'ਨਿਮਰਿਤਾ ਦੇ ਹੱਥਾਂ ਤੇ ਚਿਹਰੇ , 'ਤੇ ਸੱਟ ਦੇ ਨਿਸ਼ਾਨ ਸਨ', ਪਰਿਵਾਰ ਦਾ ਦਾਅਵਾ

ਨਿਮਰਿਤਾ, ਪਾਕਿਸਤਾਨ Image copyright vishal chandani/BBC

"ਉਸ ਦੇ ਹੱਥਾਂ, ਚਿਹਰੇ ਤੇ ਸਿਰ 'ਤੇ ਸੱਟ ਦੇ ਨਿਸ਼ਾਨ ਸਨ। ਇਹ ਯੋਜਨਾਬੱਧ ਕਤਲ ਸੀ, ਜਿਸ ਨੂੰ ਖੁਦਕੁਸ਼ੀ ਦਾ ਨਾਮ ਦੇ ਦਿੱਤਾ ਗਿਆ ਹੈ।"

ਇਹ ਕਹਿਣਾ ਹੈ ਪਾਕਿਸਤਾਨ ਵਿੱਚ ਸ਼ੱਕੀ ਹਾਲਤ ਵਿੱਚ ਮਹੀ ਹੋਈ ਮਿਲੀ ਨਿਮਰਿਤਾ ਕੁਮਾਰੀ ਦੀ ਭੈਣ ਸੰਦੇਸ਼ਾ ਦਾ। ਪੁਲਿਸ ਨੇ ਨਿਮਰਿਤਾ ਦੀ ਮੌਤ ਦਾ ਕਾਰਨ ਗਲਾ ਘੋਟਨਾ ਦੱਸਿਆ ਹੈ। ਪਰ ਪਰਿਵਾਰ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ।

ਦਰਅਸਲ ਸਿੰਧ ਸੂਬੇ ਵਿੱਚ ਆਸਿਫ਼ਾ ਬੀਬੀ ਡੈਂਟਲ ਕਾਲਜ ਦੀ ਵਿਦਿਆਰਥਣ ਨਿਮਰਿਤਾ ਕੁਮਾਰੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਇਹ ਕਾਲਜ ਲੜਕਾਨਾ ਦੀ ਮਰਹੂਮ ਬੇਨਜ਼ੀਰ ਭੁੱਟੋ ਮੈਡੀਕਲ ਯੂਨੀਵਰਸਿਟੀ ਦੇ ਅਧੀਨ ਆਉਂਦਾ ਹੈ। ਨਿਮਰਿਤਾ ਦੀ ਲਾਸ਼ ਹੋਸਟਲ ਦੇ ਕਮਰਾ ਨੰਬਰ ਤਿੰਨ ਤੋਂ ਮਿਲੀ ਸੀ।

ਲੜਕਾਨਾ ਦੇ ਐਸਐਸਪੀ ਮਸੂਦ ਬੰਗਸ਼ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੋਸਟਮਾਰਟਮ ਵੇਲੇ ਨਿਮਰਿਤਾ ਦੇ ਭਰਾ ਮੌਜੂਦ ਸਨ ਜਦੋਂਕਿ ਘਟਨਾ ਵੇਲੇ ਕਮਰਾ ਅੰਦਰੋਂ ਬੰਦ ਸੀ। ਪਰ ਉਸ ਦੇ ਬਾਵਜੂਦ ਪੁਲਿਸ ਜਾਂਚ ਕਰ ਰਹੀ ਸੀ ਕਿ ਇਹ ਖੁਦਕੁਸ਼ੀ ਹੈ ਜਾਂ ਕਤਲ। ਉਨ੍ਹਾਂ ਕਿਹਾ ਜਾਂਚ ਪੂਰੀ ਹੋਣ ਵਿੱਚ ਦੋ-ਤਿੰਨ ਦਿਨ ਲੱਗ ਸਕਦੇ ਹਨ।

ਲੜਕਾਨਾ ਵਿੱਚ ਰਹਿਮਤਪੁਰ ਦੇ ਐਸਐਚਓ ਅਸਦੁੱਲਾ ਨੇ ਮੰਗਲਵਾਰ ਨੂੰ ਦੱਸਿਆ ਕਿ ਸਵੇਰੇ ਤਿੰਨ ਵਜੇ ਪੋਸਟਮਾਰਟਮ ਕੀਤਾ ਗਿਆ ਅਤੇ ਰਿਪੋਰਟ ਆਉਣ ਵਿੱਚ ਥੋੜਾ ਸਮਾਂ ਲੱਗੇਗਾ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਕਿਹਾ, "ਜਾਂਚ ਦੇ ਲਈ ਉੱਚ ਪੱਧਰੀ ਟੀਮ ਬਣਾਈ ਗਈ ਹੈ। ਨਿਮਰਿਤਾ ਦਾ ਫੋਨ ਫੌਰੈਂਸਿਕ ਟੀਮ ਨੂੰ ਦੇ ਦਿੱਤਾ ਗਿਆ ਹੈ। ਕਮਰਾ ਅੰਦਰੋਂ ਬੰਦ ਸੀ ਅਤੇ ਗਲੇ ਦੇ ਚਾਰੋਂ ਪਾਸੇ ਨਿਸ਼ਾਨ ਸਨ।"

ਪੁਲਿਸ ਦਾ ਕਹਿਣਾ ਹੈ ਕਿ ਅਜੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਇਹ ਹੱਤਿਆ ਹੈ ਜਾਂ ਆਤਮਹੱਤਿਆ।

ਭਰਾ ਨੇ ਚੁੱਕੇ ਸਵਾਲ

ਪਰ ਨਿਮਰਿਤਾ ਦੇ ਭਰਾ ਡਾ. ਵਿਸ਼ਾਲ ਚੰਦਾਨੀ ਮੁੱਢਲੀ ਰਿਪੋਰਟ ਤੋਂ ਸੰਤੁਸ਼ਟ ਨਹੀਂ ਹਨ।

ਉਨ੍ਹਾਂ ਦਾ ਦਾਅਵਾ ਹੈ, "ਅਧਿਕਾਰੀਆਂ ਨੇ ਉਸ ਨੂੰ ਲਿਖਿਆ ਸੀ ਕਿ ਉਸ ਦੇ ਹੱਥਾਂ ਤੇ ਲੱਤਾਂ 'ਤੇ ਜ਼ਖਮ ਸਨ ਜਿਸ ਦਾ ਮੁੱਢਲੀ ਰਿਪੋਰਟ ਵਿੱਚ ਜ਼ਿਕਰ ਵੀ ਨਹੀਂ ਹੈ। ਉਨ੍ਹਾਂ ਨੇ ਕਿਹਾ ਸੀ ਕਿ 11 ਵਜੇ ਤੱਕ ਰਿਪੋਰਟ ਦੇ ਦਿੱਤੀ ਜਾਵੇਗੀ ਪਰ ਸ਼ਾਮ ਨੂੰ ਸਾਨੂੰ ਰਿਪੋਰਟ ਭੇਜੀ ਗਈ। ਮੇਰੇ ਕੋਲ ਐਕਸ-ਰੇ ਹੈ ਜਿਸ ਵਿੱਚ ਕਾਲੇ ਰੰਗ ਦਾ ਨਿਸ਼ਾਨ ਸਪਸ਼ਟ ਨਜ਼ਰ ਆਉਂਦਾ ਹੈ। ਇਸ ਲਈ ਅਸੀਂ ਰਿਪੋਰਟ ਤੋਂ ਬਿਲਕੁਲ ਵੀ ਸੰਤੁਸ਼ਟ ਨਹੀਂ ਹਾਂ। ਘਟਨਾ ਦੀ ਜਾਂਚ ਕਰਵਾਈ ਜਾਵੇ।"

Image copyright Reuters

ਇਸ ਦੌਰਾਨ ਬੁੱਧਵਾਰ ਰਾਤ ਨੂੰ ਕਰਾਚੀ ਵਿੱਚ ਹਿੰਦੂ ਭਾਈਚਾਰੇ ਵਲੋਂ ਨਿਆਇੰਕ ਜਾਂਚ ਦੀ ਮੰਗ ਕਰਦਿਆਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ।

ਪ੍ਰਦਰਸ਼ਨਕਾਰੀਆਂ ਨਾਲ ਗੱਲ ਕਰਨ ਲਈ ਸਿੰਧ ਪ੍ਰਾਂਤ ਦੇ ਮੰਤਰੀ ਮੁਕੇਸ਼ ਚਾਵਲਾ ਪਹੁੰਚੇ ਪਰ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਜਦੋਂ ਤੱਕ ਸਿੰਧ ਦੇ ਮੁੱਖ ਮੰਤਰੀ ਸਈਦ ਮੁਰਾਦ ਅਲੀ ਸ਼ਾਹ ਉਨ੍ਹਾਂ ਨੂੰ ਸਹੀ ਜਾਂਚ ਦਾ ਭਰੋਸਾ ਨਹੀਂ ਦਿੰਦੇ ਉਹ ਨਹੀਂ ਮੰਨਣਗੇ।

ਇਹ ਵੀ ਪੜ੍ਹੋ:

ਬਾਅਦ ਵਿੱਚ ਸਿੰਧ ਦੇ ਆਗੂ ਮੁਕੇਸ਼ ਚਾਵਲਾ ਮੁੱਖ ਮੰਤਰੀ ਦੇ ਸਲਾਹਕਾਰ ਮੁਰਤਜ਼ਾ ਵਾਹਾਬ ਨੂੰ ਲੈ ਕੇ ਪਹੁੰਚੇ।

ਉਨ੍ਹਾਂ ਭਰੋਸਾ ਦਿਵਾਇਆ ਕਿ ਹੋਸਟਲ ਦੀ ਵਾਰਡਨ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਵਾਈਸ ਚਾਂਸਲਰ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਜਾਵੇਗਾ ਕਿਉਂਕਿ ਬਿਨਾਂ ਕਾਰਨ ਦੱਸੋ ਨੋਟਿਸ ਉਨ੍ਹਾਂ ਨੂੰ ਹਟਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਮਾਮਲੇ ਦੀ ਨਿਆਇਕ ਜਾਂਚ ਨੂੰ ਵੀ ਕਬੂਲ ਕਰ ਲਿਆ ਹੈ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)