ਗਈ।

ਰਾਸ਼ਿਦ ਨੇ ਪਹਿਲੀ ਪਾਰੀ ਵਿੱਚ ਪੰਜ ਵਿਕਟਾਂ ਲਈਆਂ। ਪਹਿਲੀ ਪਾਰੀ ਵਿੱਚ 137 ਦੌੜਾਂ ਦੀ ਚੜ੍ਹਤ ਲੈਣ ਤੋਂ ਬਾਅਦ ਅਫ਼ਗਾਨਿਸਤਾਨ ਨੇ ਆਪਣੀ ਦੂਜੀ ਪਾਰੀ ਵਿੱਚ 260 ਦੌੜਾਂ ਬਣਾਈਆਂ। ਨੌਜਵਾਨ ਬੱਲੇਬਾਜ਼ ਇਬਰਾਹਿਮ ਜਾਦਰਾਨ ਨੇ ਵਿਕਟ 'ਤੇ ਟਿਕਦੇ ਹੋਏ 87 ਦੌੜਾਂ ਦੀ ਪਾਰੀ ਖੇਡੀ।

ਮੇਜ਼ਬਾਨ ਟੀਮ ਨੂੰ ਜਿੱਤ ਲਈ ਚੌਥੀ ਪਾਰੀ ਵਿੱਚ 398 ਦੌੜਾਂ ਬਣਾਉਣੀਆਂ ਸਨ। ਇਸ ਵੱਡੀ ਚੁਣੌਤੀ ਦੇ ਸਾਹਮਣੇ ਬੰਗਲਾਦੇਸ਼ੀ ਟੀਮ ਸਿਰਫ਼ 173 ਦੌੜਾਂ 'ਤੇ ਸਿਮਟ ਗਈ। ਰਾਸ਼ਿਦ ਖ਼ਾਨ ਨੇ ਦੂਜੀ ਪਾਰੀ ਵਿੱਚ ਛੇ ਵਿਕਟਾਂ ਲਈਆਂ।

ਅਫ਼ਗਾਨ ਕ੍ਰਿਕਟ ਖਿਡਾਰੀਆਂ ਦੀ ਕਹਾਣੀ

ਅਫ਼ਗਾਨਿਸਤਾਨ ਦੀ ਕ੍ਰਿਕਟ ਟੀਮ ਦੀ ਇਹ ਉਪਲਬਧੀ ਇਸ ਲਈ ਵੀ ਬੇਮਿਸਾਲ ਹੈ ਕਿਉਂਕਿ ਟੀਮ ਦੇ ਜ਼ਿਆਦਾਤਰ ਖਿਡਾਰੀਆਂ ਦਾ ਬਚਪਨ ਸ਼ਰਨਾਰਥੀ ਕੈਂਪਾਂ ਵਿੱਚ ਲੰਘਿਆ ਹੈ।

ਕਿਸੇ ਵੀ ਰਫਿਊਜੀ ਕੈਂਪ ਵਿੱਚ ਰਹਿਣਾ ਸੌਖਾ ਨਹੀਂ ਹੁੰਦਾ, ਤੁਹਾਨੂੰ ਕਈ ਤਰ੍ਹਾਂ ਦੀਆਂ ਪਾਬੰਦੀਆਂ ਵਿੱਚ ਰਹਿਣਾ ਹੁੰਦਾ ਹੈ ਅਤੇ ਹਰ ਦਿਨ ਦੇ ਭੋਜਨ ਲਈ ਸੰਘਰਸ਼ ਕਰਨਾ ਹੁੰਦਾ ਹੈ। ਕੈਂਪਾਂ ਵਿੱਚ ਰਹਿਣ ਵਾਲੇ ਹਰ ਦਿਨ ਇਸ ਤੋਂ ਬਾਹਰ ਨਿਕਲਣ ਦੀ ਅਰਦਾਸ ਕਰਦੇ ਹਨ।

Image copyright Getty Images

ਅਫ਼ਗਾਨਿਸਤਾਨ ਦੇ ਜ਼ਿਆਦਾਤਰ ਕ੍ਰਿਕਟ ਖਿਡਾਰੀ ਇਹੀ ਰਫ਼ਿਊਜੀ ਕੈਂਪਾਂ ਤੋਂ ਨਿਕਲੇ ਹਨ। ਇਨ੍ਹਾਂ ਕੈਂਪਾਂ 'ਚੋਂ ਨਿਕਲਕੇ ਅਫ਼ਗਾਨਿਸਤਾਨ ਦੇ ਕ੍ਰਿਕਟ ਖਿਡਾਰੀ ਵਿਸ਼ਵ ਕੱਪ ਤੱਕ ਪਹੁੰਚੇ ਹਨ।

ਉਂਝ ਕ੍ਰਿਕਟ ਦਾ ਖੇਡ ਅਫ਼ਗਾਨਿਸਤਾਨ ਦੇ ਲਈ ਕੋਈ ਨਵਾਂ ਨਹੀਂ ਹੈ।

ਇਤਿਹਾਸਕ ਰਿਕਾਰਡਾਂ ਅਨੁਸਾਰ ਬਰਤਾਨਵੀ ਫੌਜੀ 1839 ਵਿਚ ਅਫ਼ਗਾਨਿਸਤਾਨ ਵਿਚ ਕ੍ਰਿਕਟ ਖੇਡਿਆ ਕਰਦੇ ਸੀ। ਪਰ ਯੂਕੇ ਲਈ ਦੂਜੇ ਪ੍ਰਦੇਸ਼ਾਂ ਦੇ ਉਲਟ, ਕ੍ਰਿਕਟ ਅਫਗਾਨਿਸਤਾਨ ਵਿੱਚ ਆਪਣੀਆਂ ਜੜ੍ਹਾਂ ਮਜ਼ਬੂਤ ਨਹੀਂ ਕਰ ਸਕਿਆ।

ਜੇ ਤੁਸੀਂ ਜੰਗ ਵਿੱਚ ਜ਼ਖ਼ਮੀ ਹੋ ਗਏ ਹੋ, ਕਿਸੇ ਤਰ੍ਹਾਂ ਬਚ ਗਏ ਹੋ, ਭੁੱਖ ਅਤੇ ਗਰੀਬੀ ਦੀ ਪਕੜ ਵਿਚ ਹੋ, ਤਾਂ ਰਫ਼ਿਊਜੀ ਕੈਂਪ ਵਿਚ ਥੋੜ੍ਹੀ ਮਦਦ ਜ਼ਰੂਰ ਮਿਲ ਸਕਦੀ ਹੈ।

ਪਰ ਜਿੱਥੇ ਰੋਜ਼ਾਨਾ ਹੋਂਦ ਦਾ ਸੰਕਟ ਹੋਵੇ ਉੱਥੋਂ ਦੇ ਮੁੰਡੇ ਕ੍ਰਿਕਟ ਬਾਰੇ ਕਿਵੇਂ ਸੋਚ ਸਕਦੇ ਹਨ? ਇਹ ਅਸੰਭਵ ਜ਼ਰੂਰ ਲਗਦਾ ਹੈ ਪਰ ਨਾਮੁਮਕਿਨ ਨਹੀਂ ਹੈ ਕਿਉਂਕਿ ਅਫ਼ਗਾਨਿਸਤਾਨ ਦੀ ਮੌਜੂਦਾ ਕ੍ਰਿਕਟ ਟੀਮ ਦੇ ਜ਼ਿਆਦਾਤਰ ਖਿਡਾਰੀਆਂ ਨੇ ਅਜਿਹਾ ਕਰਕੇ ਦਿਖਾਇਆ ਹੈ।

ਰਫ਼ਿਊਜੀ ਕੈਂਪਾਂ ਵਿੱਚ ਕਿਉਂ ਰਹਿਣਾ ਪਿਆ?

ਅਫ਼ਗਾਨਿਸਤਾਨ ਏਸ਼ੀਆ ਦੇ ਪੱਛਮੀ ਅਤੇ ਦੱਖਣੀ ਹਿੱਸੇ ਦੇ ਵਿਚਾਲੇ ਸਥਿਤ ਹੈ। ਕੋਲਡ ਵਾਰ ਦੌਰਾਨ ਅਮਰੀਕੀ ਅਤੇ ਰੀਸ ਦੋਹਾਂ ਦੀਆਂ ਨਜ਼ਰਾਂ ਅਫ਼ਗਾਨਿਸਤਾਨ 'ਤੇ ਸਨ।

1979 ਵਿੱਚ ਸੋਵੀਅਤ ਸੰਘ ਨੇ ਅਫ਼ਗਾਨਿਸਤਾਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ।

ਅਫ਼ਗਾਨਿਸਤਾਨ ਨੇ ਰੂਸ ਦੇ ਹਮਲੇ ਦਾ ਸਖ਼ਤ ਵਿਰੋਧ ਕੀਤਾ। ਦੋਹਾਂ ਦੇਸਾਂ ਦੇ ਵਿਚਾਲੇ 10 ਸਾਲਾਂ ਤੱਕ ਸੰਘਰਸ਼ ਚੱਲਿਆ।

ਇਸ ਦੌਰਾਨ ਸੋਵੀਅਤ ਸੰਘ ਦੇ ਵਿਰੋਧੀ ਅਮਰੀਕਾ ਨੇ ਅਫ਼ਗਾਨਿਸਤਾਨ ਦੇ ਕਬਾਈਲੀ ਲੋਕਾਂ ਦੀ ਮਦਦ ਕੀਤੀ।

Image copyright Getty Images

ਜਦੋਂ ਸੋਵੀਅਤ ਸੰਘ ਨੂੰ ਪਤਾ ਚੱਲ ਗਿਆ ਕਿ ਅਫ਼ਗਾਨਿਸਤਾਨ ਦਾ ਜਿੱਤਣਾ ਸੰਭਵ ਨਹੀਂ ਹੋਵੇਗਾ ਤਾਂ ਜਾ ਕੇ 1989 ਵਿੱਚ ਉਸ ਨੇ ਆਪਣੀ ਫ਼ੌਜ ਨੂੰ ਵਾਪਸ ਬੁਲਾ ਲਿਆ।

ਇਹ ਉਹ ਦੌਰ ਸੀ ਜਦੋਂ ਅਫ਼ਗਾਨਿਸਤਾਨ ਵਿੱਚ ਅਮਰੀਕਾ ਦੀ ਵੀ ਦਿਲਚਸਪੀ ਘੱਟ ਹੋਣ ਲੱਗੀ ਸੀ।

ਅਮਰੀਕਾ ਅਤੇ ਸੋਵੀਅਤ ਸੰਘ ਦੀ ਦਿਲਚਸਪੀ ਅਫ਼ਗਾਨਿਸਤਾਨ ਵਿੱਚ ਨਹੀਂ ਰਹੀ। ਅਜਿਹੇ ਵਿੱਚ ਉੱਥੇ ਕੋਈ ਸਮਰੱਥ ਸਰਕਾਰ ਬਣਨ ਤੋਂ ਪਹਿਲਾਂ ਕੱਟੜਪੰਥੀ ਜਮਾਤ ਨੇ ਪੂਰੇ ਦੇਸ 'ਤੇ ਕਬਜ਼ਾ ਕਰ ਲਿਆ। 1996 ਤੋਂ 2001 ਵਿਚਾਲੇ ਅਫ਼ਗਾਨਿਸਤਾਨ ਤੇ ਤਾਲਿਬਾਨੀਆਂ ਦਾ ਸ਼ਾਸਨ ਰਿਹਾ ਹੈ।

ਅਫ਼ਗਾਨਿਸਤਾਨ ਕੱਟੜਪੰਥੀਆਂ ਦਾ ਠਿਕਾਨਾ ਬਣਦਾ ਗਿਆ। ਸਤੰਬਰ, 2011 ਵਿੱਚ ਅਮਰੀਕੀ ਵਰਲਡ ਟਰੇਡ ਟਾਵਰ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹਾਲਾਤ ਬਦਲ ਗਏ।

ਇਸ ਹਮਲੇ ਦਾ ਬਦਲਾ ਲੈਣ ਲਈ ਅਮਰੀਕਾ ਨੇ ਨੈਟੋ ਦੇਸਾਂ ਦੀ ਫੌਜ ਦੇ ਨਾਲ ਅਫ਼ਗਾਨਿਸਤਾਨ 'ਤੇ ਹਮਲਾ ਕਰ ਦਿੱਤਾ ਅਤੇ ਤਾਲਿਬਾਨ ਨੂੰ ਸੱਤਾ ਤੋਂ ਬਾਹਰ ਦਾ ਰਾਹ ਦਿਖਾਇਆ।

2014 ਤੋਂ ਬਾਅਦ ਅਮਰੀਕਾ ਨੇ ਅਫ਼ਗਾਨਿਸਤਾਨ ਵਿੱਚ ਤੈਨਾਤ ਆਪਣੀਆਂ ਫੌਜਾਂ ਨੂੰ ਵਾਪਸ ਬੁਲਾਉਣਾ ਸ਼ੁਰੂ ਕਰ ਦਿੱਤਾ।

ਜੰਗ ਅਤੇ ਤਾਲੀਬਾਨੀ ਸ਼ਾਸਨ ਦੌਰਾਨ ਅਫ਼ਗਾਨਿਸਤਾਨ ਦੇ ਹਜ਼ਾਰਾਂ ਲੋਕਾਂ ਨੂੰ ਪਾਕਿਸਤਾਨ ਵਿੱਚ ਸ਼ਰਨ ਲੈਣੀ ਪਈ। ਉੱਥੇ ਹੀ ਕੁਝ ਲੋਕਾਂ ਨੂੰ ਸਰਹੱਦ ਦੇ ਦੂਜੇ ਪਾਸੇ ਬਣੇ ਰਫ਼ਿਊਜੀ ਕੈਂਪਾਂ ਵਿੱਚ ਸ਼ਰਨ ਮਿਲੀ। ਇਹ ਉਨ੍ਹਾਂ ਦੀ ਜ਼ਿੰਦਗੀ ਬਣ ਚੁੱਕੀ ਸੀ।

ਇਸ ਸਭ ਵਿੱਚ ਕ੍ਰਿਕਟ ਕਿੱਥੋਂ ਆਇਆ?

ਇਸੇ ਤਰ੍ਹਾਂ ਪਾਕਿਸਤਾਨ ਸਥਿਤ ਰਫ਼ਿਊਜੀ ਕੈਂਪ ਵਿੱਚ ਅਫ਼ਗਾਨਿਸਤਾਨ ਦੇ ਨੌਜਵਾਨ ਤਾਜ ਮਲਿਕ ਨੇ ਅਫ਼ਗਾਨ ਕ੍ਰਿਕਟ ਕਲੱਬ ਦੀ ਸ਼ੁਰੂਆਤ ਕੀਤੀ।

ਇਹ ਇੱਕ ਤਰ੍ਹਾਂ ਦੀ ਸ਼ੁਰੂਆਤ ਸੀ ਜਿਸ ਨੇ ਅੱਗੇ ਚੱਲ ਕੇ ਅਫ਼ਗਾਨ ਕ੍ਰਿਕਟ ਟੀਮ ਦਾ ਰੂਪ ਲਿਆ।

Image copyright Getty Images

1990 ਦੇ ਦਹਾਕੇ ਵਿੱਚ ਅਫ਼ਗਾਨਿਸਤਾਨ ਵਿੱਚ ਤਾਲੀਬਾਨ ਦਾ ਸ਼ਾਸਨ ਸੀ। ਤਾਲੀਬਾਨੀਆਂ ਦੇ ਏਜੰਡੇ ਵਿੱਚ ਖੇਡਾਂ ਨਹੀਂ ਸਨ।

ਕ੍ਰਿਕਟ ਦੇ ਖੇਡ ਵਿੱਚ ਖਿਡਾਰੀਆਂ ਦਾ ਕੋਸ਼ੀ ਸਰੀਰਕ ਸੰਪਰਕ ਨਹੀਂ ਹੁੰਦਾ ਹੈ ਅਤੇ ਇਸ ਦੀ ਡ੍ਰੈਸ ਤਾਲਿਬਾਨੀ ਡ੍ਰੈਸ ਕੋਡ ਨਾਲ ਕਾਫ਼ੀ ਮਿਲਦੀ -ਜੁਲਦੀ ਹੈ (ਫੁੱਲ ਟਰਾਊਜ਼ਰ ਅਤੇ ਟੀ-ਸ਼ਰਟ)।

ਲਿਹਾਜ਼ਾ ਇਸ ਖੇਡ ਨੂੰ ਦੇਸ ਦੇ ਅੰਦਰ ਖੇਡਣ ਦੀ ਇਜਾਜ਼ਤ ਮਿਲ ਗਈ। ਇਸ ਤੋਂ ਬਾਅਦ ਹੀ 1995 ਵਿੱਚ ਅਲਾ ਦਾਦ ਨੂਰ ਨੇ ਅਫ਼ਗਾਨ ਕ੍ਰਿਕਟ ਸੰਘ ਦੀ ਸ਼ੁਰੂਆਤ ਕੀਤੀ ਸੀ।

ਇਹ ਸਿਰਫ਼ ਸ਼ੁਰੂਆਤ ਸੀ। ਅਫ਼ਗਾਨਿਸਤਾਨ ਕ੍ਰਿਕਟ ਸੰਘ ਨੂੰ ਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ ਯਾਨਿ ਕਿ ਆਈਸੀਸੀ ਨੂੰ ਮਾਨਤਾ ਦਿੱਤੀ ਜਾਂਦੀ ਸੀ।

ਉੱਧਰ ਪਾਕਿਸਤਾਨੀ ਰਫ਼ਿਊਜੀ ਕੈਂਪ ਵਿੱਚ ਤਾਜ ਮਲਿਕ ਨੂੰ ਇੱਕ ਪਾਸੇ ਆਪਣੀ ਰੋਜ਼ੀ-ਰੋਟੀ ਲਈ ਰੋਜ਼ਾਨਾ ਸੰਘਰਸ਼ ਕਰਨਾ ਪੈ ਰਿਹਾ ਸੀ ਤਾਂ ਦੂਜੇ ਪਾਸੇ ਉਨ੍ਹਾਂ ਦੇ ਮੋਢਿਆਂ 'ਤੇ ਟੀਮ ਨੂੰ ਕੋਚਿੰਗ ਦੇਣ ਦੀ ਜ਼ਿੰਮੇਵਾਰੀ ਵੀ ਸੀ।

ਅਫ਼ਗਾਨਿਸਾਤਨ ਦੇ ਕ੍ਰਿਕਟ ਖਿਡਾਰੀਆਂ ਨੇ ਆਪਣੀ ਮਜ਼ਦੂਰੀ ਦੇ ਨਾਲ-ਨਾਲ ਕ੍ਰਿਕਟ ਖੇਡਣਾ ਜਾਰੀ ਰੱਖਿਆ।

ਇਨ੍ਹਾਂ ਖਿਡਾਰੀਆਂ ਕੋਲ ਨਾ ਤਾਂ ਅਭਿਆਸ ਦੀਆਂ ਸਹੂਲਤਾਂ ਸਨ ਅਤੇ ਨਾ ਹੀ ਮੁਕਾਬਲੇ ਵਿੱਚ ਹਿੱਸਾ ਲੈਣ ਦੀਆਂ।

ਪਰ ਇਨ੍ਹਾਂ ਖਿਡਾਰੀਆਂ ਵਿੱਚ ਜਨਮ ਤੋਂ ਹੀ ਪ੍ਰਤਿਭਾ ਸੀ ਅਤੇ ਉਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਨਾਲ ਟੈਲੇਂਟ ਨੂੰ ਨਿਖਾਰਿਆ ਵੀ।

ਦੁਨੀਆਂ ਭਰ ਦੇ ਕਈ ਦੇਸ ਆਈਸੀਸੀ ਤੋਂ ਮਾਨਤਾ ਪ੍ਰਾਪਤ ਟੀਮ ਦੇ ਤੌਰ 'ਤੇ ਕ੍ਰਿਕਟ ਖੇਡਦੇ ਹਨ।

ਉਨ੍ਹਾਂ ਨੂੰ ਮੁਕਾਬਲਿਆਂ ਵਿੱਚ ਖੇਡਣ ਦਾ ਮੌਕਾ ਮਿਲਦਾ ਹੈ। ਇਨ੍ਹਾਂ ਟੀਮਾਂ ਨਾਲ ਖੇਡਣਾ ਇੰਨਾ ਸੌਖਾ ਨਹੀਂ ਹੁੰਦਾ ਪਰ ਅਫ਼ਗਾਨਿਸਤਾਨ ਨੇ ਆਪਣਾ ਸੰਘਰਸ਼ ਜਾਰੀ ਰੱਖਿਆ।

2008 ਵਿੱਚ ਅਫ਼ਗਾਨਿਸਤਾਨ ਦੀ ਟੀਮ ਨੂੰ ਵਿਸ਼ਵ ਕ੍ਰਿਕਟ ਲੀਗ ਦੇ ਡਿਵੀਜ਼ਨ 5 ਵਿੱਚ ਖੇਡਣ ਲਈ ਚੁਣਿਆ ਗਿਆ ਸੀ।

ਅਗਲੇ ਹੀ ਸਾਲ ਉਨ੍ਹਾਂ ਨੂੰ ਸਾਲ 2011 ਦੇ ਵਿਸ਼ਵ ਕੱਪ ਲਈ ਦਾਅਵੇਦਾਰੀ ਕਰਨ ਦਾ ਮੌਕਾ ਮਿਲਿਆ। ਹਾਲਾਂਕਿ ਕੈਨੇਡਾ ਦੇ ਖਿਲਾਫ਼ ਕੁਆਲੀਫਾਈ ਮੈਚ ਹਾਰ ਜਾਣ ਕਾਰਨ ਉਸਨੂੰ 2011 ਦੇ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਦਾ ਮੌਕਾ ਨਹੀਂ ਮਿਲ ਸਕਿਆ।

ਪਰ ਅਫ਼ਗਾਨਿਸਤਾਨ ਦੇ ਲਗਾਤਾਰ ਚੰਗੇ ਪ੍ਰਦਰਸ਼ਨ ਦੇ ਕਾਰਨ ਆਈਸੀਸੀ ਨੇ ਟੀਮ ਨੂੰ ਇੱਕ ਰੋਜ਼ਾ ਮੈਚ ਖੇਡਣ ਦੀ ਮਨਜ਼ੂਰੀ ਦੇ ਦਿੱਤੀ।

ਸਾਲ 2010 ਵਿੱਚ ਟੀਮ ਨੇ ਵਿਸ਼ਵ ਟੀ-20 ਵਿਚ ਖੇਡਣ ਦੀ ਯੋਗਤਾ ਹਾਸਿਲ ਕਰ ਲਈ। ਟੀਮ ਇਸ ਟੂਰਨਾਮੈਂਟ ਦੇ ਸ਼ੁਰੂਆਤੀ ਪੜਾਵਾਂ ਤੋਂ ਅੱਗੇ ਨਹੀਂ ਵੱਧ ਸਕੀ ਸੀ ਪਰ ਕੁਝ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਵਿਸ਼ਵ ਭਰ ਦੀਆਂ ਨਜ਼ਰਾਂ ਸਨ।

ਕ੍ਰਿਕਟ ਨੂੰ ਉਤਸ਼ਾਹਤ ਕਰਨ ਲਈ ਆਈਸੀਸੀ ਆਪਣੇ ਨਵੇਂ ਮੈਂਬਰ ਦੇਸਾਂ ਨੂੰ ਪੈਸੇ ਵੀ ਦਿੰਦੀ ਹੈ। ਅਫ਼ਗਾਨਿਸਤਾਨ ਨੇ ਇਨ੍ਹਾਂ ਪੈਸਿਆਂ ਦਾ ਸਕਾਰਾਤਮਕ ਢੰਗ ਨਾਲ ਇਸਤੇਮਾਲ ਸ਼ੁਰੂ ਕਰ ਦਿੱਤਾ ਸੀ।

ਸਾਲ 2013 ਵਿੱਚ ਆਈਸੀਸੀ ਨੇ ਅਫ਼ਗਾਨਿਸਤਾਨ ਦਾ ਦਰਜਾ ਵਧਾ ਕੇ ਉਸ ਨੂੰ ਐਸੋਸੀਏਟ ਮੈਂਬਰ ਬਣਾ ਦਿੱਤਾ ਸੀ। ਪਾਕਿਸਤਾਨ ਕ੍ਰਿਕਟ ਬੋਰਡ ਨੇ ਅਫ਼ਗਾਨਿਸਤਾਨ ਨਾਲ ਸਮਝੌਤਾ ਕੀਤਾ।

ਇਸ ਸਮਝੌਤੇ ਤਹਿਤ ਉਹ ਅਫ਼ਗਾਨਿਸਤਾਨ ਵਿੱਚ ਸਿਖਲਾਈ ਕੈਂਪ, ਅੰਪਾਇਰਿੰਗ ਅਤੇ ਪਿਚਿੰਗ ਕੈਂਪਾਂ ਦੇ ਨਾਲ ਨਾਲ ਪ੍ਰਤਿਭਾ ਲੰਭਣ ਦੇ ਪ੍ਰੋਗਰਾਮ ਵੀ ਤਿਆਰ ਕਰਨ ਲਈ ਤਿਆਰ ਸੀ।

ਦੋ ਸਾਲਾਂ ਦੇ ਅੰਦਰ, 2015 ਵਿੱਚ ਅਫ਼ਗਾਨਿਸਤਾਨ ਨੂੰ ਵਰਲਡ ਕੱਪ ਟੂਰਨਾਮੈਂਟ ਵਿੱਚ ਹਿੱਸਾ ਲੈਣ ਦੀ ਯੋਗਤਾ ਮਿਲ ਗਈ।

ਇਹੀ ਪਹਿਲਾ ਮੌਕਾ ਸੀ ਜਦੋਂ ਅਫ਼ਗਾਨਿਸਤਾਨ ਦੇ ਖਿਡਾਰੀਆਂ ਨੂੰ ਦੁਨੀਆਂ ਦੀਆਂ ਵੱਡੀਆਂ ਕ੍ਰਿਕਟ ਟੀਮਾਂ ਦੇ ਸਾਹਮਣੇ ਖੇਡਣ ਦਾ ਮੌਕਾ ਮਿਲਿਆ ਸੀ।

ਟੀਮ ਸ਼ੁਰੂਆਤੀ ਪੜਾਅਵਾਂ ਦੇ ਛੇ ਮੈਚਾਂ ਵਿੱਚੋਂ ਪੰਜ ਮੈਚ ਹਾਰ ਗਈ। ਹਾਲਾਂਕਿ ਟੀਮ ਸਕਾਟਲੈਂਡ ਨੂੰ ਹਰਾਉਣ ਵਿੱਚ ਸਫ਼ਲ ਰਹੀ।

ਇਸ ਨੂੰ ਔਸਤ ਪ੍ਰਦਰਸ਼ਨ ਹੀ ਮੰਨਿਆ ਜਾਏਗਾ ਪਰ ਸਿਰਫ਼ 20 ਸਾਲ ਪਹਿਲਾਂ ਹੀ ਜਿਸ ਦੇਸ ਵਿੱਚ ਕ੍ਰਿਕਟ ਦੀ ਸ਼ੁਰੂਆਤ ਹੋਈ ਹੋਵੇ, ਉਸ ਟੀਮ ਦਾ ਸਭ ਤੋਂ ਵੱਡੇ ਟੂਰਨਾਮੈਂਟ ਵਿਚ ਹਿੱਸਾ ਲੈਣਾ ਵੱਡੀ ਪ੍ਰਾਪਤੀ ਤੋਂ ਘੱਟ ਨਹੀਂ ਹੈ।

Image copyright Getty Images
ਫੋਟੋ ਕੈਪਸ਼ਨ ਰਾਸ਼ਿਦ ਖ਼ਾਨ ਅਫ਼ਗਾਨਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਹਨ

ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਕਿ ਅਫ਼ਗਾਨਿਸਤਾਨ ਟੀਮ ਦੇ ਪ੍ਰਦਰਸ਼ਨ ਵਿੱਚ ਲਗਾਤਾਰ ਸੁਧਾਰ ਹੁੰਦਾ ਰਿਹਾ।

22 ਜੂਨ, 2017 ਨੂੰ ਆਈਸੀਸੀ ਨੇ ਉਸ ਨੂੰ ਟੈਸਟ ਖੇਡਣ ਦੀ ਮਨਜ਼ੂਰੀ ਵੀ ਦੇ ਦਿੱਤੀ।

ਪਿਛਲੇ ਸਾਲ 14 ਤੋਂ 18 ਜੂਨ ਵਿਚਾਲੇ ਬੇਂਗਲੁਰੂ ਵਿੱਚ ਅਫ਼ਗਾਨਿਸਤਾਨ ਨੇ ਭਾਰਤ ਖਿਲਾਫ਼ ਆਪਮਾ ਪਹਿਲਾ ਟੈਸਟ ਮੈਚ ਖੇਡਿਆ ਸੀ।

ਅਫ਼ਗਾਨਿਸਤਾਨ ਸਿਰਫ਼ ਦੋ ਦਿਨਾਂ ਵਿੱਚ ਟੈਸਟ ਪਾਰੀ 262 ਦੌੜਾਂ ਨਾਲ ਹਾਰ ਗਿਆ ਸੀ। ਪਰ ਉਸ ਤੋਂ ਬਾਅਦ ਟੀਮ ਨੇ ਦੋ ਟੈਸਟ ਮੈਚਾਂ ਵਿੱਚ ਜਿੱਤ ਹਾਸਿਲ ਕੀਤੀ।

ਦਾਂਬੁਲਾ ਤੋਂ ਦੇਹਰਾਦੂਨ

ਸੁਰੱਖਿਆ ਕਾਰਨਾਂ ਤੋਂ ਇਲਾਵਾ ਆਈਸੀਸੀ ਦੇ ਪੱਧਰ ਵਾਲੇ ਸਟੇਡੀਅਮ ਮੌਜੂਦ ਨਾ ਹੋਣ ਕਾਰਨ ਅਫ਼ਗਾਨਿਸਤਾਨ ਨੂੰ ਆਪਣੀ ਮੇਜ਼ਬਾਨੀ ਵਾਲੇ ਮੈਚਾਂ ਦਾ ਪ੍ਰਬੰਧ ਕਿਸੇ ਤੀਜੇ ਦੇਸ ਵਿੱਚ ਕਰਾਉਣਾ ਪੈ ਰਿਹਾ ਹੈ।

ਆਪਣੇ ਘਰੇਲੂ ਮੈਦਾਨ ਵਿੱਚ ਖੇਡਣ ਦਾ ਅਹਿਮ ਫਾਇਦਾ ਹਰੇਕ ਟੀਮ ਨੂੰ ਹੁੰਦਾ ਹੈ। ਮੇਜ਼ਬਾਨ ਟੀਮ ਆਪਣੇ ਹਿਸਾਬ ਨਾਲ ਪਿਚ ਬਣਾ ਸਕਦੀ ਹੈ।

ਆਮ ਤੌਰ 'ਤੇ ਵਿਰੋਧੀ ਟੀਮਾਂ ਦੀਆਂ ਕਮਜ਼ੋਰੀਆਂ ਨੂੰ ਦੇਖਦੇ ਹੋਏ ਪਿਚ ਤਿਆਰ ਹੁੰਦੀ ਹੈ ਤਾ ਕਿ ਘਰੇਲੂ ਟੀਮ ਨੂੰ ਲਾਹਾ ਮਿਲ ਸਕੇ।

Image copyright Getty Images

ਆਪਣੇ ਮੈਦਾਨਾਂ 'ਤੇ ਖੇਡਣ ਨਾਲ ਘਰੇਲੂ ਦਰਸ਼ਕਾਂ ਦਾ ਸਮਰਥਨ ਵੀ ਮਿਲਦਾ ਹੈ। ਸਟੇਡੀਅਮ ਭਰੇ ਹੋਏ ਹੁੰਦੇ ਹਨ। ਮੇਜ਼ਬਾਨ ਕ੍ਰਿਕਟ ਬੋਰਡ ਨੂੰ ਟਿਕਟਾਂ ਵੇਚਣਾ ਤੇ ਲਾਭ ਵੀ ਹੁੰਦਾ ਹੈ।

ਪਰ ਅਫਗਾਨਿਸਤਾਨ ਨੂੰ ਅਜੇ ਤੱਕ ਇਸਦਾ ਫਾਇਦਾ ਨਹੀਂ ਹੋਇਆ ਕਿਉਂਕਿ ਉਸਨੇ ਤੀਜੇ ਦੇਸ ਵਿੱਚ ਮੈਚਾਂ ਦੀ ਮੇਜ਼ਬਾਨੀ ਕੀਤੀ ਹੈ।

ਸ਼ੁਰੂਆਤੀ ਦੌਰ ਵਿੱਚ ਅਫ਼ਗਾਨਿਸਤਾਨ ਦੀ ਟੀਮ ਨੂੰ ਸ਼੍ਰੀਲੰਕਾ ਦੇ ਦਾਂਬੁਲਾ ਵਿੱਚ ਰਣਗਿਰੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡਣ ਦਾ ਮੌਕਾ ਮਿਲਿਆ।

ਇਸ ਤੋਂ ਬਾਅਦ ਸ਼ਾਰਜਾਹ ਵਿੱਚ ਸਪਿਨ ਦੀ ਮਦਦ ਵਾਲੀ ਪਿੱਚ ਨੂੰ ਦੇਖਦੇ ਹੋਏ ਟੀਮ ਨੇ ਕੁਝ ਮੈਚਾਂ ਦਾ ਪ੍ਰਬੰਧ ਕੀਤਾ ਪਰ ਇਹ ਅਸਥਾਈ ਹੀ ਰਿਹਾ।

ਇਸ ਤੋਂ ਬਾਅਦ ਅਫ਼ਗਾਨਿਸਤਾਨ ਕ੍ਰਿਕਟ ਬੋਰਡ ਅਤੇ ਭਾਰਤੀ ਕ੍ਰਿਕਟ ਬੋਰਡ ਵਿਚਾਲੇ ਸਮਝੌਤਾ ਹੋਇਆ ਜਿਸ ਦੇ ਤਹਿਤ ਬੀਸੀਸੀਆਈ ਅਫ਼ਗਾਨਿਸਤਾਨੀ ਕ੍ਰਿਕਟ ਟੀਮ ਨੂੰ ਮੈਚ ਅਤੇ ਅਭਿਆਸ ਲਈ ਸਟੇਡੀਅਮ ਮੁਹਈਆ ਕਰਾਉਂਦੀ ਹੈ।

ਅਫ਼ਗਾਨਿਸਤਾਨ ਦੀ ਕ੍ਰਿਕਟ ਟੀਮ ਨੇ ਪਹਿਲਾਂ ਗ੍ਰੇਟਰ ਨੋਏਡਾ ਦੇ ਸ਼ਹੀਦ ਵਿਜੇ ਸਿੰਘ ਪਥਿਕ ਸਪੋਰਟਸ ਕੰਪਲੈਕਸ ਵਿੱਚ ਖੇਡਣਾ ਸ਼ੁਰੂ ਕੀਤਾ ਸੀ।

ਇੱਥੋਂ ਦੀਆਂ ਬੇਹਤਰੀਨ ਸਹੂਲਤਾਂ ਨੂੰ ਦੇਖਦੇ ਹੋਏ ਅਫ਼ਗਾਨਿਸਤਾਨ ਕ੍ਰਿਕਟ ਬੋਰਡ ਨੇ ਇਸ ਨੂੰ ਆਪਣੇ ਘਰੇਲੂ ਮੈਦਾਨ ਐਲਾਨ ਕਰ ਦਿੱਤਾ ਸੀ।

2017 ਵਿੱਚ ਅਫ਼ਗਾਨਿਸਤਾਨ ਕ੍ਰਿਕਟ ਬੋਰਡ ਨੇ ਆਇਰਲੈਂਡ ਨਾਲ ਇਸੇ ਮੈਦਾਨ ਵਿੱਚ ਪੰਜ ਮੈਚਾਂ ਦੀ ਸੀਰੀਜ਼ ਦੀ ਮੇਜ਼ਬਾਨੀ ਕੀਤੀ ਸੀ।

ਇਸੇ ਮੈਦਾਨ ਤੇ ਅਫ਼ਗਾਨਿਸਤਾਨ ਨੇ ਨਾਮਬੀਆ ਨਾਲ ਕੁਝ ਅਭਿਆਸ ਮੈਚ ਖੇਡੇ ਪਰ ਇਹ ਸਿਲਸਿਲਾ ਲੰਬਾ ਨਹੀਂ ਚੱਲ ਸਕਿਆ।

ਬੀਸੀਸੀਆਈ ਨੇ ਇਸ ਮੈਦਾਨ ਤੇ ਪ੍ਰਾਈਵੇਟ ਲੀਗ ਦੇ ਪ੍ਰਬੰਧ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਤੋਂ ਇਹ ਮੈਦਾਨ ਲੈ ਲਿਆ।

ਇਸ ਤੋਂ ਬਾਅਦ ਅਫ਼ਗਾਨਿਸਤਾਨ ਬੋਰਡ ਦੇ ਸਾਹਮਣੇ ਫਿਰ ਤੋਂ ਆਪਣੇ ਘਰੇਲੂ ਮੈਦਾਨ ਦੀ ਭਾਲ ਦੀ ਚੁਣੌਤੀ ਸੀ।

Image copyright Getty Images

ਇਹ ਭਾਲ ਦੇਹਰਾਦੂਨ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਤੇ ਜਾ ਕੇ ਪੂਰੀ ਹੋਈ ਹੈ। ਹੁਣ ਇਹ ਮੈਦਾਨ ਟੀਮ ਦਾ ਘਰੇਲੂ ਮੈਦਾਨ ਹੈ।

ਹਾਲਾਂਕਿ ਕਈ ਫੈਨਜ਼ ਨੂੰ ਇਸ ਮੈਦਾਨ ਬਾਰੇ ਜਾਣਕਾਰੀ ਨਹੀਂ ਹੈ ਕਿਉਂਕਿ ਇਹ ਇੱਕ ਨਵਾਂ ਸਟੇਡੀਅਮ ਹੈ।

ਦੇਹਰਾਦੂਨ ਦੇ ਸ਼ਾਂਤ ਇਲਾਕੇ ਤੋਂ ਅਫ਼ਗਾਨਿਸਤਾਨ ਦੀ ਟੀਮ ਨੇ ਕੌਮਾਂਤਰੀ ਕ੍ਰਿਕਟ ਵਿੱਚ ਪੂਰਨ ਦਰਜੇ ਵਾਲਾ ਸਫ਼ਰ ਸ਼ੁਰੂ ਕੀਤਾ ਹੈ।

ਦੇਹਰਾਦੂਨ ਕਦੇ ਆਪਣੇ ਬੋਰਡਿੰਗ ਸਕੂਲਾਂ ਲਈ ਮਸ਼ਹੂਰ ਰਿਹਾ ਹੈ। ਪਰ ਹੁਣ ਇਹ ਅਫ਼ਗਾਨਿਸਤਾਨ ਕ੍ਰਿਕਟ ਟੀਮ ਦਾ ਵੀ ਠਿਕਾਨਾ ਬਣ ਚੁੱਕਿਆ ਹੈ।

ਇਸ ਸਟੇਡੀਅਮ ਵਿੱਚ ਅਫ਼ਗਾਨਿਸਤਾਨ ਦੀ ਟੀਮ ਬੰਗਲਾਦੇਸ਼ ਅਤੇ ਆਇਰਲੈਂਡ ਦੇ ਖਿਲਾਫ਼ ਸੀਰੀਜ਼ ਖੇਡ ਚੁੱਕੀ ਹੈ। ਟੀਮ ਨੂੰ ਆਪਣੇ ਦੇਸ ਦੇ ਹਮਾਇਤੀਆਂ ਸਾਹਮਣੇ ਖੇਡਣ ਦਾ ਮੌਕਾ ਨਹੀਂ ਮਿਲ ਰਿਹਾ ਹੈ।

ਇਹ ਵੀ ਪੜ੍ਹੋ:

ਅਫ਼ਗਾਨਿਸਤਾਨ ਦੇ ਢੇਰਾਂ ਲੋਕਾਂ ਨੂੰ ਪਰਵਾਸੀਆਂ ਵਰਗੀ ਜ਼ਿੰਦਗੀ ਬਿਤਾਉਣੀ ਪਈ ਹੈ ਅਤੇ ਕਮੋਬੇਸ਼ ਇਹੀ ਹਾਲ ਅਫ਼ਗਾਨਿਸਤਾਨੀ ਕ੍ਰਿਕਟ ਟੀਮ ਦਾ ਵੀ ਹੈ।

ਉਨ੍ਹਾਂ ਦਾ ਸਫ਼ਰ ਸ੍ਰੀ ਲੰਕਾ ਦੇ ਦਾਂਬੁਲਾ ਕ੍ਰਿਕਟ ਸਟੇਡੀਅਮ ਤੋਂ ਸ਼ੁਰੂ ਹੋ ਕੇ ਹੁਣ ਭਾਰਤ ਦੇ ਦੇਹਰਾਦੂਨ ਤੱਕ ਪਹੁੰਚਿਆ ਹੈ।

ਜੇ ਉਨ੍ਹਾਂ ਦੇ ਆਪਣੇ ਦੇਸ ਵਿੱਚ ਹਾਲਾਤ ਬੇਹਤਰ ਹੁੰਦੇ ਹਨ ਅਤੇ ਉੱਥੇ ਇੰਟਰਨੈਸ਼ਲ ਕ੍ਰਿਕਟ ਮੈਚਾਂ ਦਾ ਪ੍ਰਬੰਧ ਸ਼ੁਰੂ ਹੁੰਦਾ ਹੈ ਤਾਂ ਜਾ ਕੇ ਅਫ਼ਗਾਨਿਸਤਾਨ ਕ੍ਰਿਕਟ ਦਾ ਇੱਕ ਠਿਕਾਨੇ ਨਾਲ ਦੂਜੇ ਠਿਕਾਨੇ ਤੱਕ ਪਹੁੰਚਣ ਦਾ ਸਫ਼ਰ ਪੂਰਾ ਹੋਵੇਗਾ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)