ਪਰਵਾਸੀਆਂ ਦੇ ਕਿਸੇ ਹਾਦਸੇ ਬਾਰੇ ਸੁਣ ਕੇ ਪੰਜਾਬੀ ਕਿਉਂ ਡਰਦੇ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਬ੍ਰਿਟੇਨ ਤੋਂ ਖ਼ਬਰ ਆਈ ਕਿ ਇੱਕ ਟਰਾਲੇ ਵਿੱਚੋਂ 39 ਲਾਸ਼ਾਂ ਮਿਲੀਆਂ ਹਨ। ਪੁਲਿਸ ਅਨੁਸਾਰ ਇਹ ਟਰਾਲਾ ਬੁਲਗਾਰੀਆ ਤੋਂ ਚੱਲਿਆ ਸੀ ਤੇ ਬ੍ਰਿਟੇਨ ਵਿੱਚ ਬਰਾਮਦ ਕੀਤਾ ਗਿਆ।

ਸਮਝਿਆ ਜਾ ਰਿਹਾ ਹੈ ਕਿ ਐਸਕਸ ਵਿੱਚ ਇੱਕ ਰੈਫਰੀਜਰੇਟਡ ਟਰਾਲੇ ਵਿੱਚੋਂ ਮਿਲੀਆਂ ਇਹ 39 ਲਾਸ਼ਾਂ ਚੀਨੀ ਲੋਕਾਂ ਦੀਆਂ ਹਨ।

ਇਹ ਮਾਮਲਾ ਗ਼ੈਰ-ਕਾਨੂੰਨੀ ਪਰਵਾਸ ਨਾਲ ਵੀ ਜੁੜਦਾ ਲਗ ਰਿਹਾ ਹੈ।

ਅਜਿਹੀ ਖ਼ਬਰ ਆਉਣ 'ਤੇ ਧਿਆਨ ਪੰਜਾਬੀਆਂ ਵੱਲ ਜ਼ਰੂਰ ਜਾਂਦਾ ਹੈ। ਦੁਨੀਆਂ ਵਿੱਚ ਕਿਤੇ ਵੀ ਗ਼ੈਰ-ਕਾਨੂੰਨੀ ਪਰਵਾਸ ਜਾਂ ਕਾਨੂੰਨੀ ਤੌਰ 'ਤੇ ਰਹਿ ਰਹੇ ਪਰਵਾਸੀਆਂ ਨਾਲ ਜੁੜੀ ਹੋਈ ਕੋਈ ਤਰਾਸਦੀ ਵਾਪਰਦੀ ਹੈ ਤਾਂ ਪੰਜਾਬੀਆਂ ਦੇ ਮਨਾਂ ਵਿਚ ਡਰ ਪੈਦਾ ਹੋਣ ਲੱਗਦਾ ਹੈ, ਕਿ ਇਨ੍ਹਾਂ ਵਿਚ ਕੋਈ ਪੰਜਾਬੀ ਨਾ ਹੋਵੇ।

ਪੰਜਾਬ ਤੋਂ ਪਰਵਾਸ ਦਾ ਰੁਝਾਨ

ਪੰਜਾਬ 'ਚੋਂ ਵੱਡੀ ਗਿਣਤੀ ਵਿੱਚ ਲੋਕ ਵਿਦੇਸ਼ਾਂ ਵੱਲ ਪਰਵਾਸ ਕਰਦੇ ਹਨ। ਪੰਜਾਬੀਆਂ ਦੀ ਇਹੀ ਲਾਲਸਾ ਹੈ ਜਿਸ ਕਾਰਨ ਕਈ ਗ਼ੈਰ-ਕਾਨੂੰਨੀ ਏਜੰਟ ਪੰਜਾਬੀਆਂ ਦੇ ਸੁਫ਼ਨਿਆਂ ਦਾ ਗ਼ਲਤ ਲਾਹਾ ਲੈਂਦੇ ਹਨ।

ਬੀਬੀਸੀ ਵੱਲੋਂ ਪ੍ਰਾਪਤ ਕੀਤੇ ਡਾਟਾ ਮੁਤਾਬਕ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਟਰੈਵਲ ਏਜੰਟ ਬੈਠੇ ਹਨ। ਇਕੱਲੇ ਮੁਹਾਲੀ ਜ਼ਿਲ੍ਹੇ ਵਿਚ ਇੰਨ੍ਹਾਂ ਦੀ ਗਿਣਤੀ 300 ਤੋਂ ਵੱਧ ਹੈ ਪਰ ਦੋਆਬਾ ਖੇਤਰ ਵਿਚ ਇਨ੍ਹਾਂ ਟਰੈਵਲ ਏਜੰਟਾਂ ਦੀ ਗਿਣਤੀ ਜ਼ਿਆਦਾ ਹੈ।

ਉਦਾਹਰਣ ਵਜੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਇਸ ਸਮੇਂ 940 ਤੋਂ ਵੱਧ ਟਰੈਵਲ ਏਜੰਟ ਦਰਜ ਹਨ।

ਇਹ ਵੀ ਪੜ੍ਹੋ:

ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਗ਼ੈਰ-ਕਾਨੂੰਨੀ ਏਜੰਟ ਕਾਰਜਸ਼ੀਲ ਹਨ ਜੋ ਨੌਜਵਾਨਾਂ ਨੂੰ ਬਾਹਰ ਭੇਜਣ ਦੇ ਸੁਫਨੇ ਵਿਖਾਉਂਦੇ ਹਨ।

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਹਾਲ ਹੀ ਵਿੱਚ ਗ਼ੈਰ-ਕਾਨੂੰਨੀ ਟਰੈਵਲ ਏਜੰਟਾਂ ਦੀ ਸੂਚੀ ਜਾਰੀ ਕੀਤੀ ਹੈ।

ਪੰਜਾਬ ਵਿੱਚ ਕੁੱਲ 76 ਗ਼ੈਰ-ਕਾਨੂੰਨੀ ਟਰੈਵਲ ਏਜੰਟ ਹਨ। ਮਹਾਰਾਸ਼ਟਰ 'ਚ 86 ਅਤੇ ਦਿੱਲੀ 'ਚ 85 ਤੋਂ ਬਾਅਦ ਪੰਜਾਬ ਦਾ ਤੀਜਾ ਨੰਬਰ ਹੈ।

ਪਰਵਾਸ ਤੇ ਤਰਾਸਦੀਆਂ

ਪਰਵਾਸੀ ਪੰਜਾਬੀਆਂ ਅਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਨਾਲ ਪੰਜਾਬੀਆਂ ਦੀਆਂ ਕੁਝ ਵੱਡੇ ਹਾਦਸਿਆਂ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ।

ਇਨ੍ਹਾਂ ਹਾਦਸਿਆਂ ਵਿੱਚ ਜਾਨੀ ਨੁਕਸਾਨ ਵੀ ਹੋਇਆ ਸੀ। ਇਹ ਦੁਖਦਾਈ ਘਟਨਾਵਾਂ ਸਮੇਂ-ਸਮੇਂ 'ਤੇ ਵਾਪਰਦੀਆਂ ਰਹੀਆਂ ਹਨ। ਪੇਸ਼ ਹੈ ਉਨ੍ਹਾਂ ਵਿੱਚੋਂ ਕੁਝ ਹਾਦਸਿਆਂ ਦਾ ਸੰਖੇਪ ਵੇਰਵਾ:

ਮਾਲਟਾ ਕਾਂਡ

ਮਾਲਟਾ ਕਾਂਡ ਪੰਜਾਬੀਆਂ ਦੇ ਵਿਦੇਸ਼ ਜਾਣ ਨਾਲ ਜੁੜੀਆਂ ਤ੍ਰਾਸਦੀਆਂ ਦੀ ਨੁਮਾਇੰਦਗੀ ਕਰਦਾ ਹੈ।

1996 ਵਿੱਚ ਅਫ਼ਰੀਕਾ ਤੋਂ ਯੂਰਪ ਜਾਣ ਦੀ ਕੋਸ਼ਿਸ਼ ਕਰਦੇ ਹੋਏ ਮੁੰਡਿਆਂ ਦੀ ਕਿਸ਼ਤੀ ਮਾਲਟਾ ਨੇੜੇ ਸਮੁੰਦਰ ਵਿਚ ਡੁੱਬ ਗਈ। ਇਸ ਕਾਂਡ ਵਿਚ ਮਰਨ ਵਾਲਿਆਂ ਵਿਚੋਂ 170 ਮੁੰਡੇ ਚੜ੍ਹਦੇ ਪੰਜਾਬ (ਭਾਰਤ) ਅਤੇ 40 ਮੁੰਡੇ ਲਹਿੰਦੇ ਪੰਜਾਬ (ਪਾਕਿਸਤਾਨ) ਅਤੇ 90 ਸ੍ਰੀ ਲੰਕਾ ਤੋਂ ਸਨ। ਮਾਲਟਾ ਕਾਂਡ ਦੇ ਨਾਂ ਨਾਲ ਜਾਣੀ ਜਾਂਦੀ ਇਸ ਤਰਾਸਦੀ ਦੌਰਾਨ ਕਰੀਬ 270 ਜਣਿਆਂ ਦੀ ਮੌਤ ਹੋ ਗਈ ਸੀ।

ਤਸਵੀਰ ਸਰੋਤ, KHERA BALWANT SINGH/BBC

ਤਸਵੀਰ ਕੈਪਸ਼ਨ,

ਬਲੰਵਤ ਸਿੰਘ ਖੇੜਾ ਵੱਲੋਂ ਮਾਲਟਾ ਕਾਂਡ ਦੀ ਕੌਮਾਂਤਰੀ ਪੱਧਰ 'ਤੇ ਜਾਂਚ ਕਰਵਾਉਣ ਲਈ ਮੁਹਿੰਮ ਵਿੱਢੀ ਗਈ ਸੀ

ਮਾਲਟਾ ਰੂਮ ਸਾਗਰ ਦਾ ਟਾਪੂ ਹੈ ਜੋ ਇਟਲੀ ਤੋਂ ਅੱਸੀ ਕਿਲੋਮੀਟਰ, ਟਿਊਨੇਸ਼ੀਆ ਤੋਂ 284 ਕਿਲੋਮੀਟਰ ਅਤੇ ਲਿਬੀਆ ਤੋਂ 333 ਕਿਲੋਮੀਟਰ ਦੂਰ ਹੈ। ਤਕਰੀਬਨ 316 ਵਰਗ ਕਿਲੋਮੀਟਰ ਦਾ ਇਹ ਮੁਲਕ ਦੁਨੀਆਂ ਦਾ ਦਸਵੇਂ ਨੰਬਰ ਦਾ ਸਭ ਤੋਂ ਛੋਟਾ ਮੁਲਕ ਹੈ ਪਰ ਆਬਾਦੀ ਦੇ ਸੰਘਣੇਪਣ ਪੱਖੋਂ ਦੁਨੀਆਂ ਦਾ ਪੰਜਵੇਂ ਨੰਬਰ ਦਾ ਮੁਲਕ ਹੈ।

ਪਨਾਮਾ ਕਿਸ਼ਤੀ ਕਾਂਡ

ਜਨਵਰੀ 2016 ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾ ਰਹੇ ਪੰਜਾਬੀ ਨੌਜਵਾਨਾਂ ਦੀ ਕਿਸ਼ਤੀ ਡੁੱਬਣ ਕਰਕੇ ਮੌਤ ਹੋ ਗਈ ਸੀ।

ਇਹ ਹਾਦਸਾ ਦੱਖਣੀ ਅਮਰੀਕੀ ਦੇਸ ਪਨਾਮਾ ਨੇੜੇ ਵਾਪਰਿਆ ਸੀ। ਇਸ ਹਾਦਸੇ ਵਿੱਚ 20 ਦੇ ਕਰੀਬ ਲੋਕਾਂ ਦੀ ਮੌਤ ਹੋਈ ਸੀ।

ਇਰਾਕ ਵਿੱਚ 39 ਭਾਰਤੀਆਂ ਦੀ ਮੌਤ

ਸਾਲ 2014 ਦੇ ਜੂਨ ਮਹੀਨੇ ਵਿੱਚ ਇਰਾਕ ਵਿੱਚ 39 ਭਾਰਤੀਆਂ ਨੂੰ ਆਈਐੱਸਆਈਐੱਸ ਵੱਲੋਂ ਬੰਦੀ ਬਣਾਉਣ ਦੀ ਖ਼ਬਰ ਆਈ ਸੀ।

ਇਹ ਮੁੱਦਾ ਵਾਰ-ਵਾਰ ਸੰਸਦ ਵਿੱਚ ਉੱਠਦਾ ਰਿਹਾ ਸੀ ਅਤੇ ਪੀੜਤ ਪਰਿਵਾਰਾਂ ਵੱਲੋਂ ਵੀ ਤਤਕਾਲੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਵੀ ਚੁੱਕਿਆ ਜਾਂਦਾ ਰਿਹਾ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

28 ਅਕਤੂਬਰ 2017 ਅੰਮ੍ਰਿਤਸਰ: ਇਰਾਕ ਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰ, ਇਹ ਤਸਵੀਰ ਡੀਐੱਨਏ ਟੈਸਟ ਲਈ ਸੈਂਪਲ ਲੈਣ ਸਮੇਂ ਦੀ ਹੈ।

ਪੂਰੀ ਪੜਤਾਲ ਦੌਰਾਨ ਇੱਕ ਸਮੂਹਿਕ ਕਬਰ ਮਿਲੀ ਜਿਸ ਵਿੱਚ ਪਈਆਂ ਲਾਸ਼ਾਂ ਦੀ ਡੀਐੱਨਏ ਜ਼ਰੀਏ ਸ਼ਨਾਖ਼ਤ ਕੀਤੀ ਗਈ। ਉਹ ਲਾਸ਼ਾਂ ਉਨ੍ਹਾਂ 39 ਭਾਰਤੀਆਂ ਦੀਆਂ ਹੀ ਸਨ।

ਬਾਅਦ ਵਿੱਚ ਉਨ੍ਹਾਂ ਭਾਰਤੀਆਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਸੌਂਪਿਆ ਗਿਆ ਸੀ।

ਮੈਕਸੀਕੋ 'ਚੋਂ ਅਮਰੀਕਾ ਦਾਖਿਲ ਹੁੰਦੇ ਹੋਏ 6 ਸਾਲਾ ਕੁੜੀ ਦੀ ਮੌਤ

ਜੂਨ ਵਿੱਚ 6 ਸਾਲਾ ਪਰਵਾਸੀ ਬੱਚੀ ਗੁਰਪ੍ਰੀਤ ਕੌਰ ਦੀ ਐਰੀਜ਼ੋਨਾ ਦੀ ਗਰਮੀ ਕਾਰਨ ਮੌਤ ਹੋ ਗਈ ਸੀ।

ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਉਸ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹ ਅਮਰੀਕਾ ਵਿੱਚ ਸ਼ਰਨ ਲੈਣ ਜਾ ਰਹੇ ਸਨ ਕਿਉਂਕਿ ਇਹ ਉਨ੍ਹਾਂ ਨੂੰ ਬੜੀ ਵੱਡੀ 'ਤਾਂਘ' ਸੀ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਅਮਰੀਕਾ ਵਿੱਚ ਇੱਕ ਕੰਧ ਤੋਂ ਸਰਹੱਦ ਪਾਰ ਕਰਕੇ ਬੱਚੇ (ਸੰਕੇਤਕ ਤਸਵੀਰ)

ਮ੍ਰਿਤਕ ਧੀ ਦੀ 27 ਸਾਲਾ ਮਾਂ ਤੇ 33 ਸਾਲਾ ਪਿਤਾ ਨੇ 'ਯੂਐੱਸ ਸਿੱਖ ਕੋਲੀਸ਼ਨ ਸੰਸਥਾ' ਵੱਲੋਂ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਸੀ, "ਅਸੀਂ ਆਪਣੀ ਧੀ ਲਈ ਸੁਰੱਖਿਅਤ ਤੇ ਚੰਗੇਰੀ ਜ਼ਿੰਦਗੀ ਚਾਹੁੰਦੇ ਸੀ। ਅਸੀਂ ਅਮਰੀਕਾ ਵਿੱਚ ਸ਼ਰਨ ਮੰਗਣ ਦਾ ਬੇਹੱਦ ਔਖਾ ਫੈਸਲਾ ਲਿਆ।"

ਇਹ ਵੀ ਪੜ੍ਹੋ:

6 ਸਾਲਾ ਗੁਰਪ੍ਰੀਤ ਕੌਰ ਦੀ ਮੌਤ ਇੱਕ ਦੂਰ-ਦੁਰਾਡੇ ਦੇ ਮਾਰੂਥਲ ਵਿੱਚ ਐਰੀਜ਼ੋਨਾ ਵਿੱਚ ਹੋ ਗਈ ਸੀ। ਇਹ ਅਮਰੀਕਾ ਦਾ ਸਰਹੱਦੀ ਖੇਤਰ ਹੈ ਜੋ ਕਿ ਟਕਸਨ ਤੋਂ ਦੱਖਣ-ਪੱਛਮ ਵੱਲ 80 ਕਿਲੋਮੀਟਰ ਦੂਰ ਹੈ।

ਇੱਕ ਮੈਡੀਕਲ ਅਧਿਕਾਰੀ ਤੇ ਅਮਰੀਕੀ ਬਾਰਡਰ ਪੈਟਰੋਲ ਮੁਤਾਬਕ ਗੁਰਪ੍ਰੀਤ ਦੀ ਮਾਂ ਉਸ ਨੂੰ ਹੋਰਨਾਂ ਭਾਰਤੀ ਪਰਵਾਸੀਆਂ ਦੇ ਨਾਲ ਛੱਡ ਕੇ ਪਾਣੀ ਲੱਭਣ ਲਈ ਗਈ ਸੀ।

ਗੁਰਪ੍ਰੀਤ ਦੇ ਪਿਤਾ ਸਾਲ 2013 ਤੋਂ ਹੀ ਅਮਰੀਕਾ ਵਿੱਚ ਹਨ। ਉਨ੍ਹਾਂ ਦੀ ਅਰਜ਼ੀ ਨਿਊ ਯਾਰਕ ਇਮੀਗਰੇਸ਼ਨ ਅਦਾਲਤ ਵਿੱਚ ਲੰਬਿਤ ਹੈ। ਬਿਆਨ ਮੁਤਾਬਕ ਗੁਰਪ੍ਰੀਤ ਕੌਰ ਉਸ ਵੇਲੇ 6 ਮਹੀਨੇ ਦੀ ਸੀ ਜਦੋਂ ਉਸ ਦੇ ਪਿਤਾ ਅਮਰੀਕਾ ਚਲੇ ਗਏ ਸਨ।

ਇਹ ਵੀ ਪੜ੍ਹੋ:

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)