ਡੌਨਲਡ ਟਰੰਪ 'ਤੇ ਲੱਗੇ ਉਹ ਇਲਜ਼ਾਮ ਜਿਸ ਕਾਰਨ ਉਨ੍ਹਾਂ ਖ਼ਿਲਾਫ਼ ਮਹਾਂਦੋਸ਼ ਦੀ ਜਾਂਚ ਦੇ ਮਤੇ ਨੂੰ ਮਨਜ਼ੂਰੀ ਮਿਲੀ

ਨੈਨਲੀ ਪੇਲੋਸੀ ਅਤੇ ਟਰੰਪ

ਤਸਵੀਰ ਸਰੋਤ, Getty Images

ਅਮਰੀਕੀ ਸੰਸਦ ਦੇ ਹਾਊਸ ਆਫ ਰਿਪ੍ਰੈਜ਼ਨਟੇਟਿਵਸ 'ਚ ਰਾਸ਼ਟਰਪਤੀ ਡੌਨਲਡ ਟਰੰਪ ਦੇ ਖ਼ਿਲਾਫ਼ ਮਹਾਂਦੋਸ਼ ਦੀ ਜਾਂਚ ਨੂੰ ਰਸਮੀ ਤੌਰ 'ਤੇ ਅੱਗੇ ਵਧਾਉਣ ਦੀ ਤਜਵੀਜ਼ ਨੂੰ ਮਨਜ਼ੂਰੀ ਮਿਲ ਗਈ ਹੈ।

ਹਾਊਸ ਆਫ ਰਿਪ੍ਰੈਜ਼ਨਟੇਟਿਵਸ 'ਚ ਇਹ ਵੋਟਾਂ ਇਸ ਲਈ ਹੋਈਆਂ ਕਿ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਇਆ ਜਾਵੇ ਸਗੋਂ ਇਸ ਨਾਲ ਰਾਸ਼ਟਰਪਤੀ ਟਰੰਪ ਦੇ ਖ਼ਿਲਾਫ਼ ਜਾਂਚ ਜਨਤਕ ਗੇੜ 'ਚ ਪਹੁੰਚ ਗਈ ਹੈ।

ਡੈਮੋਕ੍ਰੈਟਸ ਦੇ ਕੰਟ੍ਰੋਲ ਵਾਲੇ ਹਾਊਸ ਆਫ ਰਿਪ੍ਰੈਜ਼ਨਟੇਟਿਵਸ ਵਿੱਚ ਰਾਸ਼ਟਰਪਤੀ ਟਰੰਪ ਖ਼ਿਲਾਫ਼ ਮਹਾਂਦੋਸ਼ ਲਈ ਸਮਰਥਨ ਹਾਸਿਲ ਕਰਨ ਲਈ ਪਹਿਲੀ ਰਸਮੀ ਕੋਸ਼ਿਸ਼ ਹੈ।

ਹਾਲਾਂਕਿ ਵ੍ਹਾਈਟ ਹਾਊਸ ਨੇ ਤਜਵੀਜ਼ ਦੀ ਨਿੰਦਾ ਕੀਤੀ ਹੈ। ਇਸ ਤੋਂ ਇਲਾਵਾ ਸਿਰਫ਼ ਦੋ ਡੈਮੋਕ੍ਰੈਟਸ ਸੰਸਦ ਮੈਂਬਰਾਂ ਨੇ ਤਜਵੀਜ਼ ਦੇ ਵਿਰੋਧ 'ਚ ਵੋਟ ਦਿੱਤੀ।

ਉਸ ਤਜਵੀਜ਼ 'ਚ ਇਹ ਵੀ ਤੈਅ ਕਰ ਦਿੱਤਾ ਗਿਆ ਹੈ ਕਿ ਰਾਸ਼ਟਰਪਤੀ ਟਰੰਪ ਦੇ ਵਕੀਲਾਂ ਨੂੰ ਕੀ ਅਧਿਕਾਰ ਹਾਸਿਲ ਹੋਵੇਗਾ।

ਇਹ ਵੀ ਪੜ੍ਹੋ-

ਟਰੰਪ 'ਤੇ ਇਲਜ਼ਾਮ

ਰਾਸ਼ਟਰਪਤੀ ਟਰੰਪ ’ਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਆਪਣੇ ਸਿਆਸੀ ਵਿਰੋਧੀ ਜੋਅ ਬਾਈਡਨ ਤੇ ਉਨ੍ਹਾਂ ਦੇ ਬੇਟੇ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦੇ ਦਾਅਵਿਆਂ ਦੀ ਜਾਂਚ ਕਰਨ ਲਈ ਯੂਕ੍ਰੇਨ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।

ਇਹ ਦੋਵੇਂ ਪਿਉ-ਪੁੱਤ ਯੂਕ੍ਰੇਨ ਗੈਸ ਕੰਪਨੀ ਬੁਰਿਸ਼ਮਾ ਨਾਲ ਕੰਮ ਕਰਦੇ ਸਨ।

ਤਸਵੀਰ ਸਰੋਤ, Getty Images

ਹਾਊਸ ਆਫ ਰਿਪ੍ਰੈਜ਼ਨਟੇਟਿਵਸ ਦੀ ਸਪੀਕਰ ਨੈਨਸੀ ਪੇਲੋਸੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਨੇ ਜੋ ਕੀਤਾ ਹੈ, ਉਸ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।

ਨੈਨਸੀ ਪੇਲੋਸੀ ਨੇ ਕਿਹਾ, "ਅਸੀਂ ਆਪਣੇ ਦੇਸ ਨੂੰ ਇੱਕ ਅਜਿਹੇ ਰਾਸ਼ਟਰਪਤੀ ਤੋਂ ਬਚਾ ਰਹੇ ਹਾਂ, ਜੋ ਕਹਿੰਦੇ ਹਨ ਕਿ ਉਹ ਜੋ ਚਾਹੁੰਦੇ ਹਨ ਕਰ ਸਕਦੇ ਹਨ। ਅਜਿਹਾ ਨਹੀਂ ਹੈ। ਜੇ ਤੁਹਾਨੂੰ ਲਗਦਾ ਹੈ ਕਿ ਤੁਸੀਂ ਆਪਣੀ ਸੋਚ ਦੇ ਸਹਾਰੇ ਚੱਲ ਸਕਦੇ ਹੋ ਤਾਂ ਇਹ ਅਮਰੀਕਾ ਦੇ ਸੰਵਿਧਾਨ ਦੀ ਉਲੰਘਣਾ ਹੈ।"

"ਇਸ ਲਈ ਮੈਂ ਤੱਥਾਂ ਦੇ ਨਾਲ ਅੱਗੇ ਵਧਾਂਗੀ। ਇਹ ਸੱਚ ਅਤੇ ਸੰਵਿਧਾਨ ਦਾ ਸਵਾਲ ਹੈ। ਅਸੀਂ ਆਪਣੇ ਲੋਕਤੰਤਰ ਨੂੰ ਬਚਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਾਂ।"

ਰਾਸ਼ਟਰਪਤੀ ਨੇ ਇਸ ਇਲਜ਼ਾਮ ਨੂੰ ਖਾਰਿਜ਼ ਕਰਦਿਆਂ ਉਨ੍ਹਾਂ ਨੇ ਹਾਊਸ ਆਫ ਰਿਪ੍ਰੈਜਨਟੇਟਿਵ 'ਚ ਲਿਆਂਦੀ ਗਈ ਤਜਵੀਜ਼ ਨੂੰ ਅਮਰੀਕੀ ਇਤਿਹਾਸ 'ਚ ਸਭ ਤੋਂ ਵੱਡਾ 'ਵਿਚ-ਹੰਟ' ਦੱਸਿਆ ਹੈ।

ਟਰੰਪ ਦੀ ਰਿਪਬਲੀਕਨ ਪਾਰਟੀ ਦੇ ਵ੍ਹਿਪ ਸਟੀਵ ਸਕੇਲਿਸ ਨੇ ਤਜਵੀਜ਼ ਮਨਜ਼ੂਰ ਹੋਣ ਤੋਂ ਬਾਅਦ ਇੱਕ ਪ੍ਰੈੱਸ ਕਾਲਫਰੰਸ 'ਚ ਇਸ ਨੂੰ ਡੈਮੋਕ੍ਰੇਟ ਸੰਸਦ ਮੈਂਬਰਾਂ ਦੀ ਸਾਜ਼ਿਸ਼ ਦੱਸਿਆ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਉਹ ਇਹ ਸਭ ਇਸ ਲਈ ਕਰ ਰਹੇ ਹਨ ਤਾਂ ਜੋ ਡੌਨਲਡ ਟਰੰਪ ਦੁਬਾਰਾ ਰਾਸ਼ਟਰਪਤੀ ਚੋਣਾਂ ਨਾ ਜਿੱਤ ਸਕਣ।

ਸਕੇਲਿਸ ਨੇ ਕਿਹਾ, "ਅਸੀਂ ਇਤਿਹਾਸ ਦੇ ਇੱਕ ਅਹਿਮ ਮੋੜ 'ਤੇ ਹਾਂ। ਇਹ ਸਪੱਸ਼ਟ ਹਨ ਕਿ ਅਜਿਹੇ ਲੋਕ ਵੀ ਜੋ ਸਾਲ 2016 'ਚ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਤੋਂ ਨਾਖੁਸ਼ ਹਨ। ਖ਼ੁਸ਼ ਹੋਣਾ ਜਾ ਨਾ ਹੋਣਾ ਉਨ੍ਹਾਂ ਦਾ ਅਧਿਕਾਰ ਹੈ ਪਰ ਇਹ ਦੇਸ ਅਗਲੇ ਸਾਲ ਤੈਅ ਕਰੇਗਾ ਕਿ ਰਾਸ਼ਟਰਪਤੀ ਕੌਣ ਬਣੇਗਾ। ਇਹ ਨੈਨਸੀ ਪੇਲੋਸੀ ਅਤੇ ਕੁਝ ਲੋਕ ਤੈਅ ਨਹੀਂ ਕਰਨਗੇ ਸਾਡਾ ਰਾਸ਼ਟਰਪਤੀ ਕੌਣ ਬਣੇਗਾ।"

ਇਸ ਤਜਵੀਜ਼ ਦੇ ਨਾਲ ਹੀ ਰਾਸ਼ਟਰਪਤੀ ਟਰੰਪ ਦੇ ਖ਼ਿਲਾਫ਼ ਜਾਂਚ ਹੁਣ ਅਗਲੇ ਗੇੜ 'ਚ ਪਹੁੰਚ ਗਈ ਹੈ ਜਿਸ ਦਾ ਸਿੱਟਾ ਰਾਸ਼ਟਰਪਤੀ ਖ਼ਿਲਾਫ਼ ਮਹਾਂਦੋਸ਼ ਦੀ ਕਾਰਵਾਈ ਦੀ ਸਿਫ਼ਾਰਿਸ਼ ਵਜੋਂ ਹੋ ਸਕਦਾ ਹੈ।

ਜੇ ਅਜਿਹਾ ਹੁੰਦਾ ਹੈ ਅਤੇ ਹਾਊਸ ਆਫ ਰਿਪ੍ਰੈਜਨਟੇਟਿਵ ਨੇ ਇਸ ਦੇ ਪੱਖ ਵਿੱਚ ਸਮਰਥਨ ਦਿੱਤਾ ਤਾਂ ਅਮਰੀਕੀ ਸੰਸਦ ਦੇ ਉਪਰਲੇ ਸਦਨ 'ਚ ਰਾਸ਼ਟਰਪਤੀ ਦੇ ਖ਼ਿਲਾਫ਼ ਸੁਣਵਾਈ ਦਾ ਰਸਤਾ ਸਾਫ਼ ਹੋ ਜਾਵੇਗਾ।

ਇਹ ਵੀ ਪੜ੍ਹੋ:

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)