ਕੀ ਪਾਕਿਸਤਾਨ ਦਾ ਸਭ ਤੋਂ ਵੱਡਾ ਕਾਨੂੰਨ, ਸੁਣੋ ਸੀਨੀਅਰ ਪੱਤਰਕਾਰ ਹਨੀਫ਼ ਦੀ ਜ਼ੁਬਾਨੀ

ਪਾਕਿਸਤਾਨ ਦੀ ਸੁਮਰੀਮ ਕੋਰਟ ਨੇ ਹਕੂਮਤ ਕੋਲੋਂ ਸਵਾਲ ਤਾਂ ਬਹੁਤ ਸਿੱਧਾ ਜਿਹਾ ਪੁੱਛਿਆ ਹੈ ਕਿ ਤੁਸੀਂ ਜਨਰਲ ਬਾਜਵਾ ਦੀ ਨੌਕਰੀ ਦੀ ਮਿਆਦ 'ਚ ਤਿੰਨ ਸਾਲ ਦਾ ਵਾਧਾ ਤਾਂ ਕਰ ਦਿੱਤਾ ਹੈ ਪਰ ਕੀ ਇਸ ਦੀ ਤੁਸੀਂ ਕੋਈ ਲਿਖਤ-ਪੜ੍ਹਤ ਵੀ ਕੀਤੀ ਹੈ, ਕੋਈ ਕਾਨੂੰਨ ਦੀ ਕਿਤਾਬ ਵੀ ਵੇਖੀ ਹੈ?

ਸਾਡੀ ਹਕੂਮਤ ਨੂੰ ਤਾਂ ਇਸ ਸਵਾਲ 'ਤੇ ਭੜਥੂ ਜਿਹਾ ਪੈ ਗਿਆ। ਕਿਸੇ ਦੀ ਯਾਦਾਸ਼ਤ ਗੁਆਚ ਗਈ ਅਤੇ ਕਿਸੇ ਨੂੰ ਕਾਨੂੰਨ ਦੀ ਕਿਤਾਬ ਹੀ ਨਾ ਲੱਬੇ।

ਪਹਿਲਾਂ ਇੱਕ ਕਾਗਜ਼ ਫਿਰ ਦੂਸਰਾ ਤੇ ਫਿਰ ਤੀਸਰਾ, ਆਖ਼ਰਕਾਰ ਵੱਡੇ ਜੱਜ ਨੂੰ ਕਹਿਣਾ ਹੀ ਪਿਆ ਕਿ ਕੀ ਤੁਸੀਂ ਇੰਨੇ ਨਾਲਾਇਕ ਲੋਕ ਹੋ, ਤੁਹਾਨੂੰ ਪੜ੍ਹਨਾ- ਲਿਖਣਾ ਵੀ ਆਉਂਦਾ ਹੈ ਕਿ ਨਹੀਂ?

ਪਾਕਿਸਤਾਨ 'ਚ ਸਭ ਤੋਂ ਵੱਡਾ ਕਾਨੂੰਨ ਤਾਂ ਡੰਡਾ ਹੀ ਹੈ। ਇਹ ਹੋ ਹੀ ਨਹੀਂ ਸਕਦਾ ਸੀ ਕਿ ਅਦਾਲਤ 'ਚ ਉਸ ਦਾ ਜ਼ਿਕਰ ਨਾ ਹੋਵੇ।

ਅਟਾਰਨੀ ਜਨਰਲ ਨੇ ਅਦਾਲਤ 'ਚ ਫ਼ਰਮਾਇਆ, ਬਲਕਿ ਕਹਿ ਸਕਦੇ ਹਾਂ ਕਿ ਹੱਥ ਬੰਨ੍ਹ ਕੇ ਧਮਕੀ ਵਾਲੇ ਸੁਰ 'ਚ ਕਿਹਾ ਕਿ ਮਾਈ ਬਾਪ ਤੁਹਾਡਾ ਕਾਨੂੰਨ ਦਾ ਡੰਡਾ ਤਾਂ ਠੀਕ ਹੈ ਪਰ ਹੱਥ ਜ਼ਰਾ ਹੌਲਾ ਰੱਖੋ, ਇੰਝ ਨਾ ਚਲਾਓ ਕਿ ਡੰਡਾ ਹੀ ਟੁੱਟ ਜਾਵੇ।

ਇਹ ਵੀ ਪੜ੍ਹੋ-

ਸਾਡੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਨ੍ਹਾਂ ਨੇ ਜ਼ਿੰਦਗੀ 'ਚ ਜਨਰਲ ਬਾਜਵਾ ਤੋਂ ਲਾਇਕ-ਫਾਇਕ ਬੰਦਾ ਕੋਈ ਨਹੀਂ ਵੇਖਿਆ।

ਮੇਰਾ ਖਿਆਲ ਹੈ ਕਿ ਉਹ ਠੀਕ ਕਹਿੰਦੇ ਹਨ ਕਿਉਂਕਿ ਮੇਰਾ ਵੀ ਇੱਕ ਬਚਪਨ ਦਾ ਯਾਰ ਬਾਜਵਾ ਹੈ, ਬਾਜਵੇ ਬਹੁਤ ਹੀ ਮਿੱਠੇ ਹੁੰਦੇ ਹਨ ਅਤੇ ਮੇਰੇ ਵਾਲਾ ਬਾਜਵਾ ਵੀ ਬਹੁਤ ਲਾਇਕ-ਫਾਇਕ ਹੈ।

ਸਾਡੀ ਡਿਕਸ਼ਨਰੀ 'ਚ ਬੇਇੱਜ਼ਤੀ ਲਫਜ਼ ਹੁੰਦਾ ਹੀ ਨਹੀਂ

ਇਕ ਦਫ਼ਾ ਉਸ ਨੇ ਜਹਾਜ਼ ਖਰੀਦ ਲਿਆ ਫਿਰ ਆਖੇ ਕਿ ਮੇਰੇ ਕੋਲ ਪੈਟ੍ਰੋਲ ਲਈ ਪੈਸੇ ਹੈ ਨਹੀਂ ਤੇ ਤੂੰ ਮੇਰੀ ਮਦਦ ਕਰ।

ਮੈਂ ਕਿਹਾ ਕਿ ਯਾਰ ਇਹ ਤਾਂ ਬੇਇੱਜ਼ਤੀ ਵਾਲੀ ਗੱਲ ਹੈ ਕਿ ਜਹਾਜ਼ ਤੇਰੇ ਕੋਲ ਹੈ ਪਰ ਪੈਟ੍ਰੋਲ ਲਈ ਪੈਸੇ ਹੈ ਨਹੀਂ।

ਉਨ੍ਹੇ ਅੱਗੋਂ ਕਿਹਾ ਕਿ ਸਾਡੀ ਡਿਕਸ਼ਨਰੀ 'ਚ ਬੇਇੱਜ਼ਤੀ ਲਫ਼ਜ਼ ਹੁੰਦਾ ਹੀ ਨਹੀਂ, ਇਹ ਤਾਂ ਤੁਹਾਡੇ ਛੋਟੇ ਲੋਕਾਂ ਦਾ ਮਸਲਾ ਹੈ।

Image copyright Getty Images
ਫੋਟੋ ਕੈਪਸ਼ਨ ਪਾਕਿਸਤਾਨ ਫੌਜ ਮੁਖੀ ਦੀ ਨੌਕਰੀ ਦੀ ਮਿਆਦ 3 ਸਾਲ ਲਈ ਵਦਾਏ ਜਾਣ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਗਿਆ ਸੀ

ਪਿਆਰ ਵੀ ਉਹ ਮੈਨੂੰ ਇੰਨ੍ਹਾਂ ਹੀ ਕਰਦਾ ਹੈ ਜਿੰਨ੍ਹਾਂ ਕਿ ਜਨਰਲ ਬਾਜਵਾ ਖ਼ਾਨ ਸਾਬ੍ਹ ਨੂੰ ਕਰਦੇ ਹਨ। ਕਦੇ ਰੋਟੀ 'ਤੇ ਆ ਜਾਵੇ ਤਾਂ ਤੀਜੇ ਦਿਨ ਵੀ ਉੱਥੇ ਹੀ ਬੈਠਾ ਹੁੰਦਾ ਹੈ ਅਤੇ ਪੁੱਛ ਰਿਹਾ ਹੁੰਦਾ ਹੈ, ਹੋਰ ਸੁਣਾਓ ਕੀ ਹਾਲ ਹੈ?

ਹਕੂਮਤ ਦੀ ਪਰੇਸ਼ਾਨੀ ਤਾਂ ਸਮਝ ਆਉਂਦੀ ਹੈ। ਅਸੀਂ ਮਾਤੜ ਜਿਹੀ ਕੌਮ ਹਾਂ, ਸਾਡੀ ਮਾਤੜ ਜਿਹੀ ਹਕੂਮਤ ਹੈ। ਸਾਡਾ ਤਾਂ ਇਹ ਹਾਲ ਹੈ ਕਿ ਸ਼ਾਮ ਨੂੰ ਅੱਬਾ ਘਰ ਨਾ ਆਵੇ ਤਾਂ ਅਸੀਂ ਮਸੀਤ 'ਚ ਐਲਾਨ ਕਰਵਾਉਣ ਤੁਰ ਪੈਂਦੇ ਹਾਂ ਕਿ "ਹਮਾਰਾ ਅੱਬਾ ਗੁੰਮ ਹੋ ਗਿਆ ਹੈ, ਜਿਸ ਕੋ ਮਿਲੇ ਘਰ ਪਹੁੰਚਾ ਦੇ।"

ਪਰ ਯਾਰਾਂ ਨੇ ਵੀ ਇਹ ਆਸ ਲਗਾ ਲਈ ਕਿ ਸਾਡੇ ਤਿੰਨ ਜੱਜ ਇੱਕ ਜਰਨੈਲ ਨੂੰ ਘਰ ਭੇਜ ਕੇ ਤਾਰੀਖੀ ਬਣਾਉਣਗੇ। ਓ ਅੱਲਾ ਦੇ ਬੰਦਿਓ ਜੋ ਕੰਮ 23 ਕਰੋੜ ਲੋਕ ਨਹੀਂ ਕਰ ਸਕਦੇ, ਉਹ ਤਿੰਨ ਜੱਜਾਂ ਨੇ ਕਿੱਥੋਂ ਕਰ ਲੈਣਾ ਸੀ।

ਜਨਰਲ ਬਾਜਵਾ ਦਾ ਪਿਆਰ ਵੀ ਸਲਾਮਤ ਰਹਿਣਾ ਹੈ ਅਤੇ ਡੰਡਾ ਵੀ

ਇੱਕ ਬਜ਼ੁਰਗ ਸ਼ਾਇਰ ਦਾ ਇੱਕ ਔਖਾ ਜਿਹਾ ਸ਼ੇਅਰ ਯਾਦ ਆ ਗਿਆ ਜਿਸ ਦਾ ਮਤਲਬ ਕੁਝ ਇੰਝ ਬਣਦਾ ਹੈ ਕਿ ਸਾਡਾ ਦਿਲ ਕਰਦਾ ਹੈ ਕਿ ਸਾਡੇ ਸੁੱਤਿਆਂ ਪਿਆਂ ਦੀਆਂ ਆ ਕੇ ਕੋਈ ਸ਼ਰਮਾ ਲਾ ਛੱਡੇ, ਸਾਨੂੰ ਹੱਥੀ ਕੁਝ ਨਾ ਕਰਨਾ ਪਵੇ।

ਜੱਜਾਂ ਨੇ ਵੀ ਤਿੰਨ ਦਿਨ ਮੌਜਾਂ ਕੀਤੀਆਂ। ਕਦੇ ਬੜਕਾਂ, ਕਦੇ ਯੁਗਤਾਂ ਤੇ ਆਖ਼ਰਕਾਰ ਫ਼ੈਸਲਾ ਵੀ ਕੁਝ ਤਾਰੀਖ਼ੀ ਜਿਹਾ ਹੀ ਦਿੱਤਾ ਕਿ ਕੰਮ ਤਾਂ ਤੁਸੀਂ ਗ਼ੈਰ-ਕਾਨੂੰਨੀ ਹੀ ਕੀਤਾ ਹੈ ਪਰ ਹੁਣ ਜਾ ਕੇ ਕਾਨੂੰਨ ਬਣਾ ਲਵੋ ਤੇ ਇਹ ਕਾਨੂੰਨੀ ਹੋ ਜਾਵੇਗਾ।

ਇਹ ਤਾਂ ਇੰਝ ਹੀ ਹੈ ਕਿ ਜਿਸ ਤਰ੍ਹਾਂ ਕਿਸੇ ਚੋਰ ਨੂੰ ਆਖਿਆ ਜਾਵੇ ਕਿ ਚੋਰੀ ਤਾਂ ਤੂੰ ਕੀਤੀ ਹੀ ਹੈ, ਪਰ ਜੇ ਹੁਣ ਚੋਰੀ ਕਰ ਹੀ ਲਈ ਹੈ ਤਾਂ ਚੋਰੀ ਦਾ ਮਾਲ ਕਿਸੇ ਨੇਕ ਕੰਮ 'ਤੇ ਲਗਾ।

ਜਿੰਨ੍ਹਾਂ ਨੇ ਕਾਨੂੰਨ ਬਣਾਉਣਾ ਹੈ, ਉਹ ਤਾਂ ਪਹਿਲਾਂ ਹੀ ਆਪਸ 'ਚ ਲੜ ਰਹੇ ਹਨ ਕਿ ਜਨਰਲ ਬਾਜਵਾ ਨਾਲ ਬਹੁਤਾ ਤੇ ਸੱਚਾ ਪਿਆਰ ਕੌਣ ਕਰਦਾ ਹੈ।

ਕਾਨੂੰਨ ਵੀ ਬਣ ਜਾਣਾ ਹੈ, ਜਨਰਲ ਬਾਜਵਾ ਦਾ ਪਿਆਰ ਵੀ ਸਲਾਮਤ ਰਹਿਣਾ ਹੈ ਅਤੇ ਡੰਡਾ ਵੀ।

ਪਾਕਿਸਤਾਨ ਦੇ ਜ਼ਿਆਦਾਤਰ ਮਸਲੇ ਅਤੇ ਉਨ੍ਹਾਂ ਦਾ ਹੱਲ ਮੈਡਮ ਨੂਰਜਹਾਂ ਆਪਣੇ ਪੰਜਾਬੀ ਗਾਣਿਆਂ 'ਚ ਦੱਸ ਗਏ ਸਨ।

ਇਸ ਲਈ ਹੀ ਅੱਜ ਸਾਰੀ ਕੌਮ ਰੱਲ ਮਿਲ ਕੇ ਗਾ ਰਹੀ ਹੈ- "ਵੇ ਮੈਂ ਦਿਲ ਤੇਰੇ ਕਦਮਾਂ 'ਚ ਰੱਖਿਆ ਤੂੰ ਪੈਰ ਉੱਤੇ ਪਾ ਤਾਂ ਸਹੀ, ਦਿਲ ਤੋੜੇਗਾ ਤਾਂ ਦੇ ਦੇਵਾਂਗੀ ਜਾਨ, ਤੂੰ ਜਾ ਕੇ ਵਿਖਾ ਤਾਂ ਸਹੀ।"

ਰੱਬ ਰਾਖਾ….

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)