ਗਰੀਨ ਹਾਊਸ ਗੈਸ Co2 ਦੇ ਨਿਪਟਾਰੇ ਦਾ ਵਿਗਿਆਨੀਆਂ ਨੇ ਇਹ ਕੱਢਿਆ ਚਮਤਕਾਰੀ ਹੱਲ

ਕਾਰਬਨ ਡਾਈਆਕਸਾਈਡ

ਪਲਾਸਟਿਕ ਵਾਤਾਵਰਨ ਦੀ ਇੱਕ ਬਹੁਤ ਵੱਡੀ ਸਮੱਸਿਆ ਹੈ-ਇਸ ਦਾ ਲਗਭਗ 7.25 ਖ਼ਰਬ ਟਨ ਸਾਡੇ ਗ੍ਰਹਿ ਨੂੰ ਢਕ ਦਿੰਦਾ ਹੈ ਅਤੇ ਸਾਡੇ ਸਮੁੰਦਰਾਂ ਨੂੰ ਭਰ ਦਿੰਦਾ ਹੈ। ਇਹ ਹਰ ਥਾਂ ਮਿਲਦੀ ਹੈ।

ਫਿਰ ਵੀ ਪਲਾਸਟਿਕ ਦੇ ਕੁਝ ਚੰਗੇ ਪੱਖ਼ ਵੀ ਹਨ - ਸਾਨੂੰ ਪਲਾਸਟਿਕ ਦੀ ਜ਼ਰੂਰਤ ਹੈ ਅਤੇ ਇਸ ਨੇ ਬਿਨਾਂ ਸ਼ੱਕ 20ਵੀਂ ਸਦੀ ਵਿੱਚ ਸਾਡੇ ਜੀਵਨ ਵਿੱਚ ਇਨਕਲਾਬ ਲਿਆ ਦਿੱਤਾ ਹੈ।

ਆਧੁਨਿਕ ਦਵਾਈਆਂ ਪੂਰੀ ਤਰ੍ਹਾਂ ਨਾਲ ਪਲਾਸਟਿਕ 'ਤੇ ਨਿਰਭਰ ਹਨ, ਬਲੱਡ ਬੈਗ, ਟਿਊਬਿੰਗ ਅਤੇ ਸਰਿੰਜਾਂ ਬਾਰੇ ਜ਼ਰਾ ਸੋਚੋ, ਨਾਲ ਹੀ ਕਾਰਾਂ ਅਤੇ ਜਹਾਜ਼ਾਂ ਦੇ ਪੁਰਜੇ, ਇਹ ਸਭ ਕੁਝ ਪਲਾਸਟਿਕ 'ਤੇ ਨਿਰਭਰ ਹਨ ਜਿਨ੍ਹਾਂ ਨੇ ਸਾਨੂੰ ਸਮੁੱਚੀ ਦੁਨੀਆਂ ਵਿੱਚ ਘੁੰਮਣ ਦੇ ਕਾਬਲ ਬਣਾਇਆ ਹੈ। ਇਸ ਤੋਂ ਬਿਨਾਂ ਸੰਗੀਤ ਦਾ ਰਿਕਾਰਡ ਕਰਨਾ ਤੇ ਫਿਲਮਾਂ ਵੀ ਸੰਭਵ ਨਹੀਂ ਹਨ।

ਇੱਥੋਂ ਤੱਕ ਕਿ ਕਾਰਾਂ ਤੋਂ ਲੈ ਕੇ ਹਵਾਈ ਜਹਾਜ਼ਾਂ ਦੇ ਕਈ ਪੁਰਜ਼ੇ ਪਲਾਸਟਿਕ ਤੋਂ ਹੀ ਬਣਾਈਆਂ ਜਾਂਦੀਆਂ ਹਨ। ਮੋਬਾਈਲ ਫੋਨ, ਕੰਪਿਊਟਰ ਤੇ ਇੰਟਰਨੈਟ ਆਦਿ ਪਲਾਸਟਿਕ ਕਾਰਨ ਹੀ ਸੰਭਵ ਹੋ ਸਕੇ ਹਨ। ਤੁਸੀਂ ਇਹ ਲੇਖ ਵੀ ਆਪਣੇ ਹੱਥ ਵਿੱਚ ਫੜੇ ਪਲਾਸਟਿਕ ਦੇ ਮੋਬਾਈਲ ’ਤੇ ਹੀ ਪੜ੍ਹ ਰਹੇ ਹੋ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਇੰਝ ਬਣੇਗਾ ਲੌਬਸਟਰਾਂ ਤੋਂ ਪਲਾਸਟਿਕ

ਮੌਜੂਦਾ ਸਮੇਂ ਪਲਾਸਟਿਕ ਬਣਾਉਣ ਦਾ ਅਰਥ ਹੈ ਪਥਰਾਟ ਬਾਲਣ ਨੂੰ ਬਾਲਣਾ ਤੇ ਕਾਰਬਨ ਡਾਈਸਕਸਾਈਡ (CO2) ਦੀ ਨਿਕਾਸੀ ਕਰਨੀ, ਜੋ ਜਲਵਾਯੂ ਨਿਘਾਰ ਵਿੱਚ ਵੱਡਾ ਹਿੱਸਾ ਪਾਉਂਦੀ ਹੈ।

ਪਰ ਕੀ ਇਸ ਦਾ ਕੋਈ ਰਸਤਾ ਨਿਕਲ ਸਕਦਾ ਹੈ ਕਿ ਬਿਨਾਂ ਕਾਰਬਨ ਡਾਈਆਕਸਾਈਡ ਪੈਦਾ ਕੀਤਿਆਂ ਇਸ ਤੋਂ ਪਲਾਸਟਿਕ ਮੈਟਰਿਸ, ਫੋਮ ਇੰਨਸੂਲੇਸ਼ਨ, ਪਲਾਸਟਿਕ ਕਾਂਟੇ ਛੁਰੀਆਂ ਜਾਂ ਫਿਰ ਕੁਝ ਸਾਇੰਸਦਾਨ ਕੋਸ਼ਿਸ਼ ਕਰ ਰਹੇ ਹਨ ਕਿ ਕਾਰਬਨ ਡਾਈਸਕਸਾਈਡ ਤੋਂ ਕੁਝ ਉਪਯੋਗੀ ਵਸਤਾਂ ਤਿਆਰ ਕੀਤੀਆਂ ਜਾ ਸਕਣ।

ਇਸ ਪ੍ਰਕਿਰਿਆ ਵਿੱਚ ਕਾਰਬਨ ਡਾਈਕਸਾਈਡ ਵਾਤਾਵਰਨ ਵਿੱਚ ਛੱਡੀ ਨਹੀਂ ਜਾਣੀ ਚਾਹੀਦੀ ਸਗੋਂ ਹਵਾ ਵਾਤਾਵਰਣ ਵਿੱਚੋਂ ਖਿੱਚ ਕੇ ਵਰਤੀ ਜਾਵੇਗੀ। ਨਵੀਆਂ ਤਕਨੀਕਾਂ ਨਾਲ ਕਾਰਬਨ ਡਾਈਆਕਸਾਈਡ ਨੂੰ ਪਲਾਸਟਿਕ ਵਿਚ ਬਦਲਿਆ ਜਾ ਸਕਦਾ ਹੈ।ਅਸੀਂ ਧਰਤੀ ਉੱਤੇ ਇਸ ਗੈਸ ਦਾ ਰੀਲੀਜ ਘਟਾ ਸਕਦੇ ਹਾਂ। ਤੁਸੀਂ ਵੀ ਇਹ ਕਹਾਣੀ ਪਲਾਸਟਿਕ ਕਾਰਨ ਹੀ ਪੜ੍ਹ ਰਹੇ ਹੋ।

ਇਸ ਪਿੱਛੇ ਕਿਹੜੀ ਸਾਇੰਸ ਕੰਮ ਕਰਦੀ ਹੈ ਆਓ ਉਸ ਬਾਰੇ ਜਾਣੀਏ —

ਕਾਰਬਨ ਡਾਈਕਸਾਈਡ ਤੋਂ ਨਾਈਲੋਨ

ਪਲਾਸਟਿਕ ਇੱਕ ਸਿੰਥੈਟਿਕ ਪੋਲੀਮਰ ਹੈ, ਇਸ ਦੇ ਅਣੂ ਲੰਬੇ ਹੁੰਦੇ ਹਨ, ਜੋ ਆਪਸ ਵਿੱਚ ਜੁੜੀਆਂ ਹੋਈਆਂ ਕੜੀਆਂ ਦੇ ਰੂਪ ਵਿੱਚ ਹੁੰਦੇ ਹਨ।

ਯੂਕੇ ਸੈਂਟਰ ਫਾਰ ਕਾਰਬਨ ਡਾਈਆਕਸਾਈਡ ਯੂਟੀਲਾਈਜੇਸ਼ਨ (ਸੀਡੀਯੂਯੂਕੇ) ਵਿੱਚ ਸਾਇੰਸਦਾਨ ਨੇ ਪਤਾ ਲਾਇਆ ਹੈ ਕਿ ਕਾਰਬਨ ਡਾਈਆਕਸਾਈਡ ਤੋਂ ਨਾਈਲੋਨ-ਪੋਲੀਮਰ ਦੀ ਇੱਕ ਕਿਸਮ ਜਿਸ ਨੂੰ 'ਪੌਲੀ-ਐਕ੍ਰਾਲਾਈਮੇਡ' ਕਿਹਾ ਜਾਂਦਾ ਹੈ, ਨੂੰ ਕਿਵੇਂ ਬਣਾਇਆ ਜਾ ਸਕਦਾ ਹੈ।

ਸੀਡੀਯੂ ਯੂਕੇ ਦੇ ਡਾਇਰੈਕਟਰ ਅਤੇ ਸ਼ੀਫੀਲਡ ਯੂਨੀਵਰਸਿਟੀ ਵਿੱਚ ਕੈਮੀਕਲ ਇੰਜਨੀਅਰਿੰਗ ਅਤੇ ਰਸਾਇਣ ਵਿਗਿਆਨਕ ਦੇ ਪ੍ਰੋਫੈਸਰ ਡਾ. ਪੀਟਰ ਸਟਾਯਰਿੰਗ ਨੇ ਕਿਹਾ, ''ਇਹ ਸੋਚਣਾ ਬੜਾ ਅਜੀਬ ਲੱਗਦਾ ਹੈ ਕਿ ਕਾਰਬਨ ਡਾਈਆਕਸਾਈਡ ਤੋਂ ਨਾਈਲੋਨ ਕਿਵੇਂ ਬਣਾਇਆ ਜਾ ਸਕਦਾ ਹੈ, ਪਰ ਅਸੀਂ ਅਜਿਹਾ ਕਰ ਚੁੱਕੇ ਹਾਂ।''

ਉਨ੍ਹਾਂ ਕਿਹਾ, ''ਪਥਰਾਟ ਬਾਲਣ ਨੂੰ ਕੱਚੇ ਮਾਲ ਵਜੋਂ ਵਰਤਣ ਦੀ ਥਾਂ ਤੁਸੀਂ ਰਾਸਇਣਕ ਜੁਗਾੜਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨਾਲ ਪੈਟਰੋਕੈਮੀਕਲ ਖੇਤਰ ਵਿੱਚ ਕ੍ਰਾਂਤੀ ਆ ਜਾਵੇਗੀ।''

ਮੌਜੂਦਾ ਸਮੇਂ ਵਰਤੀ ਜਾ ਰਹੀ ਜ਼ਿਆਦਾਤਰ ਕਾਰਬਨ ਡਾਈਆਕਸਾਈਡ ਸਿਰਫ਼ ਨਿਕਾਸੀ ਤੋਂ ਪੈਦਾ ਨਹੀਂ ਹੁੰਦੀ ਹੈ, ਸਗੋਂ ਇਹ ਗੈਸ ਇੱਕ ਰਸਾਇਣਕ ਪ੍ਰਕਿਰਿਆ ਦਾ ਇੱਕ ਉਪ ਉਤਪਾਦ ਹੈ।

ਜਦਕਿ ਸਾਇੰਸਦਾਨਾਂ ਦਾ ਟੀਚਾ ਹੈ ਕਿ ਫੈਕਟਰੀਆਂ ਵੱਲੋਂ ਛੱਡੀ ਗਈ ਕਾਰਬਨ ਦੀ ਵਰਤੋਂ ਵੀ ਕੀਤੀ ਜਾ ਸਕੇ।

ਕਿਵੇਂ ਰਹੇਗਾ ਗੈਸ 'ਤੇ ਸੌਣਾ

ਕਾਰਬਨ ਡਾਈਆਕਸਾਈਡ ਤੋਂ ਪਲਾਸਟਿਕ ਤਿਆਰ ਕਰਨ ਲਈ ਵਿਗਿਆਨੀਆਂ ਨੇ ਇੱਕ ਕੈਟਾਲਿਸਟ ਦੀ ਵਰਤੋਂ ਕੀਤੀ ਹੈ ਜੋ ਅਜਿਹਾ ਪਦਾਰਥ ਹੈ ਜਿਸ ਦਾ ਇਸਤੇਮਾਲ ਇਸ ਪ੍ਰਕਿਰਿਆ ਵਿੱਚ ਨਹੀਂ ਹੁੰਦਾ ਹੈ ਪਰ ਇਹ ਕੈਮੀਕਲ ਰਿਐਕਸ਼ਨ ਦੀ ਦਰ ਨੂੰ ਤੇਜ਼ ਕਰਦਾ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਪਲਾਸਟਿਕ ਨਾਲ ਭਰੇ ਸਵੀਮਿੰਗ ਪੂਲ ’ਚ ਤੈਰਾਕੀ

ਜਰਮਨੀ ਵਿੱਚ ਪੈਟਰੋਕੈਮੀਕਲ ਗਰੁੱਪ 'ਕੋਵੇਸਟਰੋ' ਵਿੱਚ ਵਿਗਿਆਨੀਆਂ ਨੇ 20% ਕਾਰਬਨ ਡਾਈਆਕਸਾਈਡ ਨਾਲ 'ਕਾਰਡੀਅਨ' ਨਾਂ ਦੇ ਗੱਦੇ ਤਿਆਰ ਕੀਤੇ ਹਨ।

ਉਨ੍ਹਾਂ ਨੂੰ ਇੱਕ ਕੈਟਾਲਿਸਟ ਮਿਲਿਆ ਜੋ ਕਾਰਬਨ ਡਾਈਆਕਸਾਈਡ ਅਤੇ ਹੋਰ ਯੋਗਿਕਾਂ (ਕੰਪਾਊਂਡਜ਼) ਵਿਚਕਾਰ ਰਿਐਕਸ਼ਨ ਪੈਦਾ ਕਰਦਾ ਹੈ, ਸਿੱਟੇ ਵਜੋਂ ਅਜਿਹੇ ਰਸਾਇਣ ਪੈਦਾ ਕਰਦਾ ਹੈ ਜਿਨ੍ਹਾਂ ਦੀ ਵਰਤੋਂ ਪੋਲੀਯੂਰੇਥੇਨ (polyurethane) ਬਣਾਉਣ ਲਈ ਕੀਤੀ ਜਾਂਦੀ ਹੈ-ਉਹ ਸਮੱਗਰੀ ਜਿਹੜੀ ਗੱਦਿਆਂ, ਕੁਸ਼ਨ ਅਤੇ ਫਰਿੱਜ਼ ਇੰਸੂਲੇਸ਼ਨ ਵਿੱਚ ਪਾਈ ਜਾਂਦੀ ਹੈ।

ਵਿਸ਼ਵ ਵਿੱਚ ਹਰ ਸਾਲ 15 ਮਿਲੀਅਨ ਟਨ ਤੋਂ ਵੱਧ ਪੋਲੀਯੂਰੇਥੇਨ ਬਣਾਈ ਜਾਂਦੀ ਹੈ, ਕੱਚੇ ਮਾਲ ਦੇ ਰੂਪ ਵਿੱਚ ਇਸ ਨੂੰ ਕਾਰਬਨ ਡਾਈਆਕਸਾਈਡ ਵਿੱਚ ਬਦਲਣ ਨਾਲ ਕਾਰਬਨ ਨਿਕਾਸੀ ਨੂੰ ਘੱਟ ਕਰਨ ਵਿੱਚ ਵੱਡਾ ਯੋਗਦਾਨ ਪੈ ਸਕਦਾ ਹੈ।

ਇਹ ਵੀ ਪੜ੍ਹੋ-

ਸਵੱਛ ਹਵਾ

ਸਮੁੱਚੇ ਵਿਸ਼ਵ ਵਿੱਚ ਵਿਗਿਆਨੀ ਵਿਭਿੰਨ ਪ੍ਰਕਾਰ ਦੀ ਪਲਾਸਟਿਕ ਬਣਾਉਣ ਲਈ ਕਾਰਬਨ ਡਾਈਆਕਸਾਈਡ ਦੀ ਵਰਤੋਂ ਰਹੇ ਹਨ।

ਯੂਕੇ ਦੀ ਕਾਰਬਨ ਡਾਈਆਕਸਾਈਡ ਤੋਂ ਪੋਲੀਯੂਰੇਥੇਨ ਬਣਾਉਣ ਵਾਲੀ ਇੱਕ ਹੋਰ ਕੰਪਨੀ ਇਕੋਨਿਕ ਨੂੰ ਦੋ ਸਾਲ ਦੇ ਅੰਦਰ ਫੋਮ ਉਤਪਾਦਾਂ ਦੇ ਨਾਲ ਹੀ ਰਬੜ ਦੀ ਤਰ੍ਹਾਂ ਲਚਕੀਲੀ ਕੋਟਿੰਗ, ਸੀਲੈਂਟਸ ਅਤੇ ਇਲੈੱਸਟੋਮੀਟਰ-ਪੋਲੀਮੀਟਰ ਮਾਰਕੀਟ ਵਿੱਚ ਲਿਆਉਣ ਦੀ ਉਮੀਦ ਹੈ।

ਕੰਪਨੀ ਦੇ ਸੇਲਜ਼ ਹੈੱਡ ਲੇਹ ਟੇਲਰ ਨੇ ਦੱਸਿਆ ਕਿ ਇਹ ਪਦਾਰਥ ਸਿਰਫ਼ ਪਲਾਸਟਿਕ ਨਾਲ ਮਿਲਦੇ ਜੁਲਦੇ ਹੀ ਨਹੀਂ, ਬਲਕਿ ਕਈ ਮਾਮਲਿਆਂ ਵਿੱਚ ਇਹ ਉਨ੍ਹਾਂ ਤੋਂ ਵਧ ਕੇ ਹੋਣਗੇ।

ਉਨ੍ਹਾਂ ਦੱਸਿਆ, ''ਅਸੀਂ ਇਨ੍ਹਾਂ ਪਦਾਰਥਾਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਖੋਜ ਕਾਰਜ ਕਰ ਰਹੇ ਹਾਂ ਜਿਵੇਂ ਕਿ ਅੱਗ ਲੱਗਣ ਅਤੇ ਸਕਰੈਚ ਪੈਣ ਤੋਂ ਮੁਕਤ। ''

ਇਕੋਨਿਕ ਦਾ ਅਨੁਮਾਨ ਹੈ ਕਿ ਜੇਕਰ ਸਾਰੇ ਪੋਲੀਓਲਜ਼ (ਆਪਸ ਵਿੱਚ ਜੋੜਨ ਵਾਲੇ ਏਜੰਟ ਦੇ ਰੂਪ ਵਿੱਚ ਉਪਯੋਗ ਕੀਤਾ ਜਾਣ ਵਾਲਾ ਅਣੂ) ਦਾ 30% ਕਾਰਬਨ ਡਾਈਆਕਸਾਈਡ ਤੋਂ ਬਣਾਇਆ ਜਾਵੇ ਤਾਂ ਇਸ ਨਾਲ ਵਾਤਾਵਰਣ ਤੋਂ 90 ਮਿਲੀਅਨ ਟਨ ਨਿਕਾਸੀ ਦੀ ਬੱਚਤ ਹੋਵੇਗੀ ਜੋ ਚਾਰ ਮਿਲੀਅਨ ਦਰੱਖਤਾਂ ਜਾਂ ਸੜਕਾਂ ਤੋਂ ਦੋ ਮਿਲੀਅਨ ਕਾਰਾਂ ਨੂੰ ਹਟਾਉਣ ਦੇ ਬਰਾਬਰ ਹੋਵੇਗੀ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
5 ਪਲਾਸਟਿਕ ਦੀਆਂ ਬੋਤਲਾਂ ਲਿਆਓ ਤੇ ਬੱਸ ਦਾ ਮੁਫ਼ਤ ਸਫ਼ਰ ਪਾਓ

ਇਸ ਤੋਂ ਵਧ ਕੇ ਇਹ ਵੀ ਹੈ ਕਿ ਕਾਰਬਨ ਡਾਈਆਕਸਾਈਡ ਸਟੈਂਡਰਡ ਕੱਚੇ ਮਾਲ ਤੋਂ ਬਹੁਤ ਜ਼ਿਆਦਾ ਸਸਤੀ ਹੈ-ਪ੍ਰੋਪਲੀਨ ਆਕਸਾਈਡ ਲਈ 2000 ਡਾਲਰ ਦੀ ਤੁਲਨਾ ਵਿੱਚ ਲਗਭਗ 100 ਡਾਲਰ ਪ੍ਰਤੀ ਟਨ। ਇਹ ਪ੍ਰਕਿਰਿਆ ਮੈਨੂਫੈਕਚਰਰਜ਼ ਦਾ ਬਹੁਤ ਪੈਸਾ ਬਚਾ ਸਕਦੀ ਹੈ।

ਸ਼ਾਨਦਾਰ ਭਵਿੱਖ

ਦੂਜੇ ਪਾਸੇ ਵਿਗਿਆਨੀ ਕਾਰਬਨ ਡਾਈਆਕਸਾਈਡ ਨੂੰ ਚੀਨੀ ਨਾਲ ਮਿਲਾ ਕੇ ਪੋਲੀਕਾਰਬੋਨੇਟ ਵਿਕਸਤ ਕਰ ਰਹੇ ਹਨ ਜਿਨ੍ਹਾਂ ਦਾ ਉਪਯੋਗ ਮੁੜਵਰਤੋਂ ਯੋਗ ਫੂਡ ਕੰਟੇਨਰਾਂ ਅਤੇ ਬੱਚਿਆਂ ਦੀਆਂ ਬੋਤਲਾਂ ਬਣਾਉਣ ਲਈ ਕੀਤਾ ਜਾਂਦਾ ਹੈ। ਉਦਾਹਰਨ ਵਜੋਂ ਸਿਲੋਜ਼ (xylose) ਬਹੁਤ ਆਸਾਨੀ ਨਾਲ ਵਰਤੇ ਗਏ ਕੌਫ਼ੀ ਦੀ ਰਹਿੰਦ ਖੂੰਹਦ ਤੋਂ ਪ੍ਰਾਪਤ ਹੁੰਦਾ ਹੈ।

ਇਹ ਚੀਨੀ ਆਧਾਰਿਤ ਸਲਿਊਸ਼ਨ ਮੌਜੂਦਾ ਬੀਪੀਏ ਦੀ ਵਰਤੋਂ ਨਾਲ ਬਣਾਏ ਗਏ ਉਤਪਾਦਾਂ ਨਾਲੋਂ ਸੁਰੱਖਿਅਤ ਹੈ। 2010 ਵਿੱਚ ਕੈਨੇਡਾ ਵਿੱਚ ਬੀਪੀਏ ਕੈਮੀਕਲ ਦੀ ਵਰਤੋਂ ਨਾਲ ਤਿਆਰ ਕੀਤੀਆਂ ਗਈਆਂ ਬੱਚਿਆਂ ਦੀਆਂ ਬੋਤਲਾਂ ਅਤੇ ਸਿੱਪ ਕੱਪਾਂ 'ਤੇ ਪਾਬੰਦੀ ਲਾ ਦਿੱਤੀ ਗਈ ਸੀ।

ਕਾਰਬਨ ਡਾਈਆਕਸਾਈਡ ਤੋਂ ਏਥਲੀਨ ਬਣਾਉਣ ਦਾ ਟੀਚਾ ਹੋਰ ਵੀ ਮਹੱਤਵਪੂਰਨ ਹੈ। ਵਿਸ਼ਵ ਪੱਧਰ 'ਤੇ ਲਗਭਗ ਅੱਧੀ ਪਲਾਸਟਿਕ ਏਥਲੀਨ ਤੋਂ ਤਿਆਰ ਕੀਤੀ ਜਾਂਦੀ ਹੈ, ਜੋ ਇਸਨੂੰ ਵਿਸ਼ਵ ਦਾ ਮਹੱਤਵਪੂਰਨ ਕੱਚਾ ਮਾਲ ਬਣਾਉਂਦਾ ਹੈ।

Image copyright Getty Images
ਫੋਟੋ ਕੈਪਸ਼ਨ 2010 ਵਿੱਚ ਕੈਨੇਡਾ ਵਿੱਚ ਬੀਪੀਏ ਕੈਮੀਕਲ ਦੀ ਵਰਤੋਂ ਨਾਲ ਤਿਆਰ ਕੀਤੀਆਂ ਗਈਆਂ ਬੱਚਿਆਂ ਦੀਆਂ ਬੋਤਲਾਂ ਅਤੇ ਸਿੱਪ ਕੱਪਾਂ 'ਤੇ ਪਾਬੰਦੀ ਲਾ ਦਿੱਤੀ ਸੀ

ਯੂਕੇ ਵਿੱਚ ਸਵਾਨਸੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਐਨਰਿਕੋ ਆਂਦਰੇਓਲੀ ਕਾਰਬਨ ਡਾਈਆਕਸਾਈਡ ਨੂੰ ਪਾਣੀ ਅਤੇ ਬਿਜਲੀ ਨਾਲ ਮਿਲਾ ਕੇ ਏਥਲੀਨ ਬਣਾਉਣ ਲਈ ਕੈਟਾਲਿਸਟ ਵਿਕਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਕਾਰਬਨ ਡਾਈਆਕਸਾਈਡ ਤੋਂ ਬਣੇ ਏਥਲੀਨ ਤੋਂ ਵਪਾਰਕ ਪੱਧਰ 'ਤੇ ਪਲਾਸਟਿਕ ਦਾ ਉਤਪਾਦਨ ਕਰਨ ਵਿੱਚ 20 ਸਾਲ ਲੱਗਣਗੇ, ਪਰ ਪ੍ਰੋ. ਆਂਦਰੇਓਲੀ ਦਾ ਕਹਿਣਾ ਹੈ ਕਿ ਇਹ ਟੀਚਾ ਪਿੱਛਾ ਕਰਨ ਯੋਗ ਹੈ।

ਉਨ੍ਹਾਂ ਕਿਹਾ, ''ਅਸੀਂ 30 ਜਾਂ 40 ਸਾਲਾਂ ਵਿੱਚ ਜੈਵਿਕ ਈਂਧਣ ਤੋਂ ਏਥਲੀਨ ਨਹੀਂ ਬਣਾ ਸਕਾਂਗੇ। ਇਸ ਲਈ ਸਾਨੂੰ ਕਾਰਬਨ ਡਾਈਆਕਸਾਈਡ ਤੋਂ ਇਸਨੂੰ ਬਣਾਉਣ ਲਈ ਹੋਰ ਤਰੀਕਿਆਂ ਦਾ ਪਿੱਛਾ ਕਰਨਾ ਹੋਵੇਗਾ।''

ਬਾਇਓਪਲਾਸਟਿਕ ਇੱਕ ਹੱਲ ਹੈ ਜਾਂ ਇੱਕ ਸਮੱਸਿਆ?

ਇੱਕ ਪੱਖ ਇਹ ਵੀ ਹੈ ਕਿ ਪਲਾਸਟਿਕ ਸਬੰਧੀ ਸਾਡੀਆਂ ਕਈ ਯੋਜਨਾਵਾਂ ਵਾਤਾਵਰਣ ਦਾ ਵਿਗਾੜ ਵੀ ਕਰਦੀਆਂ ਹਨ।

ਬਾਇਓਪਲਾਸਟਿਕ-ਆਲੂਆਂ ਤੋਂ ਤਿਆਰ ਡਿਸਪੋਜ਼ਏਬਲ ਕਟਲਰੀ, ਮੱਕੀ ਤੋਂ ਬਣਾਈਆਂ ਗਈਆਂ ਬੋਤਲਾਂ, ਭੋਜਨ ਦੀ ਰਹਿੰਦ ਖੂੰਹਦ ਤੋਂ ਤਿਆਰ ਕੀਤੇ ਬੈਗ ਆਦਿ ਹਾਲ ਹੀ ਵਿੱਚ ਬਹੁਤ ਚਰਚਾ ਵਿੱਚ ਰਹੇ।

ਪਰ ਅਸਲ ਵਿੱਚ ਇਹ ਓਨੇ ਬਾਇਓਗ੍ਰੇਡਿਡ ਨਹੀਂ ਹਨ ਜਿੰਨੇ ਨਾਂ ਤੋਂ ਲੱਗਦੇ ਹਨ। ਆਮਤੌਰ 'ਤੇ ਇਨ੍ਹਾਂ ਨੂੰ ਬਣਾਉਣ ਦੀ ਪ੍ਰਕਿਰਿਆ ਲਈ ਉਦਯੋਗਿਕ ਕੰਪੋਜ਼ਿਟਰ ਦੀ ਲੋੜ ਹੁੰਦੀ ਹੈ। ਪਰ ਕਾਰਬਨ ਨਿਕਾਸੀ ਪੱਖੋਂ ਇਨ੍ਹਾਂ ਨੂੰ ਤਿਆਰ ਕਰਨ ਲਈ ਜ਼ਿਆਦਾ ਊਰਜਾ ਦੀ ਲੋੜ ਹੁੰਦੀ ਹੈ।

ਮਸ਼ੀਨਾਂ ਨਾਲ ਫਸਲਾਂ ਦੀ ਬਿਜਾਈ, ਫੈਕਟਰੀਆਂ ਵਿੱਚ ਕੱਚਾ ਮਾਲ ਬਣਾਉਣ ਆਦਿ ਵਿੱਚ ਬਾਇਓ ਪਲਾਸਟਿਕ ਬਣਾਉਣ ਲਈ ਰਵਾਇਤੀ ਪਲਾਸਟਿਕ ਦੀ ਥਾਂ ਜ਼ਿਆਦਾ ਕਾਰਬਨ ਨਿਕਾਸੀ ਹੁੰਦੀ ਹੈ।

ਜਿਹੜਾ ਸਾਨੂੰ ਕਾਰਬਨ ਨਿਕਾਸੀ ਤੋਂ ਪਲਾਸਟਿਕ ਬਣਾਉਣ ਵੱਲ ਲੈ ਜਾਂਦਾ ਹੈ-ਇਸ ਨਾਲ ਧਰਤੀ ਦੀ ਪ੍ਰਦੂਸ਼ਣ ਦੀ ਸਮੱਸਿਆ ਹੱਲ ਨਹੀਂ ਹੋਵੇਗੀ, ਪਰ ਇਹ ਹੋਰ ਤਰੀਕਿਆਂ ਨਾਲੋਂ ਧਰਤੀ ਨੂੰ ਹਰਿਆਲੀ ਭਰਿਆ ਜ਼ਰੂਰ ਬਣਾ ਸਕਦਾ ਹੈ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)