ਭਗਤ ਸਿੰਘ ਦੇ ਪੋਸਟਰਾਂ ਨਾਲ ਲਾਹੌਰ ’ਚ ਵਿਦਿਆਰਥੀਆਂ ਨੇ ‘ਲਾਲੋ-ਲਾਲ ਲਹਿਰਾਏਗਾ’ ਦੇ ਨਾਅਰੇ ਲਗਾਏ

ਲਾਹੌਰ ਮੁਜ਼ਾਹਰਾ

ਸ਼ੁੱਕਰਵਾਰ 29 ਨਵੰਬਰ ਨੂੰ ਪਾਕਿਸਤਾਨੀ ਪੰਜਾਬ ਦੀ ਰਾਜਧਾਨੀ ਲਾਹੌਰ ਵਿਚ ਆਪਣੀਆਂ ਹੱਕੀਂ ਮੰਗਾਂ ਲਈ ਰੋਸ ਮਾਰਚ ਕਰਨ ਵਾਲੇ ਹਜ਼ਾਰਾਂ ਵਿਦਿਆਰਥੀਆਂ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਫ਼ੀਸਾਂ ਵਿਚ ਵਾਧੇ, ਸਿੱਖਿਆ ਬਜਟ ਘਟਾਉਣ ਅਤੇ ਵਿਦਿਆਰਥੀ ਯੂਨੀਅਨਾਂ ਬਣਾਉਣ ਉੱਤੇ ਪਾਬੰਦੀ ਲਾਉਣ ਖ਼ਿਲਾਫ਼ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੀ ਹਮਾਇਤ ਵਿਚ ਹਜ਼ਾਰਾਂ ਲੋਕਾਂ ਨੇ ਪੰਜਾਬ ਅਸੰਬਲੀ ਤੱਕ ਮਾਰਚ ਕੀਤਾ। ਹੁਣ ਪੁਲਿਸ ਨੇ ਇਨ੍ਹਾਂ ਉੱਤੇ ਮਾਲ ਰੋਡ ਉੱਤੇ ਮਾਰਚ ਕਰਨ ਦਾ ਮਾਮਲਾ ਦਰਜ ਕੀਤਾ ਹੈ।

ਲਾਹੌਰ ਤੋਂ ਬੀਬੀਸੀ ਪੱਤਰਕਾਰ ਤਰਹਬ ਅਜ਼ਗਰ ਧਰਨਾ ਕਵਰ ਕਰ ਰਹੇ ਸੀ। ਉਨ੍ਹਾਂ ਨੇ ਦੱਸਿਆ ਇਹ ਮਾਰਚ ਦੁਪਹਿਰ ਦੋ ਵਜੇ ਮਾਰਚ ਕੱਢਿਆ ਗਿਆ ਸੀ। ਜੋ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਨੇੜਲੇ ਨਾਸਿਰ ਬਾਗ ਤੋਂ ਸ਼ਰੂ ਹੋ ਕੇ ਪੰਜਾਬ ਅਸੰਬਲੀ ਅੱਗੇ ਧਰਨਾ ਦੇਣ ਤੋਂ ਬਾਅਦ ਖ਼ਤਮ ਹੋਇਆ।

ਅਜ਼ਗਰ ਮੁਤਾਬਕ ਇਸ ਰੋਸ ਮਾਰਚ ਵਿਚ ਸ਼ਾਮਲ ਵੱਡੀ ਗਿਣਤੀ ਲੋਕਾਂ ਨੇ ਲਾਲ ਕੱਪੜੇ ਪਾਏ ਹੋਏ ਸਨ ਅਤੇ ਲਾਲ ਝੰਡੇ ਤੇ ਬੈਨਰ ਹੱਥਾਂ ਵਿਚ ਫੜੇ ਹੋਏ ਸਨ। ਇਹ 'ਲਾਲੋ-ਲਾਲ ਲਹਿਰਾਏਗਾ' ਵਰਗੇ ਨਾਅਰੇ ਵੀ ਲਗਾ ਰਹੇ ਸਨ।

ਫੈਜ਼ ਦੀ ਕਵਿਤਾਵਾਂ ਤੇ ਭਗਤ ਸਿੰਘ ਦਾ ਪੋਸਟਰ

ਤਰਹਬ ਅਜ਼ਗਰ ਮੁਤਾਬਕ ਇਹ ਲੋਕ ਫ਼ੈਜ਼ ਅਹਿਮਦ ਫ਼ੈਜ਼ ਦੀਆਂ ਕਵਿਤਾਵਾਂ ਗਾ ਰਹੇ ਸਨ। ਇਨ੍ਹਾਂ ਨੇ ਹੱਥਾਂ ਵਿਚ ਵੱਡੇ-ਵੱਡੇ ਬੈਨਰ ਤੇ ਤਖ਼ਤੀਆਂ ਫੜੀਆਂ ਹੋਈਆਂ ਸਨ। ਇਨ੍ਹਾਂ ਵੱਡੇ ਬੈਨਰਾਂ ਉੱਤੇ ਮਸ਼ਾਲ ਖਾਨ ਤੇ ਭਗਤ ਸਿੰਘ ਦੇ ਚਿੱਤਰ ਬਣੇ ਹੋਏ ਸਨ।

ਤਰਹਬ ਨੇ ਦੱਸਿਆ, ''ਇਸ ਮਾਰਚ ਵਿਚ ਵਿਦਿਆਰਥੀਆਂ ਦੇ ਨਾਲ-ਨਾਲ ਸਮਾਜਿਕ ਕਾਰਕੁਨ ਅਤੇ ਮਨੁੱਖੀ ਹਕੂਕਾਂ ਲਈ ਲੜਨ ਵਾਲੀਆਂ ਜਥੇਬੰਦੀਆਂ ਦੇ ਕਾਰਕੁਨ ਵੀ ਸਨ।”

“ਇਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਲਾਲ ਰੰਗ ਦੇ ਕੱਪੜੇ ਪਾਏ ਹੋਏ ਸਨ। ਇਹ ਭਗਤ ਸਿੰਘ ਅਤੇ ਮਸ਼ਾਲ ਖਾਨ ਨੂੰ ਹੱਕਾਂ ਲਈ ਲੜਦਿਆਂ ਜਾਨ ਦੇਣ ਵਾਲੇ ਨੌਜਵਾਨ ਆਗੂ ਮੰਨਦੇ ਹਨ , ਇਸ ਲਈ ਇਹ ਦੋਵਾਂ ਦੀਆਂ ਤਸਵੀਰਾਂ ਲੈ ਕੇ ਚੱਲ ਰਹੇ ਸਨ।''

ਭਗਤ ਸਿੰਘ ਬਰਤਾਨਵੀ ਹਕੂਮਤ ਦੌਰਾਨ ਭਾਰਤ ਦੇ ਅਜ਼ਾਦੀ ਘੁਲਾਟੀਏ ਸਨ, ਅਤੇ ਮਸ਼ਾਲ ਖ਼ਾਨ ਵੀ ਮਨੁੱਖੀ ਅਧਿਕਾਰ ਕਾਰਕੁਨ ਸਨ, ਜਿਸ ਉੱਤੇ ਈਸ਼ਨਿੰਦਾ ਦਾ ਇਲਜ਼ਾਮ ਲਗਾ ਕੇ ਭੀੜ ਨੇ ਤਸ਼ੱਦਦ ਕੀਤੀ ਸੀ ਤੇ ਉਸ ਦੀ ਮੌਤ ਹੋ ਗਈ ਸੀ।

ਇੱਕ ਪਾਸੇ ਜਿੱਥੇ ‘ਲਾਹੌਰ ਲਾਲੋ-ਲਾਲ’ ਦੀ ਚਰਚਾ ਹੋ ਰਹੀ ਹੈ, ਉੱਥੇ ਸੋਸ਼ਲ ਮੀਡੀਆ ਉੱਤੇ ਲਾਹੌਰ ਨੂੰ ਭਗਤ ਸਿੰਘ ਦਾ ਸ਼ਹਿਰ ਕਿਹਾ ਜਾ ਰਿਹਾ ਹੈ ਅਤੇ ਸਰਹੱਦਾਂ ਦੇ ਆਰ-ਪਾਰ ਦਾ ਹੀਰੋ ਦੱਸਿਆ ਜਾ ਰਿਹਾ ਹੈ।

ਸੋਸ਼ਲ ਮੀਡੀਆ ਉੱਤੇ ਸਟੂਡੈਂਟ ਮਾਰਚ , ਪਾਕਿਸਤਾਨ ਦੇ ਨਾਲ-ਨਾਲ ਹੈਸ਼ਟੈਗ ਭਗਤ ਸਿੰਘ ਵੀ ਪ੍ਰਚਾਰਿਆ ਜਾ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਦੀ ਭਾਰਤ ਅਤੇ ਪਾਕਿਸਤਾਨ ਦੋਵੇਂ ਥਾਵਾਂ ਉੱਤੇ ਚਰਚਾ ਹੋ ਰਹੀ ਹੈ।

'ਅਣਵੰਡੇ ਭਾਰਤ ਦਾ ਅਸਲ ਹੀਰੋ'

ਸਾਇੰਸ ਅਤੇ ਮਾਡਰਨ ਪੋਲੀਟੀਕਲ ਹਿਸਟਰੀ ਦੇ ਮਾਹਰ ਅਤੇ ਲੇਖਕ ਐਸ ਇਰਫਾਨ ਹਬੀਬ ਨੇ ਏਡੀ ਵੈਦ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ, “ਭਗਤ ਸਿੰਘ ਹੀ ਸਿਰਫ਼ ਅਜਿਹਾ ਨਾਂ ਹੈ, ਜੋ ਸਰਹੱਦਾਂ ਦੇ ਆਰ-ਪਾਰ ਨੌਜਵਾਨਾਂ ਨੂੰ ਪ੍ਰੇਰਿਤ ਕਰਦਾ ਹੈ। ਇਹ ਤਾਂ ਹੀ ਸੰਭਵ ਹੈ ਕਿਉਂਕਿ ਭਗਤ ਸਿੰਘ ਲੋਕਾਂ ਲਈ ਖੜ੍ਹਾ ਹੋਇਆ, ਉਸ ਦਾ ਰਾਸ਼ਟਰਵਾਦ ਨਾ ਕਿਸੇ ਫਿਰਕੇ ਦਾ ਸੀ ਅਤੇ ਨਾ ਕਿਸੇ ਜਾਤ ਦਾ ਅਤੇ ਨਾ ਹੀ ਉਹ ਕਿਸੇ ਖ਼ਾਸ ਧਰਮ ਤੋਂ ਪ੍ਰੇਰਿਤ ਸੀ।”

ਇਸ ਤੋਂ ਪਹਿਲਾਂ ਏਡੀ ਵੈਦ ਨਾਂ ਦੇ ਟਵਿਟਰ ਹੈਂਡਲਰ ਨੇ ਲਾਹੌਰ ਦੇ ਵਿਦਿਆਰਥੀ ਮਾਰਚ ਦੀਆਂ ਤਸਵੀਰਾਂ ਟਵੀਟ ਕਰਦਿਆਂ ਲਿਖਿਆ, “ਅਣਵੰਡੇ ਬਰਤਾਨਵੀਂ ਇੰਡੀਆ ਦਾ ਭਗਤ ਸਿੰਘ ਅਸਲ ਹੀਰੋ ਸੀ।”

ਅਮਾਰ ਅਲੀ ਜਾਨ ਨਾਂ ਦੇ ਟਵਿਟਰ ਹੈਂਡਲਰ ਨੇ ਵੀ ਭਗਤ ਸਿੰਘ ਦਾ ਬੈਨਰ ਫੜ੍ਹੇ ਵਿਦਿਆਰਥੀਆਂ ਦੀ ਫੋਟੋ ਟਵੀਟ ਕਰਦਿਆਂ ਲਿਖਿਆ, “ਭਗਤ ਸਿੰਘ ਦਾ ਸ਼ਹਿਰ ਇੱਕ ਵਾਰ ਫੇਰ ਲਾਲ।”

ਪੱਤਰਕਾਰ ਜ਼ੀਸ਼ਾਨ ਹੈਦਰ ਨਾਂ ਦੇ ਟਵਿੱਟਰ ਹੈਡਲਰ ਨੇ ਵੀ ਕਈ ਹੈਂਸਟੈਗਾਂ ਨਾਲ ਭਗਤ ਸਿੰਘ ਦੇ ਬੈਨਰ ਵਾਲੀ ਤਸਵੀਰ ਨੂੰ ਟਵੀਟ ਕਰਕੇ ਲਿਖਿਆ ਕਿ ਲਾਹੌਰ ਵਿਚ ਸ਼ੁੱਕਰਵਾਰ ਨੂੰ ਵਿਦਿਆਰਥੀਆਂ ਨੇ ਕੱਢੇ ਰੋਸ ਮਾਰਚ ਦੌਰਾਨ ਭਗਤ ਸਿੰਘ ਦਾ ਪੋਰਟਰੇਟ।

ਜਿੱਥੇ ਬਹੁਤ ਸਾਰੇ ਲੋਕ ਭਗਤ ਸਿੰਘ ਦਾ ਬੈਨਰ ਲੈ ਕੇ ਮਾਰਚ ਕਰਨ ਵਾਲਿਆਂ ਦੀ ਸਿਫ਼ਤ ਕਰਦੇ ਨਜ਼ਰ ਆਏ ਉੱਤੇ ਕਈ ਇਸ ਦੇ ਖ਼ਿਲਾਫ਼ ਵੀ ਸਨ

'ਭੁਲੇਖਾਪਾਊ ਤੇ ਗਲ਼ਤ ਜਾਣਕਾਰੀ'

ਅਮਾਰ ਅਲੀ ਜਾਨ ਦੇ ਟਵੀਟ ਦੇ ਜਵਾਬ ਵਿਚ ਮੁਸਲਿਮ ਲੀਗ ਦੇ ਆਗੂ ਮੁਹੰਮਦ ਅਲੀ ਜਿਨਾਹ ਦਾ ਪੁਰਾਣਾ ਬਿਆਨ ਵਾਇਰਲ ਕੀਤਾ ਗਿਆ।

ਰੋਬਿਨੀ, ਇਸਮਾਇਲ ਮਲਿਕ ਅਤੇ ਇਸ਼ਮਾ ਨਾਂ ਦੇ ਟਵਿੱਟਰ ਹੈਂਡਲਰਜ਼ ਨੇ ਇਸੇ ਬਿਆਨ ਨੂੰ ਵਾਰ-ਵਾਰ ਟਵੀਟ ਕੀਤਾ ਹੈ।

ਇਸ ਵਿਚ ਲਿਖਿਆ ਗਿਆ ਹੈ, ''ਸਾਨੂੰ ਚੰਦ ਤੇ ਤਾਰੇ ਵਾਲੇ ਲੀਗ ਦੇ ਝੰਡੇ ਤੋਂ ਬਿਨਾਂ ਹੋਰ ਕੋਈ ਝੰਡਾ ਨਹੀਂ ਚਾਹੀਦਾ, ਨਾ ਸਾਨੂੰ ਲਾਲ ਝੰਡਾ ਚਾਹੀਦਾ ਹੈ ਤੇ ਨਾ ਹੀ ਪੀਲਾ। ਸਾਨੂੰ ਕਿਸੇ ਵੀ ਤਰ੍ਹਾਂ ਦੇ ਵਾਦ ਦੀ ਵੀ ਲੋੜ ਨਹੀਂ ਹੈ, ਨਾ ਸਮਾਜਵਾਦ, ਨਾ ਕਮਿਊਨਿਸਟਵਾਦ, ਅਤੇ ਨਾ ਹੀ ਰਾਸ਼ਟਰਵਾਦੀ ਸਮਾਦਵਾਦ''- ਜਿਨਾਹ

ਆਤਿਫ਼ ਅਲੀ ਰੱਬਾਨੀ ਨਾਂ ਦਾ ਟਵਿੱਟਰ ਹੈਂਡਲਰ ਦਾਅਵਾ ਕਰਦਾ ਹੈ ਕਿ ਇਹ ਗਲ਼ਤ ਜਾਣਕਾਰੀ ਹੈ। ਰੱਬਾਨੀ ਲਿਖਦਾ ਹੈ, “ਇੱਕ ਵਾਰ ਫੇਰ ਭੁਲੇਖਾਪਾਊ ਤੇ ਗ਼ਲਤ ਜਾਣਕਾਰੀ ਫ਼ੈਲਾਈ ਜਾ ਰਹੀ ਹੈ।”

ਇਮਰਾਨ ਖ਼ਾਨ ਨੇ ਕੀ ਕਿਹਾ?

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਾਕਿਸਤਾਨ ਵਿੱਚ ਹੋ ਰਹੇ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ 'ਤੇ ਅਫਸੋਸ ਜ਼ਾਹਿਰ ਕੀਤਾ ਹੈ।

ਉਨ੍ਹਾਂ ਕਿਹਾ, "ਯੂਨੀਵਰਸਿਟੀਆਂ ਭਵਿੱਖ ਦੇ ਨੇਤਾ ਬਣਾਉਂਦੀਆਂ ਹਨ ਅਤੇ ਵਿਦਿਆਰਥੀਆਂ ਦੀਆਂ ਯੂਨੀਅਨ ਇਸ ਪੂਰੇ ਸਿਸਟਮ ਦਾ ਅਹਿਮ ਹਿੱਸਾ ਹਨ।"

"ਇਹ ਅਫਸੋਸਜਨਕ ਹੈ ਕਿ ਇਹ ਵਿਦਿਆਰਥੀ ਯੂਨੀਅਨਾਂ ਇਸ ਵੇਲੇ ਜੰਗ ਦਾ ਮੈਦਾਨ ਬਣੀਆਂ ਹੋਈਆਂ ਹਨ ਅਤੇ ਇਸ ਕਾਰਨ ਯੂਨੀਵਰਸਿਟੀਆਂ ਦੇ ਬੌਧਿਕ ਵਾਤਾਵਰਨ ਨੂੰ ਨੁਕਸਾਨ ਵੀ ਪਹੁੰਚਿਆ ਹੈ।"

ਇਮਰਾਨ ਖ਼ਾਨ ਨੇ ਅੱਗੇ ਕਿਹਾ ਕਿ ਉਹ ਅਜਿਹਾ ਸਿਸਟਮ ਬਣਾਉਣਗੇ ਤਾਂ ਜੋ ਇਹ ਯੂਨੀਅਨਾਂ ਇੱਕ ਸਕਾਰਾਤਮਕ ਭੂਮਿਕਾ ਨਿਭਾ ਸਕਣ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ :