ਪੁਲਿਸਵਾਲੀ ਜਿਸ ਨੇ ਸੈਂਕੜੇ ਲੋਕਾਂ ਨੂੰ ਖੁਦਕੁਸ਼ੀ ਤੋਂ ਬਚਾਇਆ

Mia Munayer and Kevin Briggs pose at Golden Gate Image copyright Bridgewatch Angels
ਫੋਟੋ ਕੈਪਸ਼ਨ ਮੀਆ ਮੁਨਾਇਰ (ਖੱਬੇ) ਤੇ ਕੈਵਿਨ ਬ੍ਰਿਗਜ਼ ਨੇ ਮਿਲ ਕੇ ਗੋਲਡਨ ਗੇਟ ਬ੍ਰਿਜ ਤੋਂ ਕਈ ਲੋਕਾਂ ਦੀ ਜਾਨ ਬਚਾਈ

"ਕੋਈ ਵੀ ਇੱਥੇ ਛਾਲ ਮਾਰ ਕੇ ਖੁਦਕੁਸ਼ੀ ਲਈ ਨਹੀਂ ਆਉਂਦਾ। ਉਹ ਚਾਹੁੰਦੇ ਹਨ ਕੋਈ ਉਨ੍ਹਾਂ ਦੀ ਪਰਵਾਹ ਕਰੇ।"

ਇਹ ਕਹਿਣਾ ਹੈ ਕੈਵਿਨ ਹਾਈਨਜ਼ ਦਾ ਜੋ ਕਿ ਸਤੰਬਰ 2000 ਵਿੱਚ ਸੈਨ ਫਰਾਂਸਿਸਕੋ ਦੇ ਗੋਲਡਨ ਗੇਟ ਬ੍ਰਿਜ 'ਤੇ ਖੁਦਕੁਸੀ ਕਰਨ ਆਇਆ ਸੀ।

ਹਾਲਾਂਕਿ ਕਈ ਲੋਕਾਂ ਨੇ ਉਸ ਨੂੰ ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਪੁਲ 'ਤੇ ਦੇਖਿਆ ਸੀ। ਇੱਕ ਸੈਲਾਨੀ ਨੇ ਤਾਂ ਉਸ ਨੂੰ ਤਸਵੀਰ ਖਿੱਚਣ ਲਈ ਕਿਹਾ ਸੀ ਪਰ ਕਿਸੇ ਦਾ ਵੀ ਧਿਆਨ ਇਸ ਵੱਲ ਨਹੀਂ ਗਿਆ ਕਿ ਉਹ ਪਰੇਸ਼ਾਨ ਸੀ ਨਾ ਹੀ ਕਿਸੇ ਨੇ ਪੁੱਛਿਆ ਕਿ ਕਿ ਉਸ ਨੂੰ ਕੋਈ ਮੁਸ਼ਕਿਲ ਹੈ। ਇਸ ਲਈ ਉਸ ਨੇ ਛਾਲ ਮਾਰ ਦਿੱਤੀ।

ਚਮਤਕਾਰ ਹੀ ਸੀ ਕਿ 75 ਫੁੱਟ ਦੀ ਉਚਾਈ ਤੋਂ ਠੰਡੇ ਪਾਣੀ ਵਿੱਚ ਛਾਲ ਮਾਰ ਕੇ ਹਾਈਨਜ਼ ਬਚ ਗਿਆ ਸੀ। 1937 ਤੋਂ ਜਦੋਂ ਦਾ ਇਹ ਪੁਲ ਬਣਿਆ ਹੈ, 17,000 ਲੋਕ ਇੱਥੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਚੁੱਕੇ ਹਨ। ਇਹ ਅੰਕੜੇ ਗੋਲਡਨ ਗੇਟ ਬ੍ਰਿਜ ਹਾਈਵੇਅ ਐਂਡ ਟਰਾਂਸਪੋਰਟੇਸ਼ਨ ਡਿਸਟ੍ਰਿਕਟ ਦੇ ਹਨ।

ਇਹ ਵੀ ਪੜ੍ਹੋ:

ਅਮਰੀਕਾ ਦਾ ਇਹ ਪੁਲ ਦੁਨੀਆਂ ਭਰ ਵਿੱਚ ਕਾਫ਼ੀ ਮਸ਼ਹੂਰ ਹੈ ਅਤੇ ਇਹੀ ਪੁਲ ਸਭ ਤੋਂ ਵੱਧ ਖੁਦਕੁਸ਼ੀ ਦਾ ਵੀ ਕੇਂਦਰ ਹੈ।

ਇੱਥੇ ਹੁੰਦੀਆਂ ਖੁਦਕੁਸ਼ੀਆਂ ਕਾਰਨ ਇਸ ਦੀ ਟੀਮ ਦੇ ਕੁਝ ਲੋਕ ਧਿਆਨ ਰੱਖਦੇ ਹਨ ਕਿ ਕੋਈ ਛਾਲ ਮਾਰਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ। ਉਹ ਉਸ ਸ਼ਖ਼ਸ ਨੂੰ ਰੋਕ ਕੇ ਉਸ ਦੀ ਗੱਲ ਸੁਣਦੇ ਹਨ।

'ਫਰਿਸ਼ਤੇ'

ਇਕੱਲੇ 2018 ਵਿੱਚ ਅਮਰੀਕਾ ਵਿੱਚ 214 ਲੋਕਾਂ ਨੇ ਛਾਲ ਮਾਰਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।

ਪਰ ਸਿਰਫ਼ 27 ਲੋਕ ਹੀ ਖੁਦਕੁਸ਼ੀ ਕਰ ਸਕੇ। ਇਹ ਸੰਭਵ ਹੋ ਸਕਿਆ ਹੈ ਕਾਨੂੰਨ ਅਤੇ ਵਲੰਟੀਅਰਜ਼ ਦੇ ਸਹਿਯੋਗ ਨਾਲ।

ਮੀਆ ਮੁਨਾਇਰ ਅਤੇ ਕੈਵਿਨ ਬ੍ਰਿਗਜ਼ ਵਰਗੇ ਲੋਕਾਂ ਨੇ ਪਿਛਲੇ ਦੋ ਦਹਾਕਿਆਂ ਵਿੱਚ ਸੈਂਕੜੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ।

Image copyright Bridgewatch Angels

ਦੋਵੇਂ ਹੀ ਪੁਲਿਸ ਅਫ਼ਸਰ ਹਨ ਤੇ ਕੈਵਿਨ ਬ੍ਰਿਗਜ਼ ਤਾਂ ਕੈਲੀਫੋਰਨੀਆ ਹਾਈਵੇਅ ਪੈਟਰੋਲ ਤੋਂ ਸੇਵਾ ਮੁਕਤ ਹੋ ਚੁੱਕਿਆ ਹੈ।

ਮੁਨਾਇਰ ਦਾ ਵਲੰਟੀਅਰਜ਼ ਦਾ ਨੈਟਵਰਕ 'ਬ੍ਰਿਜਵਾਚ ਏਂਜਲਜ਼' ਨਾਮ ਨਾਲ ਜਾਣਿਆ ਜਾਂਦਾ ਹੈ ਤੇ ਇਹ ਲੋਕ ਲਗਾਤਾਰ ਪੁਲ 'ਤੇ ਅਧਿਕਾਰੀਆਂ ਦੇ ਸਹਿਯੋਗ ਲਈ ਤਾਇਨਾਤ ਰਹਿੰਦੇ ਹਨ।

ਪੈਟਰੋਲਿੰਗ ਦੇ ਦਿਨਾਂ ਵਿੱਚ ਸਾਰਜੈਂਟ ਬ੍ਰਿਗਜ਼ ਗੋਲਡਨ ਗੇਟ ਦਾ ਰੱਖਿਅਕ ਕਿਹਾ ਜਾਣ ਲੱਗਿਆ। ਉਸ ਨੇ 200 ਤੋਂ ਵੱਧ ਮਾਮਲਿਆਂ ਵਿੱਚ ਦਖ਼ਲ ਦੇ ਕੇ ਸਫ਼ਲਤਾ ਹਾਸਿਲ ਕੀਤੀ।

ਮਾਨਸਿਕ ਤਣਾਅ ਤੇ ਖੁਦਕੁਸ਼ੀ

ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆਂ ਭਰ ਵਿੱਚ ਸਲਾਨਾ 8 ਲੱਖ ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆ ਰਹੇ ਹਨ।

ਅਮਰੀਕਾ ਦੇ ਸੈਂਟਰ ਫਾਰ ਡਿਸੀਜ਼ ਕੰਟਰੋਲ ਮੁਤਾਬਕ ਸਾਲ 2017 ਵਿੱਚ ਤਕਰੀਬਨ 47,000 ਲੋਕ ਖੁਦਕੁਸ਼ੀ ਕਰ ਚੁੱਕੇ ਹਨ। ਅਮਰੀਕਾ ਵਿੱਚ 10 ਤੋਂ 34 ਸਾਲ ਦੇ ਲੋਕਾਂ 'ਚ ਮੌਤ ਦਾ ਦੂਜਾ ਵੱਡਾ ਕਾਰਨ ਖੁਦਕੁਸ਼ੀ ਹੈ।

Image copyright Ascend Books/BBC
ਫੋਟੋ ਕੈਪਸ਼ਨ ਬ੍ਰਿਗਜ਼ ਨੇ ਤਕਰਬੀਨ 200 ਲੋਕਾਂ ਨੂੰ ਖੁਦਕੁਸ਼ੀ ਤੋਂ ਰੋਕਿਆ

ਖੁਦਕੁਸ਼ੀ ਦੇ ਕਈ ਕਾਰਨ ਹੋ ਸਕਦੇ ਹਨ ਪਰ ਇਸ ਦਾ ਮਾਨਸਿਕ ਸਿਹਤ ਨਾਲ ਸਿੱਧਾ ਸਬੰਧ ਹੈ ਖਾਸ ਕਰਕੇ ਡਿਪਰੈਸ਼ਨ। ਖੁਦਕੁਸ਼ੀ ਖਿਲਾਫ਼ ਜਾਗਰੂਕ ਕਰਨ ਵਾਲੀ ਅਮਰੀਕੀ ਸੰਸਥਾ ਸੇਵ ਮੁਤਾਬਕ 90 ਫੀਸਦ ਲੋਕ ਜੋ ਖੁਦਕੁਸ਼ੀ ਕਰਦੇ ਹਨ ਉਹ ਕਿਸੇ ਮਾਨਸਿਕ ਤਣਾਅ ਜਾਂ ਪਦਾਰਥਾਂ ਦੀ ਦੁਰਵਰਤੋਂ ਦੀ ਸਮੱਸਿਆ ਨਾਲ ਜੂਝ ਰਹੇ ਹੁੰਦੇ ਹਨ।

ਹਾਲਾਂਕਿ ਡਿਪਰੈਸ਼ਨ ਦਾ ਇਲਾਜ ਹੈ ਪਰ ਖੁਦਕੁਸ਼ੀ ਉਸੇ ਦਾ ਹੀ ਨਤੀਜਾ ਹੈ।

ਪਰੇਸ਼ਾਨ ਲੋਕਾਂ ਦੀ ਗੱਲ ਸੁਣੋ

ਮੁਨਾਇਰ ਵੀ ਕਈ ਸਥਾਨਕ ਲੋਕਾਂ ਵਾਂਗ ਪੁਲ ਦੇ ਇਸ ਕਾਲੇ ਸੱਚ ਤੋਂ ਅਣਜਾਨ ਸੀ। ਇਸ ਬਾਰੇ ਉਸ ਨੂੰ ਉਦੋਂ ਪਤਾ ਲੱਗਿਆ ਜਦੋਂ ਉਹ 2010 ਵਿੱਚ ਗੋਲਡਨ ਗੇਟ 'ਤੇ ਆਧਾਰਿਤ ਦਸਤਾਵੇਜੀ ਫ਼ਿਲਮ ਦੇਖਣ ਪਹੁੰਚੀ।

ਉਸ ਨੇ ਬੀਬੀਸੀ ਨੂੰ ਦੱਸਿਆ, "ਮੈਂ ਤੇ ਮੇਰੇ ਸਹਿਯੋਗੀ ਇੱਕ ਕੋਰਸ ਕਰ ਰਹੇ ਸੀ ਤੇ ਸਾਨੂੰ ਇੱਕ ਦਸਤਾਵੇਜੀ ਫਿਲਮ ਦਿਖਾਈ ਗਈ।"

"ਮੈਨੂੰ ਪਤਾ ਸੀ ਕਿ ਮੈਨੂੰ ਇਹ ਸਭ ਰੋਕਣ ਲਈ ਕੁਝ ਕਰਨਾ ਪਏਗਾ ਤਾਂ ਕਿ ਹੋਰ ਜਾਨਾਂ ਨਾ ਜਾਣ।"

Image copyright Bridgewatch Angels
ਫੋਟੋ ਕੈਪਸ਼ਨ ਇਹ ਵਲੰਟੀਅਰ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਨੂੰ ਰੋਕਦੇ ਹਨ

ਫਿਰ ਉਸ ਨੇ 'ਏਂਜਲਜ਼' ਦੀ ਸਥਾਪਨਾ ਕੀਤੀ ਜੋ ਕਿ 2011 ਤੋਂ ਗੋਲਡਨ ਗੇਟ 'ਤੇ ਮੁੱਖ ਤਰੀਕਾਂ 'ਤੇ ਘੁੰਮਦੇ ਹਨ ਜਿਵੇਂ ਕਿ ਵੈਲੇਂਟਾਈਨਜ਼ ਡੇਅ ਜਾਂ ਕ੍ਰਿਸਮਸ ਡੇ ਮੌਕੇ। ਜੇ ਕੋਈ ਵੀ ਤਣਾਅ ਵਿੱਚ ਦਿਖੇ ਤਾਂ ਇਹ ਉਸ ਨਾਲ ਗੱਲਬਾਤ ਕਰਨ ਲਈ ਟਰੇਂਡ ਕੀਤੇ ਗਏ ਹਨ।

ਮੁਨਾਇਰ ਨੇ ਇਸ ਮੁਹਿੰਮ ਲਈ ਖੁਦ 10 ਹਜ਼ਾਰ ਡਾਲਰ ਖਰਚ ਕੀਤੇ ਹਨ।

ਇਹ ਮਹਿਲਾ ਪੁਲਿਸ ਅਧਿਕਾਰੀ ਵਲੰਟੀਅਰਜ਼ ਨੂੰ ਸਿਖਲਾਈ ਦਿੰਦੀ ਹੈ ਕਿ ਕਿਵੇਂ ਤਣਾਅ ਵਾਲੇ ਲੋਕਾਂ ਦੀ ਪਛਾਣ ਕਰਨੀ ਹੈ ਤੇ ਕਿਵੇਂ ਉਨ੍ਹਾਂ ਦੀ ਮਦਦ ਕੀਤੀ ਜਾ ਸਕਦੀ ਹੈ।

"ਅਸੀਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ। ਅਸੀਂ ਉਨ੍ਹਾਂ ਨੂੰ ਸਮਝਾਉਂਦੇ ਹਾਂ ਕਿ ਉਹ ਇਕੱਲੇ ਨਹੀਂ ਹਨ। ਅਸੀਂ ਉਨ੍ਹਾਂ ਦੀ ਗੱਲ ਸੁਣਦੇ ਹਾਂ ਤੇ ਕਈ ਵਾਰੀ ਇਹੀ ਸਭ ਤੋਂ ਵੱਡੀ ਚੀਜ਼ ਹੁੰਦੀ ਹੈ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
#MentalHealth : 'ਮੇਰਾ ਮਨ ਕਰਦਾ ਸੀ ਕਿ ਟਰੱਕ ਥੱਲੇ ਆ ਕੇ ਮਰ ਜਾਵਾਂ'

ਵਲੰਟੀਅਰ ਸਿਰਫ਼ ਇਹ ਪੁੱਛ ਸਕਦੇ ਹਨ ਕਿ, 'ਕੀ ਤੁਸੀਂ ਠੀਕ ਹੋ?'

ਮੁਨਾਇਰ ਨੇ ਬੀਬੀਸੀ ਨੂੰ ਦੱਸਿਆ, "ਇਹ ਜ਼ਰੂਰੀ ਹੈ ਕਿ ਉਹ ਵਿਸ਼ੇ ਬਾਰੇ ਗੱਲ ਨਾ ਕਰਨ ਸਗੋਂ ਉਨ੍ਹਾਂ ਦੀ ਗੱਲ ਸੁਣਦੇ ਰਹਿਣ।"

ਕੈਵਿਨ ਬ੍ਰਿਗਜ਼ ਕੋਲ ਵੀ ਇਸ ਮੁਹਿੰਮ ਵਿੱਚ ਸ਼ਾਮਿਲ ਹੋਣ ਤੋਂ ਇਲਾਵਾ ਹੋਰ ਕੋਈ ਬਦਲ ਵੀ ਨਹੀਂ ਸੀ ਕਿਉਂਕਿ ਉਹ ਤਕਰੀਬਨ 20 ਸਾਲਾਂ ਤੋਂ ਗੋਲਡਨ ਗੇਟ 'ਤੇ ਪੈਟਰੋਲਿੰਗ ਕਰ ਰਹੇ ਸੀ।

ਖੁਦਕੁਸ਼ੀ ਕਰਨ ਜਾ ਰਹੇ ਸ਼ਖ਼ਸ ਨਾਲ ਪਹਿਲੀ ਮੁਲਾਕਾਤ 1994 ਵਿੱਚ ਹੋਈ।

ਬ੍ਰਿਗਜ਼ ਨੇ ਬੀਬੀਸੀ ਨੂੰ ਦੱਸਿਆ, "ਉਦੋਂ ਪੁਲਿਸ ਨੂੰ ਇਸ ਦੀ ਕੋਈ ਟਰੇਨਿੰਗ ਨਹੀਂ ਦਿੱਤੀ ਜਾਂਦੀ ਸੀ ਕਿ ਅਜਿਹੇ ਹਾਲਾਤ ਨਾਲ ਕਿਵੇਂ ਨਜਿੱਠਣਾ ਹੈ। ਮੈਂ ਡਰ ਗਿਆ ਸੀ ਜਦੋਂ ਮੈਂ ਇੱਕ ਕੁੜੀ ਨੂੰ ਰੇਲਿੰਗ 'ਤੇ ਚੜ੍ਹਦੇ ਦੇਖਿਆ।"

ਇਹ ਵੀ ਪੜ੍ਹੋ:

"ਮੈਂ ਵਿਹਲੇ ਸਮੇਂ ਵਿੱਚ ਖੁਦਕੁਸ਼ੀ ਦੇ ਮਾਮਲਿਆਂ ਵਿੱਚ ਬਚਾਅ ਦੇ ਤਰੀਕਿਆਂ ਬਾਰੇ ਖੁਦ ਹੀ ਪੜ੍ਹਣਾ ਸ਼ੁਰੂ ਕਰ ਦਿੱਤਾ। ਇਹ ਵਿਚਾਰ ਚੰਗਾ ਵੀ ਰਿਹਾ ਕਿਉਂਕਿ ਤਕਰੀਬਨ 20 ਸਾਲਾਂ ਤੱਕ ਅਜਿਹੇ ਮਾਮਲਿਆਂ ਨਾਲ ਨਜਿੱਠਣਾ ਸੀ।"

"ਕਈ ਵਾਰੀ ਮੈਂ ਸਰਵੇਖਣ ਦੇ ਤੌਰ 'ਤੇ ਉਨ੍ਹਾਂ ਲੋਕਾਂ ਨੂੰ ਹੀ ਸਵਾਲ ਕਰਦਾ ਸੀ ਜਿਨ੍ਹਾਂ ਨੂੰ ਬਚਾਇਆ ਸੀ। ਜਿਵੇਂ ਕਿ ਮੈਂ ਜੋ ਕਿਹਾ ਉਸ ਚੋਂ ਚੰਗਾ ਕੀ ਸੀ ਤੇ ਅਜਿਹੀ ਕਿਹੜੀ ਗੱਲ ਮੈਂ ਕਹੀ ਸੀ ਜਾਂ ਕੁਝ ਕੀਤਾ ਸੀ ਜੋ ਚੰਗਾ ਨਹੀਂ ਲੱਗਿਆ।"

Image copyright Pivotal Points
ਫੋਟੋ ਕੈਪਸ਼ਨ ਬ੍ਰਿਗਜ਼ ਦੀ ਬਰਥੀਆ (ਖੱਬੇ) ਨਾਲ ਦੋਸਤੀ ਹੋ ਗਈ

ਬ੍ਰਿਗਜ਼ ਨੇ ਤਕਰੀਬਨ 200 ਲੋਕਾਂ ਨੂੰ ਸਮਝਾ ਕੇ ਰੇਲਿੰਗ ਤੋਂ ਹੇਠਾਂ ਉਤਾਰਿਆਆ ਹੈ ਹਾਲਾਂਕਿ ਸਿਰਫ਼ ਦੋ ਮਾਮਲਿਆਂ ਵਿੱਚ ਉਹ ਅਸਫ਼ਲ ਰਹੇ।

ਸਾਬਕਾ ਪੁਲਿਸ ਅਫ਼ਸਰ ਬ੍ਰਿਗਜ਼ ਮੁਤਾਬਕ, "ਤੁਹਾਨੂੰ ਮਦਦ ਨਾਲੋਂ ਉਹ ਨਾਕਾਮਯਾਬੀਆਂ ਯਾਦ ਰਹਿੰਦੀਆਂ ਹਨ।"

ਬ੍ਰਿਗਜ਼ ਸਾਲ 2005 ਵਿੱਚ ਉਦੋਂ ਚਰਚਾ ਵਿੱਚ ਰਹੇ ਜਦੋਂ ਉਨ੍ਹਾਂ ਨੇ ਇੱਕ ਸ਼ਖ਼ਸ ਨੂੰ ਬਚਾਇਆ ਤੇ ਉਹ ਮਾਮਲਾ ਸਥਾਨਕ ਮੀਡੀਆ ਨੇ ਵੀ ਚੰਗੀ ਤਰ੍ਹਾਂ ਕਵਰ ਕੀਤਾ।

ਉਨ੍ਹਾਂ ਨੇ ਕੈਵਿਨ ਬਰਥੀਆ ਨਾਮ ਦੇ 22 ਸਾਲਾ ਸ਼ਖ਼ਸ ਨੂੰ ਬਚਾਇਆ ਜੋ ਕਿ ਡਿਪਰੈਸ਼ਨ ਦਾ ਸ਼ਿਕਾਰ ਸੀ। ਉਸ ਦੀ ਪ੍ਰੀ-ਮੈਚਯੋਰ ਧੀ ਦੇ ਇਲਾਜ ਦਾ 2,50,000 ਡਾਲਰ ਦਾ ਮੈਡੀਕਲ ਬਿਲ ਸੀ ਜੋ ਕਿ ਪੁਲ ਤੋਂ ਲਟਕ ਰਿਹਾ ਸੀ।

ਬ੍ਰਿਗਜ਼ ਯਾਦ ਕਰਦਿਆਂ ਕਹਿੰਦੇ ਹਨ, "ਮੈਂ ਉਸ ਨਾਲ ਤਕਰੀਬਨ 90 ਮਿੰਟ ਤੱਕ ਗੱਲਬਾਤ ਕੀਤੀ ਤੇ ਉਹ ਹੇਠਾਂ ਉਤਰ ਆਇਆ।"

ਇਸ ਦੀ ਇੱਕ ਤਸਵੀਰ ਦੁਨੀਆਂ ਭਰ ਦੇ ਮੀਡੀਆ ਨੇ ਦਿਖਾਈ।

ਅੱਠ ਸਾਲਾਂ ਬਾਅਦ ਬਰਥੀਆ ਨੇ ਪੈਟਰੋਲਿੰਗ ਅਫ਼ਸਰ ਨੂੰ ਇੱਕ ਐਵਾਰਡ ਸੌਂਪਿਆ ਜੋ ਕਿ ਅਮਰੀਕੀ ਫਾਊਂਡੇਸ਼ਨ ਫ਼ਾਰ ਸੁਸਾਈਡ ਪ੍ਰਿਵੈਨਸ਼ਨ ਵਲੋਂ ਦਿੱਤਾ ਗਿਆ ਸੀ।

ਬ੍ਰਿਗਜ਼ ਮੁਤਾਬਕ, "ਗੋਲਡਨ ਗੇਟ ਤਾਂ ਸਿਰਫ਼ ਇੱਕ ਝਾਕੀ ਹੈ ਇਹ ਦੱਸਣ ਲਈ ਕਿ ਅਮਰੀਕਾ ਵਿੱਚ ਕੀ ਹੋ ਰਿਹਾ ਹੈ। ਮਾਨਸਿਕ ਸਿਹਤ ਇੰਨੀ ਵੱਡੀ ਮੁਸ਼ਕਿਲ ਹੋ ਗਈ ਹੈ ਕਿ ਇਸ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ।"

ਕੁਝ ਹੋਰ ਕੋਸ਼ਿਸ਼ਾਂ

ਅਖ਼ੀਰ ਗੋਲਡਨ ਗੇਟ ਬ੍ਰਿਜ ਦੀ ਜ਼ਿਲ੍ਹਾ ਪਧਰੀ ਹਾਈਵੇਅ ਤੇ ਟਰਾਂਸਪੋਰਟੇਸ਼ਨ ਅਧਿਕਾਰੀਆਂ ਨੇ ਇਸ ਦਾ ਨੋਟਿਸ ਲਿਆ।

ਕਈ ਸਾਲਾਂ ਦੀ ਵਿਚਾਰ ਚਰਚਾ ਤੋਂ ਬਾਅਦ ਖੁਦਕੁਸ਼ੀ ਕਰਨ ਵਾਲੇ ਲੋਕਾਂ ਨੂੰ ਰੋਕਣ ਲਈ ਸਾਲ 2017 ਵਿੱਚ ਇੱਕ ਬੰਨ ਬਣਨਾ ਸ਼ੁਰੂ ਹੋਇਆ।

Image copyright Golden Gate Bridge handout
ਫੋਟੋ ਕੈਪਸ਼ਨ ਖੁਦਕੁਸ਼ੀ ਰੋਕਣ ਲਈ 2021 ਵਿੱਚ ਕੁਝ ਇਸ ਤਰ੍ਹਾਂ ਤਿਆਰ ਹੋਵੇਗਾ ਬੰਨ੍ਹ

200 ਮਿਲੀਅਨ ਡਾਲਰ ਦੀ ਲਾਗਤ ਨਾਲ ਇਹ ਸਾਲ 2021 ਵਿੱਚ ਤਿਆਰ ਹੋ ਸਕੇਗਾ। ਇਹ ਬ੍ਰਿਜ ਤੋਂ 6 ਮੀਟਰ ਹੇਠਾਂ ਤੇ 6 ਮੀਟਰ ਚੌੜਾ ਹੋਵੇਗਾ। ਗੋਲਡਨ ਗੇਟ ਦੀ ਵੈਬਸਾਈਟ ਮੁਤਾਬਕ ਜੇ ਕੋਈ ਉੱਥੋਂ ਛਾਲ ਮਾਰੇਗਾ ਤਾਂ ਵੀ ਉਸ ਦੇ ਸੱਟਾਂ ਲੱਗ ਸਕਦੀਆਂ ਹਨ ਜਾਂ ਹੱਡੀਆਂ ਟੁੱਟ ਸਕਦੀਆਂ ਹਨ।"

ਨੇੜਲੇ ਕਸਬੇ 'ਪਲੀਜ਼ੈਨਟਨ' ਵਿੱਚ ਪੁਲਿਸ ਲੈਫ਼ਟੀਨੈਂਟ ਮੁਨਾਇਰ ਨੇ ਮਨੋਵਿਗਿਆਨੀ ਰਿਚਰਡ ਸੀਡਨ ਦੇ ਅਧਿਐਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ 1937 ਤੋਂ 1971 ਵਿਚਾਲੇ ਬ੍ਰਿਜ ਤੋਂ ਖੁਦਕੁਸ਼ੀ ਕਰਨ ਗਏ ਪਰ ਵਾਪਸ ਆਏ ਲੋਕਾਂ ਦੀ ਜ਼ਿੰਦਗੀ ਦਾ ਸਰਵੇਖਣ ਕੀਤਾ ਹੈ।

ਰਿਚਰਡ ਮੁਤਾਬਕ 515 ਲੋਕ ਜੋ ਵਾਪਸ ਆ ਗਏ ਸਨ ਉਨ੍ਹਾਂ ਚੋਂ 25 ਲੋਕਾਂ ਨੇ ਹੀ ਖੁਦਕੁਸ਼ੀ ਕੀਤੀ।

ਪੀੜਤਾਂ ਦੇ ਪਰਿਵਾਰ ਵੀ ਮੁਹਿਮ 'ਚ ਸ਼ਾਮਿਲ

ਮੁਨਾਇਰ ਮੁਤਾਬਕ, "ਸਾਡੇ ਨਾਲ ਕੁਝ ਉਹ ਪਰਿਵਾਰ ਵੀ ਜੁੜੇ ਜਿਨ੍ਹਾਂ ਨੇ ਪੈਟਰੋਲਿੰਗ ਵਿੱਚ ਮਦਦ ਕੀਤੀ ਤੇ ਕਈ ਪ੍ਰੋਗਰਾਮਾਂ ਵਿੱਚ ਵਿਚਾਰ ਵੀ ਸਾਂਝੇ ਕੀਤੇ।"

"ਅਸੀਂ ਦੇਖਿਆ ਹੈ ਕਿ ਕਈ ਵਾਰੀ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਸ਼ਖ਼ਸ ਨਾਲ ਕੋਈ ਵੀ ਗੱਲਬਾਤ ਕਰਕੇ ਉਸ ਨੂੰ ਖੁਦਕੁਸ਼ੀ ਤੋਂ ਰੋਕਿਆ ਜਾ ਸਕਦਾ ਹੈ।"

Image copyright Getty Images
ਫੋਟੋ ਕੈਪਸ਼ਨ ਜੁੱਤਿਆਂ ਦੇ ਇਹ ਜੋੜੇ ਪ੍ਰਤੀਕ ਹਨ ਕਿ ਉਨ੍ਹਾਂ 1,700 ਲੋਕਾਂ ਦਾ ਜਿਨ੍ਹਾਂ ਨੇ ਖੁਦਕੁਸ਼ੀ ਕੀਤੀ

"ਤਾਂ ਸਾਨੂੰ ਇਸ ਮੁੱਦੇ ਬਾਰੇ ਸਮਾਜ ਵਿੱਚ ਖੁਲ੍ਹ ਕੇ ਕਿਉਂ ਨਹੀਂ ਬੋਲਣਾ ਚਾਹੀਦਾ?"

ਸੈਨ ਫਰਾਂਸਿਸਕੋ ਕੋਰੋਨਰ ਦਫ਼ਤਰ ਦੇ ਅੰਕੜਿਆਂ ਮੁਤਾਬਕ, ਕੁਝ ਹੀ ਲੋਕ ਜਿਨ੍ਹਾਂ ਨੇ ਛਾਲ ਮਾਰੀ ਪਰ ਉਹ ਬਚ ਗਏ। ਗੋਲਡਨ ਗੇਟ ਬ੍ਰਿਜ ਤੋਂ ਛਾਲ ਮਾਰਨ ਦਾ ਮਤਲਬ ਹੈ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਡਿੱਗਣਾ ਤੇ ਇਸ ਕਾਰਨ 95 ਫੀਸਦ ਦੀ ਮੌਤ ਹੋ ਸਕਦੀ ਹੈ।

ਗੱਲਬਾਤ ਰਾਹੀਂ ਖੁਦਕੁਸ਼ੀ ਤੋ ਰੋਕਿਆ

ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਕੁਝ ਲੋਕ ਜਨਤਕ ਤੌਰ ਤੇ ਦੱਸਦੇ ਹਨ ਕਿ ਕਿਵੇਂ ਉਹ ਛਾਲ ਮਾਰਨ ਜਾ ਰਹੇ ਸਨ ਜਿਸ ਦਾ ਉਨ੍ਹਾਂ ਨੂੰ ਦੁਖ ਹੈ।

ਅਗਸਤ 2000 ਵਿੱਚ ਛਾਲ ਮਾਰਨ ਵਾਲੇ ਕੈਵਿਨ ਹਾਈਨਜ਼ ਨੇ ਸੀਐਨਐਨ ਨੂੰ ਦੱਸਿਆ, "ਉਹ ਪੁਲ ਮੌਤ ਦਾ ਗੜ੍ਹ ਹੈ। ਮੈਂ ਅਜਿਹਾ ਨਹੀਂ ਕਰਨਾ ਸੀ ਜੇ ਕਿਸੇ ਨੇ ਦਖਲ ਦਿੱਤਾ ਹੁੰਦਾ। ਮੈਂ ਪੁਲ 'ਤੇ ਪਹੁੰਚਿਆ ਉਦੋਂ ਮੈਂ ਬਹੁਤ ਪਰੇਸ਼ਾਨ ਸੀ ਤੇ ਰੋ ਰਿਹਾ ਸੀ।"

Image copyright Kevin Hines
ਫੋਟੋ ਕੈਪਸ਼ਨ ਕੈਵਿਨ ਹਾਈਨਜ਼ ਜਿਸ ਨੇ 2000 ਵਿੱਚ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ

"ਮੈਨੂੰ ਕਿਸੇ ਨੇ ਵੀ ਰੋਕ ਕੇ ਨਹੀਂ ਪੁੱਛਿਆ। ਅਖ਼ੀਰ ਇੱਕ ਸੈਲਾਨੀ ਆਈ ਤੇ ਫੋਟੋ ਖਿੱਚਣ ਲਈ ਕਿਹਾ। 5 ਤਸਵੀਰਾਂ ਖਿੱਚਣ ਤੋਂ ਬਾਅਦ ਮੈਂ ਫਿਰ ਰੋ ਰਿਹਾ ਸੀ। ਉਸ ਦਾ ਕੰਮ ਹੋ ਗਿਆ ਤੇ ਉਹ ਨਿਕਲ ਗਈ ਸੀ।"

"ਮੈਨੂੰ ਪਤਾ ਹੈ ਕੋਈ ਪਰਵਾਹ ਨਹੀਂ ਕਰਦਾ। ਮੈਂ ਪਿਛੇ ਮੁੜਿਆ ਤੇ ਰੇਲਿੰਗ 'ਤੇ ਚੜ੍ਹਣ ਲੱਗਿਆ।"

ਇਹ ਵੀ ਪੜ੍ਹੋ:

ਹਾਈਨਜ਼ ਹੁਣ ਸਭ ਨਾਲ ਆਪਣਾ ਤਜਰਬਾ ਸਾਂਝਾ ਕਰਦਾ ਹੈ ਤੇ ਮਾਨਸਿਕ ਸਿਹਤ ਤੇ ਖੁਦਕੁਸ਼ੀ ਤੋਂ ਬਚਾਉਣ ਲਈ ਮੁਹਿੰਮ ਦਾ ਹਿੱਸਾ ਹੈ। #BeHereTomorrow ਦੇ ਨਾਮ ਨਾਲ ਉਹ ਮੁਹਿੰਮ ਚਲਾਉਂਦਾਂ ਹੈ।

"ਜੇ ਤੁਸੀਂ ਕਿਸੇ ਨੂੰ ਦਰਦ ਵਿੱਚ ਦੇਖਦੇ ਹੋ ਤਾਂ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਉੱਠੋ ਤੇ ਉਨ੍ਹਾਂ ਗੱਲਬਾਤ ਵਿੱਚ ਲਾਓ ਤੇ ਸਮਝਣ ਦੀ ਕੋਸ਼ਿਸ਼ ਕਰੋ ਕਿ ਉਸ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ।"

"ਤੁਸੀਂ ਬਦਲਾਅ ਦਾ ਮਾਧਿਅਮ ਹੋ ਸਕਦੇ ਹੋ।"

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)