ਲਾਹੌਰ ਸਮੋਗ ਵਿੱਚ ਦਿੱਲੀ ਨੂੰ ਦੇ ਰਿਹਾ ਟੱਕਰ

ਲਾਹੌਰ ਵਿੱਚ ਸਮੋਗ ਦੀ ਫਾਈਲ ਫੋਟੋ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਲਾਹੌਰ ਵਿੱਚ ਸਮੋਗ ਦੀ ਫਾਈਲ ਫੋਟੋ।

ਲਾਹੌਰ, ਪਾਕਿਸਤਾਨ ਦਾ ਦੂਸਰਾ ਸਭ ਤੋਂ ਵੱਡਾ ਸ਼ਹਿਰ ਹੈ ਤੇ ਉਹ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ, ਭਾਰਤ ਦੀ ਰਾਜਧਾਨੀ ਦਿੱਲੀ ਨੂੰ ਪ੍ਰਦੂਸ਼ਣ ਵਿੱਚ ਚੁਣੌਤੀ ਦੇ ਰਿਹਾ ਹੈ।

ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ ਡਾਅਨ ਮੁਤਾਬਕ ਲਾਹੌਰ ਵਿੱਚ ਤਾਪਮਾਨ ਅਤੇ ਨਮੀ ਦੇ ਪੱਧਰਾਂ ਦੇ ਡਿੱਗਣ ਅਤੇ ਰਾਤ ਸਮੇਂ ਦੀ ਸ਼ਾਂਤ ਹਵਾ ਕਾਰਨ ਇਹ ਪ੍ਰਦੂਸ਼ਣ ਵਧ ਰਿਹਾ ਹੈ। ਅਖ਼ਬਾਰ ਨੇ ਅੱਗੇ ਲਿਖਿਆ ਕਿ ਇਸ ਪਿੱਛੇ ਕਾਰਨ ਭਾਰਤੀ ਪੰਜਾਬ ਦੇ ਕਿਸਾਨਾਂ ਵੱਲੋਂ ਪਰਾਲੀ ਨੂੰ ਲਾਈ ਗਈ ਅੱਗ ਹੈ ਜਿਸ ਦਾ ਧੂੰਆਂ ਸਰਹੱਦ ਪਾਰ ਕਰਕੇ ਪਾਕਿਸਤਾਨ ਵਿੱਚ ਦਾਖ਼ਲ ਹੋ ਜਾਂਦਾ ਹੈ।

ਜਦਕਿ ਹਿੰਦੁਸਤਾਨ ਟਾਈਮਜ਼ ਨੇ ਕੁਝ ਹੀ ਦਿਨ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੰਜਾਬ ਰਿਮੋਟ ਕੰਟਰੋਲ ਸੈਂਸਿੰਗ ਸੈਂਟਰ ਦੇ ਹਵਾਲੇ ਨਾਲ ਲਿਖਿਆ ਕਿ ਪਰਾਲੀ ਨੂੰ ਅੱਗ ਭਾਰਤੀ ਪੰਜਾਬ ਦੇ ਪਾਕਿਸਤਾਨੀ ਸਰੱਹਦ ਨਾਲ ਲਗਦੇ ਇਲਾਕੇ— ਲਾਹੌਰ, ਬਸ਼ੀਰਪੁਰ, ਹਵੇਲੀ ਲੱਖਾ ਇਲਾਕੇ ਅਤੇ ਬਹਵਾਲ ਨਗਰ ਵਿੱਚ ਵੀ ਲਗਾਈ ਜਾਂਦੀ ਹੈ।

ਡਾਅਨ ਨੇ 30 ਅਕਤੂਬਰ ਨੂੰ ਲਿਖਿਆ ਕਿ ਲਾਹੌਰ ਵਿੱਚ ਪੀਐੱਮ-2.5 ਕਣ ਪਾਕਿਸਤਾਨ ਸਰਕਾਰ ਵੱਲੋਂ ਸੁਰੱਖਿਅਤ ਮੰਨੇ ਜਾਂਦੇ ਪੱਧਰ ਨਾਲੋਂ ਤੀਹ ਗੁਣਾਂ ਉੱਪਰ ਯਾਨੀ 1.077 ਨੋਟਿਸ ਕੀਤਾ ਗਿਆ ਹੈ।

ਨਿਊਯਾਰਕ ਟਾਈਮਜ਼ ਦੀ ਖ਼ਬਰ ਮੁਤਾਬਕ ਸਮੋਗ ਲਾਹੌਰ ਦੀ ਪੰਜਵੀਂ ਰੁੱਤ ਬਣ ਚੁੱਕੀ ਹੈ।

ਪਾਕਿਸਤਾਨੀ ਅਖ਼ਬਾਰ ਡਾਅਨ ਦੀ ਖ਼ਬਰ ਮੁਤਾਬਕ ਐਮਨਿਸਟੀ ਇੰਟਰਨੈਸ਼ਨਲ ਵੱਲੋਂ ਜਾਰੀ ਚੇਤਾਵਨੀ ਮੁਤਾਬਕ ਲਾਹੌਰ ਵਿੱਚ 30 ਅਕਤੂਬਰ ਨੂੰ ਏਅਰ ਕੁਆਲਿਟੀ ਇੰਡੈਕਸ ਸਵੇਰੇ 10 ਵਜੇ 484 ਤੱਕ ਪਹੁੰਚ ਗਿਆ ਸੀ।

ਚੇਤਾਵਨੀ ਵਿੱਚ ਅੱਗੇ ਲਿਖਿਆ ਗਿਆ ਕਿ ਏਅਰ ਕੁਆਲਿਟੀ ਇੰਡੈਕਸ ਖ਼ਤਰਨਾਕ ਪੱਧਰ 300 ਹੈ, ਜਿੱਥੇ "ਘਰਾਂ ਤੋਂ ਬਾਹਰ ਸਰੀਰਕ ਗਤੀਵਿਧੀਆਂ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।"

ਲਾਹੌਰ ਵਿੱਚ ਅਕਤੂਬਰ ਤੋਂ ਜਨਵਰੀ ਤੱਕ ਚੱਲਣ ਵਾਲੀ ਇਸ ਸਮੋਗ ਰੁੱਤ ਵਿੱਚ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ ਤੱਕ ਪਹੁੰਚ ਜਾਂਦੀ ਹੈ।

ਇਸ ਗੁਣਵੱਤਾ ਨੂੰ ਵੱਖੋ-ਵੱਖ ਸੰਸਥਾਨਾਂ ਰਾਹੀਂ ਮਾਪਿਆ ਜਾਂਦਾ ਹੈ। ਅੰਕੜਿਆਂ ਦੇ ਸਰੋਤਾਂ ਨੂੰ ਲਾਹੌਰ ਵਿਚਲਾ ਅਮਰੀਕੀ ਕਾਊਂਨਸਲੇਟ ਅਤੇ ਪਾਕਿਸਤਾਨ ਏਅਰ ਕੁਆਲਿਟੀ ਇਨੀਸ਼ੀਏਟਿਵ ਵੱਲੋਂ ਕਰਾਊਡਸੋਰਸ ਕੀਤਾ ਜਾਂਦਾ ਹੈ।

ਸਰਹੱਦ ਦੇ ਦੋਵੇਂ ਪਾਸੇ ਹਵਾ ਦੀ ਗੁਣਵੱਤਾ ਦਾ ਹਾਲ

ਯੂਐੱਸ ਅਸੈਂਬਲੀ ਦੀ ਹਵਾਈ ਪ੍ਰਦੂਸ਼ਣ ਬਾਰੇ ਰੀਅਲ ਟਾਈਮ ਕੁਆਲਿਟੀ ਇੰਡੈਕਸ ਦੀ ਵੈੱਬਸਾਈਟ ਮੁਤਾਬਕ 31 ਅਕਤੂਬਰ ਸਵੇਰੇ 9 ਵਜੇ ਲਾਹੌਰ ਦਾ ਇੰਡੈਕਸ 412 ਅਤੇ ਇਸਲਾਮਾਬਾਦ ਦਾ 162 ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਲਾਹੌਰ ਵਿੱਚ ਸਮੋਗ ਖ਼ਤਰਨਾਕ ਪੱਧਰ ਤੱਕ ਪਹੁੰਚ ਚੁੱਕੀ ਹੈ

ਇਹ ਅੰਕੜਾ 50 ਦੇ ਪੱਧਰ ਤੱਕ ਹੀ ਸੁਰੱਖਿਅਤ ਮੰਨਿਆ ਜਾਂਦਾ ਹੈ। ਜਦਕਿ ਭਾਰਤੀ ਪਾਸੇ ਅੰਮ੍ਰਿਤਸਰ ਦਾ ਸਵੇਰੇ 10 ਵਜੇ 186 ਅਤੇ ਜਲੰਧਰ ਦਾ 179 ਸੀ। ਇਸ ਤਰ੍ਹਾਂ ਲਾਹੌਰ ਦਾ ਇੰਡੈਕਸ ਹਵਾ ਦਾ ਪੱਧਰ ਖ਼ਤਰਨਾਕ ਤੇ ਸਿਹਤ ਲਈ ਨੁਕਸਾਨ ਦਾਇਕ ਦੱਸਿਆ ਗਿਆ ਹੈ।

ਨਿਊਯਾਰਕ ਟਾਈਮਜ਼ ਨੇ ਵਿਸ਼ਵ ਸਿਹਤ ਸੰਗਠਨ ਦੇ ਹਵਾਲੇ ਨਾਲ ਲਿਖਿਆ ਹੈ ਕਿ ਹਵਾ ਦੀ ਮਾੜੀ ਗੁਣਵੱਤਾ ਸਿਰਫ਼ ਲਾਹੌਰ ਤੱਕ ਹੀ ਸੀਮਤ ਨਹੀਂ ਹੈ। ਸਾਲ 2015 ਹਵਾ ਵਿਚਲੇ ਸੂਖਮ ਕਣਾਂ ਦੀ ਵਜ੍ਹਾ ਨਾਲ ਲਗਭਗ 60000 ਪਾਕਿਸਤਾਨੀਆਂ ਦੀ ਮੌਤ ਹੋ ਗਈ ਸੀ। ਇਹ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਵੱਡਾ ਅੰਕੜਾ ਹੈ।

ਇਸੇ ਤਰ੍ਹਾਂ ਦੋਵਾਂ ਪੰਜਾਬਾਂ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਲਾਈ ਜਾਂਦੀ ਅੱਗ ਨੂੰ ਲਾਹੌਰ ਤੋਂ ਦਿੱਲੀ ਤੱਕ ਦੇ ਪ੍ਰਦੂਸ਼ਣ ਦੀ ਵਜ੍ਹਾ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)