ਸੀਰੀਅਲ ਕਿਲਰ ਜਿਸ ਨੇ 93 ਕਤਲ ਕੀਤੇ, ਜੇਲ੍ਹ ਵਿੱਚ ਬਣਾਈਆਂ ਮ੍ਰਿਤਕਾਂ ਦੀਆਂ ਤਸਵੀਰਾਂ

Samuel Little victims Image copyright FBI
ਫੋਟੋ ਕੈਪਸ਼ਨ ਐਫ਼ਬੀਆਈ ਨੇ ਸੈਮੁਅਲ ਲਿਟਲ ਵਲੋਂ ਜੇਲ੍ਹ 'ਚ ਬਣਾਈਆਂ ਪੀੜਤਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ

ਅਮਰੀਕਾ ਦੀ ਜਾਂਚ ਏਜੰਸੀ ਐਫ਼ਬੀਆਈ ਨੇ ਇੱਕ ਸਜ਼ਾ ਯਾਫ਼ਤਾ ਕਾਤਲ ਬਾਰੇ ਦੱਸਿਆ ਹੈ ਕਿ ਉਸ ਨੇ ਚਾਰ ਦਹਾਕਿਆਂ ਦੌਰਾਨ 93 ਕਤਲ ਕਰਨ ਦੀ ਗੱਲ ਕਬੂਲੀ ਹੈ। ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਧ ਕਤਲ ਕਰਨ ਵਾਲਾ ਸੀਰੀਅਲ ਕਿਲਰ ਹੈ।

ਪੁਲਿਸ ਨੇ 79 ਸਾਲਾ ਸੈਮੁਅਲ ਲਿਟਲ ਦਾ 1970 ਤੋਂ 2005 ਵਿਚਾਲੇ 50 ਕੇਸਾਂ ਨਾਲ ਸਬੰਧ ਦੱਸਿਆ।

ਉਹ ਤਿੰਨ ਔਰਤਾਂ ਦੇ ਕਤਲ ਕੇਸ ਵਿੱਚ 2012 ਤੋਂ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।

ਅਧਿਕਾਰੀਆਂ ਮੁਤਾਬਕ ਉਹ ਜ਼ਿਆਦਾਤਰ ਕਮਜ਼ੋਰ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਜਿਸ ਵਿੱਚ ਖਾਸ ਕਰਕੇ ਕਾਲੇ ਰੰਗ ਦੀਆਂ ਔਰਤਾਂ ਸਨ ਜੋ ਕਿ ਜ਼ਿਆਦਾਤਰ ਸੈਕਸ ਵਰਕਰ ਜਾਂ ਨਸ਼ੇ ਦੀਆਂ ਆਦੀ ਸਨ।

ਮੁੱਕੇਬਾਜ਼ ਰਹਿ ਚੁੱਕਿਆ ਲਿਟਲ ਪੀੜਤਾਂ ਦਾ ਗਲਾ ਘੁੱਟਣ ਤੋਂ ਪਹਿਲਾਂ ਉਨ੍ਹਾਂ ਨੂੰ ਮੁੱਕੇ ਮਾਰਦਾ ਸੀ। ਮਤਲਬ ਇਹ ਕਿ ਇਸ ਦੇ ਹਮੇਸ਼ਾ "ਸਪੱਸ਼ਟ ਸੰਕੇਤ" ਨਹੀਂ ਸਨ ਕਿ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਕਈ ਕਤਲ ਕਬੂਲੇ

ਏਜੰਸੀ ਮੁਤਾਬਕ ਕਈ ਮਾਮਲਿਆਂ ਦੀ ਜਾਂਚ ਐਫ਼ਬੀਆਈ ਨੇ ਕਦੇ ਵੀ ਨਹੀਂ ਕੀਤੀ। ਕਈ ਮਾਮਲਿਆਂ ਵਿੱਚ ਸਮਝ ਲਿਆ ਗਿਆ ਕਿ ਇਹ ਓਵਰਡੋਜ਼ ਜਾਂ ਹਾਦਸੇ ਕਾਰਨ ਮੌਤਾਂ ਹੋਈਆਂ ਹਨ। ਕੁਝ ਲਾਸ਼ਾਂ ਕਦੇ ਵੀ ਨਹੀਂ ਮਿਲੀਆਂ।

ਐਫ਼ਬੀਆਈ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ "ਵਿਸ਼ਲੇਸ਼ਕ ਮੰਨਦੇ ਹਨ ਕਿ ਉਸਦੇ ਸਾਰੇ ਕਬੂਲਨਾਮੇ ਭਰੋਸੇਯੋਗ ਹਨ।"

ਐਫ਼ਬੀਆਈ ਕਰਾਈਮ ਦੇ ਵਿਸ਼ਲੇਸ਼ਕ ਕ੍ਰਿਸਟੀ ਪਲਾਜ਼ੋਲੋ ਦੇ ਬਿਆਨ ਮੁਤਾਬਕ, "ਕਈ ਸਾਲਾਂ ਤੱਕ ਸੈਮੁਅਲ ਲਿਟਲ ਨੂੰ ਲੱਗਿਆ ਕਿ ਉਸ ਨੂੰ ਕਦੇ ਵੀ ਨਹੀਂ ਫੜ੍ਹਿਆ ਜਾਵੇਗਾ ਕਿਉਂਕਿ ਕੋਈ ਵੀ ਪੀੜਤਾਂ ਬਾਰੇ ਥਹੁ-ਪਤਾ ਨਹੀਂ ਲੈ ਰਿਹਾ ਸੀ।"

Image copyright Getty Images
ਫੋਟੋ ਕੈਪਸ਼ਨ ਅਗਸਤ 2014 ਵਿੱਚ ਮੁਕਦਮੇ ਦੀ ਸੁਣਵਾਈ ਦੌਰਾਨ ਸੈਮੁਅਲ ਲਿਟਲ

"ਹਾਲਾਂਕਿ ਉਹ ਹਾਲੇ ਵੀ ਜੇਲ੍ਹ ਵਿੱਚ ਹੀ ਹੈ, ਐਫ਼ਬੀਆਈ ਨੂੰ ਲੱਗਦਾ ਹੈ ਕਿ ਹਰੇਕ ਪੀੜਤ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਤਾਂ ਕਿ ਹਰੇਕ ਮਾਮਲਾ ਬੰਦ ਹੋਵੇ।"

ਹੁਣ 43 ਹੋਰ ਮਾਮਲਿਆਂ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮਾਮਲਿਆਂ ਦਾ ਵੇਰਵਾ

ਅਧਿਕਾਰੀਆਂ ਨੇ ਪੰਜ ਮਾਮਲਿਆਂ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਵਿੱਚ ਕੈਨਟਕੀ, ਫਲੋਰਿਡਾ, ਨੇਵਾਡਾ ਤੇ ਅਰਕਨਸਸ ਸ਼ਾਮਿਲ ਹਨ। ਏਜੰਸੀ ਨੇ ਪਹਿਲਾਂ ਪੀੜਤਾਂ ਦੇ ਸਕੈਚ ਸਾਂਝੇ ਕੀਤੇ ਸਨ ਜੋ ਕਿ ਲਿਟਲ ਨੇ ਜੇਲ੍ਹ ਵਿੱਚ ਬਣਾਈਆਂ ਸਨ ਤਾਂ ਕਿ ਹੋਰ ਵੀ ਪੀੜਤਾਂ ਦੀ ਪਛਾਣ ਹੋ ਸਕੇ।

ਉਨ੍ਹਾਂ ਨੇ ਇੰਟਰਵਿਊਜ਼ ਦੇ ਵੀਡੀਓ ਕਲਿੱਪ ਵੀ ਸਾਂਝੇ ਕੀਤੇ ਜਿਸ ਵਿੱਚ ਉਸ ਨੇ ਕਤਲ ਬਾਰੇ ਵੇਰਵਾ ਦਿੱਤਾ ਹੈ।

  • ਜਿਹੜੇ ਪੰਜ ਮਾਮਲਿਆਂ ਵਿੱਚ ਐਫ਼ਬੀਆਈ ਲੋਕਾਂ ਦਾ ਸਹਿਯੋਗ ਮੰਗ ਰਹੀ ਹੈ ਉਸ ਵਿੱਚੋਂ ਇੱਕ ਮਾਮਲੇ ਵਿੱਚ ਲਿਟਲ ਨੇ ਦੱਸਿਆ ਕਿ ਇੱਕ ਜਵਾਨ ਅਫਰੀਕੀ ਨਸਲ ਦੀ ਟਰਾਂਸਜੈਂਡਰ ਔਰਤ ਜਿਸ ਦਾ ਨਾਮ ਮੈਰੀ ਐਨ ਸੀ। ਇਹ ਔਰਤ ਫਲੋਰਿਡਾ ਦੀ ਰਹਿਣ ਵਾਲੀ ਸੀ ਤੇ ਤਕਰੀਬਨ 70 ਸਾਲ ਦੀ ਸੀ।
  • ਉਸ ਨੇ ਇੱਕ 19 ਸਾਲਾ ਕੁੜੀ ਨੂੰ ਗੰਨੇ ਦੇ ਖੇਤ ਵਿੱਚ ਕਤਲ ਕਰਨ ਦੀ ਗੱਲ ਕਬੂਲੀ। ਉਸ ਦੀ ਲਾਸ਼ ਨੂੰ ਮਿੱਟੀ ਵਿੱਚ ਦੱਬ ਦਿੱਤਾ। ਉਸ ਨੇ ਕਿਹਾ, "ਮਿੱਟੀ ਗਿੱਲੀ ਸੀ। ਮੈਂ ਉਸ ਨੂੰ ਉੱਥੇ ਹੀ ਸੁੱਟ ਦਿੱਤਾ। ਉਹ ਮੂੰਹ ਭਾਰ ਡਿੱਗੀ।"
  • ਇੱਕ ਹੋਰ ਮਾਮਲੇ ਵਿੱਚ ਲਿਟਲ ਨੇ 1993 ਵਿੱਚ ਇੱਕ ਔਰਤ ਨੂੰ ਲਾਸ ਵੇਗਸ ਦੇ ਇੱਕ ਹੋਟਲ ਵਿੱਚ ਕਤਲ ਕੀਤਾ। ਉਸ ਨੇ ਦੱਸਿਆ ਕਿ ਕਤਲ ਤੋਂ ਪਹਿਲਾਂ ਉਹ ਉਸ ਦੇ ਪੁੱਤ ਨੂੰ ਮਿਲਿਆ ਸੀ, ਉਸ ਨਾਲ ਹੱਥ ਵੀ ਮਿਲਾਇਆ ਸੀ। ਕਤਲ ਤੋਂ ਬਾਅਦ ਉਸ ਦੀ ਲਾਸ਼ ਨੂੰ ਗੱਡੀ ਵਿੱਚ ਪਾ ਕੇ ਸ਼ਹਿਰ ਤੋਂ ਬਾਹਰ ਲੈ ਗਿਆ ਤੇ ਇੱਕ ਥਾਂ ਤੋਂ ਹੇਠਾਂ ਸੁੱਟ ਦਿੱਤਾ।

ਅਧਿਕਾਰੀਆਂ ਮੁਤਾਬਕ ਲਿਟਲ ਨੂੰ ਕਤਲ ਬਾਰੇ ਸੰਖੇਪ ਜਾਣਕਾਰੀ ਹੈ ਪਰ ਉਸ ਨੂੰ ਖਾਸ ਤਰੀਕਾਂ ਯਾਦ ਨਹੀਂ ਇਸ ਲਈ ਜਾਂਚ ਵਿੱਚ ਮੁਸ਼ਕਿਲ ਆ ਰਹੀ ਹੈ।

Image copyright Wise County Jail

ਲਿਟਲ ਨੂੰ 2012 ਵਿੱਚ ਕੈਂਟਕੀ ਵਿੱਚ ਨਸ਼ਿਆਂ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਕੈਲੀਫੋਰਨੀਆ ਭੇਜਿਆ ਗਿਆ ਸੀ, ਜਿੱਥੇ ਅਧਿਕਾਰੀਆਂ ਨੇ ਉਸ ਦਾ ਡੀਐਨਏ ਟੈਸਟ ਕਰਵਾਇਆ ਸੀ।

ਡੀਐਨਏ ਟੈਸਟ ਵਿਚ ਤਿੰਨ ਕਤਲ ਦੀਆਂ ਅਣਸੁਲਝੀਆਂ ਗੁੱਥੀਆਂ ਨਾਲ ਤਾਰ ਜੁੜੇ, ਜੋ ਕਿ ਲਾਸ ਐਂਜਲਸ ਵਿੱਚ 1987 ਤੋਂ 1989 ਵਿਚਾਲੇ ਸਨ। ਉਸਨੇ ਮੁਕੱਦਮੇ ਦੌਰਾਨ ਖੁਦ ਨੂੰ ਬੇਕਸੂਰ ਕਿਹਾ ਪਰ ਅਖੀਰ ਉਸਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੂੰ ਲਗਾਤਾਰ ਤਿੰਨ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਉਸ ਨੂੰ ਪੈਰੋਲ ਦਾ ਵੀ ਕੋਈ ਮੌਕਾ ਨਹੀਂ ਮਿਲਿਆ।

ਉਸ ਨੂੰ ਫਿਰ ਐਫਬੀਆਈ ਦੀ ਵਾਇਲੰਟ ਕ੍ਰਿਮੀਨਲ ਐਪਰੀਹੈਨਸ਼ਨਜ਼ ਪ੍ਰੋਗਰਾਮ (ViCAP) ਵਿੱਚ ਭੇਜ ਦਿੱਤਾ ਗਿਆ। ਇਸ ਯੋਜਨਾ ਤਹਿਤ ਹਿੰਸਾ ਜਾਂ ਸੈਕਸ ਕਰਾਈਮ ਦੇ ਸੀਰੀਅਲ ਅਪਰਾਧੀਆਂ ਦਾ ਵਿਸ਼ਲੇਸ਼ਣ ਕਰਦੀ ਹੈ। ਇਹ ਟੀਮ ਸਥਾਨਕ ਕਾਨੂੰਨੀ ਏਜੰਸੀਆਂ ਨੂੰ ਜਾਣਕਾਰੀ ਸਾਂਝੀ ਕਰਦੀ ਹੈ ਤਾਂ ਕਿ ਅਣਸੁਲਝੇ ਮਾਮਲਿਆਂ ਵਿੱਚ ਮਦਦ ਮਿਲ ਸਕੇ।

ਪਿਛਲੇ ਸਾਲ ਟੈਕਸਸ ਰੇਂਜਰ ਜੇਮਜ਼ ਹੋਲੈਂਡ ਨੇ ਕੈਲੀਫੋਰਨੀਆ ਵਿੱਚ ਲਿਟਲ ਦੀ ਇੰਟਰਵਿਊ ਲਈ ਵੀਕੈਪ ਟੀਮ ਨਾਲ ਗਿਆ। ਉਨ੍ਹਾਂ ਕਿਹਾ ਕਿ ਲਿਟਲ ਉਨ੍ਹਾਂ ਨਾਲ ਗੱਲ ਕਰਨ ਲਈ ਰਾਜ਼ੀ ਹੋ ਗਿਆ। ਰੇਂਜਰ ਹੋਲੈਂਡ ਲਿਟਲ ਨਾਲ "ਲਗਭਗ ਰੋਜ਼ਾਨਾ" ਸਵਾਲ ਕਰਦਾ ਸੀ ਅਤੇ ਉਸਦੇ ਆਜੁਰਮਾਂ ਦੀ ਪੂਰੀ ਕਹਾਣੀ ਜਾਣਦਾ ਸੀ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)