ਓਸਾਮਾ ਬਿਨ ਲਾਦੇਨ ਨੂੰ ਲੱਭਣ ਵਿੱਚ ਅਮਰੀਕਾ ਦੀ ਮਦਦ ਕਰਨ ਵਾਲਾ ਡਾਕਟਰ ਜੇਲ੍ਹ ’ਚ ਕਿਉਂ

ਸ਼ਕੀਲ ਅਫ਼ਰੀਦੀ Image copyright AFP
ਫੋਟੋ ਕੈਪਸ਼ਨ ਡਾ. ਅਫ਼ਰੀਦੀ ਨੇ ਸਾਰੇ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ

ਅਲ-ਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦਾ ਪਤਾ ਲਗਾਉਣ ਵਿੱਚ ਅਮਰੀਕਾ ਦੀ ਮਦਦ ਕਰਨ ਵਾਲੇ ਇੱਕ ਡਾਕਟਰ ਦੀ ਰਿਹਾਈ ਲਈ ਪਾਕਿਸਤਾਨ ਦੀ ਇੱਕ ਅਦਾਲਤ ਵਿੱਚ ਸੁਣਵਾਈ ਹੋ ਰਹੀ ਹੈ।

ਪੇਸ਼ਾਵਰ ਹਾਈ ਕੋਰਟ ਸ਼ਕੀਲ ਅਫ਼ਰੀਦੀ ਦੇ ਮਾਮਲੇ ਦੀ ਸੁਣਵਾਈ ਕਰ ਰਿਹਾ ਹੈ। ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਪਾਕਿਸਤਾਨ ਵਿੱਚ ਓਪਨ ਕੋਰਟ ਵਿੱਚ ਸੁਣਵਾਈ ਹੋ ਰਹੀ ਹੈ।

ਡਾ. ਅਫ਼ਰੀਦੀ ਉੱਤੇ ਕਦੇ ਵੀ 2011 ਦੇ ਆਪਰੇਸ਼ਨ ਵਿੱਚ ਸ਼ਮੂਲੀਅਤ ਦਾ ਮਾਮਲਾ ਦਰਜ ਨਹੀਂ ਹੋਇਆ।

ਡਾ. ਅਫ਼ਰੀਦੀ ਨੇ ਹਮੇਸ਼ਾ ਇਹ ਦਲੀਲ ਦਿੱਤੀ ਹੈ ਕਿ ਉਨ੍ਹਾਂ ਨੂੰ ਨਿਰਪੱਖ ਟ੍ਰਾਇਲ ਦਾ ਮੌਕਾ ਨਹੀਂ ਦਿੱਤਾ ਗਿਆ।

ਡਾ. ਅਫ਼ਰੀਦੀ ਨੂੰ ਜੇਲ੍ਹ ਵਿੱਚ ਰੱਖਣ ਕਾਰਨ ਕਾਫ਼ੀ ਹੰਗਾਮਾ ਹੋਇਆ ਅਤੇ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੇ ਜਾਣ ਵਾਲੀ ਮਦਦ 'ਚੋਂ 33 ਮਿਲੀਅਨ ਡਾਲਰ ਦੀ ਕਟੌਤੀ ਕਰ ਦਿੱਤੀ- ਹਰੇਕ ਸਾਲ ਦੀ ਜੇਲ੍ਹ ਲਈ ਇੱਕ ਮਿਲੀਅਨ ਡਾਲਰ ਦੀ ਕਟੌਤੀ।

ਅਮਰੀਕਾ ਦਾ ਹੀਰੋ ਪਰ ਪਾਕਿਸਤਾਨ ਲਈ ਦੇਸਧ੍ਰੋਹੀ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸਾਲ 2016 ਦੀ ਚੋਣ ਮੁਹਿੰਮ ਦੌਰਾਨ ਦਾਅਵਾ ਕੀਤਾ ਸੀ ਕਿ ਜੇ ਉਹ ਚੋਣ ਜਿੱਤ ਜਾਂਦੇ ਹਨ ਤਾਂ ਡਾ. ਅਫ਼ਰੀਦੀ ਨੂੰ ਦੋ ਮਿੰਟ ਵਿੱਚ ਰਿਹਾਅ ਕਰਵਾ ਲੈਣਗੇ ਪਰ ਅਜਿਹਾ ਕਦੇ ਨਹੀਂ ਹੋਇਆ।

ਡਾ. ਅਫ਼ਰੀਦੀ ਨੂੰ ਅਮਰੀਕਾ ਵਿੱਚ ਹੀਰੋ ਮੰਨਿਆ ਜਾਂਦਾ ਹੈ ਪਰ ਪਾਕਿਸਤਾਨ ਵਿੱਚ ਉਸ ਨੂੰ ਦੇਸਧ੍ਰੋਹੀ ਮੰਨਿਆ ਜਾਂਦਾ ਹੈ ਜਿਸ ਕਾਰਨ ਦੇਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਵੀ ਪੜ੍ਹੋ:

ਇਸ ਕਾਰਨ ਹੀ ਅਮੀਰੀਕੀ ਨੇਵੀ ਸੀਲ ਪਾਕਿਸਤਾਨ ਵਿੱਚ ਦਾਖਿਲ ਹੋਈ ਤੇ 9/11 ਹਮਲੇ ਦੇ ਮਾਸਟਰ ਮਾਈਂਡ ਨੂੰ ਮਾਰ ਦਿੱਤਾ ਅਤੇ ਉਸਦੇ ਸਰੀਰ ਨੂੰ ਬਿਨਾ ਕਿਸੇ ਚੁਣੌਤੀ ਦੇ ਲੈ ਕੇ ਭੱਜਣ ਵਿੱਚ ਵੀ ਕਾਮਯਾਬ ਹੋਏ, ਬਿਨਾ ਕਿਸੇ ਰੁਕਾਵਟ ਦੇ।

ਇਸ ਕਾਰਨ ਇਹ ਸਵਾਲ ਖੜ੍ਹਾ ਹੋਇਆ ਕਿ ਕੀ ਪਾਕਿਸਤਾਨ ਫ਼ੌਜ ਨੂੰ ਜਾਣਕਾਰੀ ਸੀ ਕਿ ਓਸਾਮਾ ਬਿਨ ਲਾਦੇਨ ਪਾਕਿਸਤਾਨ ਵਿੱਚ ਹੀ ਮੌਜੂਦ ਸੀ?

ਸ਼ਕੀਲ ਅਫ਼ਰੀਦੀ ਕੌਣ ਹੈ?

ਡਾ. ਅਫ਼ਰੀਦੀ ਖੈਬਰ ਕਬਾਇਲੀ ਜ਼ਿਲ੍ਹੇ ਵਿਚ ਮਸ਼ਹੂਰ ਡਾਕਟਰ ਤੇ ਸਿਹਤ ਸੇਵਾਵਾਂ ਦੇ ਮੁਖੀ ਸਨ। ਇਸੇ ਕਾਰਨ ਉਨ੍ਹਾਂ ਨੇ ਅਮਰੀਕਾ ਵ੍ਰਲੋਂ ਫੰਡ ਕੀਤੇ ਗਏ ਟੀਕਾਕਰਣ ਦੇ ਕਈ ਪ੍ਰੋਗਰਾਮਾਂ ਦੀ ਨਿਗਰਾਨੀ ਕੀਤੀ ਸੀ।

Image copyright Reuters

ਇੱਕ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ, ਉਨ੍ਹਾਂ ਨੇ ਇੱਕ ਅਜਿਹਾ ਹੀ ਹੈਪੇਟਾਈਟਸ ਬੀ ਟੀਕਾਕਰਣ ਪ੍ਰੋਗਰਾਮ ਚਲਾਇਆ, ਜਿਸ ਵਿਚ ਐਬਟਾਬਾਦ ਦੇ ਗੈਰੀਸਨ ਕਸਬਾ ਵੀ ਸ਼ਾਮਲ ਸੀ। ਉੱਥੇ ਹੀ ਪਤਾ ਲਗਿਆ ਕਿ ਲਾਦੇਨ ਫੌਜੀਆਂ ਦੇ ਸਾਹਮਣੇ ਹੀ ਰਹਿ ਰਿਹਾ ਸੀ।

ਅਮਰੀਕੀ ਇੰਟੈਲੀਜੈਂਸ ਦੀ ਯੋਜਨਾ ਸੀ ਕਿ ਐਬਟਾਬਾਦ ਕੰਪਾਉਂਡ ਵਿੱਚ ਰਹਿ ਰਹੇ ਕਿਸੇ ਇੱਕ ਬੱਚੇ ਦੇ ਖੂਨ ਦਾ ਸੈਂਪਲ ਲਿਆਇਆ ਜਾਵੇ ਅਤੇ ਡੀਐਨਏ ਟੈਸਟ ਕਰਕੇ ਇਹ ਪਤਾ ਲਾਇਆ ਜਾਵੇ ਕਿ ਲਾਦੇਨ ਦੇ ਰਿਸ਼ਤੇਦਾਰ ਸਨ ਜਾਂ ਨਹੀਂ।

ਇਹ ਕਿਹਾ ਜਾ ਰਿਹਾ ਹੈ ਕਿ ਡਾ. ਅਫ਼ਰੀਦੀ ਦੇ ਸਟਾਫ਼ ’ਚੋਂ ਇੱਕ ਵਿਅਕਤੀ ਕੰਪਾਉਂਡ ਵਿੱਚ ਗਿਆ ਤੇ ਖੂਨ ਦਾ ਸੈਂਪਲ ਲਿਆਂਦਾ ਪਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਕੀ ਇਸੇ ਸੈਂਪਲ ਦੇ ਆਧਾਰ 'ਤੇ ਹੀ ਅਮਰੀਕਾ ਨੂੰ ਲਾਦੇਨ ਦੀ ਥਾਂ ਬਾਰੇ ਪਤਾ ਲਾਉਣ ਵਿੱਚ ਮਦਦ ਮਿਲੀ।

ਓਸਾਮਾ ਬਿਨ ਲਾਦੇਨ ਨੂੰ ਮਾਰਨ ਤੋਂ 20 ਦਿਨਾਂ ਬਾਅਦ ਡਾ. ਅਫ਼ਰੀਦੀ ਨੂੰ 23 ਮਈ, 2011 ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਕਿਹਾ ਜਾ ਰਿਹਾ ਕਿ ਉਦੋਂ ਉਹ 40 ਸਾਲ ਤੋਂ ਵੱਧ ਉਮਰ ਦੇ ਸਨ।

ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਥੋੜ੍ਹੀ ਹੀ ਜਾਣਕਾਰੀ ਹੈ। ਸਿਰਫ਼ ਇੰਨਾ ਹੀ ਪਤਾ ਹੈ ਕਿ ਉਹ 1990 ਵਿੱਚ ਖੈਬਰ ਮੈਡੀਕਲ ਕਾਲਜ ਤੋਂ ਗ੍ਰੈਜੁਏਟ ਹੋਏ ਹਨ।

Image copyright Reuters
ਫੋਟੋ ਕੈਪਸ਼ਨ ਓਸਾਮਾ ਬਿਨ ਲਾਦੇਨ ਦਾ 2012 ਵਿੱਚ ਗੜ੍ਹ

ਡਾ. ਅਫ਼ਰੀਦੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਤੋਂ ਹੀ ਪਰਿਵਾਰ ਅੱਤਵਾਦੀ ਹਮਲੇ ਦੇ ਖਦਸ਼ੇ ਕਾਰਨ ਲੁਕਿਆ ਹੋਇਆ ਹੈ। ਉਨ੍ਹਾਂ ਦੀ ਪਤਨੀ ਐਬਟਾਬਾਦ ਦੇ ਇੱਕ ਸਰਕਾਰੀ ਸਕੂਲ ਵਿੱਚ ਪ੍ਰਿੰਸੀਪਲ ਸੀ।

ਉਨ੍ਹਾਂ ਦੇ ਤਿੰਨ ਬੱਚੇ ਹਨ- ਦੋ ਮੁੰਡੇ ਤੇ ਇੱਕ ਧੀ। ਉਨ੍ਹਾਂ 'ਚੋਂ ਦੋ ਤਾਂ ਹੁਣ ਜਵਾਨ ਹੋਣਗੇ।

ਅਮਰੀਕੀ ਅਧਿਕਾਰੀਆਂ ਨੇ ਸਾਲ 2012 ਵਿੱਚ ਜਨਤਕ ਤੌਰ 'ਤੇ ਕਬੂਲ ਕੀਤਾ ਸੀ ਕਿ ਡਾ. ਅਫ਼ਰੀਦੀ ਅਮਰੀਕੀ ਇੰਟੈਲੀਜੈਂਸ ਲਈ ਕੰਮ ਕਰਦੇ ਸੀ।

ਪਰ ਇਹ ਸਪੱਸ਼ਟ ਨਹੀਂ ਹੈ ਕਿ ਸੀਆਈਏ ਲਈ ਉਸ ਦੀ ਭੂਮਿਕਾ ਬਾਰੇ ਉਨ੍ਹਾਂ ਨੂੰ ਕਿੰਨਾ ਪਤਾ ਸੀ। ਉਨ੍ਹਾਂ ਨੇ ਐਬਟਾਬਾਦ ਕਮਿਸ਼ਨ ਸਾਹਮਣੇ ਪੇਸ਼ੀ ਦੌਰਾਨ ਕਤਲ ਬਾਰੇ ਕੁਝ ਨਹੀਂ ਕਿਹਾ।

ਪਾਕਿਸਤਾਨੀ ਜਾਂਚ ਮੁਤਾਬਕ ਭਰਤੀ ਵੇਲੇ ਡਾ. ਅਫ਼ਰੀਦੀ ਨੂੰ ਇਹ ਨਹੀਂ ਪਤਾ ਸੀ ਕਿ ਸੀਆਈਏ ਦੇ ਨਿਸ਼ਾਨੇ 'ਤੇ ਕੌਣ ਸੀ।

ਕਿਸ ਇਲਜ਼ਾਮ 'ਚ ਮੁਕੱਦਮਾ ਚੱਲਿਆ?

ਹਾਲਾਂਕਿ ਸ਼ੁਰੂਆਤ ਵਿਚ ਡਾ. ਅਫ਼ਰੀਦੀ ਨੂੰ ਦੇਸ਼ਧ੍ਰੋਹ ਦੇ ਇਲਜ਼ਾਮ ਲੱਗੇ ਪਰ ਅਖੀਰ ਮਈ 2012 ਵਿਚ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ 'ਤੇ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਲਸ਼ਕਰ-ਏ-ਇਸਲਾਮ ਨੂੰ ਫੰਡ ਦੇਣ ਦੇ ਇਲਜ਼ਾਮ ਲੱਗੇ।

ਉਸ 'ਤੇ ਇਸ ਜਥੇਬੰਦੀ ਨਾਲ ਸਬੰਧ ਹੋਣ ਕਾਰਨ 33 ਸਾਲ ਦੀ ਸਜ਼ਾ ਹੋਈ ਹਾਲਾਂਕਿ ਇੱਕ ਅਪੀਲ ਤੋਂ ਬਾਅਦ ਇਹ ਸਜ਼ਾ ਘਟਾ ਕੇ 23 ਸਾਲ ਕਰ ਦਿੱਤੀ।

ਡਾ. ਅਫ਼ਰੀਦੀ ’ਤੇ ਜਥੇਬੰਦੀ ਦੇ ਲੜਾਕਿਆਂ ਨੂੰ ਮੈਡੀਕਲ ਮਦਦ ਕਰਨ ਦਾ ਇਲਜ਼ਾਮ ਲਾਇਆ ਗਿਆ। ਇਸ ਦੇ ਨਾਲ ਹੀ ਸਰਕਾਰੀ ਹਸਪਤਾਲ ਵਿੱਚ ਜਥੇਬੰਦੀ ਨੂੰ ਬੈਠਕ ਕਰਨ ਦੀ ਇਜਾਜ਼ਤ ਦੇਣ ਦਾ ਵੀ ਇਲਜ਼ਾਮ ਲਾਇਆ ਗਿਆ।

Image copyright Reuters

ਉਸ ਦੇ ਪਰਿਵਾਰ ਨੇ ਇਨ੍ਹਾਂ ਇਲਜ਼ਾਮਾਂ ਦਾ ਜ਼ੋਰਦਾਰ ਖੰਡਣ ਕੀਤਾ ਹੈ। ਉਸ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਸ ਨੇ ਗਰੁੱਪ ਨੂੰ ਅਦਾ ਕੀਤੀ ਸਿਰਫ਼ ਇਕ ਵਾਰੀ ਇੱਕ ਮਿਲੀਅਨ ਪਾਕਿਸਤਾਨੀ ਰੁਪਏ ਦਿੱਤੇ ਸੀ। ਇਹ ਫਿਰੌਤੀ ਉਸ ਨੂੰ 2008 ਵਿਚ ਅਗਵਾ ਕਰਨ ਤੋਂ ਬਾਅਦ ਰਿਹਾਈ ਲਈ ਦਿੱਤੀ ਗਈ ਸੀ।

2012 ਵਿੱਚ ਉਨ੍ਹਾਂ ਵੱਲੋਂ ਜੇਲ੍ਹ ’ਚੋਂ ਫੌਕਸ ਨਿਊਜ਼ ਨੂੰ ਚਿੱਠੀ ਲਿਖਣ ਦੀਆਂ ਖ਼ਬਰਾਂ ਆਈਆਂ ਜਿਸ ਵਿੱਚ ਲਿਖਿਆ ਸੀ ਕਿ ਪਾਕਿਸਤਾਨੀ ਖੂਫੀਆ ਏਜੰਸੀ ਨੇ ਅਗਵਾ ਕੀਤਾ ਹੈ ਤੇ ਉਨ੍ਹਾਂ ਨਾਲ ਤਸ਼ੱਦਦ ਕੀਤਾ ਜਾ ਰਿਹਾ ਹੈ।

ਇੱਕ ਸਾਲ ਬਾਅਦ ਉਹ ਆਪਣੇ ਵਕੀਲਾਂ ਤੱਕ ਇੱਕ ਚਿੱਠੀ ਪਹੁੰਚਾਉਣ ਵਿੱਚ ਕਾਮਯਾਬ ਹੋਏ ਜਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਹੈ।

ਪਰ ਉਸ 'ਤੇ ਅਮਰੀਕਾ ਦੀ ਮਦਦ ਕਰਨ ਦਾ ਇਲਜ਼ਾਮ ਕਿਉਂ ਨਹੀਂ ਲੱਗਿਆ?

ਇਹ ਸਪਸ਼ਟ ਨਹੀਂ ਹੋ ਸਕਿਆ ਹੈ ਪਰ ਬਿਨ ਲਾਦੇਨ ਦਾ ਮਾਮਲਾ ਪਾਕਿਸਤਾਨ ਲਈ ਵੱਡੀ ਸ਼ਰਮ ਵਾਲੀ ਗੱਲ ਸੀ।

ਹਾਲਾਂਕਿ ਅਧਿਕਾਰੀ ਇਸ ਗੱਲ ਨਾਲ ਨਾਰਾਜ਼ ਸਨ ਕਿਉਂਕਿ ਇਹ ਹਕੂਮਤ ਦੀ ਉਲੰਘਣਾ ਸਮਝਿਆ ਗਿਆ। ਪਰ ਖੁਫੀਆ ਏਜੰਸੀਆਂ ਨੂੰ ਜਨਤਕ ਤੌਰ 'ਤੇ ਮੰਨਣਾ ਪਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਕਿ ਅਲ- ਕਾਇਦਾ ਦਾ ਸੰਸਥਾਪਕ ਅਤੇ ਆਗੂ ਇੱਕ ਤਿੰਨ ਮੰਜ਼ਿਲਾ ਇਮਾਰਤ ਵਿਚ ਕਈ ਸਾਲਾਂ ਤੋਂ ਗੁਪਤ ਰੂਪ ਨਾਲ ਰਹਿ ਰਿਹਾ ਸੀ।

ਡਾ. ਅਫ਼ਰੀਦੀ ਦੀ ਅਮਰੀਕਾ ਦੇ ਆਪਰੇਸ਼ਨ ਵਿੱਚ ਭੂਮਿਕਾ ਲਈ ਕੋਈ ਮਾਮਲਾ ਚਲਾਉਣ ਦਾ ਮਤਲਬ ਸੀ ਹੋਰ ਜਨਤਕ ਤੌਰ 'ਤੇ ਬੇਇਜ਼ਤੀ।

ਹੁਣ ਹੀ ਕਿਉਂ ਇਹ ਮਾਮਲਾ ਅਦਾਲਤ ਵਿੱਚ ਚਲਾਇਆ ਜਾ ਰਿਹਾ ਹੈ?

ਹਾਲੇ ਤੱਕ ਕਾਨੂੰਨੀ ਪ੍ਰਕਿਰਿਆ ਬ੍ਰਿਟਿਸ਼-ਕਾਲ ਦੇ ਫਰੰਟੀਅਰ ਕਰਾਈਮਜ਼ ਰੈਗੂਲੇਸ਼ਨਾਂ ਅਧੀਨ ਚੱਲੀ ਹੈ ਜਿਸ ਦੇ ਆਧਾਰ ’ਤੇ ਫੈਡਰਲ ਐਡਮਿਨਿਸਟਰਡ ਟਰਾਇਬਲ ਏਰੀਆਡ (ਫਾਟਾ)' ਦੇ ਇਲਾਕਿਆਂ ’ਤੇ ਇੱਕ ਸਾਲ ਪਹਿਲਾਂ ਤੱਕ ਸ਼ਾਸਨ ਚੱਲਦਾ ਸੀ।

ਕਬਾਇਲੀ ਕਚਹਿਰੀਆਂ ਦੀ ਪ੍ਰਧਾਨਗੀ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਕੀਤੀ ਜਾਂਦੀ ਸੀ ਜੋ ਅਜਿਹੀ ਕੌਂਸਲ ਦੀ ਮਦਦ ਲੈਂਦੇ ਸਨ ਜਿਸ ਵਿੱਚ ਜ਼ਿਆਦਾਤਰ ਕਬਾਇਲੀ ਬਜ਼ੁਰਗ ਸਨ।

ਉਹ ਬਣਦੀ ਪ੍ਰਕਿਰਿਆ ਦਾ ਪਾਲਣ ਕਰਨ ਲਈ ਪਾਬੰਦ ਨਹੀਂ ਸਨ।

ਇਹ ਤਰੀਕਾ ਡਾ. ਅਫ਼ਰੀਦੀ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰੱਖਣ ਲਈ ਵਧੀਆ ਸੀ।

ਪਰ ਪਿਛਲੇ ਸਾਲ ਖੈਬਰ ਪਖਤੂਨਖਵਾ ਦੇ ਨਾਲ ਕਬਾਇਲੀ ਇਲਾਕਿਆਂ ਦੇ ਮਿਲਣ ਕਾਰਨ ਮੁਕੱਦਮੇ ਰੈਗੁਲਰ ਅਦਾਲਤ ਵਿੱਚ ਪਹੁੰਚ ਗਏ ਹਨ।

ਪਿਛਲੇ ਸਾਲ ਡਾ. ਅਫ਼ਰੀਦੀ ਨੂੰ ਪੇਸ਼ਾਵਰ ਜੇਲ੍ਹ ਤੋਂ ਪੰਜਾਬ ਦੀ ਇੱਕ ਜੇਲ੍ਹ ਵਿੱਚ ਟਰਾਂਸਫ਼ਰ ਕਰ ਦਿੱਤਾ ਗਿਆ ਸੀ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)