ਬਰਤਾਨੀਆ ਵਿੱਚ ਚੋਣਾਂ ਕਿਉਂ ਹੋ ਰਹੀਆਂ ਹਨ, ਜਾਣੋ ਸੌਖੇ ਸ਼ਬਦਾਂ ਵਿੱਚ ਚੋਣ ਪ੍ਰਕਿਰਿਆ

ਯੂਕੇ

ਤਸਵੀਰ ਸਰੋਤ, Getty Images

UK ਦੀਆਂ ਮੁੱਖ ਸਿਆਸੀ ਪਾਰਟੀਆਂ 12 ਦਸੰਬਰ ਨੂੰ ਹੋ ਰਹੀਆਂ ਆਮ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹਨ।

ਇਹ ਚੋਣਾਂ ਆਮ ਤੌਰ 'ਤੇ ਮੁਲਕ ਨੂੰ ਚਲਾਉਣ ਲਈ ਸਰਕਾਰ ਚੁਣਨ ਦੇ ਮਕਸਦ ਨਾਲ ਹਰ ਪੰਜ ਸਾਲ ਬਾਅਦ ਹੁੰਦੀਆਂ ਹਨ। ਪਰ ਇਸ ਵਾਰ ਦੀਆਂ ਚੋਣਾਂ 2015 ਤੋਂ ਲੈ ਕੇ ਹੁਣ ਤੱਕ ਤੀਜੀ ਵਾਰ ਹੋ ਰਹੀਆਂ ਹਨ।

ਕਾਨੂੰਨ ਅਤੇ ਨੀਤੀਆਂ ਬਣਾਉਣ ਲਈ ਕੁੱਲ 650 ਜਣੇ ਸੰਸਦ ਮੈਂਬਰ ਵਜੋਂ ਚੁਣੇ ਜਾਣਗੇ।

ਇਹ ਸੰਸਦ ਮੈਂਬਰ ਹਾਊਸ ਆਫ਼ ਕਾਮਨਜ਼ ਲਈ ਚੁਣੇ ਜਾਂਦੇ ਹਨ ਜੋ ਕਿ ਲੰਡਨ ਦੀ ਸੰਸਦ ਦੇ ਦੋ ਚੈਂਬਰਾਂ ਵਿੱਚੋਂ ਇੱਕ ਹੈ। ਹਾਊਸ ਆਫ ਚੈਂਬਰ ਹੀ ਸਰਕਾਰ ਦਾ ਕੇਂਦਰ ਹੈ।

ਵੋਟਰ ਜ਼ਿਆਦਾ ਕਿਸ ਬਾਰੇ ਸੋਚਦੇ ਹਨ, ਕੌਮੀ ਸਿਹਤ ਸੇਵਾ ਜਾਂ ਬ੍ਰੈਗਜ਼ਿਟ?

ਚੋਣਾਂ ਲਈ ਯੂਕੇ ਵਿੱਚ ਵੀ ਸਿਆਸੀ ਪਾਰਟੀਆਂ ਵੱਲੋਂ ਚੋਣ ਮੈਨੀਫੈਸਟੋ ਜਾਰੀ ਹੁੰਦਾ ਹੈ। ਇਸ ਮੈਨੀਫ਼ੈਸਟੋ 'ਚ ਕਿਸੇ ਵੀ ਆਮ ਚੋਣ ਤੋਂ ਪਹਿਲਾਂ ਆਰਥਿਕ ਨੀਤੀਆਂ ਤੋਂ ਲੈ ਕੇ ਰੱਖਿਆ ਤੱਕ ਦੀ ਹਰ ਚੀਜ਼ ਦੇ ਵਿਸਥਾਰ ਨਾਲ ਪ੍ਰਸਤਾਵ ਰੱਖੇ ਜਾਂਦੇ ਹਨ।

ਇਹ ਵੀ ਪੜ੍ਹੋ:

ਯੂਕੇ ਦੇ ਵੋਟਰ ਜਿਹੜੇ ਮਸਲਿਆਂ ਬਾਰੇ ਵੱਧ ਚਿੰਤਤ ਹਨ, ਉਹ ਚੋਣਾਂ ਦੇ ਹਿਸਾਬ ਨਾਲ ਕਾਫ਼ੀ ਬਦਲੇ ਹਨ।

ਨੈਸ਼ਨਲ ਹੈਲਥ ਸਰਵਿਸ (NHS) ਅਤੇ ਪਰਵਾਸ 2015 ਵਿੱਚ ਵੋਟਰਾਂ ਲਈ ਸਭ ਤੋਂ ਵੱਡੇ ਮੁੱਦੇ ਸਨ। ਯੂਰਪੀਅਨ ਸੰਘ (EU) ਬਾਰੇ ਬੇਹੱਦ ਘੱਟ ਦਿਲਚਸਪੀ ਸੀ।

ਪਰ ਹੁਣ ਬ੍ਰੈਗਜ਼ਿਟ ਕਰਕੇ ਯੂਕੇ ਦਾ ਯੂਰਪੀ ਯੂਨੀਅਨ ਤੋਂ ਵੱਖ ਹੋਣਾ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਹੈ।

ਹੁਣ ਚੋਣਾਂ ਕਿਉਂ?

ਬ੍ਰੈਗਜ਼ਿਟ ਲਈ 2016 ਵਿੱਚ ਰਾਇਸ਼ੁਮਾਰੀ ਹੋਈ ਸੀ ਪਰ ਹੁਣ ਤੱਕ ਇਸ ਬਾਰ ਕੁਝ ਨਹੀਂ ਹੋਇਆ ਹੈ।

ਸਿਆਸਤਦਾਨ ਵੰਢੇ ਹੋਏ ਹਨ। ਕੁਝ ਚਾਹੁੰਦੇ ਹਨ ਕਿ ਯੂਕੇ ਛੇਤੀ ਤੋਂ ਛੇਤੇ ਯੂਰਪੀ ਸੰਘ (EU) ਤੋਂ ਵੱਖਰਾ ਹੋ ਜਾਵੇ ਤਾਂ ਦੂਜੇ ਪਾਸੇ ਕੁਝ ਚਾਹੁੰਦੇ ਹਨ ਕਿ ਇੱਕ ਹੋਰ ਰੈਫਡਰੈਂਡਮ ਹੋਵੇ ਤੇ ਬਾਕੀ ਚਾਹੁੰਦੇ ਹਨ ਬ੍ਰੈਗਜ਼ਿਟ ਨੂੰ ਰੱਦ ਕਰ ਦਿੱਤਾ ਜਾਵੇ।

ਪ੍ਰਧਾਨ ਮੰਤਰੀ ਬੋਰਿਸ ਜੌਨਸਨ ਕੋਲ ਇਨੇਂ ਸੰਸਦ ਮੈਂਬਰ ਨਹੀਂ ਹਨ ਕਿ ਉਹ ਆਸਾਨੀ ਨਾਲ ਨਵੇਂ ਕਾਨੂੰਨ ਪਾਸ ਕਰ ਸਕਣ। ਉਨ੍ਹਾਂ ਨੂੰ ਉਮੀਦ ਹੈ ਕਿ ਛੇਤੀ ਹੋ ਰਹੀਆਂ ਚੋਣਾਂ ਨਾਲ ਕੰਜ਼ਰਵੇਟਿਵ ਸੰਸਦ ਮੈਂਬਰਾਂ ਦੀ ਗਿਣਤੀ ਵਧੇਗੀ ਅਤੇ ਇਸ ਨਾਲ ਉਹ ਆਪਣਾ ਬ੍ਰੈਗਜ਼ਿਟ ਪਲਾਨ ਆਸਾਨੀ ਨਾਲ ਹਾਸਿਲ ਕਰਨਾ ਚਾਹੁੰਦੇ ਹਨ।

ਅਗਲੀਆਂ ਆਮ ਚੋਣਾਂ 2022 ਵਿੱਚ ਹੋਣੀਆਂ ਸਨ ਪਰ ਪੀਐੱਮ ਜੌਨਸਨ ਕੁਝ ਹਫ਼ਤਿਆਂ ਤੋਂ ਹੀ ਚੋਣਾਂ ਕਰਵਾਉਣ ਲਈ ਦਬਾਅ ਬਣਾ ਰਹੇ ਹਨ। ਹੁਣ ਵਿਰੋਧੀ ਪਾਰਟੀਆਂ ਵੀ ਛੇਤੀ ਚੋਣਾਂ ਕਰਵਾਉਣ ਲਈ ਹੁੰਗਾਰਾ ਭਰ ਰਹੀਆਂ ਹਨ।

ਵੋਟਿੰਗ ਕਿਵੇਂ ਹੁੰਦੀ ਹੈ?

ਆਮ ਚੋਣਾਂ ਵਿੱਚ ਯੂਕੇ ਦੇ 4 ਕਰੋੜ 60 ਲੱਖ (46 ਮਿਲੀਅਨ) ਵੋਟਰ ਆਪੋ-ਆਪਣੇ ਇਲਾਕੇ ਦੇ MP ਨੂੰ ਚੁਣਦੇ ਹਨ। ਕੁੱਲ ਹਲਕੇ 650 ਹਨ।

ਕੋਈ ਵੀ ਵੋਟਰ ਜਿਸ ਦੀ ਉਮਰ 18 ਸਾਲ ਜਾਂ ਉਸ ਤੋਂ ਵੱਧ ਹੈ ਅਤੇ ਉਹ ਬ੍ਰਿਟਿਸ਼ ਨਾਗਰਿਕ ਜਾਂ ਉਹ ਕਾਮਨਵੈਲਥ ਜਾਂ ਰਿਪਬਲਿਕ ਆਫ ਆਇਰਲੈਂਡ ਦਾ ਕੁਆਲੀਫਾਇੰਗ ਸਿਟੀਜ਼ਨ ਹੋਵੇ।

ਨੌਜਵਾਨਾਂ ਤੋਂ ਵੱਧ ਬਜ਼ੁਰਗ ਵੋਟਰਾਂ ਦੀ ਵੋਟਿੰਗ ਕਰਨ ਦੀ ਵੱਧ ਉਮੀਦ ਹੁੰਦੀ ਹੈ। 2017 ਦੀਆਂ ਆਮ ਚੋਣਾਂ ਵਿੱਚ , 20 ਤੋਂ 24 ਸਾਲ ਦੀ ਉਮਰ ਦੇ ਵੋਟਰਾਂ ਵਿੱਚੋਂ 59 ਲੋਕਾਂ ਨੇ ਵੋਟ ਕੀਤਾ ਸੀ ਜਦਕਿ 60 ਤੋਂ 69 ਸਾਲ ਦੀ ਉਮਰ ਦੇ ਲੋਕਾਂ ਵਿੱਚੋਂ 77% ਵੋਟਰਾਂ ਨ ਨੇ ਵੋਟ ਪਾਈ ਸੀ।

ਵੋਟਿੰਗ ਸਥਾਨਕ ਪੋਲਿੰਗ ਸਟੇਸ਼ਨਾਂ ਵਿੱਚ ਹੁੰਦੀ ਹੈ ਜੋ ਚਰਚ ਅਤੇ ਸਕੂਲਾਂ ਵਿੱਚ ਬਣਾਏ ਜਾਂਦੇ ਹਨ। ਵੋਟਰਾਂ ਵੱਲੋਂ ਬੈਲਟ ਪੇਪਰ 'ਤੇ ਆਪਣੀ ਪਸੰਦ ਦੇ ਉਮੀਦਵਾਰ ਦੇ ਨਾਮ ਸਾਹਮਣੇ ਮੁਹਰ ਲਗਾਈ ਜਾਂਦੀ ਹੈ ਤੇ ਬੈਲਟ ਪੇਪਰ ਨੂੰ ਸੀਲਡ ਬਕਸੇ ਵਿੱਚ ਪਾਇਆ ਜਾਂਦਾ ਹੈ।

ਜੇਤੂ ਉਮੀਦਵਾਰ ਕਿਵੇਂ ਚੁਣੇ ਜਾਂਦੇ ਹਨ?

ਹਰ ਹਲਕੇ ਵਿੱਚ ਸਭ ਤੋਂ ਵੱਧ ਵੋਟਾਂ ਹਾਸਿਲ ਕਰਨ ਵਾਲਾ ਉਮੀਦਵਾਰ ਹਾਊਸ ਆਫ਼ ਕਾਮਨਜ਼ ਲਈ ਚੁਣਿਆ ਜਾਂਦਾ ਹੈ।

ਜਿੱਤਣ ਲਈ ਸਿੱਧੇ ਤੌਰ ਤੇ ਉਨ੍ਹਾਂ ਨੂੰ ਆਪਣੇ ਵਿਰੋਧੀ ਉਮੀਦਵਾਰ ਤੋਂ ਵੱਧ ਵੋਟਾਂ ਚਾਹੀਦੀਆਂ ਹਨ, ਭਾਵੇਂ ਉਨ੍ਹਾਂ ਨੂੰ ਆਪਣੇ ਹਲਕੇ ਵਿੱਚ ਅੱਧੇ ਤੋਂ ਵੀ ਘੱਟ ਵੋਟਾਂ ਮਿਲੀਆਂ ਹੋਣ।

ਬਹੁਤੇ ਸੰਸਦ ਮੈਂਬਰ ਸਿਆਸੀ ਪਾਰਟੀਆਂ ਵੱਲੋਂ ਖੜ੍ਹੇ ਕੀਤੇ ਜਾਂਦੇ ਹਨ ਪਰ ਕੁਝ ਆਜ਼ਾਦ ਉਮੀਦਵਾਰ ਵਜੋਂ ਵੀ ਚੋਣ ਲੜਦੇ ਹਨ।

ਕੋਈ ਵੀ ਪਾਰਟੀ ਜਿਨ੍ਹਾਂ ਦੇ ਸੰਸਦ ਮੈਂਬਰਾਂ ਦੀ ਗਿਣਤੀ ਅੱਧ (326) ਨਾਲੋਂ ਵੱਧ ਹੁੰਦੀ ਹੈ, ਉਹ ਸਰਕਾਰ ਬਣਾਉਂਦੀ ਹੈ।

ਯੂਕੇ ਦੀ ਵੋਟਿੰਗ ਪ੍ਰਣਾਲੀ ਮੁਤਾਬਕ ਕਈ ਵੀ ਪਾਰਟੀ ਕੌਮੀ ਵੋਟ ਦੇ 50% ਤੋਂ ਘੱਟ ਵੋਟ ਹਾਸਿਲ ਕਰਕੇ ਵੀ ਸੱਤਾ ਪ੍ਰਾਪਤ ਕਰ ਸਕਦੀ ਹੈ।

ਜੇ ਕਿਸੇ ਵੀ ਪਾਰਟੀ ਕੋਲ ਬਹੁਗਿਣਤੀ ਸੰਸਦ ਮੈਂਬਰ ਨਹੀਂ ਹੁੰਦੇ, ਤਾਂ ਸਭ ਤੋਂ ਵੱਧ ਸੰਸਦ ਮੈਂਬਰਾਂ ਵਾਲੀ ਪਾਰਟੀ ਕਿਸੇ ਹੋਰ ਪਾਰਟੀ ਨਾਲ ਗਠਜੋੜ ਬਣਾ ਕੇ ਸੱਤਾ ਵਿੱਚ ਆ ਸਕਦੀ ਹੈ।

ਪ੍ਰਧਾਨ ਮੰਤਰੀ ਨੂੰ ਸਿੱਧੇ ਤੌਰ ’ਤੇ ਜਨਤਾ ਵੱਲੋਂ ਨਹੀਂ ਚੁਣਿਆ ਜਾਂਦਾ ਹੈ। ਉਸ ਨੂੰ ਜੇਤੂ ਪਾਰਟੀ ਦੇ ਸੰਸਦ ਮੈਂਬਰ ਚੁਣਦੇ ਹਨ ਤੇ ਬ੍ਰਿਟੇਨ ਦੀ ਮਹਾਰਾਣੀ ਉਨ੍ਹਾਂ ਦੀ ਨਿਯੁਕਤੀ ਕਰਦੀ ਹੈ। ਰਾਣੀ ਨੂੰ ਸੰਸਦ ਮੈਂਬਰਾਂ ਦੀ ਰਾਇ ਮੰਨਣੀ ਜ਼ਰੂਰੀ ਹੁੰਦੀ ਹੈ।

ਤਸਵੀਰ ਸਰੋਤ, Getty Images

2017 ਦੀਆਂ ਚੋਣਾਂ ਵਿੱਚ ਕੀ ਹੋਇਆ?

1922 ਤੋਂ ਹੁਣ ਤੱਕ ਹਰ ਚੋਣ ਨੂੰ ਜਾਂ ਤਾਂ ਕੰਜ਼ਰਵੇਟਿਵ ਪਾਰਟੀ ਨੇ ਜਿੱਤਿਆ ਹੈ ਜਾਂ ਲੇਬਰ ਪਾਰਟੀ ਵੱਲੋਂ ਜਿੱਤਿਆ ਗਿਆ ਹੈ।

ਇਹ ਦੋਵੇਂ ਪਾਰਟੀਆਂ 2017 ਚੋਣਾਂ ਵਿੱਚ ਵੀ ਸਭ ਤੋਂ ਵੱਡੀਆਂ ਪਾਰਟੀਆਂ ਬਣ ਕੇ ਉੱਭਰੀਆਂ ਸਨ ਪਰ ਕਿਸੇ ਕੋਲ ਵੀ ਸਰਕਾਰ ਬਣਾਉਣ ਲਈ ਸੰਸਦ ਮੈਂਬਰਾਂ ਦੀ ਪੂਰੀ ਗਿਣਤੀ ਨਹੀਂ ਸੀ।

ਕੰਜ਼ਰਵੇਟਿਵ ਦੇ MP ਵੱਧ ਸਨ ਅਤੇ ਉਨ੍ਹਾਂ ਡੇਮੋਕ੍ਰੇਟਿਕ ਯੂਨੀਅਨਿਸਟ ਪਾਰਟੀ (DUP) ਨਾਲ ਗਠਜੋੜ ਕੀਤਾ ਤਾਂ ਜੋ ਹਾਊਸ ਆਫ਼ ਕਾਮਨਜ਼ ਵਿੱਚ ਵੋਟ ਹਾਸਿਲ ਕੀਤੀ ਜਾ ਸਕੇ।

ਇਹ ਵੀ ਪੜ੍ਹੋ:

ਬੀਤੀਆਂ ਚੋਣਾਂ ਤੋਂ ਲੈ ਕੇ ਹੁਣ ਤੱਕ ਕੰਜ਼ਰਵੇਟਿਵ ਅਤੇ ਲੇਬਰ ਪਾਰਟੀ ਨੇ ਸੰਸਦ ਮੈਂਬਰਾਂ ਦੀ ਗਿਣਤੀ ਘਟੀ ਹੈ ਜਦਕਿ ਲਿਬਰਲ ਡੇਮਕ੍ਰੇਟਸ ਦੇ ਮੈਂਬਰ ਵਧੇ ਹਨ।

ਹਾਊਸ ਆਫ਼ ਲਾਰਡਸ ਸੰਸਦ ਦਾ ਦੂਜਾ ਚੈਂਬਰ ਹੈ। ਇਸ ਦੇ ਮੈਂਬਰ ਚੁਣੇ ਨਹੀਂ ਜਾਂਦੇ ਸਗੋਂ ਪ੍ਰਧਾਨ ਮੰਤਰੀ ਦੇ ਸੁਝਾਅ 'ਤੇ ਰਾਣੀ ਵੱਲੋਂ ਨਿਯੁਕਤ ਹੁੰਦੇ ਹਨ।

ਸੰਸਦੀ ਚੋਣਾਂ ਲਈ ਕੌਣ ਖੜ੍ਹਾ ਹੋ ਸਕਦਾ ਹੈ?

ਚੋਣਾਂ ਵਾਲੇ ਦਿਨ 18 ਸਾਲ ਤੋਂ ਵੱਧ ਉਮਰ ਦੇ ਲੋਕ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਸਕਦੇ ਹਨ ਅਤੇ ਉਹ ਬ੍ਰਿਟਿਸ਼ ਨਾਗਰਿਕ ਜਾਂ ਕੁਆਲੀਫਾਇੰਗ ਸਿਟੀਜ਼ਨ ਆਫ਼ ਕਾਮਨਵੈਲਥ ਜਾਂ ਰਿਪਬਲਿਕ ਆਫ਼ ਆਇਰਲੈਂਡ ਹੋਵੇ।

ਖੜ੍ਹੇ ਹੋਏ ਉਮੀਦਵਾਰ ਨੂੰ 500 ਪਾਊਂਡ ਜਮਾਨਤ ਰਾਸ਼ੀ ਜਮਾਂ ਕਰਵਾਉਣੀ ਪੈਂਦੀ ਹੈ। ਜੇ ਉਮੀਦਵਾਰ ਨੂੰ ਆਪਣੇ ਹਲਕੇ ਵਿੱਚ 5 ਫੀਸਦੀ ਵੋਟਾਂ ਵੀ ਹਾਸਿਲ ਨਹੀਂ ਹੁੰਦੀਆਂ ਤਾਂ ਇਹ ਰਕਮ ਜ਼ਬਤ ਹੋ ਜਾਂਦੀ ਹੈ।

ਇਨ੍ਹਾਂ ਚੋਣਾਂ ਵਿੱਚ ਉਹ ਉਮੀਦਵਾਰ ਖੜ੍ਹੇ ਨਹੀਂ ਹੋ ਸਕਦੇ ਜੋ ਕੈਦੀ, ਸਰਕਾਰੀ ਮੁਲਾਜ਼ਮ, ਜੱਜ, ਪੁਲਿਸ ਕਰਮੀ ਜਾਂ ਫ਼ੌਜ ਵਿੱਚ ਹੋਣ।

ਨਤੀਜੇ ਕਦੋਂ ਆਉਂਦੇ ਹਨ?

ਆਮ ਚੋਣਾਂ ਵਾਲੇ ਦਿਨ, ਵੋਟਿੰਗ ਦਾ ਸਮਾਂ ਸਵੇਰੇ ਸੱਤ ਵਜੇ ਤੋਂ ਰਾਤ 10 ਵਜੇ ਤੱਕ ਹੁੰਦਾ ਹੈ। ਨਤੀਜੇ ਇਸ ਤੋਂ ਬਾਅਦ ਰਾਤ ਨੂੰ ਅਤੇ ਅਗਲੇ ਦਿਨ ਸਵੇਰ ਨੂੰ ਆਉਣੇ ਸ਼ੁਰੂ ਹੋ ਜਾਂਦੇ ਹਨ।

ਜਦੋਂ ਪੂਰੇ ਨਤੀਜੇ ਸਾਹਮਣੇ ਆ ਜਾਣ ਤਾਂ ਜੇਤੂ ਪਾਰਟੀ ਦਾ ਮੁੱਖ ਆਗੂ ਬਕਿੰਘਮ ਪੈਲੇਸ ਪਹੁੰਚਦਾ ਹੈ ਅਤੇ ਰਾਣੀ ਤੋਂ ਨਵੀਂ ਸਰਕਾਰ ਬਣਾਉਣ ਦੀ ਇਜਾਜ਼ਤ ਮੰਗਦਾ ਹੈ।

ਜਦੋਂ ਇਜਾਜ਼ਤ (ਜੋ ਕਿ ਇੱਕ ਰਸਮ ਵਾਂਗ ਹੈ) ਮਿਲ ਜਾਂਦੀ ਹੈ ਤਾਂ ਉਹ ਫ਼ਿਰ 10 ਡਾਊਨਿੰਗ ਸਟ੍ਰੀਟ ਮੁੜਦੇ ਹਨ, ਜੋ ਕਿ ਪ੍ਰਧਾਨ ਮੰਤਰੀ ਦਾ ਰਵਾਇਤੀ ਘਰ ਹੈ।

ਅਕਸਰ ਉਹ ਘਰ ਦੇ ਬਾਹਰ ਖੜ੍ਹੇ ਹੋ ਕੇ ਆਉਣ ਵਾਲੇ ਸਾਲਾਂ ਵਿੱਚ ਆਪਣੀ ਪਾਰਟੀ ਦੀ ਯੋਜਨਾ ਬਾਰੇ ਭਾਸ਼ਣ ਦਿੰਦੇ ਹਨ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)