ਸਾਊਦੀ ਤੇਲ ਹਮਲੇ: ਕੌਣ ਕਰ ਰਿਹਾ ਹੈ ਪੱਛਮ ਏਸ਼ੀਆ 'ਚ ਡਰੋਨ ਹਮਲੇ

ਡੋਰਨ, ਇਰਾਨ Image copyright Getty Images

ਸਾਊਦੀ ਅਰਬ ਦੇ ਤੇਲ ਠਿਕਾਣਿਆ 'ਤੇ ਹੋਏ ਹਮਲਿਆਂ ਨੇ ਇੰਨ੍ਹਾਂ ਅਟਕਲਬਾਜ਼ੀਆਂ ਨੂੰ ਜਨਮ ਦਿੱਤਾ ਹੈ ਕਿ ਇਸ ਲਈ ਹਥਿਆਰਬੰਦ ਡਰੋਨਾਂ ਦੀ ਵਰਤੋਂ ਕੀਤੀ ਗਈ ਹੈ।

ਅਮਰੀਕਾ ਅਤੇ ਸਾਊਦੀ ਅਰਬ ਦੋਵਾਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਾਇਦ ਅਜਿਹਾ ਹੀ ਕੁਝ ਹੋਇਆ ਹੈ।

ਪਿਛਲੇ ਸਮੇਂ ਦੌਰਾਨ ਡਰੋਨ ਜਾਂ ਫਿਰ ਮਨੁੱਖ ਰਹਿਤ ਹਵਾਈ ਵਾਹਨ (ਯੂਏਵੀ) ਦੀ ਹਮਲੇ ਕਰਨ ਲਈ ਵਰਤੋਂ ਬਹੁਤ ਆਮ ਹੋ ਰਹੀ ਹੈ।

ਮੱਧ ਪੂਰਬੀ ਖੇਤਰ 'ਚ ਇਸ ਦੇ ਇਸਤੇਮਾਲ 'ਚ ਖਾਸਾ ਵਾਧਾ ਵੇਖਿਆ ਗਿਆ ਹੈ। ਡਰੋਨ ਕੀ ਹੈ ਅਤੇ ਇਸ ਦਾ ਲੜਾਈ ਲਈ ਕੌਣ ਇਸਤੇਮਾਲ ਕਰ ਰਿਹਾ ਹੈ?

ਇੱਕ ਨਵਾਂ ਹਥਿਆਰ

ਮਨੁੱਖ ਰਹਿਤ ਹਵਾਈ ਵਾਹਨ (ਯੂਏਵੀ) ਨੂੰ ਡਰੋਨ ਕਿਹਾ ਜਾਂਦਾ ਹੈ। ਇਸ ਦੀ ਪਹਿਲੀ ਵਾਰ ਵਰਤੋਂ ਅਕਤੂਬਰ 2001 'ਚ ਅਫ਼ਗਾਨ ਜੰਗ ਦੀ ਪਹਿਲੀ ਰਾਤ ਨੂੰ ਤਾਲਿਬਾਨ ਦੇ ਕਾਫ਼ਲੇ ਉੱਤੇ ਕੀਤੀ ਗਈ ਸੀ।

ਸ਼ੁਰੂ ਵਿਚ ਆਧੁਨਿਕ ਹਥਿਆਰਾਂ ਨਾਲ ਲੈੱਸ ਤਕਨੀਕ (ਯੂਏਵੀ) ਕੁਝ ਤਕਨੀਕੀ ਪੱਖੋਂ ਵਿਕਸਿਤ ਮੁਲਕਾਂ ਕੋਲ ਹੀ ਮੌਜੂਦ ਸੀ, ਜਿੰਨ੍ਹਾਂ 'ਚ ਇਸਰਾਈਲ ਅਤੇ ਅਮਰੀਕਾ ਬਹੁਤ ਅੱਗੇ ਹਨ।

ਹੁਣ ਛੇਤੀ ਹੀ ਇਸ ਦਾ ਇੱਕ ਨਵਾਂ ਉਤਪਾਦਕ ਸਾਹਮਣੇ ਆਇਆ, ਜਿਸ ਨੇ ਪੂਰੀ ਦੁਨੀਆਂ ਨੂੰ ਆਪਣੇ ਹਥਿਆਰ ਵੇਚਣ ਦੀ ਇੱਛਾ ਪ੍ਰਗਟ ਕੀਤੀ। ਇਹ ਕੋਈ ਹੋਰ ਨਹੀਂ ਬਲਕਿ ਚੀਨ ਹੈ।

ਇਹ ਵੀ ਪੜ੍ਹੋ-

ਚੀਨ ਨੇ ਮੱਧ ਪੂਰਬੀ ਖੇਤਰ 'ਚ ਫੌਜੀ ਡਰੋਨ ਦੇ ਪ੍ਰਸਾਰ ਨੂੰ ਉਤਸ਼ਾਹਿਤ ਕੀਤਾ। ਉਸ ਨੇ ਅੱਧੀ ਦਰਜਨ ਤੋਂ ਵੀ ਵੱਧ ਸਰਕਾਰਾਂ ਨੂੰ ਹਥਿਆਰਾਂ ਦੀ ਸਪਲਾਈ ਕੀਤੀ।

ਸਿਵਲ ਯੂਏਵੀ ਦਾ ਬਾਜ਼ਾਰ ਵਧੇਰੇ ਸੂਝਵਾਨ ਹੈ ਪਰ ਬਾਅਦ 'ਚ ਇਸ ਤਕਨਾਲੋਜੀ ਨੂੰ ਜੰਗੀ ਡਰੋਨਾਂ 'ਚ ਤਬਦੀਲ ਕਰ ਦਿੱਤਾ ਗਿਆ।

ਹਾਲਾਂਕਿ ਇਸ ਯੂਏਵੀ ਤਕਨੀਕ ਦਾ ਨਿਰਮਾਣ ਕਿਸੇ ਵੀ ਮੁਲਕ ਵੱਲੋਂ ਕੀਤਾ ਜਾ ਸਕਦਾ ਹੈ ਪਰ ਇਰਾਨ ਇਸ 'ਚ ਬਹੁਤ ਮਾਹਰ ਹੈ।

Image copyright AFP

ਇਰਾਨ ਯਮਨ 'ਚ ਹੌਥੀ ਬਾਗ਼ੀਆਂ ਵਰਗੇ ਕਈ ਗੈਰ ਸਰਕਾਰੀ ਸੰਗਠਨਾਂ ਨੂੰ ਡਰੋਨ ਤਕਨਾਲੋਜੀ ਦੇਣ 'ਚ ਮਹੱਤਵਪੂਰਣ ਭੂਮਿਕਾ ਨਿਭਾਅ ਰਿਹਾ ਹੈ।

ਕਿਸ ਕੋਲ ਕੀ ਹੈ?

ਅੱਤਵਾਦ ਵਿਰੁੱਧ ਲੜਾਈ ਦਾ ਮੱਧ ਪੂਰਬ ਕੇਂਦਰ ਬਣ ਚੁੱਕਾ ਹੈ। ਇਨ੍ਹਾਂ ਨੇ ਤਕਨੋਲੌਜੀ ਪੱਖੋਂ ਵਿਕਸਤ ਅਮਰੀਕਾ, ਬਰਤਾਨੀਆ ਅਤੇ ਰੂਸ ਨੂੰ ਇਸ ਮਾਮਲੇ ਵਿਚ ਸ਼ਾਮਲ ਕਰ ਲਿਆ ਹੈ।

ਇਹ ਖੇਤਰੀ ਖਿੱਚੋਤਾਣ ਦਾ ਵੀ ਗੜ੍ਹ ਹੈ। ਇੱਕ ਪਾਸੇ ਇਸਰਾਈਲ ਅਤੇ ਖਾੜੀ ਅਰਬ ਦੇਸ਼ਾਂ ਵਿਚਾਲੇ ਮਤਭੇਦ ਅਤੇ ਦੂਜੇ ਪਾਸੇ ਇਰਾਨ ਅਤੇ ਉਸ ਦੇ ਸਹਿਯੋਗੀ ਮੁਲਕ ਤੇ ਹੇਜ਼ਬੁੱਲਾ ਅਤੇ ਹੌਥੀ ਵਰਗੇ ਬਾਗ਼ੀਆਂ ਵਿਚਾਲੇ ਜੰਗ ਹੈ।

ਅਮਰੀਕਾ

ਅਮਰੀਕਾ ਵੱਲੋਂ ਮੱਧ ਪੂਰਬ 'ਚ ਡਰੋਨਾਂ ਦੀ ਵਰਤੋਂ ਸਭ ਤੋਂ ਵੱਧ ਕੀਤੀ ਗਈ ਹੈ। ਅਮਰੀਕਾ ਨੇ ਅਲਕਾਇਦਾ ਅਤੇ ਅਖੌਤੀ ਇਸਲਾਮਿਕ ਰਾਜ, ਆਈਐਸ ਦੇ ਖਿਲਾਫ਼ ਆਪਣੀ ਮੁਹਿੰਮ 'ਚ ਇੰਨ੍ਹਾਂ ਹਥਿਆਰਬੰਦ ਡਰੋਨਾਂ ਦੀ ਖੁੱਲ ਕੇ ਵਰਤੋਂ ਕੀਤੀ ਹੈ।

ਸੀਰੀਆ, ਇਰਾਕ, ਲੀਬੀਆ ਅਤੇ ਯਮਨ 'ਚ ਪ੍ਰੈਡੇਟਰ ਅਤੇ ਰੀਪਰ ਵਰਗੇ ਹਥਿਆਰਾਂ ਦਾ ਇਸਤੇਮਾਲ ਹੋਇਆ ਹੈ।

ਐੱਮਕਿਊ-9 ਰੀਪਰ ਪ੍ਰੈਡੇਟਰ ਦੇ ਮੁਕਾਬਲੇ ਵੱਧ ਭਾਰਾ, ਵੱਡਾ ਅਤੇ ਸਮਰੱਥਾ ਭਰਪੂਰ ਹੈ। ਇਹ ਲੰਬੀ ਦੂਰੀ ਤੱਕ ਮਹੱਤਵਪੂਰਣ ਵੱਡੇ ਹਥਿਆਰਾਂ ਦੇ ਪੇਲੋਡ ਚੁੱਕਣ ਦੇ ਕਾਬਲ ਵੀ ਹੈ।

ਵਾਸ਼ਿਗੰਟਨ ਦੇ ਇੱਕ ਬਹੁਤ ਹੀ ਨਜ਼ਦੀਕੀ ਫੌਜੀ ਭਾਈਵਾਲ ਬ੍ਰਿਟੇਨ ਨੇ ਅਮਰੀਕਾ ਤੋਂ ਕਈ ਰੀਪਰ ਪ੍ਰਣਾਲੀਆਂ ਖਰੀਦੀਆਂ ਹਨ ਅਤੇ ਉਹ ਇੰਨ੍ਹਾਂ ਦੀ ਵਰਤੋਂ ਇਰਾਕ ਅਤੇ ਸੀਰੀਆ ਦੇ ਖਿਲਾਫ਼ ਕਰ ਰਿਹਾ ਹੈ।

ਰਾਈਲ

ਯੂਏਵੀ ਤਕਨੀਕ ਦੇ ਪਹਿਲੇ ਵਰਤੋਂਕਾਰਾਂ 'ਚੋਂ ਇੱਕ ਦੇਸ਼ ਹੈ ਇਸਰਾਇਲ ਹੈ। ਸਾਲ 2018 'ਚ ਹੋਏ ਇੱਕ ਅਧਿਐਨ ਅਨੁਸਾਰ ਇਸਰਾਈਲ ਮਾਨਵ ਰਹਿਤ ਹਥਿਆਰ ਯੂਏਵੀ ਦੇ ਪ੍ਰਮੁੱਖ ਬਰਾਮਦਕਾਰਾਂ 'ਚੋਂ ਇੱਕ ਹੈ, ਜੋ ਕਿ ਗਲੋਬਲ ਮਾਰਕੀਟ ਦੇ 60% ਹਿੱਸੇ ਦੇ ਬਰਾਬਰ ਹੈ।

Image copyright AFP

ਦੂਜੇ ਗਾਹਕਾਂ 'ਚੋਂ ਇਸ ਨੇ ਰੂਸ ਨੂੰ ਨਿਗਰਾਨੀ ਕਰਨ ਵਾਲੇ ਡਰੋਨ ਵੇਚੇ ਹਨ ਅਤੇ ਸੀਰੀਆ ਤੋਂ ਇਸਰਾਇਲੀ ਹਦੂਦ 'ਚ ਦਾਖ਼ਲ ਹੋਣ 'ਤੇ ਇਸ ਨੇ ਘੱਟੋ-ਘੱਟ ਇੱਕ ਨੂੰ ਹਲਾਕ ਵੀ ਕੀਤਾ ਹੈ।

ਇਸਰਾਈਲ ਖੁਫ਼ੀਆ ਜਾਣਕਾਰੀ ਨੂੰ ਇੱਕਠਾ ਕਰਨ, ਨਿਗਰਾਨੀ ਅਤੇ ਹਮਲਿਆਂ ਲਈ ਯੂਏਵੀ ਦੇ ਵੱਖੋ-ਵੱਖ ਮਾਡਲਾਂ ਦਾ ਪ੍ਰਯੋਗ ਕਰਦਾ ਹੈ।

ਇਸ ਦੇ ਹਥਿਆਰਬੰਦ ਡਰੋਨਾਂ 'ਚ ਹੇਰੋਨ ਟੀਪੀ, ਹਰਮੇਸ 450 ਅਤੇ ਹਰਮੇਸ 900 ਸ਼ਾਮਲ ਹਨ।

ਪਰ ਇਸਰਾਈਲ ਇੰਨ੍ਹਾਂ ਹਥਿਆਰਬੰਦ ਡਰੋਨਾਂ ਨੂੰ ਨਿਰਯਾਤ ਕਰਨ 'ਚ ਕੁਝ ਝਿਜਕ ਰਿਹਾ ਹੈ।

ਇਰਾਨ

ਹਥਿਆਰਾਂ ਦੀ ਪਾਬੰਦੀ ਦੇ ਬਾਵਜੂਦ ਇਰਾਨ ਵੱਲੋਂ ਕਿਫਾਇਤੀ ਹਥਿਆਰਬੰਦ ਡਰੋਨਾਂ ਦੇ ਨਿਰਮਾਣ ਦੀ ਸਮਰੱਥਾ ਦਾ ਵਿਕਾਸ ਕੀਤਾ ਗਿਆ।

ਸ਼ਾਹੇਦ-129 ਦਾ ਉਦਘਾਟਨ ਸਾਲ 2012 'ਚ ਕੀਤਾ ਗਿਆ ਅਤੇ ਇਸ ਦੀ ਵਰਤੋਂ ਆਈਐਸ ਅਤੇ ਸੀਰੀਆ ਤੇ ਇਰਾਕ 'ਚ ਆਪਣੇ ਨਿਸ਼ਾਨਿਆਂ ਨੂੰ ਮਾਰਨ ਲਈ ਕੀਤੀ ਗਈ। ਇਸ ਤੋਂ ਇਲਾਵਾ ਮੋਹਾਜੇਰ 6 ਸਾਲ 2018 ਤੋਂ ਨਿਰਮਾਣ ਅਧੀਨ ਹੈ।

ਪਰ ਇਰਾਨ ਦੇ ਡਰੋਨ ਪ੍ਰੋਗਰਾਮ ਦਾ ਦੂਜਾ ਪਹਿਲੂ ਇਹ ਹੈ ਕਿ ਇਹ ਆਪਣੇ ਡਰੋਨ ਪ੍ਰੋਗਰਾਮ ਨੂੰ ਇਸ ਖੇਤਰ 'ਚ ਆਪਣੇ ਸਹਿਯੋਗੀਆਂ ਅਤੇ ਪ੍ਰਤੀਨਿਧੀਆਂ ਨੂੰ ਵੇਚਣ ਜਾਂ ਤਬਦੀਲ ਕਰਨ ਦੀ ਇੱਛਾ ਰੱਖਦਾ ਹੈ।

ਹੋਰ ਮੁਲਕ

ਸੰਯੁਕਤ ਅਰਬ ਅਮੀਰਾਤ, ਯੂਏਈ ਨੇ ਚੀਨ ਵੱਲੋਂ ਸਪਲਾਈ ਕੀਤੇ ਗਏ ਵਿੰਗ ਲਾਂਗ 1 ਯੂਏਵੀ ਨੂੰ ਤੈਨਾਤ ਕੀਤਾ ਹੈ, ਜਿਸ ਦੀ ਵਰਤੋਂ ਉਸ ਵੱਲੋਂ ਯਮਨ 'ਚ ਆਪਣੇ ਵਿਰੋਧੀਆਂ ਅਤੇ ਲੀਬੀਆ ਦੇ ਘਰੇਲੂ ਯੁੱਧ ਦੌਰਾਨ ਕੀਤੀ ਜਾ ਰਹੀ ਹੈ।

ਸੰਯੁਕਤ ਅਰਬ ਅਮੀਰਾਤ ਜਨਰਲ ਹਫ਼ਤਾਰ ਦੀ ਅਗਵਾਈ ਵਾਲੇ ਧੜੇ ਦੀ ਹਿਮਾਇਤ ਕਰਦਾ ਹੈ। ਤੁਰਕੀ ਡਰੋਨਾਂ ਦੀ ਵਰਤੋਂ ਲੀਬੀਆ 'ਚ ਸਰਕਾਰ ਦੇ ਰਾਸ਼ਟਰੀ ਸਮਝੌਤੇ ਦੇ ਸਮਰਥਨ 'ਚ ਕੀਤੀ ਗਈ ਹੈ।

ਇਹ ਵੀ ਪੜ੍ਹੋ-

ਅਮਰੀਕੀ ਯੂਏਵੀ ਖਰੀਦਣ ਤੋਂ ਅਸਮਰੱਥ ਤੁਰਕੀ ਨੇ ਆਪਣੇ ਡਰੋਨਾਂ ਦੇ ਨਿਰਮਾਣ ਦੀ ਸ਼ੁਰੂਆਤ ਕੀਤੀ, ਜਿੰਨ੍ਹਾਂ ਦੀ ਵਰਤੋਂ ਤੁਰਕੀ ਅੰਦਰ ਅਤੇ ਨਾਲ ਹੀ ਸੀਰੀਆ 'ਚ ਕੁਰਦਿਸ਼ ਨਿਸ਼ਾਨਿਆਂ ਦੇ ਵਿਰੁੱਧ ਹਮਲਿਆਂ 'ਚ ਕੀਤੀ ਜਾ ਰਹੀ ਹੈ।

ਇਰਾਕ, ਜੋਰਡਨ, ਸਾਊਦੀ ਅਰਬ, ਮਿਸਰ ਅਤੇ ਅਲਜੀਰੀਆ ਇੰਨ੍ਹਾਂ ਸਾਰੇ ਹੀ ਮੁਲਕਾਂ ਵੱਲੋਂ ਚੀਨੀ ਯੂਏਵੀ ਖਰੀਦੇ ਜਾਂਦੇ ਹਨ।

ਅੱਤਵਦੀ ਸਮੂਹਾਂ ਵੱਲੋਂ ਇਸ ਦੀ ਵਰਤੋਂ

ਜੇਕਰ ਗ਼ੈਰ ਸਰਕਾਰੀ ਧੜਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਤਵਾਦੀ ਸਮੂਹਾਂ 'ਚ ਸਭ ਤੋਂ ਵੱਧ ਡਰੋਨਾਂ ਦੀ ਵਰਤੋਂ ਹੌਥੀ ਬਾਗ਼ੀਆਂ ਵੱਲੋਂ ਕੀਤੀ ਜਾਂਦੀ ਹੈ।

ਸੰਯੁਕਤ ਰਾਸ਼ਟਰ ਅਤੇ ਹੋਰਨਾਂ ਮਾਹਰਾਂ ਅਨੁਸਾਰ ਇੰਨ੍ਹਾਂ ਵੱਲੋਂ ਕਈ ਪ੍ਰਣਾਲੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਕਿ ਇਰਾਨੀ ਤਕਨਾਲੋਜੀ 'ਤੇ ਵਧੇਰੇ ਨਿਰਭਰ ਕਰਦੀਆਂ ਹਨ।

ਹੌਥੀ ਬਾਗ਼ੀਆਂ ਵੱਲੋਂ ਕਿਊਸੇਫ-1 ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨੂੰ ਕਿ ਸੰਯੁਕਤ ਰਾਸ਼ਟਰ ਦੇ ਮਾਹਰਾਂ ਦੇ ਇੱਕ ਪੈਨਲ ਨੇ ਤੈਅ ਕੀਤਾ ਹੈ ਕਿ ਇਹ ਅਸਲ 'ਚ ਇੱਕ ਇਰਾਨੀ ਮਾਡਲ ਨਾਲ ਮੇਲ ਖਾਂਦਾ ਹੈ।

Image copyright Getty Images

ਇਹ ਪ੍ਰਭਾਵਸ਼ਾਲੀ "ਕਮੀਕੇਜ਼" ਡਰੋਨ ਹਨ ਜੋ ਕਿ ਪੂਰੀ ਤਿਆਰੀ ਨਾਲ ਆਪਣੇ ਨਿਸ਼ਾਨੇ ਨੂੰ ਢਾਹ ਢੇਰੀ ਕਰਦੇ ਹਨ।

ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਹੌਥੀ ਬਾਗ਼ੀਆਂ ਵੱਲੋਂ ਵਿਕਸਿਤ ਯੂਏਵੀ- ਐਕਸ ਡਰੋਨ, ਜਿਸ ਨੂੰ ਕਿ ਕਈ ਵਾਰ ਸਮਦ-2/3 ਵੀ ਕਿਹਾ ਜਾਂਦਾ ਹੈ, ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਮੰਨਿਆਂ ਜਾਂਦਾ ਹੈ ਕਿ ਇਹ ਇੱਕ ਛੋਟੇ ਵਿਸਫੋਟ ਨੂੰ ਕਰਨ ਦੇ ਸਮਰੱਥ ਹੈ।

ਲੇਬਨਾਨ ਦੇ ਸ਼ੀਆ ਮੁਸਲਿਮ ਦਹਿਸ਼ਤਗਰਦ ਸਮੂਹ ਹਿਜ਼ਬੁੱਲਾ ਵੱਲੋਂ ਵੀ ਡਰੋਨ ਦੀ ਵਰਤੋਂ ਕੀਤੀ ਗਈ ਹੈ ਜੋ ਕਿ ਇਰਾਨ ਵੱਲੋਂ ਸਪਲਾਈ ਕੀਤੇ ਗਏ ਹਨ।

ਸੀਰੀਆ 'ਚ ਚੱਲ ਰਹੀ ਜੰਗ ਦੌਰਾਨ ਪਹਿਲੀ ਵਾਰ ਡਰੋਨਾਂ ਦੀ ਵੱਡੇ ਪੱਧਰ 'ਤੇ ਵਰਤੋਂ ਕੀਤੀ ਗਈ। ਬਾਗ਼ੀ ਬਲਾਂ ਵੱਲੋਂ ਸੀਰੀਆ 'ਚ ਰੂਸ ਦੇ ਫੌਜੀ ਠਿਕਾਣਿਆਂ 'ਤੇ ਕਈ ਡਰੋਨ ਹਮਲਿਆਂ ਨੂੰ ਅੰਜਾਮ ਦਿੱਤਾ ਗਿਆ।

ਖੇਤਰ 'ਚ ਇਸ ਦੇ ਕੀ ਸਿੱਟੇ ਹਨ? / ਖੇਤਰ 'ਤੇ ਇਸ ਦਾ ਕੀ ਪ੍ਰਭਾਵ ਹੈ?

ਇਹ ਪੂਰੀ ਤਰ੍ਹਾਂ ਨਾਲ ਸਪਸ਼ੱਟ ਹੈ ਕਿ ਡਰੋਨ ਤਕਨਾਲੋਜੀ ਵਿਆਪਕ ਤੌਰ 'ਤੇ ਫੈਲ ਗਈ ਹੈ।

ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਇੱਕ ਪਾਸੇ ਅਮਰੀਕਾ ਨੇ ਆਪਣੇ ਸਹਿਯੋਗੀ ਮੁਲਕਾਂ ਨੂੰ ਉਨਤ ਯੂ.ਏ.ਵੀ. ਵੇਚਣ 'ਚ ਸੰਕੋਚ ਕੀਤਾ ਪਰ ਉਸ ਦੇ ਇਸ ਕਦਮ ਨਾਲ ਡਰੋਨ ਦੇ ਦੁਨੀਆ ਭਰ 'ਚ ਫੈਲਾਅ ਨੂੰ ਨਹੀਂ ਰੋਕਿਆ ਜਾ ਸਕਿਆ, ਕਿਉਂਕਿ ਚੀਨ ਨੇ ਡਰੋਨ ਬਾਜ਼ਾਰ 'ਚ ਆਪਣੀ ਵਿਆਪਕ ਤਕਨਾਲੋਜੀ ਨਾਲ ਕਦਮ ਰੱਖਿਆ ਅਤੇ ਇਸ ਦਾ ਪ੍ਰਸਾਰ ਕੀਤਾ।

ਡਰੋਨਾਂ ਦੀ ਵਰਤੋਂ ਨਾਲ ਇੱਕ ਨਵੀਂ ਤਰ੍ਹਾਂ ਦੀ ਜੰਗ ਦਾ ਆਗਾਜ਼ ਹੋਇਆ ਹੈ, ਜਿਸ ਨੇ ਯੁੱਧ ਅਤੇ ਸ਼ਾਂਤੀ ਵਿਚਲੀ ਇਕ ਸੂਖ਼ਮ ਰੇਖਾ ਨੂੰ ਹੀ ਧੁੰਦਲਾ ਕਰ ਦਿੱਤਾ ਹੈ।

ਯੂ.ਏ.ਵੀ. ਘੱਟ ਬੁਰੇ ਪ੍ਰਭਾਵਾਂ ਦੀ ਹੋਂਦ 'ਚ ਨਿਸ਼ਚਿਤ ਟੀਚਿਆਂ ਨੂੰ ਦਾਗਣ ਦੀ ਸੰਭਾਵਨਾ ਪੇਸ਼ ਕਰਦਾ ਹੈ। (ਇਸ ਲਈ ਘੱਟੋ-ਘੱਟ ਖੁਫ਼ੀਆ ਜਾਣਕਾਰੀ ਸਹੀ ਹੋਣੀ ਬਹੁਤ ਜ਼ਰੂਰੀ ਹੈ)

ਯੂ.ਏ.ਵੀ. ਅੱਤਵਾਦ ਵਿਰੁੱਧ ਅਖੌਤੀ ਲੜਾਈ 'ਚ ਇੱਕ ਅਹਿਮ ਸਥਾਨ ਰੱਖਣ ਲੱਗ ਗਏ ਹਨ।ਪਰ ਇਸ ਦੇ ਨਾਲ ਹੀ ਇਹ ਇਸ ਖੇਤਰ 'ਚ ਤਕਨੀਕੀ ਪੱਖੋਂ ਉੱਨਤ ਅਤੇ ਘੱਟ ਉੱਨਤ ਧਿਰਾਂ ਦਰਮਿਆਨ ਹਵਾ ਵਿਚ ਸੰਘਰਸ਼ਾਂ ਲਈ ਇੱਕ ਅਹਿਮ ਜ਼ਰੂਰਤ ਬਣ ਗਿਆ ਹੈ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)