ਮੋਦੀ-ਟਰੰਪ ਦੇ ਅਮਰੀਕਾ ਵਿੱਚ ਹੋਣ ਵਾਲੇ ਜਲਸੇ ਬਾਰੇ ਅਮਰੀਕੀ ਭਾਰਤੀ ਕੀ ਬੋਲੇ

ਨਰਿੰਦਰ ਮੋਦੀ ਅਤੇ ਡੌਨਲਡ ਟਰੰਪ Image copyright Getty Images

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਸਤੰਬਰ ਨੂੰ ਅਮਰੀਕਾ ਦੇ ਟੈਕਸਸ ਸੂਬੇ ਵਿੱਚ ਹਿਊਸਟਨ ਸ਼ਹਿਰ ਵਿੱਚ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਿਤ ਕਰਨਗੇ।

'ਹਾਊਡੀ ਮੋਦੀ' ਨਾਮ ਦੇ ਇਸ ਪ੍ਰੋਗਰਾਮ ਲਈ ਕਰੀਬ 60 ਹਜ਼ਾਰ ਲੋਕਾਂ ਨੇ ਜਾਂ ਤਾਂ ਹੁਣ ਤੱਕ ਟਿਕਟ ਬੁੱਕ ਕਰਵਾ ਲਿਆ ਹੈ ਜਾਂ ਉਹ ਵੇਟਿੰਗ ਲਿਸਟ ਵਿੱਚ ਹਨ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੀ ਇਸ ਪ੍ਰੋਗਰਾਮ ਵਿੱਚ ਮੋਦੀ ਦੇ ਨਾਲ ਮੰਚ 'ਤੇ ਹੋਣਗੇ।

ਪਿਛਲੇ ਤਿੰਨ ਮਹੀਨਿਆਂ ਵਿੱਚ ਇਹ ਤੀਜਾ ਮੌਕਾ ਹੈ ਕਿ ਟਰੰਪ ਅਤੇ ਮੋਦੀ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਜੂਨ ਵਿੱਚ ਜੀ-20 ਦੀ ਬੈਠਕ ਦੌਰਾਨ ਅਤੇ ਪਿਛਲੇ ਮਹੀਨੇ ਜੀ-7 ਦੀ ਬੈਠਕ ਦੇ ਦੌਰਾਨ ਵੀ ਦੋਵੇਂ ਆਗੂਆਂ ਦੀ ਮੁਲਾਕਾਤ ਹੋਈ ਸੀ।

ਦੋਵਾਂ ਦੇਸਾਂ ਵਿਚਾਲੇ ਰਿਸ਼ਤੇ ਮਜ਼ਬੂਤ ਹਨ। ਵਪਾਰ ਦੇ ਕੁਝ ਮਾਮਲਿਆਂ ਵਿੱਚ ਤਣਾਅ ਜ਼ਰੂਰ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੁਲਾਕਾਤ ਵਿੱਚ ਟਰੰਪ ਅਤੇ ਮੋਦੀ ਵਪਾਰ 'ਤੇ ਵੀ ਚਰਚਾ ਕਰਨਗੇ।

ਇਹ ਵੀ ਪੜ੍ਹੋ:

Image copyright Reuters

'ਹਾਊਡੀ ਮੋਦੀ' ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ।

ਹਿਊਸਟਨ ਵਿੱਚ 5000 ਦੇ ਕਰੀਬ ਵਾਲੰਟੀਅਰ ਐਨਆਰਜੀ ਅਰੀਨਾ ਨੂੰ ਸਜਾਉਣ ਵਿੱਚ ਲੱਗੇ ਹਨ।

ਭਾਰਤੀ ਮੂਲ ਦੇ ਲੋਕਾਂ ਵਿੱਚ ਉਤਸ਼ਾਹ

ਹਿਊਸਟਨ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਵਿੱਚ ਮੋਦੀ ਦੇ ਆਉਣ ਨੂੰ ਲੈ ਕੇ ਉਤਸ਼ਾਹ ਹੈ।

ਭਾਰਤੀ ਮੂਲ ਦੇ ਵਿਸ਼ਵੇਸ਼ ਸ਼ੁਕਲਾ ਹਿਊਸਟਨ ਵਿੱਚ ਰਹਿੰਦੇ ਹਨ। ਉਹ ਅਤੇ ਉਨ੍ਹਾਂ ਦੇ ਕਈ ਸਾਥੀ ਪ੍ਰੋਗਰਾਮ ਵਿੱਚ ਜਾਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਸ਼ੁਕਲਾ ਕਹਿੰਦੇ ਹਨ, "ਬਹੁਤ ਉਤਸ਼ਾਹ ਹੈ। ਅਸੀਂ ਸਾਰੇ ਐਨਆਰਜੀ ਅਰੀਨਾ ਵਿੱਚ ਜਾਣ ਲਈਆਪਣੇ ਐਂਟਰੀ ਪਾਸ ਦੀ ਉਡੀਕ ਕਰ ਰਹੇ ਹਾਂ। ਟਰੰਪ ਵੀ ਉੱਥੇ ਆ ਰਹੇ ਹਨ ਇਸ ਲਈ ਹੋਰ ਵੀ ਜ਼ਿਆਦਾ ਉਤਸ਼ਾਹ ਹੈ। ਲੋਕ ਸੋਚ ਰਹੇ ਹਨ ਕਿ ਪ੍ਰੋਗਰਾਮ ਵਿੱਚ ਮਜ਼ਾ ਆਵੇਗਾ। ਸਭ ਤਿਆਰੀਆਂ ਜਾਰੀ ਹਨ, ਕਾਫ਼ੀ ਉਤਸ਼ਾਹ ਹੈ।''

ਦੇਸ ਭਰ ਤੋਂ ਕਈ ਇਲਾਕਿਆਂ ਦੇ ਭਾਰਤੀ ਮੂਲ ਦੇ ਲੋਕ ਹਿਊਸਟਨ ਪਹੁੰਚ ਰਹੇ ਹਨ।

ਉੱਧਰ ਕਈ ਲੋਕ ਅਜਿਹੇ ਵੀ ਹਨ ਜੋ ਹਿਊਸਟਨ ਵਿੱਚ ਰਹਿੰਦੇ ਹਨ ਪਰ 'ਹਾਊਡੀ ਮੋਦੀ' ਪ੍ਰੋਗਰਾਮ ਵਿੱਚ ਜਾਂ ਤਾਂ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਨਾਲ ਵਿਚਾਰਕ ਮਤਭੇਦ ਦੇ ਕਾਰਨ ਜਾਂ ਨਿੱਜੀ ਮੁਸ਼ਕਲਾਂ ਕਾਰਨ ਨਹੀਂ ਜਾ ਪਾ ਰਹੇ ਹਨ।

Image copyright AFP/GETTY IMAGES

ਹਿਊਸਟਨ ਵਿੱਚ ਰਹਿਣ ਵਾਲੀ ਇੱਕ ਭਾਰਤੀ ਮੂਲ ਦੀ ਅਮਰੀਕੀ ਮਹਿਲਾ ਆਭਾ ਵਿਚਾਰਕ ਮਤਭੇਦ ਦੇ ਕਾਰਨ ਪ੍ਰੋਗਰਾਮ ਵਿੱਚ ਨਹੀਂ ਜਾਵੇਗੀ, ਪਰ 'ਹਾਊਡੀ ਮੋਦੀ' ਦੇ ਬਾਰੇ ਉਹ ਕਹਿੰਦੀ ਹੈ, "ਬਹੁਤ ਵੱਡੇ ਪੱਧਰ 'ਤੇ ਇਹ ਪ੍ਰੋਗਰਾਮ ਹੋ ਰਿਹਾ ਹੈ, ਪੂਰਾ ਅਰੀਨਾ ਤੰਬੂਆਂ ਨਾਲ ਢਕਿਆ ਹੋਇਆ ਹੈ, ਪਾਣੀ ਦੀ ਤਰ੍ਹਾਂ ਪੈਸਾ ਵਹਾਇਆ ਜਾ ਰਿਹਾ ਹੈ। ਪੰਜ ਹਜ਼ਾਰ ਤੋਂ ਵੱਧ ਵਾਲੰਟੀਅਰ ਲੱਗੇ ਹੋਏ ਹਨ। ਇੱਕ ਤਰ੍ਹਾਂ ਪੂਰਾ ਸ਼ੋਅ ਚੱਲ ਰਿਹਾ ਹੈ ਅਤੇ ਲੋਕਾਂ ਲਈ ਮੁਫ਼ਤ ਦਾ ਆਕਰਸ਼ਣ ਵੀ ਹੈ, ਤਾਂ ਸਾਰੇ ਜਾਣ ਦੀ ਤਿਆਰੀ ਵਿੱਚ ਲੱਗੇ ਹਨ।''

ਇਹ ਵੀ ਪੜ੍ਹੋ:

ਇਸੇ ਤਰ੍ਹਾਂ ਭਾਵਨਾ ਨਾਮ ਦੀ ਇੱਕ ਔਰਤ ਇਸ ਗੱਲ ਤੋਂ ਪ੍ਰੇਸ਼ਾਨ ਹੈ ਕਿ ਭੀੜ ਵਿੱਚ ਬੁੱਢਿਆਂ ਅਤੇ ਬੱਚਿਆਂ ਨੂੰ ਲੈ ਕੇ ਕਿਵੇਂ ਜਾਣਗੇ।

ਭਾਵਨਾ ਕਹਿੰਦੀ ਹੈ, "ਸਵੇਰ ਦੇ ਸਮੇਂ ਉੱਥੇ ਡਾਊਨਟਾਊਨ ਦੇ ਇਲਾਕੇ ਵਿੱਚ ਟ੍ਰੈਫਿਕ ਬਹੁਤ ਹੁੰਦਾ ਹੈ, ਬਹੁਤ ਸਮਾਂ ਲੱਗ ਜਾਂਦਾ ਹੈ। ਪਾਰਕਿੰਗ ਮਿਲਣੀ ਮੁਸ਼ਕਿਲ ਹੋ ਜਾਂਦੀ ਹੈ। ਇਸ ਤੋਂ ਇਲਾਵਾ ਬਜ਼ੁਰਗਾਂ ਅਤੇ ਬੱਚਿਆਂ ਵਾਲੇ ਪਰਿਵਾਰ ਨਾਲ ਜਾਣਾ ਵੀ ਮੁਸ਼ਕਿਲ ਹੈ।''

'ਹਾਊਡੀ ਮੋਦੀ' ਵਿੱਚ ਸ਼ਾਮਲ ਹੋਣ ਜਾ ਰਹੇ ਬਹੁਤ ਸਾਰੇ ਲੋਕਾਂ ਨੂੰ ਮੋਦੀ ਤੋਂ ਭਾਰਤ ਵਿੱਚ ਸਰਕਾਰ ਦੀਆਂ ਨੀਤੀਆਂ ਅਤੇ ਦੇਸ ਦੇ ਵਿਕਾਸ ਬਾਰੇ ਉਨ੍ਹਾਂ ਦੀ ਜ਼ੁਬਾਨੀ ਹੀ ਸੁਣਨਾ ਹੈ ਤਾਂ ਕੁਝ ਲੋਕ ਇਹ ਵੀ ਚਾਹੁੰਦੇ ਹਨ ਕਿ ਮੋਦੀ ਹੁਣ ਕਾਲੇ ਧਨ ਨੂੰ ਵਾਪਿਸ ਲਿਆਉਣ ਵਰਗੇ ਮਾਮਲਿਆਂ ਵਿੱਚ ਕੁਝ ਕਰਕੇ ਵੀ ਵਿਖਾਉਣ।

ਹਿਊਸਟਨ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਕਾਂਤੀ ਭਾਈ ਪਟੇਲ ਕਹਿੰਦੇ ਹਨ, "ਅਸੀਂ ਚਾਹੁੰਦੇ ਹਾਂ ਕਿ ਮੋਦੀ ਜੀ ਕਾਲਾ ਧਨ ਵਾਪਿਸ ਲਿਆਉਣ ਦੀ ਨੀਤੀ ਬਾਰੇ ਕੁਝ ਦੱਸਣ। ਅਸੀਂ ਚਾਹੁੰਦੇ ਹਾਂ ਕਿ ਕਾਲਾ ਧਨ ਵਾਪਿਸ ਲਿਆਉਣ ਲਈ ਉਹ ਹੁਣ ਕੋਈ ਐਕਸ਼ਨ ਲੈਣ।''

ਉੱਥੇ ਹੀ ਹਿਊਸਟਨ ਵਿੱਚ ਰਹਿਣ ਵਾਲੇ ਕੁਝ ਮੁਸਲਮਾਨ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੀ ਨਹੀਂ ਹੋ ਰਹੇ ਸਗੋਂ ਉਸਦੀ ਤਿਆਰੀ ਵਿੱਚ ਮਦਦ ਵੀ ਕਰਵਾ ਰਹੇ ਹਨ।

Image copyright Reuters

ਸ਼ਹਿਰ ਦੀ ਇੱਕ ਮੁਸਲਿਮ ਸੰਸਥਾ ਇੰਡੀਅਨ ਮੁਸਲਿਮਸ ਐਸੋਸੀਏਸ਼ਨ ਆਫ਼ ਗ੍ਰੇਟਰ ਹਿਊਸਟਨ ਦੇ ਲਤਾਫ਼ਤ ਹੂਸੈਨ ਕਹਿੰਦੇ ਹਨ, "ਕੁਝ ਲੋਕ ਤਾਂ ਵਿਰੋਧ ਕਰਨਾ ਚਾਹੁੰਦੇ ਹਨ, ਤਾਂ ਕੁਝ ਚਾਹੁੰਦੇ ਹਨ ਕਿ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਅਸੀਂ ਲੋਕ ਤਾਂ ਮੋਦੀ ਜੀ ਨਾਲ ਗੱਲ ਕਰਨਾ ਚਾਹੁੰਦੇ ਹਾਂ ਕਿ ਭਾਰਤ ਵਿੱਚ ਘੱਟ ਗਿਣਤੀਆਂ ਦੇ ਨਾਲ ਜੋ ਹੋ ਰਿਹਾ ਹੈ ਉਸਦੇ ਲਈ ਸਰਕਾਰ ਨੂੰ ਬਹੁਤ ਕੁਝ ਕਰਨਾ ਪਵੇਗਾ। ਖਾਸ ਕਰਕੇ ਸੁਰੱਖਿਆ ਦੇ ਹਵਾਲੇ ਨਾਲ ਅਤੇ ਇਸ ਸਿਲਸਿਲੇ ਵਿੱਚ ਅਸੀਂ ਮੋਦੀ ਜੀ ਨੂੰ ਇੱਕ ਮੰਗ ਪੱਤਰ ਵੀ ਦਵਾਂਗੇ।''

ਲਤਾਫ਼ਤ ਹੂਸੈਨ ਦੱਸਦੇ ਹਨ ਕਿ ਉਨ੍ਹਾਂ ਦੀ ਸੰਸਥਾ ਦੇ ਕਈ ਲੋਕ 'ਹਾਊਡੀ ਮੋਦੀ' ਪ੍ਰੋਗਰਾਮ ਦੇ ਮੈਨੇਜਮੈਂਟ ਦੇ ਕੰਮਾਂ ਵਿੱਚ ਵੀ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ।

ਲਤਾਫ਼ਤ ਹੂਸੈਨ ਖ਼ੁਦ ਇੱਕ ਡ੍ਰੈਮੋਕ੍ਰੇਟ ਹਨ ਪਰ ਉਹ ਕਹਿੰਦੇ ਹਨ ਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ 'ਹਾਊਡੀ ਮੋਦੀ' ਵਿੱਚ ਸ਼ਾਮਲ ਹੋਣ ਆ ਰਹੇ ਹਨ ਤਾਂ ਇਹ ਭਾਰਤ ਲਈ ਮਾਣ ਵਾਲੀ ਗੱਲ ਹੈ।

ਲਤਾਫ਼ਤ ਹੂਸੈਨ ਨੂੰ ਉਮੀਦ ਹੈ ਕਿ ਦੋਵੇਂ ਨੇਤਾ ਇਸ ਪ੍ਰੋਗਰਾਮ ਦੌਰਾਨ ਮੁਲਾਕਾਤ ਵਿੱਚ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰ ਵਿੱਚ ਜਾਰੀ ਤਣਾਅ ਨੂੰ ਵੀ ਸੁਲਝਾਉਣ ਵਿੱਚ ਸਫ਼ਲ ਹੋਣਗੇ।

ਅਮਰੀਕਾ ਵਿੱਚ 77 ਫ਼ੀਸਦ ਭਾਰਤੀ ਮੂਲ ਦੇ ਲੋਕ ਡੈਮੋਕ੍ਰੇਟਿਕ ਪਾਰਟੀ ਨੂੰ ਵੋਟ ਦਿੰਦੇ ਹਨ। ਇਸ ਲਈ 2020 ਦੀਆਂ ਚੋਣਾਂ ਨੂੰ ਨਜ਼ਰ ਵਿੱਚ ਰੱਖਦੇ ਹੋਏ ਵੀ ਟਰੰਪ 'ਹਾਊਡੀ ਮੋਦੀ' ਵਿੱਚ ਸ਼ਾਮਲ ਹੋ ਕੇ ਵੱਖ-ਵੱਖ ਸੂਬਿਆਂ ਵਿੱਚ ਕਰੀਬ 20 ਲੱਖ ਭਾਰਤੀ ਮੂਲ ਦੇ ਅਮਰੀਕੀ ਵੋਟਰਾਂ ਨੂੰ ਵੀ ਸ਼ਾਇਦ ਰਿਝਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ।

Image copyright Press Association

ਪ੍ਰਬੰਧਕਾਂ ਵਿੱਚ ਸ਼ਾਮਲ ਇੱਕ ਭਾਰਤੀ ਅਮਰੀਕੀ ਸੰਸਥਾ ਟੈਕਸਸ ਇੰਡੀਆ ਫੋਰਮ ਨੇ ਇੱਕ ਬਿਆਨ ਵਿੱਚ ਕਿਹਾ, "ਅਮਰੀਕੀ ਰਾਸ਼ਟਰਪਤੀ ਟਰੰਪ ਦੇ ਨਾਲ-ਨਾਲ ਡੈਮੋਕ੍ਰੇਟਿਕ ਅਤੇ ਰਿਪਬਲੀਕਨ ਦੋਵਾਂ ਪਾਰਟੀਆਂ ਦੇ ਕਈ ਸੰਸਦ ਮੈਂਬਰ, ਕਈ ਸੂਬਿਆਂ ਦੇ ਰਾਜਪਾਲ ਅਤੇ ਕਈ ਮੇਅਰ ਤੇ ਕਈ ਅਧਿਕਾਰੀ ਵੀ ਹਾਊਡੀ ਮੋਦੀ ਵਿੱਚ ਸ਼ਾਮਲ ਹੋਣਗੇ।"

ਹਿਊਸਟਨ ਵਿੱਚ ਮੋਦੀ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਵਿੱਚ ਹਜ਼ਾਰਾਂ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਕਸ਼ਮੀਰ ਦੇ ਮੁੱਦੇ 'ਤੇ ਅਤੇ ਮੋਦੀ ਸਰਕਾਰ ਦੀਆਂ ਘੱਟ ਗਿਣਤੀਆਂ ਪ੍ਰਤੀ ਨੀਤੀਆਂ ਖ਼ਿਲਾਫ਼ ਵਿਰੋਧ ਕਰਨ ਵਾਲਿਆਂ ਵਿੱਚ ਵੱਡੀ ਗਿਣਤੀ 'ਚ ਸਿੱਖ ਭਾਈਚਾਰੇ ਦੇ ਲੋਕ ਅਤੇ ਪਾਕਿਸਤਾਨੀ ਮੂਲ ਦੇ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

5 ਅਗਸਤ ਨੂੰ ਭਾਰਤ ਸਰਕਾਰ ਵੱਲੋਂ ਕਸ਼ਮੀਰ ਦੇ ਆਰਟੀਕਲ 370 ਨੂੰ ਖ਼ਤਮ ਕੀਤੇ ਜਾਣ ਤੋਂ ਬਾਅਦ ਉੱਥੇ ਸੰਚਾਰ ਸਾਧਨਾਂ ਅਤੇ ਮੋਬਾਈਲ ਫ਼ੋਨ 'ਤੇ ਪਾਬੰਦੀ ਜਾਰੀ ਹੈ, ਜਿਸ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ:

ਗੇਟਸ ਫਾਊਂਡੇਸ਼ਨ ਵੱਲੋਂ ਮੋਦੀ ਨੂੰ ਪੁਰਸਕਾਰ ਮਿਲੇਗਾ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਊਸਟਨ ਤੋਂ 23 ਸਤੰਬਰ ਨੂੰ ਸੰਯੁਕਤ ਰਾਸ਼ਟਰ ਵਿੱਚ ਮਹਾਂਸਭਾ ਦੇ ਸਲਾਨਾ ਬੈਠਕ ਵਿੱਚ ਹਿੱਸਾ ਲੈਣ ਪਹੁੰਚਣਗੇ।

27 ਸਤੰਬਰ ਨੂੰ ਉਨ੍ਹਾਂ ਦਾ ਸੰਬੋਧਨ ਹੈ। ਉਸੇ ਦਿਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਮਹਾਂਸਭਾ ਨੂੰ ਸੰਬੋਧਿਤ ਕਰਨਗੇ।

ਇਮਰਾਨ ਖ਼ਾਨ ਨੇ ਕਿਹਾ ਹੈ ਕਿ ਉਹ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਦੇ ਹਾਲਾਤ 'ਤੇ ਹੀ ਜ਼ੋਰ ਦੇਣਗੇ

ਪਰ ਭਾਰਤ ਨੇ ਦੋ ਟੁਕ ਸ਼ਬਦਾਂ ਵਿੱਚ ਕੌਮਾਂਤਰੀ ਭਾਈਚਾਰੇ ਨੂੰ ਕਹਿ ਦਿੱਤਾ ਹੈ ਕਿ ਕਸ਼ਮੀਰ ਵਿੱਚ ਆਰਟੀਕਲ 370 ਨੂੰ ਖ਼ਤਮ ਕਰਨ ਦਾ ਮਾਮਲਾ ਉਸਦਾ ਅੰਦਰੂਨੀ ਮਾਮਲਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਯਾਰਕ ਵਿੱਚ ਕਈ ਦੇਸਾਂ ਦੇ ਨੇਤਾਵਾਂ ਨਾਲ ਮੁਲਾਕਾਤ ਵੀ ਕਰਨਗੇ।

ਮੋਦੀ ਨਿਊਯਾਰਕ ਵਿੱਚ ਬਲੂਮਬਰਗ ਗਲੋਬਲ ਬਿਜ਼ਨਸ ਫੋਰਮ ਨੂੰ ਵੀ ਸੰਬੋਧਿਤ ਕਰਨਗੇ ਅਤੇ ਉਨ੍ਹਾਂ ਨੂੰ ਗੇਟਸ ਫਾਊਂਡੇਸ਼ਨ ਵੱਲੋਂ ਪੁਰਸਕਾਰ ਵੀ ਦਿੱਤਾ ਜਾਵੇਗਾ।

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)