ਸ਼ਿਲਾਜੀਤ ਕੀ ਹੈ, ਕਿਵੇਂ ਬਣਦਾ ਹੈ ਤੇ ਕਿੰਨਾ ਖਾਣਾ ਚਾਹੀਦਾ ਹੈ

ਸ਼ਿਲਾਜੀਤ

"ਇਹ 1985 ਦੀ ਗੱਲ ਹੈ। ਮੈਂ ਸੋਚਿਆ ਕਿ ਇਹ ਸ਼ਿਲਾਜੀਤ ਆਖ਼ਿਰ ਕੀ ਚੀਜ਼ ਹੈ ਕਿ ਲੋਕ ਥੋੜ੍ਹਾ-ਥੋੜ੍ਹਾ ਇਸਤੇਮਾਲ ਕਰਦੇ ਹਨ। ਮੈਂ ਇੱਕ ਕੱਪ ਪੀ ਕੇ ਤਾਂ ਦੇਖਾਂ। ਖ਼ੈਰ ਇੱਕ ਕੱਪ ਤਾਂ ਮੈਂ ਪੀ ਲਿਆ ਪਰ ਅਚਾਨਕ ਬੇਹੋਸ਼ੀ ਜਿਹੀ ਹੋਣ ਲੱਗੀ।"

"ਮੈਂ ਫੌਰਨ ਆਪਣੇ ਉਪਰ ਇੱਕ ਬਾਲਟੀ ਪਾਣੀ ਪਾਇਆ ਅਤੇ ਡਾਕਟਰ ਵੱਲ ਭੱਜਿਆ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਇੱਕ ਕੱਪ ਸ਼ਿਲਾਜੀਤ ਪੀ ਲਿਆ ਹੈ। ਇਹ ਕਹਿ ਕੇ ਮੈਂ ਡਿੱਗ ਗਿਆ। 4 ਘੰਟੇ ਬਾਅਦ ਮੈਨੂੰ ਹੋਸ਼ ਆਈ ਤਾਂ ਡਾਕਟਰ ਨੇ ਮੈਨੂੰ ਜ਼ੋਰ ਨਾਲ ਥੱਪੜ ਮਾਰਿਆ ਅਤੇ ਕਿਹਾ ਅਜਿਹਾ ਦੁਬਾਰਾ ਨਾ ਕਰਨਾ।"

ਇਹ ਕਹਾਣੀ ਹੁੰਜਾ ਘਾਟੀ ਇਲਾਕੇ ਦੇ ਅਲੀਆਬਾਦ ਦੇ ਵਾਸੀ ਕਰੀਮੁਦੀਨ ਦੀ ਹੈ, ਜੋ 1980 ਤੋਂ ਆਪਣੇ ਪਿਤਾ ਦੇ ਨਾਲ ਸ਼ਿਲਾਜੀਤ ਬਣਾਉਣ ਦਾ ਕਾਰੋਬਾਰ ਕਰ ਰਿਹਾ ਹੈ। ਉਨ੍ਹਾਂ ਨਾਲ ਮੈਂ ਉਨ੍ਹਾਂ ਦੇ ਘਰ ਦੀ ਛੱਤ 'ਤੇ ਮਿਲਿਆ, ਜਿੱਥੇ ਸ਼ਿਲਾਜੀਤ ਸੁਕਾਇਆ ਜਾਂਦਾ ਹੈ।

Video- ਪਾਕਿਸਤਾਨ ਦੇ ਪਹਾੜਾਂ 'ਚ ਸ਼ਿਲਾਜੀਤ ਲੱਭਣ ਦੀ ਯਾਤਰਾ

ਸ਼ਿਲਾਜੀਤ ਕੀ ਹੈ ਅਤੇ ਇਹ ਕਿਵੇਂ ਬਣਦਾ ਹੈ?

ਸ਼ਿਲਾਜੀਤ ਮੱਧ ਏਸ਼ੀਆ ਦੇ ਪਹਾੜਾਂ ਵਿੱਚ ਮਿਲਦਾ ਹੈ ਅਤੇ ਪਾਕਿਸਤਾਨ ਵਿੱਚ ਜ਼ਿਆਦਾਤਰ ਗਿਲਗਿਤ-ਬਾਲਟਿਸਤਾਨ ਦੇ ਪਹਾੜਾਂ ਤੋਂ ਕੱਢਿਆ ਜਾਂਦਾ ਹੈ।

ਕਰੀਮੁਦੀਨ ਦੱਸਦੇ ਹਨ ਕਿ ਸ਼ਿਲਾਜੀਤ ਬਹੁਤ ਸਾਲਾਂ ਤੱਕ ਵੱਖ-ਵੱਖ ਪਹਾੜਾਂ ਦੀਆਂ ਗੁਫ਼ਾਵਾਂ 'ਚ ਮੌਜੂਦ ਧਾਤੂਆਂ ਅਤੇ ਬੂਟਿਆਂ ਦੇ ਘਟਕਾਂ ਨਾਲ ਮਿਲ ਕੇ ਬਣਦਾ ਹੈ, ਜਿਸ ਤੋਂ ਬਾਅਦ ਇੱਕ ਨਿਸ਼ਚਿਤ ਸਮੇਂ 'ਤੇ ਉਸ ਨੂੰ ਕੱਢਿਆ ਜਾਂਦਾ ਹੈ।

ਇਹ ਵੀ ਪੜ੍ਹੋ-

ਪਰ ਇਸ ਨੂੰ ਲੱਭਣ ਦਾ ਕੰਮ ਇੰਨਾ ਸੌਖਾ ਨਹੀਂ ਹੈ, ਜਿਨਾਂ ਸਮਝਿਆ ਜਾਂਦਾ ਹੈ। ਅਸਮਾਨੀ ਲਗਦੇ ਪਹਾੜਾਂ ਦੇ ਖ਼ਤਰਨਾਕ ਅਤੇ ਮੁਸ਼ਕਿਲ ਰਸਤਿਆਂ ਤੋਂ ਲੰਘਦੇ ਹੋਏ ਕਰੀਮੁਦੀਨ ਦੇ ਕਾਰੀਗਰ, ਸ਼ਿਲਾਜੀਤ ਲੱਭਣ ਲਈ ਸੂਰਜ ਨਿਕਲਣ ਤੋਂ ਪਹਿਲਾਂ ਪਹਾੜਾਂ ਵੱਲ ਨਿਕਲ ਜਾਂਦੇ ਹਨ। ਅਕਸਰ ਸ਼ਿਲਾਜੀਤ ਦੀ ਭਾਲ ਵਿੱਚ ਕਈ ਦਿਨ ਲੱਗ ਜਾਂਦੇ ਹਨ।

ਸ਼ਿਲਾਜੀਤ ਨੂੰ ਉਸ ਦੇ ਅਖੀਰਲੇ ਪੜਾਅ ਤੱਕ ਪਹੁੰਚਣ ਲਈ ਦੋ ਅਹਿਮ ਪੜਾਵਾਂ ਤੋਂ ਲੰਘਣਾ ਪੈਂਦਾ ਹੈ।

  1. ਅਸਮਾਨੀ ਲਗਦੇ ਪਹਾੜਾਂ ਦੀਆਂ ਚੋਟੀਆਂ 'ਚ ਉਸ ਦੀ ਭਾਲ
  2. ਸ਼ਿਲਾਜੀਤ ਨੂੰ ਸਾਫ਼ ਜਾਂ ਫਲਿਟਰ ਕਰਨ ਦਾ ਕੰਮ

ਸ਼ਿਲਾਜੀਤ ਦੀ ਭਾਲ

ਪਹਾੜ ਦੀਆਂ ਚੋਟੀਆਂ 'ਤੇ ਜਾ ਕੇ ਜਿਸ ਤਰ੍ਹਾਂ ਸ਼ਿਲਾਜੀਤ ਕੱਢਿਆ ਜਾਂਦਾ ਹੈ, ਜੇਕਰ ਤੁਸੀਂ ਉਹ ਦ੍ਰਿਸ਼ ਆਪਣੀਆਂ ਅੱਖਾਂ ਨਾਲ ਦੇਖੋ ਅਤੇ ਤੁਹਾਨੂੰ ਲੂਈ ਕੰਢੇ ਨਾ ਆ ਜਾਣ ਤਾਂ ਮੈਂ ਤੁਹਾਡੀ ਹਿੰਮਤ ਦੀ ਤਾਰੀਫ਼ ਕਰਾਂਗਾ।

ਕਿਉਂਕਿ ਮੇਰੀ ਵੀ ਕੁਝ ਅਜਿਹੀ ਹਾਲਤ ਹੋ ਗਈ ਸੀ ਜਦੋਂ ਅਸੀਂ ਕੁਝ ਘੰਟੇ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਉਸ ਪਹਾੜੀ ਦੀ ਚੋਟੀ 'ਤੇ ਪਹੁੰਚੇ ਸੀ ਜਿੱਥੇ ਤੁਸੀਂ ਬਰਫ਼ ਨਾਲ ਢੱਕੀਆਂ ਰਾਕਾਪੋਸ਼ੀ ਦੀਆਂ ਚੋਟੀਆਂ ਤਾਂ ਦੇਖ ਸਕਦੇ ਹੋ ਪਰ ਨਾਲ ਹੀ ਤੁਹਾਡੇ ਅਤੇ ਰਾਕਾਪੋਸ਼ੀ ਦੀਆਂ ਚੋਟੀਆਂ ਵਿਚਾਲੇ ਹੁੰਜਾ ਘਾਟੀ ਦਾ ਇੱਕ ਸੁੰਦਰ ਦ੍ਰਿਸ਼ ਵੀ ਨਜ਼ਰ ਆਉਂਦਾ ਹੈ।

ਹੁੰਜਾ ਘਾਟੀ ਵਿੱਚ ਪਹਾੜਾਂ ਨਾਲ ਸ਼ਿਲਾਜੀਤ ਲੱਭਣ ਅਤੇ ਕੱਢਣ ਲਈ ਤਜ਼ਰਬੇਕਾਰ ਲੋਕ ਹੁੰਦੇ ਹਨ ਜੋ ਇਲਾਕੇ ਦੇ ਚੱਪੇ-ਚੱਪੇ ਨੂੰ ਜਾਣਦੇ ਹਨ।

ਗਾਜ਼ੀ ਕਰੀਮ ਜੋ ਇਹ ਕੰਮ ਪਿਛਲੇ 15 ਸਾਲ ਤੋਂ ਕਰ ਰਹੇ ਹਨ, ਉਹ ਕਹਿੰਦੇ ਹਨ, "ਸ਼ਿਲਾਜੀਤ ਲਈ ਅਸੀਂ ਕੁਝ ਘੰਟਿਆਂ ਦੇ ਸਫ਼ਰ ਤੋਂ ਲੈ ਕੇ ਕਈ-ਕਈ ਦਿਨਾਂ ਤੱਕ ਸਫ਼ਰ ਕਰਦੇ ਹਾਂ।"

"ਫਿਰ ਇਹੀ ਕੱਚਾ ਮਾਲ ਜੋ ਪਹਾੜਾਂ ਤੋਂ ਲੱਭਦੇ ਹਾਂ, ਸ਼ਹਿਰ ਵਿੱਚ ਆ ਕੇ ਖ਼ਾਸ ਦੁਕਾਨਦਾਰਾਂ ਨੂੰ ਵੇਚਦੇ ਹਾਂ ਜੋ ਉਸ ਨੂੰ ਇੱਕ ਖ਼ਾਸ ਤਰੀਕੇ ਨਾਲ ਸਾਫ਼ ਕਰਨ ਤੋਂ ਬਾਅਦ ਅੱਗੇ ਵੇਚਦੇ ਹਨ।"

ਇਹ ਲੋਕ ਅਕਸਰ 4-5 ਲੋਕਾਂ ਦੇ ਸਮੂਹ ਬਣਾ ਕੇ ਸਫ਼ਰ ਕਰਦੇ ਹਨ ਜਿਨ੍ਹਾਂ ਵਿੱਚ ਇੱਕ ਦਾ ਕੰਮ ਚਾਹ ਅਤੇ ਖਾਣਾ ਬਣਾਉਣਾ ਹੁੰਦਾ ਹੈ।

ਜਦਕਿ ਬਾਕੀ ਲੋਕ ਚੋਟੀ 'ਤੇ ਰੱਸੀ ਨੂੰ ਮਜ਼ਬੂਤੀ ਨਾਲ ਬੰਨ੍ਹਦੇ ਹਨ ਅਤੇ ਫੜ੍ਹਦੇ ਹਨ ਤੇ ਫਿਰ ਇੱਕ ਵਿਅਕਤੀ ਇਸ ਗੁਫ਼ਾ ਅੰਦਰ ਜਾਂਦਾ ਹੈ, ਜਿਥੋਂ ਸ਼ਿਲਾਜੀਤ ਮਿਲਣ ਦੀ ਸੰਭਾਵਨਾ ਹੁੰਦੀ ਹੈ।

ਇਸ ਵੀਡੀਓ ਚ ਵੇਖੋ ਕਿਵੇਂ ਇੱਕ ਵਿਅਕਤੀ ਹੈਲਮੇਟ ਦੀ ਸਮੱਸਿਆ ਨਾਲ ਪ੍ਰੇਸ਼ਾਨ ਹੈ

ਗਾਜ਼ੀ ਦੱਸਦੇ ਹਨ, "ਅਸੀਂ ਦੂਰਬੀਨ ਨਾਲ ਗੁਫ਼ਾਵਾਂ ਅੰਦਰ ਦੇਖਦੇ ਹਾਂ। ਜਦੋਂ ਨਜ਼ਦੀਕ ਜਾਂਦੇ ਹਾਂ ਤਾਂ ਉਸ ਖ਼ਾਸ ਖੁਸ਼ਬੂ ਤੋਂ ਸਾਨੂੰ ਪਤਾ ਲਗ ਜਾਂਦਾ ਹੈ।"

ਇਸ ਦੌਰਾਨ ਗਾਜ਼ੀ ਵੱਡੀ ਮਹਾਰਤ ਨਾਲ ਪਹਾੜ ਦੀ ਚੋਟੀ ਤੋਂ ਰੱਸੀ ਰਾਹੀਂ 90 ਦੇ ਕੌਣ 'ਤੇ ਹੇਠਾਂ ਉਤਰਨ ਲੱਗੇ ਅਤੇ ਫਿਰ ਗੁਫ਼ਾ ਦੇ ਅੰਦਰ ਉਤਰਨ ਦੇ ਕੁਝ ਦੇਰ ਬਾਅਦ ਗਾਜ਼ੀ ਨੇ ਆਪਣੇ ਦੋਸਤਾਂ ਨੂੰ ਆਵਾਜ਼ ਲਗਾਈ ਕਿ ਸ਼ਿਲਾਜੀਤ ਮਿਲ ਗਿਆ ਹੈ।

ਇਹ ਵੀ ਪੜ੍ਹੋ-

ਗਾਜ਼ੀ ਇਸ ਪੂਰੀ ਪ੍ਰਕਿਰਿਆ ਬਾਰੇ ਕਹਿੰਦੇ ਹਨ, "ਜਦੋਂ ਬੰਦਾ ਹੇਠਾਂ ਗੁਫ਼ਾ ਅੰਦਰ ਉਤਰਦਾ ਹੈ ਤਾਂ ਹੇਠਾਂ ਉਸ ਦੇ ਬੈਠਣ ਦੀ ਥਾਂ ਹੁੰਦੀ ਹੈ। ਸ਼ਿਲਾਜੀਤ ਕੱਢਣ ਤੋਂ ਬਾਅਦ ਬੋਰੀ ਵਿੱਚ ਪਾਉਂਦੇ ਹਨ ਅਤੇ ਫਿਰ ਪਹਿਲਾਂ ਬੋਰੀਆਂ ਉਪਰ ਭੇਜਦੇ ਹਨ ਤੇ ਉਸ ਤੋਂ ਬਾਅਦ ਖ਼ੁਦ ਵਾਪਸ ਉਸੀ ਰੱਸੀ ਰਾਹੀਂ ਉਪਰ ਆ ਜਾਂਦੇ ਹਨ।"

ਇਸ ਪੂਰੀ ਪ੍ਰਕਿਰਿਆ ਵਿੱਚ ਲਗਭਗ ਅੱਧਾ ਘੰਟਾ ਲੱਗਾ ਪਰ ਉਸ ਅੱਧੇ ਘੰਟੇ ਬਾਰੇ ਉਹ ਕਹਿੰਦੇ ਹਨ, "ਜੇਕਰ ਰੱਸੀ ਬੰਨਦਿਆਂ ਹੋਇਆ ਕਿਸੇ ਨੇ ਚੰਗੀ ਤਰ੍ਹਾਂ ਨਾ ਬੰਨ੍ਹੀ ਹੋਵੇ ਜਾਂ ਸੇਫ਼ਟੀ ਬੈਲਟ ਠੀਕ ਨਾ ਬੰਨ੍ਹੀ ਹੋਵੇ ਤਾਂ ਰੱਸੀ ਖੁੱਲ ਜਾਣ ਦਾ ਖਦਸ਼ਾ ਵਧੇਰੇ ਹੁੰਦਾ ਹੈ।"

ਪਰ ਗਾਜ਼ੀ ਨੇ ਕਿਹਾ ਹੈ ਕਿ ਸ਼ੁਕਰ ਹੈ ਕਿ ਅੱਜ ਤੱਕ ਉਨ੍ਹਾਂ ਦੇ ਨਾਲ ਅਜਿਹੀ ਕੋਈ ਘਟਨਾ ਨਹੀਂ ਵਾਪਰੀ।

ਇਸ ਖੋਜ 'ਚ ਉਨ੍ਹਾਂ ਨੂੰ ਸ਼ਿਲਾਜੀਤ ਦੀ ਵੱਖ-ਵੱਖ ਮਾਤਰਾ ਮਿਲਦੀ ਹੈ। ਉਹ ਕਹਿੰਦੇ ਹਨ, "ਸਭ ਤੋਂ ਵੱਧ ਮਾਤਰਾ ਜੋ ਅੱਜ ਤੱਕ ਉਨ੍ਹਾਂ ਨੇ ਕੱਢੀ ਹੈ ਉਹ 20 ਮਣ ਹੈ। ਕਦੇ-ਕਦੇ ਅਜਿਹੀ ਵੀ ਹੁੰਦਾ ਹੈ ਕਿ ਗੁਫ਼ਾ 'ਚੋਂ ਕੁਝ ਨਹੀਂ ਨਿਕਲਦਾ ਅਤੇ ਖਾਲੀ ਹੱਥ ਵਾਪਸ ਆ ਜਾਂਦੇ ਹਾਂ।"

ਇਹ ਵੀ ਪੜ੍ਹੋ

ਸ਼ਿਲਾਜੀਤ ਫਿਲਟਰ ਕਰਨ ਦੀ ਪ੍ਰਕਿਰਿਆ

ਸ਼ਿਲਾਜੀਤ ਉਸ ਵੇਲੇ ਤੱਕ ਪੱਥਰ ਦੇ ਅੰਦਰ ਹੀ ਇੱਕ ਖ਼ਾਸ ਘਟਕ ਵਜੋਂ ਮੌਜੂਦ ਹੁੰਦੀ ਹੈ। ਇਹ ਕਾਰੀਗਰ ਸ਼ਹਿਰ ਜਾ ਕੇ ਇਸ ਨੂੰ ਉਨ੍ਹਾਂ ਦੁਕਾਨਦਾਰਾਂ ਨੂੰ ਵੇਚਦੇ ਹਨ ਜੋ ਇਸ ਦੀ ਸਫਾਈ ਅਤੇ ਫਿਲਟਰ ਜਾ ਕੰਮ ਕਰਦੇ ਹਨ।

ਕਰੀਮੁਦੀਨ 1980 ਤੋਂ ਇਹ ਕੰਮ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਪਿਤਾ ਨੇ ਸੂਰਜ ਦੀ ਰੌਸ਼ਨੀ ਵਿੱਚ ਫਿਲਟਰ ਕਰਨ ਦੀ ਸ਼ੁਰੂਆਤ ਕੀਤੀ ਸੀ। ਜਿਸ ਨੂੰ ਉਨ੍ਹਾਂ ਨੇ 'ਆਫ਼ਤਾਬੀ ਸ਼ਿਲਾਜੀਤ' ਦਾ ਨਾਮ ਦਿੱਤਾ ਸੀ।

ਇਸ ਪ੍ਰਕਿਰਿਆ ਵਿੱਚ ਉਨ੍ਹਾਂ ਦੇ ਵੱਡੇ ਪੱਥਰਾਂ ਦੇ, ਜਿਨ੍ਹਾਂ ਨੂੰ ਪਹਾੜਾਂ ਤੋਂ ਲਿਆਂਦਾ ਗਿਆ ਹੁੰਦਾ ਹੈ, ਛੋਟੇ ਟੁਕੜੇ ਕੀਤੇ ਜਾਂਦੇ ਹਨ ਅਤੇ ਉਸ ਨੂੰ ਇੱਕ ਵੱਡੀ ਬਾਲਟੀ ਦੇ ਅੰਦਰ ਪਾ ਕੇ ਇੱਕ ਤੈਅ ਮਾਤਰਾ ਵਿੱਚ ਪਾਣੀ ਮਿਲਾ ਕੇ ਵੱਡੇ ਚਮਚ ਨਾਲ ਹਿਲਾਇਆ ਜਾਂਦਾ ਹੈ।

ਫਿਰ ਕੁਝ ਘੰਟੇ ਬਾਅਦ ਪਾਣੀ ਦੇ ਤਲ ਤੋਂ ਗੰਦਗੀ ਨੂੰ ਹਟਾਇਆ ਜਾਂਦਾ ਹੈ।

ਇਸ ਵੀਡੀਓ ਜ਼ਰੀਏ ਜਾਣੋ ਕਸ਼ਮੀਰੀ ਪੰਡਤਾਂ ਦੀ ਬਦਹਾਲ ਜ਼ਿੰਦਗੀ

ਕਰੀਮੁਦੀਨ ਕਹਿੰਦੇ ਹਨ, "ਅਸੀਂ ਇਸ ਪਾਣੀ ਨੂੰ ਇੱਕ ਹਫ਼ਤੇ ਤੱਕ ਇਸੇ ਤਰ੍ਹਾਂ ਹੀ ਰੱਖਦੇ ਹਾਂ। ਇਸ ਦੌਰਾਨ ਪਾਣੀ ਦਾ ਰੰਗ ਬਿਲਕੁਲ ਕਾਲਾ ਹੋ ਜਾਂਦਾ ਹੈ, ਜਿਸ ਦਾ ਮਤਲਬ ਹੁੰਦਾ ਹੈ ਕਿ ਹੁਣ ਸ਼ਿਲਾਜੀਤ ਪੱਥਰਾਂ ਨਾਲ ਪੂਰੀ ਤਰ੍ਹਾਂ ਪਾਣੀ 'ਚ ਘੁਲ ਗਈ ਹੈ।"

ਉਹ ਕਹਿੰਦੇ ਹਨ ਕਿ ਇਹ ਇੱਕ ਖ਼ਾਸ ਪੜਾਅ ਹੁੰਦਾ ਹੈ ਜਿਸ ਵਿੱਚ ਸ਼ਿਲਾਜੀਤ ਵਾਲੇ ਪਾਣੀ 'ਚੋਂ ਹਾਨੀਕਾਰਕ ਕਣਾਂ ਨੂੰ ਵੱਖ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ-

"ਆਮ ਤੌਰ 'ਤੇ ਲਾਲਚ, ਜਲਦਬਾਜ਼ੀ ਅਤੇ ਪੈਸਾ ਕਮਾਉਣ ਦੇ ਚੱਕਰ ਵਿੱਚ ਲੋਕ ਇਸ ਪਾਣੀ ਨੂੰ ਸਿਰਫ਼ ਕਿਸੇ ਕੱਪੜੇ ਵਿਚੋਂ ਛਾਣ ਕੇ ਅਤੇ ਤਿੰਨ ਤੋਂ ਚਾਰ ਘੰਟੇ ਲਈ ਉਬਾਲਦੇ ਹਨ ਜਿਸ ਨਾਲ ਉਹ ਛੇਤੀ ਗਾੜਾ ਹੋ ਜਾਂਦਾ ਹੈ।

ਇਸ ਤਰ੍ਹਾਂ ਇਹ ਸ਼ਿਲਾਜੀਤ ਤਿਆਰ ਹੋ ਜਾਂਦੀ ਹੈ ਪਰ ਇਸ ਦਾ ਫਾਇਦਾ ਘੱਟ ਅਤੇ ਨੁਕਸਾਨ ਵਧੇਰੇ ਹੁੰਦਾ ਹੈ।"

ਕਰੀਮੁਦੀਨ ਕਹਿੰਦੇ ਹਨ ਕਿ ਇਸ ਦੋ ਵੱਡੇ ਨੁਕਸਾਨ ਹੁੰਦੇ ਹਨ, ਪਹਿਲਾਂ ਇਹ ਕਿ ਕੱਪੜੇ ਅਤੇ ਜਾਲੀ ਰਾਹੀਂ ਫਿਲਟਰ ਕਰਨ ਨਾਲ ਹਾਨੀਕਾਰਕ ਤੱਤ ਉਸ ਵਿੱਚ ਹੀ ਰਹਿ ਜਾਂਦੇ ਹਨ।

ਜਾਣੋ ਔਰਤਾਂ ਨੇ ਬ੍ਰਾਅ ਪਹਿਨਣ ਤੋਂ ਇਨਕਾਰ ਕਿਉਂ ਕੀਤਾ

ਦੂਜਾ, ਸ਼ਿਲਾਜੀਤ ਨੂੰ ਪਾਣੀ ਵਿੱਚ ਉਭਾਲ ਕੇ ਗਾੜਾ ਕਰਨ ਨਾਲ ਸਾਰੇ ਖਣਿਜ ਤੱਤ ਖ਼ਤਮ ਹੋ ਜਾਂਦੇ ਹਨ ਜਿਸ ਦਾ ਕੋਈ ਫਾਇਦਾ ਨਹੀਂ ਹੁੰਦਾ ਹੈ।

ਕਰੀਮੁਦੀਨ 30 ਤੋਂ 40 ਦਿਨਾਂ ਵਿੱਚ ਇਸ ਪ੍ਰਕਿਰਿਆ ਨੂੰ ਪੂਰਾ ਕਰਦੇ ਹਨ ਜਿਸ ਵਿੱਚ ਉਹ ਫਿਲਟਰੇਸ਼ਨ ਲਈ ਇੱਕ ਖ਼ਾਸ ਮਸ਼ੀਨ ਦੀ ਵਰਤੋਂ ਕਰਦੇ ਹਨ। ਇਸ ਮਸ਼ੀਨ ਨੂੰ ਉਨ੍ਹਾਂ ਨੇ ਆਪਣੇ ਮੁਕਾਬਲੇਦਾਰਾਂ ਕੋਲੋਂ ਲੁਕਾ ਕੇ ਰੱਖਿਆ ਹੈ ਜੋ ਉਨ੍ਹਾਂ ਨੇ ਵਿਦੇਸ਼ ਤੋਂ ਮੰਗਵਾਈ ਹੈ।

ਉਨ੍ਹਾਂ ਮੁਤਾਬਕ "ਇਹੀ ਸਾਡੀ ਸਫ਼ਲਤਾ ਦਾ ਰਾਜ਼ ਹੈ ਕਿ ਅਸੀੰ ਸ਼ੁੱਧ ਸ਼ਿਲਾਜੀਤ ਬਣਾਉਂਦੇ ਹਾਂ।"

ਸ਼ਿਲਾਜੀਤ ਬਣਾਉਣ ਦਾ ਅੰਤਿਮ ਪੜਾਅ

ਫਿਲਟ੍ਰੇਸ਼ਨ ਤੋਂ ਬਾਅਦ ਸ਼ਿਲਾਜੀਤ ਦੇ ਪਾਣੀ ਨੂੰ ਇੱਕ ਸ਼ੀਸ਼ੇ ਦੇ ਬਣੇ ਹੋਏ ਖਾਨਿਆਂ 'ਚ ਰੱਖਦੇ ਹਨ ਅਤੇ ਤਕਰੀਬਨ ਇੱਕ ਮਹੀਨੇ ਤੱਕ ਉਸ ਦਾ ਪਾਣੀ ਸੁਕਦਾ ਰਹਿੰਦਾ ਹੈ, ਜਿਸ ਦੌਰਾਨ ਉਹ ਉਸ ਨੂੰ ਬਰਤਨ ਵਿੱਚ ਹੋਰ ਵੀ ਸ਼ਿਲਾਜੀਤ ਦਾ ਪਾਣੀ ਪਾਉਂਦੇ ਰਹਿੰਦੇ ਹਨ ਤਾਂ ਜੋ ਉਹ ਭਰ ਜਾਵੇ।

ਇਸ ਤਰ੍ਹਾਂ ਆਫਤਾਹੀ ਸ਼ਿਲਾਜੀਤ ਤਿਆਰ ਹੁੰਦਾ ਹੈ ਜਿਸ ਨੂੰ ਪੈਕਿੰਗ ਤੋਂ ਬਾਅਦ ਦੁਕਾਨਦਾਰਾਂ ਨੂੰ ਸਪਲਾਈ ਕੀਤਾ ਜਾਂਦਾ ਹੈ।

ਕਰੀਮੁਦੀਨ ਕਹਿੰਦੇ ਹਨ ਕਿ ਉਹ ਸ਼ਿਲਾਜੀਤ ਦੀ ਹਰ ਖੇਪ ਨੂੰ ਮੈਡੀਕਲ ਟੈਸਟ ਲਈ ਵੀ ਭੇਜਦੇ ਹਨ ਅਤੇ ਉਹ ਸਰਟੀਫਿਕੇਟ ਸ਼ਿਲਾਜੀਤ ਦੇ ਸ਼ੁੱਧ ਹੋਣ ਦਾ ਸਬੂਤ ਹੁੰਦਾ ਹੈ ਜਿਸ ਵਿੱਚ ਇਹ ਦਰਜ ਹੁੰਦਾ ਹੈ ਕਿ ਇਸ ਵਿੱਚ 86 ਪ੍ਰਕਾਰ ਦੇ ਖਣਿਜ ਤੱਤ ਮੌਜੂਦ ਹਨ।

ਕਰੀਮੁਦੀਨ ਕਹਿੰਦੇ ਹਨ ਕਿ ਉਹ 10 ਗ੍ਰਾਮ ਸ਼ਿਲਾਜੀਤ 300 ਰੁਪਏ ਤੋਂ ਲੈ ਕੇ 600 ਰੁਪਏ ਤੱਕ ਵੇਚਦੇ ਹਨ। ਸ਼ਿਲਾਜੀਤ ਦੀ ਮੰਗ ਅਤੇ ਉਸ ਦੀ ਉਪਲਬਧਤਾ ਦੇ ਆਧਾਰ 'ਤੇ ਉਸ ਦੀ ਕੀਮਤ ਤੈਅ ਹੁੰਦੀ ਹੈ।

"ਪਰ ਦੁਕਾਨਦਾਰ ਆਪਣੀ ਮਰਜ਼ੀ ਨਾਲ ਉਸ ਦੀ ਕੀਮਤ ਲਗਾ ਕੇ ਵੇਚਦੇ ਹਨ।"

ਇਹ ਵੀ ਪੜ੍ਹੋ-

ਅਸਲੀ ਅਤੇ ਨਕਲੀ ਸ਼ਿਲਾਜੀਤ ਦੀ ਪਛਾਣ

ਕਰੀਮੁਦੀਨ ਕਹਿੰਦੇ ਹਨ ਕਿ ਅਕਸਰ ਦੁਕਾਨ ਵਾਲੇ ਸ਼ਿਲਾਜੀਤ ਦੀ ਪਛਾਣ ਉਸ 'ਚੋਂ ਆਉਣ ਵਾਲੀ ਖ਼ਾਸ ਖੁਸ਼ਬੂ ਨਾਲ ਹੁੰਦੀ ਹੈ ਪਰ ਉਨ੍ਹਾਂ ਮੁਤਾਬਕ ਅਜਿਹਾ ਨਹੀਂ ਹੈ।

"ਉਸ ਦੀ ਮਾਤਰਾ ਵਧਾਉਣ ਲਈ ਲੋਕ ਅਕਸਰ ਉਸ ਵਿੱਚ ਆਟਾ ਆਦਿ ਦਾ ਵੀ ਇਸਤੇਮਾਲ ਕਰਦੇ ਹਨ ਅਤੇ ਜੇਕਰ ਉਸ ਵਿੱਚ ਵੀ ਸ਼ਿਲਾਜੀਤ ਦੀ ਥੋੜ੍ਹੀ ਜਿਹੀ ਮਾਤਰਾ ਮਿਲਾ ਦਿੱਤੀ ਹੋਵੇ ਤਾਂ ਉਸ ਵਿਚੋਂ ਵੀ ਉਹੋ ਜਿਹੀ ਖੁਸ਼ਬੂ ਆਵੇਗੀ ਜੋ ਅਸਲੀ ਸ਼ਿਲਾਜੀਤ ਵਿਚੋਂ ਆਉਂਦੀ ਹੈ।"

ਉਹ ਕਹਿੰਦੇ ਹਨ, "ਇਸ ਦਾ ਸੌਖਾ ਹੱਲ ਇਹ ਹੈ ਕਿ ਦੁਕਾਨਦਾਰ ਤੋਂ ਉਸ ਦੇ ਮੈਡੀਕਲ ਟੈਸਟ ਬਾਰੇ ਪੁੱਛਿਆ ਜਾਵੇ ਅਤੇ ਇਸ ਗੱਲ ਦੀ ਪੁਸ਼ਟੀ ਕੀਤੀ ਜਾਵੇ ਕਿ ਉਸ ਵਿੱਚ 86 ਤਰ੍ਹਾਂ ਦੇ ਖਣਿਜ ਤੱਤ ਮੌਜੂਦ ਹਨ।"

ਸ਼ਿਲਾਜੀਤ ਵਿਆਗਰਾ ਵਾਂਗ ਕੰਮ ਨਹੀਂ ਕਰਦਾ ਪਰ ਇਸ ਲਾਭ ਕੀ ਹਨ?

ਕਰੀਮੁਦੀਨ ਕਹਿੰਦੇ ਹਨ ਕਿ ਲੋਕਾਂ ਨੂੰ ਸ਼ਿਲਾਜੀਤ ਬਾਰੇ ਬਹੁਤ ਸਾਰੀਆਂ ਗ਼ਲਤਫਹਿਮੀਆਂ ਹਨ। ਦਰਅਸਲ ਇਸ ਵਿੱਚ ਮੌਜੂਦ ਖਣਿਜ ਤੱਤ ਸਰੀਰ ਦੀ ਕਮੀ ਨੂੰ ਪੂਰਾ ਕਰਦੇ ਹਨ, "ਜਿਸ ਕਾਰਨ ਸਰੀਰ ਦੀ ਗਰਮੀ ਵਧਣ ਕਾਰਨ ਖ਼ੂਨ ਦਾ ਸੰਚਾਰ ਤੇਜ਼ ਹੋਣ ਲਗਦਾ ਹੈ। ਪਰ ਇਹ ਵਿਆਗਰਾ ਵਾਂਗ ਕੰਮ ਨਹੀਂ ਕਰਦਾ।"

ਜਾਣੋ ਮੀਆ ਖਲੀਫ਼ਾ ਨੇ ਪੋਰਨ ਇੰਡਸਟਰੀ ਬਾਰੇ ਕੀ ਬੋਲਿਆ?

ਇਸਲਾਮਾਬਾਦ ਦੇ ਰਹਿਣ ਵਾਲੇ ਡਾ. ਵਹੀਦ ਮੇਰਾਜ ਕਹਿੰਦੇ ਹਨ, "ਇਸ ਵਿੱਚ ਆਇਰਨ, ਜ਼ਿੰਕ, ਮੈਗਨੀਸ਼ੀਅਮ ਸਣੇ 85 ਤੋਂ ਵੱਧ ਖਣਿਜ ਤੱਤ ਹੁੰਦੇ ਹਨ। ਇਨ੍ਹਾਂ ਸਾਰੇ ਖਣਿਜ ਤੱਤਾਂ ਕਾਰਨ ਮਨੁੱਖ ਦੇ ਸਰੀਰ ਵਿੱਚ ਖ਼ੂਨ ਦਾ ਸੰਚਾਰ ਵੱਧ ਜਾਂਦਾ ਹੈ ਅਤੇ ਪ੍ਰਤੀਰੋਧਕ ਸਮਰੱਥਾ 'ਚ ਵਾਧਾ ਹੁੰਦਾ ਹੈ।"

ਉਹ ਅੱਗੇ ਕਹਿੰਦੇ ਹਨ, "ਇਸ ਇਸਤੇਮਾਲ ਨਾਮ ਮਨੁੱਖ ਦੀ ਤੰਤਰਿਕਾ ਤੰਤਰ ਨੂੰ ਠੀਕ ਰੱਖਣ ਵਿੱਚ ਵੀ ਸਹਾਇਤਾ ਮਿਲਦੀ ਹੈ, ਜਿਸ ਕਾਰਨ ਇਹ ਅਲਜ਼ਾਈਮਰ, ਡਿਪਰੈਸ਼ਨ ਅਤੇ ਦਿਮਾਗ਼ ਲਈ ਲਾਹੇਵੰਦ ਹੁੰਦਾ ਹੈ।"

ਡਾ. ਮੇਰਾਜ ਕਹਿੰਦੇ ਹਨ, "ਚੂਹਿਆਂ 'ਤੇ ਕੀਤੇ ਗਏ ਟੈਸਟ ਨਾਲ ਉਨ੍ਹਾਂ ਦੇ ਸ਼ੂਗਰ ਲੇਵਲ ਤੇ ਵੀ ਸਕਾਰਾਤਮਕ ਪ੍ਰਭਾਵ ਦੇਖੇ ਗਏ ਹਨ। ਇਸ ਕਾਰਨ ਇਹ ਸ਼ੂਗਰ ਦੇ ਇਲਾਜ ਲਈ ਵੀ ਸਹਾਇਕ ਹੈ।"

ਇਸ ਤੋਂ ਇਲਾਵਾ ਉਹ ਕਹਿੰਦੇ ਹਨ ਕਿ ਹੱਡੀ ਅਤੇ ਜੋੜਾਂ ਲਈ ਵੀ ਬਹੁਤ ਲਾਭਦਾਇਕ ਹੈ।

ਸ਼ਿਲਾਜੀਤ ਦੇ ਨੁਕਸਾਨ ਬਾਰੇ ਵੀ ਉਹ ਕਹਿੰਦੇ ਹਨ, "ਚੰਗੀ ਤਰ੍ਹਾਂ ਨਾਲ ਫਿਲਟਰ ਨਾ ਹੋਣਾ ਉਸ ਦੇ ਨੁਕਸਾਨ 'ਚ ਵਾਧਾ ਕਰਦਾ ਹੈ। ਇਸ ਦਾ ਵਧੇਰੇ ਇਸਤੇਮਾਲ ਵੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।"

ਇਹ ਵੀ ਪੜ੍ਹੋ-

ਸ਼ਿਲਾਜੀਤ ਦਾ ਸਹੀ ਇਸਤੇਮਾਲ

ਕਰੀਮੁਦੀਨ ਕਹਿੰਦੇ ਹਨ, "ਇਸੇ ਨੂੰ ਸੁੱਕੇ ਛੋਲਿਆਂ ਦੇ ਇੱਕ ਦਾਣੇ ਦੇ ਬਰਾਬਰ ਅਤੇ ਗਰਮ ਦੁੱਧ ਦੇ ਨਾਲ ਮਿਲਾ ਕੇ ਲੈਣਾ ਚਾਹੀਦਾ ਹੈ। 50 ਸਾਲ ਤੋਂ ਵਧੇਰੇ ਉਮਰ ਦੇ ਲੋਕ ਰੋਜ਼ਾਨਾ 2-3 ਮਹੀਨੇ ਤੱਕ ਇਸ ਦਾ ਇਸਤੇਮਾਲ ਕਰ ਸਕਦੇ ਹਨ। ਜਵਾਨ ਲੋਕ ਹਫ਼ਤੇ ਵਿੱਚ ਦੋ ਦਿਨ ਤੋਂ ਵੱਧ ਨਾ ਲੈਣ।"

ਉਹ ਕਹਿੰਦੇ ਹਨ ਕਿ ਬਲੱਡ ਸ਼ੂਗਰ ਦੇ ਮਰੀਜ਼ ਇਸ ਦਾ ਇਸਤੇਮਾਲ ਬਿਲਕੁਲ ਵੀ ਨਾ ਕਰਨ।

"ਜਦੋਂ 86 ਖਣਿਜ ਤੱਤ ਪੇਟ 'ਚ ਜਾਂਦੇ ਹਨ ਤਾਂ ਵੈਸੇ ਵੀ ਬਲੱਡ ਪ੍ਰੈਸ਼ਰ ਥੋੜ੍ਹਾ ਵਧ ਜਾਂਦਾ ਹੈ। ਇਸ ਲਈ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਪਹਿਲਾ ਤੋਂ ਜ਼ਿਆਦਾ ਹੋਵੇ ਤਾਂ ਉਹ ਬਿਲਕੁਲ ਵੀ ਇਸਤੇਮਾਲ ਨਾ ਕਰਨ।"

ਇਨ੍ਹਾਂ ਮੁਤਾਬਰ ਇਸ ਤੋਂ ਇਲਾਵਾ ਦਿਲ ਦੇ ਮਰੀਜ਼ ਨੂੰ ਇਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)