ਬਰਤਾਨੀਆ ਦੀ ਮਹਾਰਾਣੀ ਨੇ ਸੰਸਦ 'ਚ ਭਾਸ਼ਣ ਦੌਰਾਨ ਰਵਾਇਤੀ ਤਾਜ ਕਿਉਂ ਨਹੀਂ ਪਾਇਆ

The Queen delivers her speech in Parliament Image copyright Reuters

ਸੰਸਦ ਦੇ ਰਾਜ ਉਦਘਾਟਨ ਸਮੇਂ ਆਪਣਾ ਭਾਸ਼ਣ ਦੇਣ ਵੇਲੇ ਯੂਕੇ ਦੀ ਮਹਾਰਾਣੀ ਨੇ ਪੂਰੀ ਰਸਮੀ ਪੁਸ਼ਾਕ ਪਹਿਨੀ ਹੋਈ ਸੀ।

ਪਰ ਉਨ੍ਹਾਂ ਦੇ ਪਹਿਰਾਵੇ ਵਿੱਚੋਂ ਇੱਕ ਚੀਜ਼ ਗਾਇਬ ਸੀ- ਗਹਿਣਿਆਂ ਨਾਲ ਸਜਿਆ 'ਇੰਪੀਰੀਅਲ ਸਟੇਟ ਕ੍ਰਾਊਨ'।

ਇਸ ਦੀ ਬਜਾਏ ਉਨ੍ਹਾਂ ਨੇ ਹੀਰੇ ਦਾ ਡਾਇਡੈਮ ਪਾਇਆ ਜੋ ਕਿ ਬਰਤਾਨਵੀ ਸਿੱਕਿਆਂ ਤੇ ਸਟੈਂਪ 'ਤੇ ਦੇਖਿਆ ਜਾ ਸਕਦਾ ਹੈ ਜਦਕਿ ਤਾਜ ਉਨ੍ਹਾਂ ਦੇ ਕੋਲ ਇੱਕ ਮੇਜ਼ 'ਤੇ ਪਿਆ ਸੀ।

ਸੋਸ਼ਲ ਮੀਡੀਆ 'ਤੇ ਵੀ ਇਸ ਦੀ ਚਰਚਾ ਹੋਈ।

ਇਹ 93 ਸਾਲਾ ਮਹਾਰਾਣੀ ਦਾ ਨਿੱਜੀ ਫ਼ੈਸਲਾ ਸੀ। ਡਾਇਡੈਮ ਤਾਜ ਨਾਲੋਂ ਵਧੇਰੇ ਹਲਕਾ ਹੁੰਦਾ ਹੈ।

ਤਿਆਰਾ ਰਵਾਇਤੀ ਤਾਜ ਹੈ ਜੋ ਕਿ ਸੰਸਦ ਵਿੱਚ ਆਉਣ-ਜਾਣ ਲਈ ਪਾਇਆ ਜਾਂਦਾ ਹੈ।

ਇਹ ਵੀ ਪੜ੍ਹੋ:

ਇਹ ਤਾਜ ਰਾਣੀ ਦੇ ਪਿਤਾ ਜਾਰਜ VI ਦੀ ਤਾਜਪੋਸ਼ੀ ਲਈ 1937 ਵਿਚ ਬਣਵਾਇਆ ਗਿਆ ਸੀ। ਇਸ ਵਿਚ ਤਕਰੀਬਨ 3,000 ਹੀਰੇ, 17 ਨੀਲਮ, 11 ਫਿਰੋਜ਼ਾ (ਪੰਨਾ) ਅਤੇ ਲਗਭਗ 270 ਮੋਤੀਆਂ ਨਾਲ ਜੜਿਆ ਹੋਇਆ ਹੈ। ਵੱਡੇ ਹੀਰੇ ਤੋਂ ਇਲਾਵਾ ਰੂਬੀ ਅਤੇ ਨੀਲਮ ਤਾਜ ਦੇ ਅੱਗੇ-ਪਿੱਛੇ ਲੱਗੇ ਹੋਏ ਹਨ।

ਇਸ ਦਾ ਭਾਰ ਇੱਕ ਕਿੱਲੋ ਹੈ।

ਜੌਰਜ IV ਦੇ ਡਾਇਡਮ ਦੀ ਕੰਨੀ ਦੀ ਚੌੜਾਈ ਦਾ ਇੱਕ-ਚੌਥਾਈ ਹੈ ਤੇ ਇਸ ਵਿੱਚ 1300 ਹੀਰੇ ਤੇ 170 ਮੋਤੀ ਜੜੇ ਹੋਏ ਹਨ।

ਤਾਜ ਦਾ ਭਾਰ ਵੱਡਾ ਕਾਰਨ

ਪਿਛਲੇ ਸਾਲ ਬੀਬੀਸੀ ਦੀ ਦਸਤਾਵੇਜ਼ੀ ਫ਼ਿਲਮ ਵਿੱਚ ਮਹਾਰਾਣੀ ਨੇ ਤਾਜ ਦੇ ਭਾਰ 'ਤੇ ਟਿੱਪਣੀ ਕੀਤੀ ਸੀ ਜੋ ਉਨ੍ਹਾਂ ਨੇ ਆਪਣੀ ਰਾਜਗੱਦੀ ਦੇ ਅਖ਼ੀਰਲੇ ਦਿਨ ਅਤੇ ਸੰਸਦ ਦੇ ਬਹੁਤੇ ਉਦਘਾਟਨੀ ਸਮਾਗਮਾਂ ਮੌਕੇ ਪਾਇਆ ਸੀ। ਉਨ੍ਹਾਂ ਨੇ ਇਸ ਨੂੰ "ਭਾਰੀ" ਕਰਾਰ ਦਿੱਤਾ ਸੀ।

Image copyright VT Freeze Frame
ਫੋਟੋ ਕੈਪਸ਼ਨ 1988 ਵਿੱਚ ਮਹਾਰਾਣੀ ਸੰਸਦ ਵਿੱਚ ਭਾਸ਼ਣ ਦੇ ਰਹੇ ਹਨ ਤੇ ਪ੍ਰਿੰਸ ਫਿਲਿਪ ਵੀ ਨਾਲ ਮੌਜੂਦ ਹਨ

ਉਨ੍ਹਾਂ ਮੁਸਕਰਾ ਕੇ ਕਿਹਾ ਸੀ, "ਇਸ ਨੂੰ ਪਾ ਕੇ ਤੁਸੀਂ ਭਾਸ਼ਣ ਪੜ੍ਹਣ ਲਈ ਹੇਠਾਂ ਨਹੀਂ ਝੁਕ ਸਕਦੇ। ਤੁਹਾਨੂੰ ਭਾਸ਼ਣ ਦਾ ਕਾਗਜ਼ ਉੱਤੇ ਚੁੱਕਣਾ ਪਏਗਾ, ਕਿਉਂਕਿ ਜੇ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਡੀ ਗਰਦਨ ਹੀ ਟੁੱਟ ਜਾਵੇਗੀ।"

"ਇਸ ਲਈ ਤਾਜ ਵਿੱਚ ਕੁਝ ਖਾਮੀਆਂ ਵੀ ਹਨ ਪਰ ਇਹ ਬਹੁਤ ਜ਼ਰੂਰੀ ਹੈ।"

ਤਾਜ ਸਣੇ ਹੋਰ ਵੀ ਤਬਦੀਲੀਆਂ

ਸ਼ਾਹੀ ਟਿੱਪਣੀਕਾਰ ਰਿਚਰਡ ਫਿਟਜ਼ਵਿਲਿਅਮਜ਼ ਦਾ ਕਹਿਣਾ ਹੈ ਕਿ ਤਾਜ ਨਾ ਪਾਉਣ ਦਾ ਫ਼ੈਸਲਾ ਮਹਾਰਾਣੀ ਦੇ ਕਾਰਜਕ੍ਰਮ ਵਿੱਚ ਇੱਕ "ਵਿਵਹਾਰਕ ਤਬਦੀਲੀ" ਸੀ ਜੋ ਕਿ "ਪੁਰਾਣੇ ਹੋ ਰਹੇ ਰਾਜਤੰਤਰ ਦਾ ਜ਼ਰੂਰੀ ਹਿੱਸਾ ਸੀ।"

ਰਿਚਰਡ ਮੁਤਾਬਕ, "ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵੱਧਦੀ ਉਮਰ ਨੂੰ ਜਿੰਨਾ ਸੰਭਵ ਹੋ ਸਕੇ ਉੰਨੇ ਸਨਮਾਨ ਨਾਲ ਪੇਸ਼ ਕੀਤਾ ਜਾ ਸਕੇ।"

ਪੱਤਰਕਾਰ ਤੇ ਲੇਖਕ ਵਿਕਟੋਰੀਆ ਮਰਫ਼ੀ ਦਾ ਕਹਿਣਾ ਹੈ ਕਿ ਉਮਰ ਵਧਣ ਦੇ ਨਾਲ ਮਹਾਰਾਣੀ ਦੀ ਦਿਨਚਰਿਆ ਵਿੱਚ ਹੌਲੀ-ਹੌਲੀ ਕਈ ਬਦਲਾਅ ਆਏ ਹਨ।

ਜਿਵੇਂ ਕਿ ਸਾਲ 2016 ਵਿੱਚ ਸੰਸਦ ਦੇ ਸੂਬਾਈ ਉਦਘਾਟਨੀ ਸਮਾਗਮ ਦੌਰਾਨ ਮਹਾਰਾਣੀ ਪੌੜੀਆਂ ਦੀ ਥਾਂ ਲਿਫ਼ਟ ਤੋਂ ਆਏ ਤੇ 2017 ਤੋਂ ਪ੍ਰਿੰਸ ਚਾਰਲਜ਼ ਹੀ ਯਾਦਗਾਰੀ ਦਿਹਾੜੇ 'ਤੇ ਸੈਨੋਟੈਫ਼ 'ਤੇ ਫੁੱਲਮਾਲਾ ਚੜ੍ਹਾ ਰਹੇ ਹਨ।

Image copyright Reuters
ਫੋਟੋ ਕੈਪਸ਼ਨ ਪ੍ਰਿੰਸ ਚਾਰਲਜ਼ ਦੀ ਮੌਜੂਦਗੀ ਵਿੱਚ ਮਹਾਰਾਣੀ ਸਾਲ 2017 ਵਿੱਚ ਭਾਸ਼ਣ ਦੇ ਰਹੇ ਹਨ

ਹਾਲਾਂਕਿ ਜਦੋਂ ਮਹਾਰਾਣੀ 21 ਸਾਲਾਂ ਦੇ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ 'ਉਹ ਆਪਣੀ ਭੂਮਿਕਾ ਵਿੱਚ ਜ਼ਿੰਦਗੀ ਭਰ ਜ਼ਿੰਮੇਵਾਰੀ' ਦੇਖਦੇ ਹਨ।

ਮਹਾਰਾਣੀ ਦਾ ਭਾਸ਼ਣ ਸੰਸਦ ਦੇ ਸੂਬਾਈ ਉਦਘਾਟਨ ਦਾ ਮੁੱਖ ਹਿੱਸਾ ਹੈ।

ਜਦੋਂ ਮਹਾਰਾਣੀ ਮੰਤਰੀਆਂ ਦੁਆਰਾ ਨਿਰਧਾਰਤ ਕੀਤੇ ਕਾਨੂੰਨ ਸਬੰਧੀ ਭਾਸ਼ਣ ਨੂੰ ਪੜ੍ਹਦੇ ਹਨ ਤਾਂ ਸਰਕਾਰ ਨੂੰ ਉਮੀਦ ਹੁੰਦੀ ਹੈ ਕਿ ਆਉਣ ਵਾਲੇ ਸੈਸ਼ਨ ਦੌਰਾਨ ਸੰਸਦ ਦੁਆਰਾ ਇਸ ਨੂੰ ਮਨਜ਼ੂਰੀ ਦਿੱਤੀ ਜਾਏਗੀ।

ਸਾਲ 1852 ਤੋਂ ਇਹ ਰਾਜ ਪਰੰਪਰਾ ਹੈ ਕਿ ਸ਼ਾਸਕ ਲਗਭਗ 120 ਘੁੜਸਵਾਰਾਂ ਨਾਲ ਘਿਰੇ ਹੋਏ ਪੂਰੇ ਰਵਾਇਤੀ ਪਹਿਰਾਵੇ ਵਿੱਚ ਸਵਾਰ ਇੱਕ ਸੋਨੇ ਦੀ ਗੱਡੀ ਵਿੱਚ ਸੰਸਦ ਪਹੁੰਚਦਾ ਜਾਂ ਪਹੁੰਚਦੀ ਹੈ।

ਤਾਜ ਅਤੇ ਰਵਾਇਤੀ ਸਾਜੋ-ਸਮਾਨ ਸਾਲ 1974 ਤੋਂ ਮਹਾਰਾਣੀ ਦੇ ਪਹਿਰਾਵੇ ਦਾ ਹਿੱਸਾ ਨਹੀਂ ਹੈ। ਇਹ ਫੈਸਲਾ ਪ੍ਰਧਾਨ ਮੰਤਰੀ ਟੈਡ ਹੀਥ ਦੇ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਮੰਗ ਤੋਂ ਬਾਅਦ ਲਿਆ ਗਿਆ ਸੀ।

ਸਾਲ 2017 ਵਿੱਚ ਵੀ ਅਜਿਹਾ ਹੀ ਹੋਇਆ ਸੀ ਜਦੋਂ ਤਿੰਨ ਹਫ਼ਤਿਆਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਲਈ ਕਿਹਾ ਸੀ।

ਇਹ ਵੀ ਪੜ੍ਹੋ:

ਫਿਰ ਮਹਾਰਾਣੀ ਆਪਣੀ ਸਵਾਰੀ ਦੀ ਥਾਂ ਕਾਰ ਵਿੱਚ ਪਹੁੰਚੀ। ਘੋੜਿਆਂ ਦੀ ਰਿਹਰਸਲ ਲਈ ਥੋੜ੍ਹਾ ਹੀ ਸਮਾਂ ਸੀ ਕਿਉਂਕਿ ਚਾਰ ਦਿਨ ਪਹਿਲਾਂ ਹੀ ਪਰੇਡ ਹੋਈ ਸੀ।

ਉਨ੍ਹਾਂ ਨੇ ਨੀਲੇ ਰੰਗ ਦੀ ਜੈਕੇਟ ਤੇ ਤਾਜ ਦੀ ਥਾਂ ਟੋਪੀ ਪਾਈ ਹੋਈ ਸੀ।

ਇਸ ਸਾਲ ਇਹ ਤਾਜ ਮਹਾਰਾਣੀ ਦੇ ਭਾਸ਼ਣ ਦੌਰਾਨ ਸੰਸਦ ਵਿੱਚ ਇੱਕ ਪਾਸੇ 'ਤੇ ਰੱਖਿਆ ਰਿਹਾ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)