ਡੌਨਲਡ ਟਰੰਪ 'ਤੇ ਚੱਲ ਰਹੇ ਮਹਾਂਦੋਸ਼ ਦਾ ਪੂਰਾ ਮਾਮਲਾ ਤੇ ਉਸ ਦੀ ਪ੍ਰਕਿਰਿਆ ਸਮਝੋ

ਟਰੰਪ Image copyright THE WASHINGTON POST VIA GETTY IMAGES

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਮਹਾਂਦੋਸ਼ ਦੀ ਜਾਂਚ ਦੀ ਜਨਤਕ ਸੁਣਵਾਈ ਵੇਲੇ ਯੂਕਰੇਨ 'ਚ ਸਾਬਕਾ ਅਮਰੀਕੀ ਸਫ਼ੀਰ ਰਹੀ ਮੈਰੀ ਯੋਵਾਨੋਵਿਚ ਦੀ ਗਵਾਹੀ ਦੌਰਾਨ ਟਵਿੱਟਰ ਰਾਹੀਂ ਹਮਲਾ ਕੀਤਾ।

ਟਰੰਪ ਨੇ ਲਿਖਿਆ, "ਮੈਰੀ ਯੋਵਾਨੋਵਿਚ ਜਿੱਥੇ ਵੀ ਗਈ ਉੱਥੇ ਹੀ ਕੰਮ ਖ਼ਰਾਬ ਕੀਤਾ, ਉਨ੍ਹਾਂ ਨੇ ਸੋਮਾਲੀਆ ਤੋਂ ਸ਼ੁਰੂ ਕੀਤਾ ਤੇ ਉੱਥੇ ਕੀ ਹੋਇਆ?"

ਮੈਰੀ ਨੇ ਇਸ 'ਤੇ ਪ੍ਰਤੀਕਿਰਿਆ ਦਿੰਦਿਆ, ਇਸ ਨੂੰ 'ਬੇਹੱਦ ਡਰਾਵਨਾ' ਦੱਸਿਆ ਹੈ।

ਇਸ ਤੋਂ ਬਾਅਦ ਟਰੰਪ ਨੇ ਫਿਰ ਟਵੀਟ ਕੀਤਾ ਤੇ ਕਿਹਾ ਕਿ ਉਨ੍ਹਾਂ ਦਾ ਟਵੀਟ ਡਰਾਉਣ ਲਈ ਨਹੀਂ ਸੀ।

ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਮਹਾਂਦੋਸ਼ ਦੀ ਸੁਣਵਾਈ ਦਾ ਇੱਕ ਹਿੱਸਾ ਵੇਖਿਆ ਸੀ ਅਤੇ ਉਹ "ਬਦਨਾਮੀ" ਵਾਂਗ ਸੀ।

ਅਮਰੀਕੀ ਰਾਸ਼ਟਰਪਤੀ ਟਰੰਪ ਖ਼ਿਲਾਫ਼ ਮਹਾਂਦੋਸ਼ ਦੀ ਜਾਂਚ ਨਾਲ ਜੁੜੀ ਪਹਿਲੀ ਜਨਤਕ ਸੁਣਵਾਈ ਬੁੱਧਵਾਰ ਨੂੰ ਵਾਸ਼ਿੰਗਟਨ 'ਚ ਸ਼ੁਰੂ ਹੋਈ ਸੀ।

ਇਹ ਵੀ ਪੜ੍ਹੋ-

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
Video: ਡੌਨਲਡ ਟਰੰਪ ਨੂੰ ਹਟਾਉਣਾ ਮੁਸ਼ਕਿਲ ਕਿਉਂ ਹੈ

ਸੁਣਵਾਈ ਵੇਲੇ ਕੀ ਹੋਇਆ?

ਜਦੋਂ ਮੈਰੀ ਆਪਣੀ ਗਵਾਹੀ ਦੇ ਰਹੀ ਸੀ ਤਾਂ ਚੇਅਰਮੈਨ ਐਡਮ ਸ਼ਿਫ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਦੀ ਆਲੋਚਨਾ ਲਈ ਸਾਵਧਾਨ ਕੀਤਾ ।

ਟਰੰਪ ਦੇ ਵੱਲੋਂ ਕੀਤੇ ਗਏ ਟਵੀਟ, ਜਿਸ ਵਿੱਚ ਉਨ੍ਹਾਂ ਨੇ ਮੈਰੀ 'ਤੇ ਸੋਮਾਲੀਆ 'ਚ ਤਰਥੱਲੀ ਮਚਾਉਣ ਲਈ ਇਲਜ਼ਾਮ ਲਗਾਇਆ ਸੀ, ਦੇ ਜਵਾਬ ਵਿੱਚ ਮੈਰੀ ਨੇ ਕਿਹਾ, "ਮੈਨੂੰ ਨਹੀਂ ਲਗਦਾ ਕਿ ਮੇਰੇ ਕੋਲ ਅਜਿਹੀਆਂ ਸ਼ਕਤੀਆਂ ਸਨ, ਨਾ ਕਿ ਮੋਗਾਦਿਸ਼ੂ 'ਚ, ਨਾ ਹੀ ਸੋਮਾਲੀਆ 'ਚ ਤੇ ਨਾ ਹੀ ਕਿਸੇ ਹੋਰ ਥਾਂ।"

ਉਨ੍ਹਾਂ ਦੀ ਪ੍ਰਤਿਕਿਰਿਆ ਨੂੰ ਸੁਣਵਾਈ ਦੌਰਾਨ ਟੈਲੀਵਿਜ਼ਨ 'ਤੇ ਲਾਈਵ ਦਿਖਾਇਆ ਗਿਆ।

ਮਹਾਂਦੋਸ਼ ਦੀ ਜਾਂਚ ਦੀ ਨਿਗਰਾਨੀ ਕਰਨ ਵਾਲੇ ਇੰਟੈਲੀਜੈਂਸ ਕਮੇਟੀ ਦੇ ਚੇਅਰਮੈਨ ਸ਼ਿਫ ਨੇ ਕਿਹਾ ਕਿ ਰਾਸ਼ਟਰਪਤੀ ਦੇ ਟਵੀਟ ਨੂੰ ਗਵਾਹ ਨੂੰ ਡਰਾਉਣ ਵਜੋਂ ਲਿਆ ਜਾ ਸਕਦਾ ਹੈ।

Image copyright Getty Images
ਫੋਟੋ ਕੈਪਸ਼ਨ ਮਹਾਂਦੋਸ਼ ਦੀ ਜਾਂਚ ਦੀ ਨਿਗਰਾਨੀ ਕਰਨ ਵਾਲੇ ਇੰਟੈਲੀਜੈਂਸ ਕਮੇਟੀ ਦੇ ਚੇਅਰਮੈਨ ਸ਼ਿਫ (ਵਿਚਾਲੇ)

ਟਰੰਪ ਖ਼ਿਲਾਫ਼ ਕੀ ਹੈ ਮਾਮਲਾ?

ਰਾਸ਼ਟਰਪਤੀ ਡੌਨਲਡ ਟਰੰਪ 'ਤੇ ਆਪਣੀਆਂ ਅਗਲੀਆਂ ਰਾਸ਼ਟਰਪਤੀ ਚੋਣਾਂ ਜਿੱਤਣ ਲਈ ਆਪਣੇ ਸਿਆਸੀ ਵਿਰੋਧੀ ਜੋ ਬਾਈਡਨ ਦੇ ਖ਼ਿਲਾਫ਼ ਸਾਜਿਸ਼ ਦਾ ਇਲਜ਼ਾਮ ਲਗਾਇਆ ਗਿਆ ਹੈ।

ਟਰੰਪ 'ਤੇ ਇਲਜ਼ਾਮ ਹਨ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੇ ਨਾਲ ਫੋਨ 'ਤੇ ਹੋਈ ਇਸ ਗੱਲਬਾਤ 'ਚ ਉਨ੍ਹਾਂ ਨੇ ਜ਼ੇਲੇਨਸਕੀ 'ਤੇ ਦਬਾਅ ਪਾਇਆ ਸੀ ਕਿ ਜੋ ਬਾਈਡਨ ਅਤੇ ਉਨ੍ਹਾਂ ਦੇ ਬੇਟੇ ਜੋ ਹੰਟਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦਾਅਵਿਆਂ ਦੀ ਜਾਂਚ ਕਰਵਾਉਣ।

ਹੰਟਰ ਨੇ ਯੂਕਰੇਨ ਦੀ ਇੱਕ ਕੰਪਨੀ ਨਾਲ ਕੰਮ ਕੀਤਾ ਸੀ ਜਦੋਂ ਜੋ ਬਾਈਡਨ ਅਮਰੀਕਾ ਦੇ ਉਪ-ਰਾਸ਼ਟਰਪਤੀ ਸਨ।

ਇਲਜ਼ਾਮ ਹਨ ਕਿ ਟਰੰਪ ਨੇ ਆਪਣੀ ਗੱਲ ਮਨਵਾਉਣ ਲਈ ਯੂਕਰੇਨ ਦੇ ਰਾਸ਼ਟਰਪਤੀ ਨੂੰ ਅਮਰੀਕੀ ਫੌਜੀ ਮਦਦ ਦੇਣ ਵਿੱਚ ਅੜਿੱਕਾ ਪਾਉਣ ਦੀ ਗੱਲ ਕਹੀ।

Image copyright EPA
ਫੋਟੋ ਕੈਪਸ਼ਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ (ਖੱਬੇ) ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ

ਇਹ ਗੱਲ ਕਿਵੇਂ ਸਾਹਮਣੇ ਆਈ?

ਖੁਫ਼ੀਆ ਵਿਭਾਗ ਦੇ ਇੱਕ ਅਣਪਛਾਤੇ ਅਫਸਰ ਨੇ ਯੂਕਰੇਨ ਦੇ ਰਾਸ਼ਟਰਪਤੀ ਅਤੇ ਟਰੰਪ ਵਿਚਾਲੇ 25 ਜੁਲਾਈ ਨੂੰ ਹੋਈ ਫੋਨ ਉੱਤੇ ਗੱਲਬਾਤ ਬਾਰੇ ਇੱਕ ਚਿੱਠੀ ਲਿਖੀ ਸੀ।

ਉਸ ਕਥਿਤ ਗੱਲਬਾਤ ਵਿੱਚ ਖੁਲਾਸਾ ਹੋਇਆ ਸੀ ਕਿ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਕਥਿਤ ਭ੍ਰਿਸ਼ਟਾਚਾਰ ਦੇ ਜੋ ਇਲਜ਼ਾਮ ਲੱਗੇ ਹਨ ਉਸ ਤਹਿਤ ਜੋ ਬਾਈਡਨ ਅਤੇ ਹੰਟਰ ਬਾਈਡਨ ਖਿਲਾਫ ਜਾਂਚ ਕਰਵਾਈ ਜਾਵੇ।

ਇਹ ਫੋਨ ਕਾਲ ਟਰੰਪ ਵੱਲੋਂ ਯੂਕਰੇਨ ਨੂੰ ਦਿੱਤੀ ਜਾਂਦੀ ਕਰੋੜਾਂ ਡਾਲਰ ਦੀ ਅਮਰੀਕੀ ਫੌਜੀ ਮਦਦ ਵਿੱਚ ਵਿਘਨ ਪਾਉਣ ਦੇ ਤੁਰੰਤ ਬਾਅਦ ਆਈ।

ਅਮਰੀਕੀ ਰਾਜਦੂਤ ਬਿਲ ਟੇਲਰ ਨੇ ਵੀ ਖੁਲਾਸਾ ਕੀਤਾ ਕਿ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ ਸਿਆਸੀ ਵਿਰੋਧੀ ਡੈਮੋਕਰੇਟਿਕ ਪਾਰਟੀ ਦੇ ਜੋ ਬਾਈਡਨ ਖ਼ਿਲਾਫ਼ ਜਾਂਚ ਕਰਨ ਲਈ ਕਿਹਾ ਸੀ।

ਯੂਕਰੇਨ ਵਿੱਚ ਅਮਰੀਕੀ ਅੰਬੈਸਡਰ ਬਿਲ ਟੇਲਰ ਨੇ ਟਰੰਪ ਖ਼ਿਲਾਫ਼ ਚਲ ਰਹੀ ਮਹਾਂਦੋਸ਼ ਦੀ ਜਨਤਕ ਸੁਣਵਾਈ ਦੌਰਾਨ ਕਿਹਾ ਕਿ ਮੇਰੇ ਸਟਾਫ ਦੇ ਇੱਕ ਮੈਂਬਰ ਨੂੰ ਕਿਹਾ ਗਿਆ ਸੀ ਕਿ ਟਰੰਪ ਜੋ ਬਾਈਡਨ ਖਿਲਾਫ਼ ਜਾਂਚ ਅੱਗੇ ਵਧਾਉਣ ਨੂੰ ਲੈ ਕੇ ਉਤਸੁਕ ਸਨ। ਹਾਲਾਂਕਿ ਵ੍ਹਾਈਟ ਹਾਊਸ ਨੇ ਇਸ ਤੋਂ ਇਨਕਾਰ ਕੀਤਾ ਹੈ।

ਡੌਨਲਡ ਟਰੰਪ ਦਾ ਇਲਜ਼ਾਮਾਂ ਬਾਰੇ ਕੀ ਕਹਿਣਾ ਹੈ

ਟਰੰਪ ਨੇ ਅਜਿਹੇ ਕਿਸੇ ਵੀ ਇਲਜ਼ਾਮ ਤੋਂ ਆਪਣਾ ਬਚਾਅ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਖਿਲਾਫ਼ ਮਹਾਂਦੋਸ਼ ਦੀ ਕਾਰਵਾਈ ਡੈਮੋਕਰੇਟਿਕ ਪਾਰਟੀ ਅਤੇ ਮੀਡੀਆ ਦੇ ਕੁਝ ਅਨਸਰਾਂ ਦੀ 'ਬਦਨਾਮ ਕਰਨ ਦੀ ਸਾਜਿਸ਼' ਹੈ।

ਰਿਪਬਲਿਕਨ ਪਾਰਟੀ ਆਪਣਾ ਬਚਾਅ ਇੰਝ ਕਰਦੀ ਹੈ

  • ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਨ੍ਹਾਂ ਉੱਪਰ ਕੋਈ ਦਬਾਅ ਨਹੀਂ ਸੀ।
  • ਯੂਕਰੇਨ ਨੂੰ ਤਾਂ ਪਤਾ ਹੀ ਨਹੀਂ ਕਿ ਮਦਦ ਵਾਪਸ ਲੈਣ ਦੀ ਗੱਲ ਹੋਈ ਹੈ।
  • ਆਖਿਰਕਾਰ ਫੌਜੀ ਮਦਦ ਮੁਹੱਈਆ ਕਰਵਾ ਦਿੱਤੀ ਗਈ ਸੀ।
Image copyright POOL/GETTY IMAGES
ਫੋਟੋ ਕੈਪਸ਼ਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਸਾਲ 2010 ਵਿੱਚ ਇੱਕ ਫੁਟਬਾਲ ਮੈਚ ਦੌਰਾਨ ਜੋ ਬਾਈਡਨ (ਵਿਚਾਲੇ) ਆਪਣੇ ਪੁੱਤਰ ਹੰਟਰ ਨਾਲ

ਮਹਾਂਦੋਸ਼ ਦੀ ਪ੍ਰਕਿਰਿਆ

ਕੁਝ ਲੋਕਾਂ ਨੂੰ ਲਗਦਾ ਹੈ ਕਿ ਇਸ ਵਿੱਚ ਰਾਸ਼ਟਰਪਤੀ ਨੂੰ ਹਟਾਉਣਾ ਹੁੰਦਾ ਹੈ ਪਰ ਅਸਲ ਵਿੱਚ ਇਹ ਦੋ ਗੇੜ ਵਿੱਚ ਹੋਣ ਵਾਲੀ ਪ੍ਰਕਿਰਿਆ ਹੈ ਜਿਸ ਨੂੰ ਕਾਂਗਰਸ ਦੇ ਦੋ ਸਦਨ ਅੰਜਾਮ ਦਿੰਦੇ ਹਨ। ਇਸ ਵਿੱਚ ਮਹਾਂਦੋਸ਼ ਪਹਿਲਾ ਗੇੜ ਹੈ ਅਤੇ ਸਿਆਸੀ ਪ੍ਰਕਿਰਿਆ ਦੂਜਾ ਗੇੜ ਹੈ।

ਪਹਿਲੇ ਗੇੜ 'ਚ ਹੇਠਲੇ ਸਦਨ ਯਾਨਿ ਹਾਊਸ ਆਫ ਰਿਪ੍ਰੇਜ਼ੇਨਟੇਟਿਵਸ ਦੇ ਨੇਤਾ ਰਾਸ਼ਟਰਪਤੀ 'ਤੇ ਲੱਗੇ ਇਲਜ਼ਾਮਾਂ ਨੂੰ ਦੇਖਦੇ ਹਨ ਅਤੇ ਤੈਅ ਕਰਦੇ ਹਨ ਕਿ ਰਾਸ਼ਟਰਪਤੀ 'ਤੇ ਰਸਮੀ ਤੌਰ 'ਤੇ ਇਲਜ਼ਾਮ ਲਗਾਉਣਗੇ ਜਾਂ ਨਹੀਂ। ਇਸ ਨੂੰ ਕਿਹਾ ਜਾਂਦਾ ਹੈ, "ਮਹਾਂਦੋਸ਼ ਦੇ ਇਲਜ਼ਾਮਾਂ ਦੀ ਜਾਂਚ ਅੱਗੇ ਵਧਾਉਣਾ।"

ਇਹ ਵੀ ਪੜ੍ਹੋ-

ਇਸ ਤੋਂ ਬਾਅਦ ਉਪਰੀ ਸਦਨ, ਸੇਨੈਟ ਇਸ ਮਾਮਲੇ ਨੂੰ ਅੱਗੇ ਵਧਾਉਂਦੇ ਹੋਏ ਜਾਂਚ ਕਰਦਾ ਹੈ ਕਿ ਰਾਸ਼ਟਰਪਤੀ ਦੋਸ਼ੀ ਹਨ ਜਾਂ ਨਹੀਂ। ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੇ ਅਹੁਦਾ ਛੱਡਣਾ ਹੁੰਦਾ ਹੈ ਅਤੇ ਉਨ੍ਹਾਂ ਦੀ ਥਾਂ ਉੱਪ ਰਾਸ਼ਟਰਪਤੀ ਨੂੰ ਕਾਰਜਭਾਰ ਸੰਭਾਲਦੇ ਹਨ।

ਟਰੰਪ ਦੇ ਮਾਮਲੇ ਵਿੱਚ ਕਿਹਾ ਜਾ ਰਿਹਾ ਹੈ ਕਿ ਹੇਠਲੇ ਸਦਨ ਯਾਨਿ ਹਾਊਸ ਆਫ ਰਿਪ੍ਰੇਜ਼ੇਨਟੇਟਿਵਸ 'ਚ ਮਹਾਂਦੋਸ਼ ਪਾਸ ਹੋ ਸਕਦਾ ਹੈ ਪਰ ਸੈਨੈਟ 'ਚ ਇਸ ਨੂੰ ਪਾਸ ਕਰਵਾਉਣ ਲਈ ਦੋ ਤਿਹਾਈ ਬਹੁਮਤ ਦੀ ਲੋੜ ਹੁੰਦੀ ਹੈ ਅਤੇ ਇੱਥੇ ਰਿਪਬਲੀਕਨ ਦਾ ਵੱਡਾ ਬਹੁਮਤ ਹੈ (ਟਰੰਪ ਰਿਪਬਲੀਕਨ ਰਾਸ਼ਟਰਪਤੀ ਹਨ।)

ਇਹ ਵੀ ਪੜ੍ਹੋ

Image copyright AFP
ਫੋਟੋ ਕੈਪਸ਼ਨ ਅਮਰੀਕਾ ਦੇ ਇਤਿਹਾਸ 'ਚ ਦੋ ਰਾਸ਼ਟਰਪਤੀਆਂ ਐਂਡ੍ਰਿਊ ਜੌਨਸਨ ਅਤੇ ਬਿਲ ਕਲਿੰਟਨ ਖ਼ਿਲਾਫ ਮਹਾਂਦੋਸ਼ ਲਗਾਇਆ ਗਿਆ

ਕਿੰਨੇ ਰਾਸ਼ਟਰਪਤੀਆਂ ਖ਼ਿਲਾਫ਼ ਲਗਾਇਆ ਗਿਆ ਹੈ ਮਹਾਂਦੋਸ਼?

ਅਮਰੀਕਾ ਦੇ ਇਤਿਹਾਸ 'ਚ ਕੇਵਲ ਦੋ ਰਾਸ਼ਟਰਪਤੀਆਂ, 1886 'ਚ ਐਂਡ੍ਰਿਊ ਜੌਨਸਨ ਅਤੇ 1998 ਵਿੱਚ ਬਿਲ ਕਲਿੰਟਨ ਖ਼ਿਲਾਫ ਮਹਾਂਦੋਸ਼ ਲਗਾਇਆ ਗਿਆ ਸੀ ਪਰ ਉਨ੍ਹਾਂ ਨੂੰ ਅਹੁਦੇ ਤੋਂ ਨਹੀਂ ਹਟਾਇਆ ਜਾ ਸਕਿਆ।

1974 'ਚ ਰਾਸ਼ਟਰਪਤੀ ਰਿਚਰਡ ਨਿਕਸਨ 'ਤੇ ਆਪਣੇ ਇੱਕ ਵਿਰੋਧੀ ਦੀ ਜਾਸੂਸੀ ਕਰਵਾਉਣ ਦਾ ਇਲਜ਼ਾਮ ਲੱਗਾ ਸੀ। ਇਸ ਨੂੰ ਵਾਟਰਗੇਟ ਸਕੈਂਡਲ ਦਾ ਨਾਮ ਦਿੱਤਾ ਗਿਆ ਸੀ।

ਪਰ ਮਹਾਂਦੋਸ਼ ਚੱਲਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਮਾਮਲਾ ਸੈਨੈਟ ਤੱਕ ਪਹੁੰਚੇਗਾ ਅਤੇ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪੈ ਸਕਦਾ ਹੈ।

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)