Pakistan Fire : ਕਿਵੇਂ ਲੱਗੀ 74 ਲੋਕਾਂ ਦੀ ਜਾਨ ਲੈਣ ਵਾਲੀ ਅੱਗ, ਉੱਠੀ ਰੇਲ ਮੰਤਰੀ ਦੇ ਅਸਤੀਫੇ ਦੀ ਮੰਗ

ਪਾਕਿਸਤਾਨ ਟਰੇਨ ਹਾਦਸਾ

ਤਸਵੀਰ ਸਰੋਤ, Getty Images

ਪਾਕਿਸਤਾਨ ਦੀ ਤੇਜ਼ ਗਾਮ ਐਕਸਪ੍ਰੈਸ ਵਿੱਚ ਅੱਗ ਲੱਗਣ ਨਾਲ 74 ਲੋਕਾਂ ਦੀ ਮੌਤ ਹੋ ਗਈ ਹੈ। ਤੇਜ਼ ਗਾਮ ਐਕਸਪ੍ਰੈਸ ਕਰਾਚੀ ਤੋਂ ਰਾਵਲਪਿੰਡੀ ਆ ਰਹੀ ਸੀ। ਲਿਆਕਤਪੁਰ ਪਹੁੰਚਦੇ ਹੋਏ ਰੇਲ ਦੇ ਤਿੰਨ ਡੱਬਿਆਂ ਵਿੱਚ ਅੱਗ ਲੱਗ ਗਈ।

ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਸ਼ੀਦ ਨੇ ਘਟਨਾ ਦੀ ਪੁਸ਼ਟੀ ਬੀਬੀਸੀ ਨੂੰ ਕੀਤੀ ਹੈ।

ਕਿਵੇਂ ਵਾਪਰਿਆ ਹਾਦਸਾ

ਡੀਪੀਓ ਰਹੀਮ ਯਾਰ ਖ਼ਾਨ ਅਮੀਰ ਤੈਮੂਰ ਖ਼ਾਨ ਨੇ ਦੱਸਿਆ ਕਿ ਜ਼ਖਮੀਆਂ ਨੂੰ ਮੁਲਤਾਨ ਦੇ ਬਰਨ ਸੈਂਟਰ ਭੇਜਿਆ ਜਾ ਰਿਹਾ ਹੈ।

ਰੇਲ ਮੰਤਰੀ ਦਾ ਕਹਿਣਾ ਸੀ ਕਿ ਪੀੜਤਾਂ ਵਿੱਚ ਤਬਲੀਗੀ ਜਮਾਤ ਦਾ ਇੱਕ ਸਮੂਹ ਸੀ, ਜੋ ਲਾਹੌਰ ਵਿੱਚ ਇਜ਼ਤਿਮਾਹ ਲਈ ਸਫ਼ਰ ਕਰ ਰਿਹਾ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ ਮੁਸਾਫ਼ਰਾਂ ਕੋਲ ਨਾਸ਼ਤੇ ਦਾ ਸਾਮਾਨ, ਸਿਲੰਡਰ ਤੇ ਚੁੱਲ੍ਹੇ ਸਨ। ਕਿਹਾ ਜਾ ਰਿਹਾ ਹੈ ਕਿ ਸਿਲੰਡਰ ਫਟਣ ਨਾਲ ਅੱਗ ਲੱਗੀ।

ਉਨ੍ਹਾਂ ਦੱਸਿਆ ਕਿ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਤੇ ਤਿੰਨ ਡੱਬੇ ਨੁਕਸਾਨੇ ਗਏ ਹਨ। ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਰੇਲ, ਪਟੜੀ ਤੋਂ ਹੇਠਾਂ ਨਹੀਂ ਉਤਰੀ ਤੇ ਉਸ ਨੂੰ ਜਲਦੀ ਹੀ ਲਿਆਕਤਪੁਰ ਜੰਕਸ਼ਨ ਪਹੁੰਚਾ ਦਿੱਤਾ ਜਾਵੇਗਾ।

ਰੇਲ ਮੰਤਰੀ ਦੇ ਅਸਤੀਫੇ ਦੀ ਮੰਗ

ਹਾਦਸੇ ਤੋਂ ਬਾਅਦ ਪਾਕਿਸਤਾਨ ਵਿੱਚ ਰੇਲ ਮੰਤਰੀ ਸ਼ੇਖ਼ ਰਸ਼ੀਦ ਦੇ ਅਸਤੀਫੇ ਦੀ ਮੰਗ ਚੁੱਕੀ ਜਾ ਰਹੀ ਹੈ।

ਟਵਿੱਟਰ ਤੇ ਬੀਨਾ ਸ਼ਾਹ ਨੇ ਲਿੱਖਿਆ ਹੈ, "ਕੋਈ ਸਿਲੇਂਡਰ ਟਰੇਨ ਵਿੱਚ ਲੈ ਕੇ ਗਿਆ ਤੇ ਰੋਕਿਆ ਨਹੀਂ ਗਿਆ? ਬਲਾਸਟ ਹੋਇਆ ਜਿਸ ਵਿੱਚ ਲੋਕ ਮਰ ਗਏ। ਰੇਲ ਮੰਤਰੀ ਕਿੱਥੇ ਹਨ? ਕੌਣ ਇਸ ਲਈ ਜ਼ਿੰਮੇਵਾਰ ਹੈ?"

ਅਨੀਸ ਫਾਰੂਕੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਲਿੱਖਿਆ ਹੈ ਕਿ 72 ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ। ਕਿਸੇ ਵੀ ਸਮਾਜ ਵਿੱਚ ਰੇਲ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਸੀ।

ਸ਼ਹਿਜ਼ਾਦ ਘਿਆਸ ਸ਼ੇਖ਼ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿੱਖਿਆ ਹੈ ਕਿ ਰੇਲ ਮੰਤਰੀ ਮੁਸਾਫਰਾਂ 'ਤੇ ਹੀ ਇਲਜ਼ਾਮ ਲਗਾ ਰਹੇ ਹਨ।

ਰੇਲਵੇ ਆਵਾਜਾਈ 'ਚ ਵਿਘਨ

ਹਾਦਸੇ ਤੋਂ ਬਾਅਦ ਰੇਲ ਗੱਡੀਆਂ ਰੋਕ ਦਿੱਤੀਆਂ ਗਿਆ ਸੀ ਪਰ ਹੁਣ ਪਾਕਿਸਤਾਨ ਰੇਲਵੇ ਦੀਆਂ 134 ਰੇਲਾਂ ਅਤੇ ਉਨ੍ਹਾਂ ਦੇ ਅੱਪ ਸਟਰੀਮ ਤੇ ਡਾਉਨ ਸਟਰੀਮ ਬਹਾਲ ਕਰ ਦਿੱਤੇ ਗਏ ਹਨ।

ਤਸਵੀਰ ਸਰੋਤ, RESCUE 1122

ਰੇਡੀਓ ਪਾਕਿਸਤਾਨ ਮੁਤਾਬਕ, ਘਟਨਾ ਦਾ ਨੋਟਿਸ ਲੈਂਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੁੱਖ ਜਤਾਇਆ ਹੈ ਅਤੇ ਪੀੜਤਾਂ ਦੇ ਇਲਾਜ ਦੇ ਹੁਕਮ ਦਿੱਤੇ ਹਨ।

ਰੇਲ ਮੰਤਰੀ ਸ਼ੇਖ਼ ਰਸ਼ੀਦ ਨੇ ਦੱਸਿਆ ਕਿ ਯਾਤਰੀਆਂ ਅਤੇ ਰੇਲ ਦਾ ਬੀਮਾ ਹੋਇਆ ਹੈ, ਜਿਸ ਨਾਲ ਮਾਲੀ ਨੁਕਸਾਨ ਦੀ ਭਰਪਾਈ ਹੋ ਸਕੇਗੀ। ਉਨ੍ਹਾਂ ਕਿਹਾ ਕਿ ਹਾਦਸੇ ਦੀ ਅਗਲੇਰੀ ਜਾਂਚ ਕੀਤੀ ਜਾਵੇਗੀ।

ਇੱਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਸ਼ੇਖ਼ ਰਸ਼ੀਦ ਦਾ ਕਹਿਣਾ ਸੀ ਕਿ ਇੱਕ ਹੀ ਨਾਮ ਨਾਲ ਕਈ ਡੱਬੇ ਬੁੱਕ ਕੀਤੇ ਗਏ ਸਨ। ਇੱਕ ਡੱਬਾ ਬਿਜ਼ਨਸ ਕਲਾਸ ਦੀ ਸੀ ਅਤੇ ਦੋ ਡੱਬੇ ਇਕਾਨਮੀ ਕਲਾਸ ਦੇ ਸਨ।

ਇਹ ਵੀ ਪੜ੍ਹੋ-

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)