ਅਵਿਗਡੋਰ ਲਿਬਰਮਨ: ਅਰਬ ਲੋਕਾਂ ਖ਼ਿਲਾਫ਼ ਕੌੜਾ ਬੋਲਣ ਲਈ ਮਸ਼ਹੂਰ ਇਸਰਾਇਲ ਦਾ ‘ਕਿੰਗਮੇਕਰ’

ਅਵਿਗਡੋਰ ਲਿਬਰਮਨ Image copyright AFP/Getty Images
ਫੋਟੋ ਕੈਪਸ਼ਨ ਅਵਿਗਡੋਰ ਲਿਬਰਮਨ ਬਹੁਤਿਆਂ ਲਈ ਇੱਕ ਬੁਝਾਰਤ ਹੈ

ਇਸਰਾਇਲ ਦੀਆਂ ਆਮ ਚੋਣਾਂ 'ਚ ਕਿਸੇ ਨੂੰ ਸਪਸ਼ਟ ਬਹੁਮਤ ਨਾ ਮਿਲਣ ਦੀ ਹਾਲਤ 'ਚ ਕਿੰਗਮੇਕਰ ਵਜੋਂ ਉਭਰੇ ਨੇਤਾ ਅਵਿਗਡੋਰ ਲਿਬਰਮਨ ਬਹੁਤਿਆਂ ਲਈ ਇੱਕ ਬੁਝਾਰਤ ਵਾਂਗ ਹਨ। ਪਰ ਲਿਬਰਨ ਇਸਰਾਇਲੀ ਸਿਆਸਤ ਦੇ ਮੰਚ 'ਤੇ ਕੋਈ ਨਵਾਂ ਨਾਂ ਨਹੀਂ ਹੈ।

ਉਹ ਲਗਭਗ ਪਿਛਲੇ 20 ਸਾਲਾਂ ਤੋਂ ਸੰਸਦ ਮੈਂਬਰ ਜਾਂ ਮੰਤਰੀ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ ਕਈ ਅਸਰਦਾਰ ਮੰਤਰਾਲਿਆਂ ਦੀਆਂ ਅਗਵਾਈ ਕੀਤੀ ਹੈ।

ਉਹ ਅਕਸਰ ਆਪਣੇ ਅਰਬ ਵਿਰੋਧੀ ਬਿਆਨਾਂ ਕਾਰਨ ਵਿਵਾਦਾਂ 'ਚ ਵੀ ਘਿਰੇ ਰਹੇ ਹਨ ਅਤੇ ਉਨ੍ਹਾਂ ਦੀ ਗਿਣਤੀ ਬੇਹੱਦ ਵਿਵਾਦਿਤ ਆਗੂਆਂ 'ਚ ਹੁੰਦੀ ਹੈ।

ਮੌਜੂਦਾ ਦੌਰ 'ਚ ਇਸਰਾਇਲ ਵਿੱਚ ਉਨ੍ਹਾਂ ਨੂੰ ਲੈ ਕੇ ਜੋ ਸਭ ਤੋਂ ਅਹਿਮ ਸਵਾਲ ਚੁੱਕਿਆ ਜਾ ਰਿਹਾ ਹੈ। ਉਹ ਇਹ ਹੈ ਕਿ ਪ੍ਰਧਾਨ ਮੰਤਰੀ ਬਿਨਯਾਮਿਨ ਨੇਤਨਯਾਹੂ ਦੇ ਇੱਕ ਵੇਲੇ ਵਫ਼ਾਦਾਰ ਤੇ ਸੱਜਾ ਹੱਥ ਮੰਨੇ ਜਾਣ ਵਾਲੇ ਲਿਬਰਮਨ ਆਖ਼ਿਰ ਕਿਵੇਂ ਉਨ੍ਹਾਂ ਦੇ ਰਾਹ ਦਾ ਰੋੜਾ ਬਣ ਗਏ ਅਤੇ ਹੁਣ ਉਨ੍ਹਾਂ ਦੇ ਸਿਆਸੀ ਕੈਰੀਅਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ:

ਲਿਬਰਮਨ ਨੇ 9 ਅਪ੍ਰੈਲ ਦੀਆਂ ਆਮ ਚੋਣਾਂ ਤੋਂ ਬਾਅਦ ਨੇਤਨਯਾਹੂ ਦੀ ਅਗਵਾਈ ਵਾਲੀ ਗਠਜੋੜ ਸਰਕਾਰ 'ਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਾਰਨ 17 ਸਤੰਬਰ ਨੂੰ ਦੁਬਾਰਾ ਚੋਣਾਂ ਕਰਵਾਉਣੀਆਂ ਪਈਆਂ।

ਇਨ੍ਹਾਂ ਚੋਣਾਂ ਤੋਂ ਬਾਅਦ ਕੁਝ ਅਜਿਹੀ ਸਥਿਤੀ ਪੈਦਾ ਹੋ ਗਈ ਹੈ ਕਿ ਮੰਨਿਆ ਜਾ ਰਿਹਾ ਹੈ ਕਿ ਲਿਬਰਮਨ ਤੈਅ ਕਰਨਗੇ ਕਿ ਕਿਸ ਦੀ ਸਰਕਾਰ ਬਣੇ।

ਨੇਤਨਯਾਹੂ ਦੀ ਆਗਵਾਈ ਵਾਲੀ ਸੱਜੇਪੱਖੀ ਪਾਰਟੀਆਂ ਦੇ ਸਮੂਹਾਂ ਨੂੰ 120 ਮੈਂਬਰਾਂ ਵਾਲੀ ਸੰਸਦ 'ਚ 55 ਸੀਟਾਂ ਮਿਲੀਆਂ ਹਨ, ਉੱਥੇ ਵਿਰੋਧੀ ਪਾਰਟੀਆਂ ਨੂੰ ਕੁੱਲ 57 ਸੀਟਾਂ ਹਾਸਿਲ ਹੋਈਆਂ ਹਨ।

Image copyright AFP/Getty Images

ਲਿਬਰਮਨ ਦੀ ਇਸਰਾਇਲ ਬੇਤੇਨੂ ਪਾਰਟੀ ਨੂੰ 8 ਸੀਟਾਂ ਮਿਲੀਆਂ ਹਨ ਅਤੇ ਉਹ ਜਿਸ ਸਮੂਹ ਦਾ ਸਾਥ ਦੇਣਗੇ ਉਸ ਦੀ ਸਰਕਾਰ ਬਣੇਗੀ।

ਫਿਲਹਾਲ ਉਨ੍ਹਾਂ ਨੇ ਕਿਸੇ ਦਾ ਵੀ ਸਾਥ ਦੇਣ ਤੋਂ ਇਨਕਾਰ ਕੀਤਾ ਹੈ ਅਤੇ ਇੱਕ ਕੌਮੀ ਏਕਤਾ ਦੀ ਸਰਕਾਰ ਬਣਾਉਣ ਦੀ ਮੰਗ ਕੀਤੀ ਹੈ।

ਜਿਸ ਵਿੱਚ ਉਨ੍ਹਾਂ ਦੀ ਪਾਰਟੀ ਤੋਂ ਇਲਾਵਾ ਦੋ ਸਭ ਤੋਂ ਵੱਡੀਆਂ ਪਾਰਟੀਆਂ, ਲਿਕੁੜ ਅਤੇ ਬਲੂ ਐਂਡ ਵਾਇਟ ਸ਼ਾਮਿਲ ਹਨ।

ਕਦੇ ਨੇਤਨਯਾਹੂ ਦੇ ਬੇਹੱਦ ਕਰੀਬੀ ਸਨ

ਇਸਰਾਇਲ ਵਿੱਚ ਵੀ ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਕਿਸੇ ਸਮੇਂ ਨੇਤਨਯਾਹੂ ਅਤੇ ਲਿਬਰਮਨ ਦੀ ਜੋੜੀ ਅਟੁੱਟ ਸੀ। ਨੇਤਨਯਾਹੂ ਜਦੋਂ ਲਿਕੁੜ ਪਾਰਟੀ ਦੇ ਉਭਰਦੇ ਹੋਏ ਸਿਤਾਰੇ ਸਨ ਤਾਂ ਉਦੋਂ ਲਿਬਰਮਨ ਉਨ੍ਹਾਂ ਦੇ ਸਭ ਤੋਂ ਭਰੋਸੇਯੋਗ ਸਾਥੀ ਸਨ ਅਤੇ ਨੇਤਨਯਾਹੂ ਨੂੰ ਸਿਖਰਾਂ ਤੱਕ ਪਹੁੰਚਾਉਣ ਵਿੱਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ।

ਲਿਬਰਮਨ ਨੇ ਨੇਤਨਯਾਹੂ ਦੇ ਪਹਿਲੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਉਨ੍ਹਾਂ ਦੇ ਦਫ਼ਤਰ ਵਿੱਚ ਡਾਇਰੈਕਟਰ ਜਨਰਲ ਦਾ ਅਹੁਦਾ ਵੀ ਸੰਭਾਲਿਆ ਅਤੇ ਸਭ ਤੋਂ ਅਸਰਦਾਰ ਲੋਕਾਂ ਵਿੱਚ ਉਨ੍ਹਾਂ ਦੀ ਗਿਣਤੀ ਸੀ।

Image copyright Reuters

61 ਸਾਲ ਦੇ ਲਿਬਰਮਨ 1978 ਵਿੱਚ ਸੋਵੀਅਤ ਸੰਘ ਦੇ ਮਾਲਡੋਵਾ ਖੇਤਰ ਤੋਂ ਇਸਰਾਇਲ ਆਏ ਅਤੇ ਉਨ੍ਹਾਂ ਦਾ ਪਰਿਵਾਰ ਪੱਛਮੀ ਤਟ ਦੀ ਨੋਕਦੀਮ ਬਸਤੀ ਵਿੱਚ ਰਹਿੰਦਾ ਹੈ।

ਇੱਕ ਲੰਬੇ ਸਮੇਂ ਤੱਕ ਲੋਕ ਉਨ੍ਹਾਂ ਨੂੰ ਅਵੈਤ ਦੇ ਨਾਮ ਨਾਲ ਜਾਣਦੇ ਸਨ ਪਰ ਉਨ੍ਹਾਂ ਨੇ ਬਾਅਦ ਵਿੱਚ ਆਪਣਾ ਨਾਮ ਬਦਲ ਕੇ ਇੱਕ ਹਿਬਰੂ ਨਾਮ ਅਪਣਾ ਲਿਆ, ਅਵਿਗਡੋਰ।

ਨੇਤਨਯਾਹੂ ਦੇ ਸਿਆਸਤ ਵਿੱਚ ਪ੍ਰਵੇਸ਼ ਤੋਂ ਪਹਿਲਾਂ ਹੀ ਲਿਬਰਮਨ ਲਿਕੁੜ ਪਾਰਟੀ ਵਿੱਚ ਕਾਰਜਸ਼ੀਲ ਸਨ।

ਉਹ 1980 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਯੇਰੂਸਲਮ ਦੀ ਯੂਨੀਵਰਸਿਟੀ 'ਚ ਅਧਿਐਨ ਦੌਰਾਨ ਪਾਰਟੀ 'ਚ ਸ਼ਾਮਿਲ ਹੋਏ, ਜਿੱਥੇ ਉਨ੍ਹਾਂ ਨੇ ਅਰਬ ਵਿਦਿਆਰਥੀਆਂ ਦੇ ਖ਼ਿਲਾਫ਼ ਅਕਸਰ ਹਿੰਸਕ ਸੱਜੇਪੱਖੀ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ।

ਉਹ ਲਿਕੁੜ ਪਾਰਟੀ ਦੇ ਨੇਤਾ ਮੋਸ਼ੇ ਆਨਰਸ ਦਾ ਸਮਰਥਨ ਕਰ ਵਾਲੇ 'ਆਨਰਸ ਕੈਂਪ' 'ਚ ਸਰਗਰਮ ਸਨ, ਜਿਨ੍ਹਾਂ ਦਾ ਵਿਆਪਕ ਰੂਪ ਨਾਲ ਪਾਰਟੀ ਦੇ ਅਗਲੇ ਨੇਤਾ ਬਣਨ ਦੀ ਆਸ ਸੀ।

20 ਸਾਲ ਦੀ ਉਮਰ ਵਿੱਚ ਆਪਣੇ ਮਾਤਾ-ਪਿਤਾ ਦੇ ਨਾਲ ਤਤਕਾਲੀ ਸੋਵੀਅਤ ਸੰਘ ਤੋਂ ਉਜੜੇ ਲਿਬਰਮਨ 'ਚ ਸ਼ੁਰੂ ਤੋਂ ਹੀ ਸਿਆਸਤ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਹੋੜ ਰਹੀ।

ਮੋਸ਼ੇ ਆਨਰਸ, ਜੋ ਕਿ ਵਿਦੇਸ਼ ਮੰਤਰੀ ਰਹੇ, ਉਨ੍ਹਾਂ ਦਾ ਲਿਬਰਮਨ ਨੇ ਜ਼ੋਰਦਾਰ ਸਮਰਥਨ ਕੀਤਾ ਅਤੇ ਉਨ੍ਹਾਂ ਦੇ ਪੱਖ ਵਿੱਚ ਰੈਲੀਆਂ ਕੱਢੀਆਂ।

ਪਰ ਇਹ ਮਿਹਨਤ ਰੰਗ ਨਹੀਂ ਲਿਆਈ ਅਤੇ ਉਹ ਸਹੀ ਮੌਕੇ ਦੀ ਭਾਲ ਕਰਨ ਲੱਗੇ।

ਨੇਤਨਯਾਹੂ ਦੇ ਸਿਆਸਤ 'ਚ ਆਉਣ ਨਾਲ ਮਿਲੀ ਦਿਸ਼ਾ

ਇਹ ਮੌਕਾ ਉਨ੍ਹਾਂ ਨੂੰ ਉਦੋਂ ਮਿਲਿਆ ਜਦੋਂ ਇੱਕ ਹੋਣਹਾਰ ਨੌਜਵਾਨ ਨੇ 1988 'ਚ ਸੰਯੁਕਤ ਰਾਸ਼ਟਰ ਸੰਘ ਵਿੱਚ ਇਸਰਾਇਲ ਦੇ ਰਾਜਦੂਤ ਅਹੁਦੇ ਤੋਂ ਅਸਤੀਫ਼ਾ ਦੇ ਕੇ ਸਿਆਸਤ 'ਚ ਉਤਰਨ ਦਾ ਫ਼ੈਸਲਾ ਕੀਤਾ।

ਇਹ ਕੋਈ ਅਤੇ ਨਹੀਂ ਬਲਿਕ ਨੇਤਨਯਾਹੂ ਸਨ ਜਿਨ੍ਹਾਂ ਨੇ ਇਸਰਾਇਲੀ ਨੀਤੀਆਂ ਦੀ ਸੰਯੁਕਤ ਰਾਸ਼ਟਰ ਸੰਘ ਵਿੱਚ ਬਾਖ਼ੂਬੀ ਬਚਾਅ ਕਰ ਕੇ ਆਪਣੀ ਜਨਤਾ ਦੇ ਦਿਲ ਵਿੱਚ ਥਾਂ ਬਣਾ ਲਈ ਸੀ।

Image copyright AFP/Getty Images

ਪਰ ਚੋਣ ਮੈਦਾਨ ਵਿੱਚ ਉਸ ਨੂੰ ਭਰੋਸਯੋਗ ਲੋਕਾਂ ਦੀ ਲੋੜ ਸੀ ਜਿਸ ਨੂੰ ਪੂਰਾ ਲਿਬਰਮਨ ਨੇ ਕੀਤਾ। ਜੀ ਤੋੜ ਮਿਹਨਤ ਤੋਂ ਬਾਅਦ ਇਸ ਜੋੜੀ ਨੇ ਨੇਤਨਯਾਹੂ ਲਈ ਲਿਕੁੜ ਦੀ ਸੂਚੀ ਵਿੱਚ ਮੋਹਰੀ ਥਾਂ ਬਣਾ ਲਿਆ।

ਇਸ ਦੌਰਾਨ ਇੱਕ ਅਤੇ ਮਹੱਤਵਪੂਰਨ ਘਟਨਾ ਹੋਈਆਂ ਜਿਨ੍ਹਾਂ ਨੇ ਲਿਬਰਮਾਨ ਦੀ ਨਾ ਸਿਰਫ਼ ਅਹਿਮੀਅਤ ਵਧਾਈ ਬਲਕਿ ਉਨ੍ਹਾਂ ਦੀ ਸਫ਼ਲਤਾ ਦਾ ਰਸਤਾ ਵੀ ਖੋਲ੍ਹਿਆ।

1991 ਵਿੱਚ ਸੋਵੀਅਤ ਸੰਘ ਭੰਗ ਹੋਇਆ ਅਤੇ ਕਰੀਬ 10 ਲੱਖ ਯਹੂਦੀ ਉੱਥੋਂ ਇਸਰਾਇਲ ਆ ਗਏ। ਅੱਜ ਦੀ ਤਰੀਕ ਵਿੱਚ ਭੰਗ ਹੋਈ ਸੋਵੀਅਤ ਸੰਘ ਤੋਂ ਆਏ ਰੂਸੀ ਮੂਲ ਦੇ ਲੋਕਾਂ ਦੀ ਇਸਰਾਇਲ ਵਿੱਚ ਆਬਾਦੀ ਕਰੀਬ 20 ਫੀਸਦ ਹੈ ਅਤੇ ਲਿਬਰਮਨ ਦੇ ਸਿਆਸੀ ਸਫ਼ਲਤਾ ਦਾ ਮੁੱਖ ਕਾਰਨ ਹੈ।

ਲਿਬਰਮਨ ਅੱਜ ਵੀ ਇਸਰਾਇਲ ਦੇ ਮੂਲ ਨਿਵਾਸੀਆਂ ਵਾਂਗ ਹਿਬਰੂ ਨਹੀਂ ਬੋਲਦੇ ਅਤੇ ਉਨ੍ਹਾਂ ਦੀ ਬੋਲੀ 'ਤੇ ਰੂਸੀ ਭਾਸ਼ਾ ਦਾ ਡੂੰਘਾ ਅਸਰ ਹੈ।

ਪਰ ਉਨ੍ਹਾਂ ਦੇ ਸਿਆਸੀ ਕੈਰੀਅਰ 'ਤੇ ਇਸ ਦਾ ਕੋਈ ਉਲਟਾ ਅਸਰ ਨਹੀਂ ਪਿਆ। ਆਪਣੇ ਵਧੇਰੇ ਵਿਵਾਦਿਤ ਬਿਆਨਾਂ ਕਰਕੇ ਉਨ੍ਹਾਂ ਨੇ ਅਰਬਾਂ ਨਾਲ ਨਫ਼ਰਤ ਕਰਨ ਵਾਲੇ ਕੁਝ ਕੱਟੜਪੰਥੀ ਯਹੂਦੀਆਂ ਮਨ ਵਿੱਚ ਵੀ ਆਪਣੇ ਲਈ ਥਾਂ ਬਣਾ ਲਈ ਹੈ।

ਨੇਤਾ ਦੀ ਪਸੰਦ ਦਾ ਕੱਪੜਾ ਪਾਉਂਦੇ ਸਨ

ਸਖ਼ਤ ਮਿਹਨਤ ਤੋਂ ਬਾਅਦ ਵੀ ਮੋਸ਼ੇ ਆਨਰਸ ਤੋਂ ਉਨ੍ਹਾਂ ਕੋਈ ਖ਼ਾਸ ਲਾਹਾ ਨਹੀਂ ਮਿਲਿਆ ਅਤੇ ਲਿਬਰਮਨ ਲਿਕੁੜ ਪਾਰਟੀ ਵਰਕਸ ਯੂਨੀਅਨ ਵਿੱਚ ਇੱਕ ਹੇਠਲੇ ਪੱਧਰ ਦਾ ਅਹੁਦਾ ਹੀ ਆਪਣੇ ਲਈ ਹਾਸਿਲ ਕਰ ਸਕੇ। ਪਰ ਇਸੇ ਦੌਰਾਨ ਉਨ੍ਹਾਂ ਨੇ ਆਪਣਾ ਪੂਰਾ ਧਿਆਨ ਨੇਤਨਯਾਹੂ ਵੱਲ ਹੋਰ ਕੇਂਦਰਿਤ ਕਰ ਲਿਆ।

Image copyright Reuters

ਕੁਝ ਲੋਕ ਦੱਸਦੇ ਹਨ ਕਿ ਲਿਬਰਮਨ ਚੋਣ ਸਭਾ ਤੋਂ ਪਹਿਲਾਂ ਨਿਰਧਾਰਿਤ ਥਾਂ 'ਤੇ ਪਹੁੰਚ ਜਾਂਦੇ ਸਨ ਅਤੇ ਆਪਣੇ ਨੇਤਾ ਦੀ ਪਸੰਦ ਦਾ ਕੱਪੜਾ ਤੱਕ ਪ੍ਰੈਸ ਕਰਵਾ ਤਿਆਰ ਰੱਖਦੇ ਸਨ।

ਉਨ੍ਹਾਂ ਨੇ ਨੇਤਨਯਾਹੀ ਲਈ ਰੂਸੀ ਮੂਲ ਦੇ ਲੋਕਾਂ ਵਿੱਚ ਸਮਰਥਨ ਹਾਸਿਲ ਕੀਤਾ ਅਤੇ ਉਨ੍ਹਾਂ ਨੂੰ ਲਿਕੁੜ ਪਾਰਟੀ ਵਿੱਚ ਵੀ ਸ਼ਾਮਿਲ ਕਰਵਾਇਆ।

ਉਹ ਯਾਦਦਾਸ਼ਤ ਦੇ ਬੇਹੱਦ ਤੇਜ਼ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਨੇ ਸਮਰਥਕਾਂ ਦੀ ਪੂਰੀ ਸੂਚੀ ਬਣਾ ਰੱਖੀ ਸੀ। ਹੁਣ ਬਸ ਸਹੀ ਸਮੇਂ ਦਾ ਇੰਤਜ਼ਾਰ ਸੀ।

ਇਹ ਮੌਕਾ ਉਦੋਂ ਆਇਆ ਜਦੋਂ 1993 ਵਿੱਚ ਲਿਕੁੜ ਪਾਰਟੀ ਵਿੱਚ ਪਹਿਲੀ ਵਾਰ ਪ੍ਰਾਈਮਰੀਜ਼ ਹੋਏ ਅਤੇ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਨੇ ਆਪਣਾ ਪ੍ਰਧਾਨ ਚੁਣਨ ਲਈ ਵੋਟ ਕੀਤਾ।

ਲਿਬਰਮਨ ਦੀ ਸਾਲਾਂ ਦੀ ਮਿਹਨਤ ਕੰਮ ਆਈ ਅਤੇ ਉਨ੍ਹਾਂ ਨੇ ਹੁਣ ਤੱਕ ਸਥਾਪਿਤ ਸੰਪਰਕ ਦਾ ਨੇਤਨਯਾਹੂ ਦੇ ਪੱਖ ਵਿੱਚ ਇਸਤੇਮਾਲ ਕੀਤਾ।

ਨੇਤਨਯਾਹੂ ਪਾਰਟੀ ਦੇ ਪ੍ਰਧਾਨ ਚੁਣੇ ਗਏ ਅਤੇ ਲਿਬਰਮਨ ਨੂੰ ਪਾਰਟੀ ਦਾ ਸੀਈਓ ਬਣਾਇਆ ਗਿਆ।

ਪਹਿਲੀ ਵਾਰ ਸਿਆਸਤ ਵਿੱਚ ਉਨ੍ਹਾਂ ਨੇ ਬੇਹੱਦ ਅਹਿਮ ਕਾਰਜਭਾਰ ਮਿਲਿਆ ਅਤੇ ਉਨ੍ਹਾਂ ਨੇ ਇਸ ਨੂੰ ਬਾਖ਼ੂਬੀ ਨਿਭਾਇਆ।

ਪਾਰਟੀ ਡੂੰਘੇ ਆਰਥਿਕ ਸੰਕਟ ਨਾਲ ਜੂਝ ਰਹੀ ਸੀ। ਦੱਸਿਆ ਜਾਂਦਾ ਹੈ ਕਿ ਲਿਬਰਮਨ ਨੇ ਸਖ਼ਤ ਮਿਹਨਤ ਰਾਹੀਂ ਪਾਰਟੀ ਨੂੰ ਸੰਕਟ 'ਚੋਂ ਬਾਹਰ ਕੱਢਿਆ।

ਨੇਤਨਯਾਹੂ ਨੇ ਵੀ ਇਸ ਦੌਰਾਨ ਆਪਣੇ ਕੂਟਨੀਤਕ ਜੀਵਨ ਦੌਰਾਨ ਅਮਰੀਕਾ ਵਿੱਚ ਬਣਾਏ ਸੰਬਧਾਂ ਦੀ ਵਰਤੋਂ ਕਰਦਿਆਂ ਹੋਇਆਂ ਪਾਰਟੀ ਲਈ ਕਾਫੀ ਪੈਸੇ ਇਕੱਠੇ ਕੀਤੇ। ਹੁਣ ਨੇਤਨਯਾਹੂ ਅਤੇ ਲਿਬਰਮਨ ਦੀ ਜੋੜੀ ਅਗਲੀ ਚੁਣੌਤੀ ਲਈ ਤਿਆਰ ਸੀ।

ਇਸਰਾਈਲ ਵਿੱਚ ਪ੍ਰਧਾਨ ਮੰਤਰੀ ਅਹੁਦੇ ਲਈ ਸਿੱਧੀਆਂ ਚੋਣਾਂ ਕਰਵਾਉਣ ਦਾ ਕਾਨੂੰਨ ਪਾਸ ਹੋ ਗਿਆ ਸੀ। ਨੇਤਨਯਾਹੂ ਨੇ ਆਪਣੀ ਪਾਰਟੀ ਦਾ ਵਿਰੋਧ ਕਰਦਿਆਂ ਹੋਇਆਂ ਇਸ ਤਜਵੀਜ਼ ਦਾ ਸਮਰਥਨ ਕੀਤਾ।

ਉਨ੍ਹਾਂ ਨੂੰ ਆਸ ਸੀ ਕਿ ਇੱਕ ਦਿਨ ਉਹ ਲਿਕੁੜ ਪਾਰਟੀ ਦੇ ਉਮੀਦਵਾਰ ਹੋਣਗੇ ਅਤੇ ਪਾਰਟੀ ਦੇ ਮੋਹਰੀ ਨੇਤਾਵਾਂ ਦੇ ਹਟ ਜਾਣ ਤੋਂ ਬਾਅਦ 1996 ਵਿੱਚ ਉਨ੍ਹਾਂ ਨੂੰ ਇਹ ਮੌਕਾ ਹੱਥ ਲੱਗਾ।

ਇਸਰਾਇਲ ਦੇ ਪ੍ਰਧਾਨ ਮੰਤਰੀ ਇਟਜ਼ਹੈਕ ਰੌਬਿਨ ਦੇ ਕਤਲ ਕੀਤੇ ਜਾਣ ਤੋਂ ਬਾਅਦ ਲਿਕੁੜ ਪਾਰਟੀ ਦਾ ਉਮੀਦਵਾਰ ਬਣ ਕੇ ਪ੍ਰਧਾਨ ਮੰਤਰੀ ਅਹੁਦੇ ਲਈ ਚੋਣਾਂ ਲੜਨੀਆਂ ਆਪਣੇ ਪੈਰ 'ਤੇ ਕੁਲਹਾੜੀ ਮਾਰਨ ਤੋਂ ਘੱਟ ਨਹੀਂ ਸੀ।

ਪਰ ਨੇਤਨਯਾਹੂ ਨੇ ਹਿੰਮਤ ਕੀਤੀ ਅਤੇ ਲਿਬਰਮਨ ਦੀ ਵਧੀਆ ਮੈਨੇਜਮੈਂਟ ਬਦੌਲਤ ਇੱਕ ਨਿਸ਼ਚਿਤ ਹਾਰ ਨੂੰ ਜਿੱਤ ਵਿੱਚ ਬਦਲ ਦਿੱਤਾ।

ਨੇਤਨਯਾਹੂ-ਲਿਬਰਮਨ ਦੇ ਰਿਸ਼ਤਿਆਂ ਵਿੱਚ ਕਿਵੇਂ ਪਈ ਤਰੇੜ

1996 ਵਿੱਚ ਜਦੋਂ ਨੇਤਨਯਾਹੂ ਪਹਿਲੀ ਵਾਰ ਪ੍ਰਧਾਨ ਮੰਤਰੀ ਉਦੋਂ ਲਿਬਰਮਨ ਨੇ ਉਨ੍ਹਾਂ ਦੇ ਕਾਰਜਕਾਲ ਵਿੱਚ ਡਾਇਰੈਕਟਰ ਜਨਰਲ ਦੇ ਅਹਿਮ ਅਹੁਦੇ ਨੂੰ ਸੰਭਾਲਿਆ ਸੀ।

18 ਮਹੀਨਿਆਂ ਤੱਕ ਲਿਬਰਮਨ ਪ੍ਰਧਾਨ ਮੰਤਰੀ ਕਾਰਜਕਾਲ ਦੇ ਸਭ ਤੋਂ ਅਹਿਮ ਅਹੁੰਦੇ 'ਤੇ ਕਾਰਜਸ਼ੀਲ ਰਹੇ ਪਰ ਉਸ ਤੋਂ ਬਾਅਦ ਅਟੁੱਟ ਮੰਨੀ ਜਾਣ ਵਾਲੀ ਇਸ ਜੋੜੀ 'ਚ ਮਤਭੇਦ ਆ ਗਏ।

ਨੇਤਨਯਾਹੂ ਨੇ ਲਿਬਰਮਨ 'ਤੇ ਗ਼ਲਤ ਸਲਾਹ ਦੇ ਕੇ ਉਨ੍ਹਾਂ ਦੀ ਸਰਕਾਰ ਨੂੰ ਅਸਫ਼ਲ ਬਣਾਉਣ ਦਾ ਇਲਜ਼ਾਮ ਲਗਾਇਆ ਤਾਂ ਲਿਬਰਮਨ ਨੇ ਨੇਤਨਯਾਹੂ ਨੂੰ ਸਖ਼ਤ ਫ਼ੈਸਲੇ ਲੈਣ 'ਚ ਅਸਮਰੱਥ ਨੇਤਾ ਦੱਸਿਆ।

Image copyright EPA

ਲਿਬਰਮਨ ਨੇ ਪ੍ਰਧਾਨ ਮੰਤਰੀ ਕਾਰਜਕਾਲ ਤੋਂ ਨਿਕਲਣ ਤੋਂ ਬਾਅਦ ਵਪਾਰ ਦਾ ਰੁਖ਼ ਕੀਤਾ ਅਤੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਬਹੁਤ ਪੈਸਾ ਇਕੱਠਾ ਕੀਤਾ।

ਗ਼ੈਰ-ਕਾਨੂੰਨੀ ਢੰਗ ਨਾਲ ਪੈਸਾ ਇਕੱਠਾ ਕਰਨ ਦੇ ਵੀ ਉਨ੍ਹਾਂ 'ਤੇ ਇਲਜ਼ਾਮ ਲਗਾਏ ਗਏ ਜਿਸ ਕਾਰਨ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਪੁਲਿਸ ਜਾਂਚ ਵਿਚੋਂ ਲੰਘਣਾ ਪਿਆ।

ਪਰ 1999 ਵਿੱਚ ਉਹ ਫਿਰ ਸਿਆਸਤ ਦੇ ਮੰਚ 'ਤੇ ਉਤਰੇ ਤਾਂ ਆਪਣੀ ਨਵੀਂ ਪਾਰਟੀ ਰਾਹੀਂ ਜੋ ਉਦੋਂ ਤੋਂ ਹੁਣ ਤੱਕ ਉਨ੍ਹਾਂ ਦੀ ਹੀ ਮਲਕੀਅਤ ਮੰਨੀ ਜਾ ਰਹੀ ਹੈ ਅਤੇ ਉਸ ਦਾ ਅਸਰ ਇਸਰਾਇਲੀ ਸਿਆਸਤ ਵਿੱਚ ਕਦੇ ਘੱਟ ਨਹੀਂ ਹੋਇਆ।

ਕਿੰਗ ਨਹੀਂ ਬਲਕਿ ਕਿੰਗਮੇਕਰ ਬਣ ਦੀ ਇੱਛਾ

ਲਿਬਰਮਨ ਅਤੇ ਨੇਤਨਯਾਹੂ ਵਿਚਾਲੇ ਜੇਕਰ ਕੁਝ ਮਤਭੇਦ ਪੈਦਾ ਹੋਏ ਤਾਂ ਵੀ ਦੋਵਾਂ ਨੇ ਹੀ ਇਸ ਨੂੰ ਵੱਖ ਕਰ ਕੇ ਪਿਛਲੇ 20 ਸਾਲਾਂ ਦੌਰਾਨ ਕੁਝ ਹੱਦ ਤੱਕ ਇੱਕ-ਦੂਜੇ ਦਾ ਸਾਥ ਵੀ ਦਿੱਤਾ ਹੈ।

ਨੇਤਨਯਾਹੂ ਦੀ ਸਰਕਾਰ ਵਿੱਚ ਲਿਬਰਮਨ ਵਿਦੇਸ਼ ਅਤੇ ਰੱਖਿਆ ਮੰਤਰੀ ਰਹੇ ਹਨ। ਰੱਖਿਆ ਮੰਤਰੀ ਦੇ ਅਹੁਦੇ ਤੋਂ ਉਨ੍ਹਾਂ ਨੇ ਨੇਤਨਯਾਹੂ ਨਾਲ ਵਿਚਾਰਕ ਮਤਭੇਦ ਕਾਰਨ ਅਸਤੀਫ਼ਾ ਦੇ ਦਿੱਤਾ ਸੀ।

ਉੰਝ ਲਿਬਰਮਨ ਨੇ ਪਿਛਲੇ 20 ਸਾਲਾਂ ਦੌਰਾਨ ਕਈ ਮਹੱਤਵਪੂਰਨ ਮੰਤਰਾਲਿਆਂ ਦੇ ਅਹੁਦੇ ਸਾਂਭੇ ਹਨ ਪਰ ਲਗਪਗ ਹਰ ਵਾਰ ਕਿਸੇ ਨੈਤਿਕ ਪਹਿਲੂ ਦਾ ਬਹਾਨਾ ਬਣਾ ਕੇ ਅਸਤੀਫ਼ਾ ਦਿੰਦੇ ਰਹੇ ਹਨ।

ਮਾਹਿਰਾਂ ਦਾ ਮੰਨਣਾ ਹੈ ਕਿ ਲਿਬਰਮਨ ਦੀ ਇਹ ਸੋਚੀ ਸਮਝੀ ਚਾਲ ਹੈ ਜੋ ਕਿ ਅਕਸਰ ਸਫ਼ਲ ਰਹੀ ਹੈ।

ਇਸ ਤਰ੍ਹਾਂ ਉਹ ਲੋਕਾਂ ਨੂੰ ਅਹੁਦੇ ਲਾਲਚੀ ਨਾ ਹੋਣ ਦਾ ਸੰਦੇਸ਼ ਦਿੰਦੇ ਹਨ ਪਰ ਹਕੀਕਤ 'ਚ ਉਨ੍ਹਾਂ ਦੀ ਚਾਹਤ ਹਮੇਸ਼ਾ ਕਿੰਗਮੇਕਰ ਬਣ ਕੇ ਸੱਤਾ ਦੇ ਗਲਿਆਰਿਆਂ ਵਿੱਚ ਅਸਰਦਾਰ ਬਣ ਕੇ ਰਹਿਣ ਦੀ ਰਹੀ ਹੈ।

ਉਨ੍ਹਾਂ ਦੀ ਇਸਰਾਇਲ ਬੇਤੇਨੂ ਪਾਰਟੀ ਅਕਸਰ ਸਰਕਾਰ ਵਿੱਚ ਉਦੋਂ ਸ਼ਾਮਿਲ ਹੁੰਦੀ ਰਹੀ ਹੈ ਜਦੋਂ ਗਠਜੋੜ ਕਮਜ਼ੋਰ ਹੋ ਗਿਆ ਹੁੰਦਾ ਹੈ।

ਇਸ ਦਾ ਉਨ੍ਹਾਂ ਨੂੰ ਪੂਰਾ ਲਾਭ ਮਿਲਦਾ ਹੈ ਅਤੇ ਇਹ ਦੇਖਿਆ ਗਿਆ ਹੈ ਕਿ ਉਹ ਹਮੇਸ਼ਾ ਐਨ ਵਕਤ 'ਤੇ ਸਰਕਾਰ ਨਾਲ ਕੋਈ ਨੈਤਿਕ ਸਵਾਲ ਚੁੱਕ ਕੇ ਬਾਹਰ ਹੁੰਦੇ ਰਹੇ ਹਨ।

9 ਅਪ੍ਰੈਲ 2019 ਨੂੰ ਇਸੇ ਤਰ੍ਹਾਂ ਜਦੋਂ ਉਨ੍ਹਾਂ ਨੇ ਅਲਟਰਾ-ਰੂੜੀਵਾਦੀ ਯਹੂਦੀਆਂ ਨੂੰ ਸੈਨਾ ਸੇਵਾ ਤੋਂ ਮੁਕਤੀ ਦੇ ਸਵਾਲ 'ਤੇ ਨੇਤਨਯਾਹੂ ਦੀ ਸਰਕਾਰ 'ਚ ਸ਼ਾਮਿਲ ਹੋਣ ਤੋਂ ਮਨ੍ਹਾਂ ਕੀਤਾ ਤਾਂ ਮਾਹਿਰਾਂ ਨੇ ਉਨ੍ਹਾਂ ਦੀ ਉਨ੍ਹਾਂ ਦੀ ਨੀਅਤ 'ਤੇ ਸਵਾਲ ਚੁੱਕਿਆ।

ਜੇਕਰ ਲਿਬਰਮਨ ਇਸ ਤਬਕੇ ਦੇ ਲੋਕਾਂ ਦੀ ਰਾਜਨੀਤੀ ਦਾ ਵਿਰੋਧ ਕਰਦੇ ਹਨ ਤਾਂ ਪਹਿਲਾਂ ਕਈ ਵਾਰ ਉਹ ਉਨ੍ਹਾਂ ਦੇ ਨਾਲ ਹੱਥ ਮਿਲਾ ਕੇ ਚੋਣਾਂ ਵਿੱਚ ਨਾਲ ਖੜੇ ਰਹਿਣ ਉਸ ਦਾ ਕੀ ਨਿਆਂ ਹੋ ਸਕਦਾ ਹੈ?

ਅਜਿਹੇ ਵਿੱਚ ਸਿਰਫ਼ ਇੱਕ ਹੀ ਜਵਾਬ ਸਾਹਮਣੇ ਆਉਂਦਾ ਹੈਸ ਕੀ ਉਹ ਨੇਤਨਯਾਹੂ ਨਾਲ ਆਪਣਾ ਪੁਰਾਣਾ ਵੈਰ ਕੱਢਣਾ ਚਾਹੁੰਦੇ ਹਨ?

ਹਾਲ ਹੀ ਵਿੱਚ ਨੇਤਨਯਾਹੂ ਦੀ ਬਾਓਗਰਾਫੀ ਲਿਖਣ ਵਾਲੇ ਪੱਤਰਕਾਰ ਅਨਸ਼ੇਲ ਫੇਫਰ ਦਾ ਕਹਿਣਾ ਹੈ ਕਿ ਲਿਬਰਮਨ ਦੇ ਮਨ ਵਿੱਚ ਹਮੇਸ਼ਾ ਹੀ ਨੇਤਨਯਾਹੂ ਨੂੰ ਸਬਕ ਸਿਖਾਉਣ ਦੀ ਕਾਮਨਾ ਰਹੀ ਹੈ।

ਉਹ ਬਸ ਸਹੀ ਵੇਲੇ ਦਾ ਇੰਤਜ਼ਾਰ ਕਰ ਰਹੇ ਸਨ। ਸ਼ਾਇਦ ਉਹ ਮੌਕਾ ਉਨ੍ਹਾਂ ਨੂੰ ਹੁਣ ਮਿਲਿਆ ਹੈ ਅਤੇ ਨੇਤਨਯਾਹੂ ਨੂੰ ਸਿਖਰ ਤੱਕ ਪਹੁੰਚਾਉਣ ਵਾਲੇ ਲਿਬਰਮਨ ਬੀ ਉਨ੍ਹਾਂ ਨੂੰ ਜ਼ੀਰੋ 'ਤੇ ਲੈ ਕੇ ਆਉਣ ਵਾਲੇ ਵੀ ਸਾਬਿਤ ਹੋ ਸਕਦੇ ਹਨ।

ਇਹ ਵੀ ਪੜ੍ਹੋ:

ਲਿਬਰਮਨ ਅਕਸਰ ਅਰਬ ਆਬਾਦੀ ਖ਼ਿਲਾਫ਼ ਕੌੜਾ ਬੋਲਣ ਲਈ ਵੀ ਖ਼ਬਰਾਂ ਵਿੱਚ ਰਹਿੰਦੇ ਹਨ।

ਉਨ੍ਹਾਂ ਨੇ ਅਰਬ ਆਬਾਦੀ ਦੇ ਟਰਾਂਸਫਰ, ਗੱਦਾਰ ਅਰਬ ਨੇਤਾਵਾਂ ਨੂੰ ਖ਼ਤਮ ਕਰਨ ਦੀ ਪੇਸ਼ਕਸ਼ ਤੋਂ ਲੈ ਕੇ ਹਮਾਸ ਨੇ ਨੇਤਾ ਇਸਮਾਇਲ ਹਨੀਏ ਨੂੰ ਮੌਤ ਦੇ ਘਾਟ ਉਤਾਰਨ ਤੱਕ ਦੀ ਗੱਲ ਕੀਤੀ ਹੈ।

ਪਰ ਇਸ ਸਭ ਦੇ ਵਿਚਕਾਰ ਉਨ੍ਹਾਂ ਨੂੰ ਇਸ ਪ੍ਰੈਗਮੈਟਿਕ ਨੇਤਾ ਵਜੋਂ ਵੀ ਦੇਖਿਆ ਜਾਂਦਾ ਹੈ ਕਿਉਂਕਿ ਪੱਛਮੀ ਤਟ ਦੀ ਨੋਕਦਮ ਬਸਤੀ, ਜਿੱਥੇ ਉਹ ਰਹਿੰਦੇ ਹਨ, ਜੇਕਰ ਉਸ ਨਾਲ ਫਲਸਤੀਨੀਆਂ ਨਾਲ ਜ਼ਮੀਨ ਦੀ ਅਦਲਾ-ਬਦਲੀ ਰਾਹੀਂ ਸਮੱਸਿਆ ਦਾ ਹੱਲ ਨਿਕਲੇ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਤੋਂ ਪਿੱਛੇ ਨਹੀਂ ਹਟਣਗੇ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)