ਟਵਿੱਟਰ ਨੇ ਸਿਆਸੀ ਮਸ਼ਹੂਰੀਆਂ ’ਤੇ ਲਾਈ ਪਾਬੰਦੀ, ਫੇਸਬੁੱਕ ਵੱਲੋਂ ਅਜਿਹੀ ਪਾਬੰਦੀ ਲਾਉਣ ਤੋਂ ਇਨਕਾਰ

ਟਵਿੱਟਰ ਦੇ ਸੀਈਓ ਜੈਕ ਡੋਰਸੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਟਵਿੱਟਰ ਦੇ ਸੀਈਓ ਜੈਕ ਡੋਰਸੀ

ਟਵਿੱਟਰ ਨੇ ਇਹ ਕਹਿੰਦਿਆਂ ਕਿ ਸਿਆਸੀ ਸੰਦੇਸ਼ਾਂ ਨੂੰ 'ਕਮਾਇਆ ਜਾਣਾ ਚਾਹੀਦਾ ਹੈ, ਖਰੀਦਿਆ ਨਹੀਂ', ਦੁਨੀਆਂ ਭਰ ਦੀਆਂ ਸਾਰੀਆਂ ਸਿਆਸੀ ਮਸ਼ਹੂਰੀਆਂ 'ਤੇ ਪਾਬੰਦੀ ਲਾਉਣ ਦਾ ਫੈਸਲਾ ਲਿਆ ਹੈ।

ਕੰਪਨੀ ਦੇ ਸੀਈਓ ਜੈਕ ਡੋਰਸੀ ਨੇ ਟਵੀਟ ਕੀਤਾ, "ਇੰਟਰਨੈਟ ਉੱਤੇ ਮਸ਼ਹੂਰੀਆਂ ਬਹੁਤ ਹੀ ਤਾਕਤਵਰ ਤੇ ਪ੍ਰਭਾਵਸ਼ਾਲੀ ਹੁੰਦੀਆਂ ਹਨ ਤੇ ਇਹ ਤਾਕਤ ਰਾਜਨੀਤੀ ਲਈ ਖ਼ਤਰਨਾਕ ਹੋ ਸਕਦੀ ਹੈ।"

ਫੇਸਬੁੱਕ ਨੇ ਵੀ ਹਾਲ ਵਿੱਚ ਹੀ ਸਿਆਸੀ ਇਸ਼ਤਿਹਾਰਾਂ ਉੱਤੇ ਰੋਕ ਲਾਉਣ ਤੋਂ ਇਨਕਾਰ ਕੀਤਾ ਹੈ।

ਅਜਿਹੀਆਂ ਪਾਬੰਦੀਆਂ ਦੀਆਂ ਖ਼ਬਰਾਂ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ 2020 ਲਈ ਸਿਆਸਤ ਨੂੰ ਦੋ ਧੜਿਆਂ ਵਿੱਚ ਵੰਡ ਦਿੱਤਾ ਹੈ।

ਇਨ੍ਹਾਂ ਚੋਣਾਂ ਵਿੱਚ ਰਾਸ਼ਟਰਪਤੀ ਟਰੰਪ ਇੱਕ ਵਾਰ ਫਿਰ ਤੋਂ ਲੋਕ ਫ਼ਤਵਾ ਆਪਣੇ ਹੱਕ ਵਿੱਚ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਜੇ ਚੋਣ ਪ੍ਰਚਾਰ ਦੇ ਪ੍ਰਬੰਧਕ ਬ੍ਰੈਡ ਪਾਰਸਕੇਲ ਨੇ ਕਿਹਾ ਕਿ ਇਹ ਪਾਬੰਦੀ 'ਖੱਬੇ ਪੱਖੀ ਧੜੇ ਦੁਆਰਾ ਟਰੰਪ ਅਤੇ ਕੰਜਰਵੇਟਿਵਾਂ ਨੂੰ ਚੁੱਪ ਕਰਾਉਣ ਦੀ ਇੱਕ ਕੋਸ਼ਿਸ਼ ਸੀ।"

ਜਦਕਿ ਇਨ੍ਹਾਂ ਚੋਣਾਂ ਵਿੱਚ ਰਾਸ਼ਟਰਪਤੀ ਅਹੁਦੇ ਦੇ ਡੈਮੋਕਰੇਟਿਕ ਉਮੀਦਵਾਰ ਜੋਅ ਬਿਡੇਨ ਦੀ ਚੋਣ ਮੁਹਿੰਮ ਦੇ ਬੁਲਾਰੇ ਬਿਲ ਰੁਸੋ ਨੇ ਕਿਹਾ, ਇਹ ਉਤਸ਼ਾਹਜਨਕ ਹੈ ਕਿ "ਜਦੋਂ ਮਸ਼ਹੂਰੀਆਂ ਤੋਂ ਕਮਾਏ ਡਾਲਰਾਂ ਅਤੇ ਲੋਕਤੰਤਰ ਦੀ ਅਖੰਡਤਾ ਦੇ ਵਿੱਚੋਂ ਇੱਕ ਨੂੰ ਚੁਣਨ ਦੀ ਵਾਰੀ ਆਈ, ਤਾਂ ਇਹ ਉਤਸ਼ਾਹਜਨਕ ਹੈ ਕਿ ਇਸ ਵਾਰ ਪੈਸਾ ਨਹੀਂ ਜਿੱਤਿਆ"

ਟਵਿੱਟਰ ਦੇ ਇਸ ਕਦਮ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਫੇਸਬੁੱਕ ਦੇ ਮੋਢੀ ਮਾਰਕ ਜ਼ੁਕਰਬਰਗ ਨੇ ਸਿਆਸੀ ਇਸ਼ਤਿਹਾਰੀਆਂ ਤੇ ਪਾਬੰਦੀ ਨਾ ਲਾਉਣ ਦੀ ਆਪਣੀ ਕੰਪਨੀ ਦੀ ਨੀਤੀ ਦਾ ਬਚਾਅ ਕੀਤਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ, "ਲੋਕਤੰਤਰ ਵਿੱਚ, ਮੈਂ ਨਹੀਂ ਸਮਝਦਾ ਕਿ ਨਿੱਜੀ ਕੰਪਨੀਆਂ ਦਾ ਸਿਆਸਤਦਾਨਾਂ ਜਾਂ ਖ਼ਬਰਾਂ ਨੂੰ ਸੈਂਸਰ ਕਰਨਾ ਸਹੀ ਹੈ।"

ਟਵਿੱਟਰ ਵੱਲੋਂ ਇਹ ਪਾਬੰਦੀ 22 ਨਵੰਬਰ ਤੋਂ ਲਾਗੂ ਕੀਤੀ ਜਾਵੇਗੀ ਤੇ 15 ਨਵੰਬਰ ਤੱਕ ਇਸ ਦਾ ਪੂਰਾ ਵੇਰਵਾ ਜਾਰੀ ਕਰ ਦਿੱਤਾ ਜਾਵੇਗਾ।

ਡੋਰਸੀ ਨੇ ਪਾਬੰਦੀ ਨੂੰਜਾਇਜ਼ ਠਹਿਰਾਇਆ

ਟਵਿੱਟਰ ਦੇ ਸੀਈਓ ਜੈਕ ਡੋਰਸੀ ਨੇ ਇੱਕ ਟਵੀਟ ਰਾਹੀਂ ਆਪਣਾ ਪੱਖ ਰੱਖਿਆ।

ਉਸ ਨੇ ਕਿਹਾ, ਇੰਟਰਨੈੱਟ 'ਤੇ ਸਿਆਸੀ ਇਸ਼ਤਿਹਾਰਾਂ ਨੇ "ਸਮਾਜਿਕ ਸੰਵਾਦ ਲਈ ਬਿਲਕੁਲ ਨਵੀਆਂ ਚੁਣੌਤੀਆਂ ਪੇਸ਼ ਕੀਤੀਆਂ ਹਨ।"

ਇਨ੍ਹਾਂ ਚੁਣੌਤੀਆਂ ਵਿੱਚ "ਮਸ਼ੀਨ-ਲਰਨਿੰਗ ਰਾਹੀਂ ਸੁਨੇਹਿਆਂ ਨੂੰ ਭੇਜਣ ਦਾ ਸਮਾਂ ਤੈਅ ਕਰਨਾ", "ਮਾਈਕਰੋ-ਟਾਰਗੇਟਿੰਗ, ਬਿਨਾਂ ਜਾਂਚੀ ਗੁੰਮਰਾਹਕੁੰਨ ਜਾਣਕਾਰੀ, ਅਤੇ ਡੀਪ ਫੇਕਸ" ਸ਼ਾਮਲ ਹਨ।

ਉਨ੍ਹਾਂ ਲਿਖਿਆ, "ਸਾਡੇ ਲਈ ਇਹ ਕਹਿਣਾ ਸਹੀ ਨਹੀਂ ਹੋਵੇਗਾ" ਕਿ "ਅਸੀਂ ਕਹੀਏ ਕਿ ਅਸੀਂ ਲੋਕਾਂ ਨੂੰ ਆਪਣੇ ਸਿਸਟਮ ਤੋਂ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਤੋਂ ਰੋਕਣ ਲਈ ਸਖ਼ਤ ਮਿਹਨਤ ਕਰ ਰਹੇ ਹਾਂ, ਕਿਉਂਕਿ ਜੇ ਕੋਈ ਸਾਨੂੰ ਲੋਕਾਂ ਨੂੰ ਉਨ੍ਹਾਂ ਦਾ ਸਿਆਸੀ ਵਿਗਿਆਪਨ ਦੇਖਣ ਲਈ ਮਜਬੂਰ ਕਰਨ ਲਈ ਪੈਸੇ ਦਿੰਦਾ ਹੈ ਤਾਂ ਉਹ ਜੋ ਚਾਹੁਣ ਕਹਿ ਸਕਦੇ ਹਨ!"

ਇਸ ਨੀਤੀ ਨੂੰ ਸੱਤਾ ਪੱਖੀ ਦੱਸਣ ਵਾਲੀ ਦਲੀਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ,"ਬਹੁਤ ਸਾਰੀਆਂ ਸਮਾਜਿਕ ਲਹਿਰਾਂ ਬਿਨਾਂ ਕਿਸੇ ਸਿਆਸੀ ਮਸ਼ਹੂਰੀ ਦੇ ਵੱਡੇ ਪੱਧਰ 'ਤੇ ਪਹੁੰਚ ਜਾਂਦੀਆਂ ਹਨ।"

ਉਨ੍ਹਾਂ ਨੇ ਕਿਹਾ ਕਿ ਇਹ ਰੋਕ ਵੋਟਰ ਰਜਿਸਟ੍ਰੇਸ਼ਨ ਦੀ ਹਮਾਇਤ ਵਿੱਚ ਦਿੱਤੇ ਇਸ਼ਤਿਹਾਰਾਂ 'ਤੇ ਲਾਗੂ ਨਹੀਂ ਹੋਵੇਗੀ।

ਪਾਬੰਦੀ ਦੀ ਖ਼ਬਰ ਕਿਵੇਂ ਲਈ ਜਾ ਰਹੀ ਹੈ?

ਸਾਬਕਾ ਡੈਮੋਕਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੇ ਇਸ ਬਾਰੇ ਲਿਖਿਆ ਕਿ ਇਹ ਪਾਬੰਦੀ ਅਮਰੀਕਾ ਤੇ ਸਾਰੀ ਦੁਨੀਆਂ ਦੇ ਭਲੇ ਵਿੱਚ ਹੈ।

ਸੋਸ਼ਲ ਮੀਡੀਆ ਵਿਸ਼ਲੇਸ਼ਕ ਕਾਰਲ ਮਿੱਲਰ ਨੇ ਕਿਹਾ, "ਇਹ ਪਹਿਲੀ ਵਾਰ ਹੈ ਕਿ ਜਦੋਂ ਕਿਸੇ ਤਕਨੀਕੀ ਕੰਪਨੀ ਨੇ ਆਪਣਾ ਕਦਮ ਇਹ ਸੋਚ ਕੇ ਪਿੱਛੇ ਲਿਆ ਹੈ ਕਿ ਉਹ ਕਿੰਨੀਆਂ ਸੰਸਥਾਵਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ, ਉਹ ਸੰਸਥਾਵਾਂ ਜੋ ਇਨ੍ਹਾਂ ਕੰਪਨੀਆਂ ਵਾਂਗ ਤੇਜ਼ੀ ਨਾਲ ਨਹੀਂ ਬਦਲਦੀਆਂ।”

ਫੇਸਬੁੱਕ ਦੀ ਕੀ ਨੀਤੀ ਹੈ ?

ਇਸੇ ਮਹੀਨੇ ਵਿੱਚ ਮਾਰਕ ਜ਼ੁਕਰਬਰਗ ਨੇ ਵਾਸ਼ਿੰਗਟਨ ਡੀਸੀ ਵਿੱਚ ਵਿਦਿਆਰਥੀਆਂ ਦੇ ਸਾਹਮਣੇ ਆ ਕੇ ਆਪਣੀ ਕੰਪਨੀ ਦੇ ਝੂਠੇ ਸਿਆਸੀ ਇਸ਼ਤਿਹਾਰਾਂ 'ਤੇ ਰੋਕ ਨਾ ਲਗਾਉਣ ਦੇ ਫੈਸਲੇ ਦਾ ਬਚਾਅ ਕੀਤਾ ਸੀ।

ਉਨ੍ਹਾਂ ਨੇ ਸਾਰੇ ਸਿਆਸੀ ਇਸ਼ਤਿਹਾਰਾਂ ਨੂੰ ਆਪਣੇ ਪਲੇਟਫਾਰਮ 'ਤੇ ਬੰਦ ਕਰਨ ਦਾ ਵਿਚਾਰ ਕੀਤਾ ਸੀ ਪਰ ਉਨ੍ਹਾਂ ਸੋਚਿਆ ਕਿ ਇੰਝ ਕਰਨ ਨਾਲ ਮੌਜੂਦਾ ਸਿਆਸਤਦਾਨ ਤੇ ਉਨ੍ਹਾਂ ਨੇਤਾਵਾਂ ਨੂੰ ਲਾਭ ਹੋਵੇਗਾ ਜਿਨ੍ਹਾਂ ਬਾਰੇ ਮੀਡੀਆ ਲਿਖੇਗਾ।

ਉਨ੍ਹਾਂ ਦਲੀਲ ਦਿੱਤੀ ਕਿ ਕੰਪਨੀ ਨੂੰ 'ਵਧੇਰੇ ਪ੍ਰਗਟਾਵੇ ਦੇ ਪੱਖ ਤੋਂ ਦੂਰ ਹੋਣਾ ਚਾਹੀਦਾ ਹੈ।'

ਤਸਵੀਰ ਸਰੋਤ, facebook

ਬੀਡੇਨ ਦੇ ਇੱਕ ਹੋਰ ਬੁਲਾਰੇ ਨੇ ਕੰਪਨੀ ਦੀ ਟਰੰਪ ਦੀ 2020 ਚੋਣ ਮੁਹਿੰਮ ਦਾ ਇੱਕ ਵੀਡੀਓ ਹਟਾਉਣ ਤੋਂ ਕੀਤੀ ਮਨਾਹੀ ਦੀ ਆਲੋਚਨਾ ਕੀਤੀ ਹੈ। ਇਹ ਵੀਡੀਓ ਸਾਬਕਾ ਉਪ-ਰਾਸ਼ਟਰਪਤੀ ਤੇ ਉਨ੍ਹਾਂ ਦੇ ਪੁੱਤਰ ਬਾਰੇ ਇੱਕ ਸਾਜ਼ਸ਼ ਦੀ ਗੱਲ ਕਰਦਾ ਹੈ ਜੋ ਅਜੇ ਸਾਬਤ ਨਹੀਂ ਹੋਇਆ।

ਟੀਜੇ ਡੱਕਲੋ ਨੇ ਕਿਹਾ, "ਕਿਸੇ ਵੀ ਸੋਸ਼ਲ ਮੀਡੀਆ ਕੰਪਨੀ ਲਈ ਜਾਣਬੁੱਝ ਕੇ ਆਪਣੇ ਪਲੇਟਫਾਰਮ ਤੋਂ ਗੁੰਮਰਾਹਕੁੰਨ ਜਾਣਕਾਰੀ ਜਾਣ ਦੇਣਾ ਨਾ ਮਨਜ਼ੂਰ ਹੈ।"

ਫੇਲੋ ਡੈਮੋਕਰੇਟਿਕ ਉਮੀਦਵਾਰ ਸੇਨੇਟਰ ਅਲੀਜ਼ਾਬੇਤ ਵਾਰੇਨ ਨੇ ਫੇਸਬੁੱਕ 'ਤੇ ਜਾਣਬੁੱਝ ਕੇ ਗੁੰਮਰਾਹਕੁੰਨ ਇਸ਼ਤਿਹਾਰ ਚਲਾਉਣ ਲਈ ਪੈਸੇ ਦਿੱਤੇ ਸਨ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਜ਼ੁਕਰਬਰਗ ਨੇ ਨਿੱਜੀ ਤੌਰ 'ਤੇ ਡੌਨਲਡ ਟਰੰਪ ਦਾ ਮੁੜ ਚੋਣ ਲਈ ਸਾਥ ਦਿੱਤਾ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਇਹ ਕੰਪਨੀ ਦੇ ਸਿਆਸਤਦਾਨਾਂ ਨੂੰ ਝੂਠੇ ਇਸ਼ਤਿਹਾਰ ਚਲਾਉਣ ਲਈ ਦਿੱਤੀ ਇਜ਼ਾਜਤ ਦੇ ਵਿਰੋਧ ਵਿੱਚ ਕੀਤਾ ਸੀ।

ਇਸ ਦਾ ਅਮਰੀਕੀ ਚੋਣਾਂ 'ਤੇ ਕੀ ਅਸਰ ਪਵੇਗਾ?

ਐਡਵਰਟਾਇਜ਼ਿੰਗ ਰਿਸਰਚ ਕੰਪਨੀ ਕਨਤਰ ਅਨੁਸਾਰ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਦੌਰਾਨ ਪ੍ਰਚਾਰ 'ਤੇ ਸਿਆਸੀ ਪਾਰਟੀਆਂ ਵੱਲੋਂ ਲਗਭਗ 600 ਕਰੋੜ ਡਾਲਰ ਖਰਚਣ ਦਾ ਅੰਦਾਜ਼ਾ ਹੈ ਜਿਸ ਵਿੱਚੋਂ ਜ਼ਿਆਦਾਤਰ ਇਸ਼ਤਿਹਾਰ ਟੀਵੀ 'ਤੇ ਦਿਖਾਏ ਜਾਣਗੇ, ਤੇ ਲਗਭਗ ਇਸ ਦਾ 20% ਹਿੱਸਾ ਡਿਜ਼ਿਟਲ ਇਸ਼ਤਿਹਾਰਾਂ 'ਤੇ ਖਰਚੇ ਜਾਣ ਦਾ ਅਨੁਮਾਨ ਹੈ।

ਟਵਿੱਟਰ ਫੇਸਬੁੱਕ ਨਾਲੋਂ ਕਿਤੇ ਛੋਟਾ ਪਲੇਟਫਾਰਮ ਹੈ। ਫਰਵਰੀ ਮਹੀਨੇ ਵਿੱਚ ਇਸ ਅਨੁਸਾਰ 12.6 ਕਰੋੜ ਲੋਕ ਇਸ ਦੀ ਰੋਜ਼ਾਨਾ ਵਰਤੋਂ ਕਰਦੇ ਸਨ ਸਨ ਜਦਕਿ ਫੇਸਬੁੱਕ ਮੁਤਾਬਕ ਉਸ ਦੇ ਸਤੰਬਰ ਮਹੀਨੇ ਵਿੱਚ 163 ਕਰੋੜ ਵਰਤੋਂਕਾਰ ਸਨ

ਬੀਬੀਸੀ ਦੀ ਰਾਜਨੀਤਿਕ ਸੰਪਾਦਕ ਲੋਰਾ ਕਿਉਂਸਬਰਗ ਨੇ ਕਿਹਾ ਕਿ ਸਿਆਸੀ ਰਣਨੀਤੀਕਾਰ ਅਕਸਰ ਆਪਣੇ ਮੁਫ਼ਤ ਵਿੱਚ ਫੈਲੇ ਹੋਏ ਸੰਦੇਸ਼ਾਂ 'ਤੇ ਹੀ ਭਰੋਸਾ ਕਰਦੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)