ਫ਼ਾਂਸੀ ਦੇ ਫਾਹੇ ਬਿਹਾਰ ਦੀ ਬਕਸਰ ਜੇਲ੍ਹ ਵਿੱਚ ਹੀ ਕਿਉਂ ਬਣਾਏ ਜਾਂਦੇ ਹਨ

ਫਾਂਸੀ ਦਾ ਫਾਹਾ Image copyright BBC/GETTY

ਜਿਸ ਤਰ੍ਹਾਂ ਫ਼ਾਂਸੀ ਦੀ ਸਜ਼ਾ ਕਿਸੇ ਵਿਰਲੇ ਨੂੰ ਹੀ ਹੁੰਦੀ ਹੈ, ਉਸੇ ਤਰ੍ਹਾਂ ਫ਼ਾਂਸੀ ਲਈ ਵਰਤਿਆ ਜਾਣ ਵਾਲਾ ਫਾਹਾ ਵੀ ਪੂਰੇ ਦੇਸ਼ ਵਿੱਚ ਇੱਕੋ ਥਾਂ ਬਣਦਾ ਹੈ।

ਗਾਂਧੀ ਦੇ ਕਾਤਲ ਨੱਥੂ ਰਾਮ ਗੋਡਸੇ ਤੋਂ ਲੈ ਕੇ ਮੁੰਬਈ ਹਮਲਿਆਂ ਦੇ ਮੁਲਜ਼ਮ ਅਜ਼ਮਲ ਕਸਾਬ ਤੇ ਸੰਸਦ ਉੱਤੇ ਹਮਲੇ ਦੇ ਮੁਲਜ਼ਮ ਅਫ਼ਜ਼ਲ ਗੁਰੂ ਨੂੰ ਦਿੱਤੀਆਂ ਗਈਆਂ ਸਾਰੀਆਂ ਫ਼ਾਂਸੀਆਂ ਦੇ ਰੱਸੇ ਬਿਹਾਰ ਦੀ ਬਕਸਰ ਜੇਲ੍ਹ ਵਿੱਚ ਹੀ ਬਣਾਏ ਗਏ ਸਨ।

ਹਾਲ ਹੀ ਵਿੱਚ ਖ਼ਬਰ ਆਈ ਕਿ ਬਕਸਰ ਜੇਲ੍ਹ ਪ੍ਰਸ਼ਾਸਨ ਨੂੰ ਇੱਕ ਵਾਰ ਫਿਰ 10 ਰੱਸਿਆਂ ਦਾ ਆਰਡਰ ਮਿਲਿਆ ਹੈ। ਉਸ ਸਮੇਂ ਤੋਂ ਹੀ ਬਕਸਰ ਜੇਲ੍ਹ ਖ਼ਬਰਾਂ ਵਿੱਚ ਆ ਗਿਆ ਹੈ।

ਬਕਸਰ ਜੇਲ੍ਹ ਪ੍ਰਸ਼ਾਸਨ ਨੂੰ ਇਹ ਆਰਡਰ ਕਿਸ ਨੂੰ ਸਜ਼ਾ ਦੇਣ ਲਈ ਦਿੱਤਾ ਗਿਆ ਹੈ?

ਇਸ ਬਾਰੇ ਕਿਆਸ ਅਰਾਈਆਂ ਦਾ ਬਜ਼ਾਰ ਗਰਮ ਹੈ। ਐੱਨਸੀਆਰਬੀ ਦੇ ਅੰਕੜਿਆਂ ਮੁਤਾਬਕ ਹੁਣ ਤੱਕ 21 ਜਣਿਆਂ ਨੂੰ ਫ਼ਾਂਸੀ ਲਾਇਆ ਜਾ ਚੁੱਕਿਆ ਹੈ ਜਦ ਕਿ 1500 ਨੂੰ ਇਹ ਸਜ਼ਾ ਸੁਣਾਈ ਗਈ ਸੀ।

ਇਹ ਵੀ ਪੜ੍ਹੋ:

ਸਵਾਲ ਇਹ ਹੈ ਕਿ ਇਹ ਰੱਸੇ ਬਕਸਰ ਦੀ ਜੇਲ੍ਹ ਵਿੱਚ ਹੀ ਕਿਉਂ ਬਣਦੇ ਹਨ? ਕੀ ਕਿਸੇ ਹੋਰ ਥਾਂ ਇਹ ਰੱਸੇ ਨਹੀਂ ਬਣਾਏ ਜਾ ਸਕਦੇ?

ਬਕਸਰ ਜੇਲ੍ਹ ਦੇ ਸੁਪਰਡੈਂਟ ਵਿਜੇ ਕੁਮਾਰ ਨੇ ਦੱਸਿਆ,"ਕਿਉਂਕਿ ਇੰਡੀਅਨ ਫੈਕਟਰੀ ਲਾਅ ਦੇ ਹਿਸਾਬ ਨਾਲ ਬਕਸਰ ਦੀ ਜੇਲ੍ਹ ਨੂੰ ਛੱਡ ਕੇ ਬਾਕੀ ਜੇਲ੍ਹਾਂ ਵਿੱਚ ਫਾਂਸੀ ਦੇ ਫਾਹੇ ਬਣਾਉਣ ਤੇ ਪਾਬੰਦੀ ਹੈ। ਪੂਰੇ ਦੇਸ਼ ਵਿੱਚ ਇੱਕੋ ਥਾਂ ਤੇ ਇਹ ਮਸ਼ੀਨ ਲਾਈ ਗਈ ਹੈ। ਇਹ ਮਸ਼ੀਨ ਕੋਈ ਨਵੀਂ ਨਹੀਂ ਸਗੋਂ ਅੰਗਰੇਜ਼ਾਂ ਦੇ ਸਮੇਂ ਦੀ ਲੱਗੀ ਹੋਈ ਹੈ।"

ਫਾਹੇ ਬਕਸਰ ਦੀ ਜੇਲ੍ਹ ਵਿੱਚ ਹੀ ਕਿਉਂ ਬਣਦੇ ਹਨ?

ਫਿਰ ਅੰਗਰੇਜ਼ਾਂ ਨੇ ਇਹ ਮਸ਼ੀਨ ਬਕਸਰ ਵਿੱਚ ਹੀ ਕਿਉਂ ਲਾਈ? ਬਾਅਦ ਵਿੱਚ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਵੀ ਤਾਂ ਲਾਈਆਂ ਜਾ ਸਕਦੀਆਂ ਸਨ?

ਸੁਪਰਡੈਂਟ ਦੱਸਦੇ ਹਨ, "ਇਹ ਤਾਂ ਉਹੀ ਦੱਸ ਸਕਦੇ ਹਨ ਕਿ ਉਨ੍ਹਾਂ ਨੇ ਇਹ ਇੱਥੇ ਕਿਉਂ ਲਾਈ। ਮੇਰੀ ਸਮਝ ਮੁਤਾਬਕ ਤੇ ਜੋ ਮੈਂ ਇੱਥੇ ਆ ਕੇ ਜਾਣਿਆ ਹੈ ਉਸ ਅਧਾਰ ਤੇ ਇੰਨਾ ਜ਼ਰੂਰ ਕਹਾਂਗਾ ਕਿ ਇੱਥੋਂ ਦੇ ਪੌਣ-ਪਾਣੀ ਦੀ ਇਸ ਵਿੱਚ ਅਹਿਮ ਭੂਮਿਕਾ ਹੈ।"

Image copyright Neeraj Priyadarshy/BBC
ਫੋਟੋ ਕੈਪਸ਼ਨ ਸੁਪਰੀਟੈਂਡੇਂਟ ਵਿਜੇ ਕੁਮਾਰ ਅਰੋੜਾ ਦੱਸਦੇ ਹਨ ਕਿ ਪੂਰੇ ਦੇਸ ਵਿੱਚ ਕਿਤੇ ਵੀ ਫਾਂਸੀ ਹੋਵੇ ਫਾਹਾ ਬਿਹਾਰ ਦੀ ਬਕਸਰ ਜੇਲ੍ਹ ਵਿੱਚ ਹੀ ਬਣਦਾ ਹੈ

ਬਕਸਰ ਕੇਂਦਰੀ ਜੇਲ੍ਹ ਗੰਗਾ ਦੇ ਕਿਨਾਰੇ ਹੈ। ਫ਼ਾਂਸੀ ਦੀ ਫਾਹਾ ਬਣਾਉਣ ਲਈ ਵਰਤੀ ਜਾਣ ਵਾਲੀ ਰੱਸੀ ਬਹੁਤ ਮੁਲਾਇਮ ਹੁੰਦੀ ਹੈ। ਇਸ ਵਿੱਚ ਵਰਤੇ ਜਾਣ ਵਾਲੇ ਸੂਤ ਲਈ ਬਹੁਤ ਜ਼ਿਆਦਾ ਸਿੱਲ੍ਹ ਦੀ ਲੋੜ ਹੁੰਦੀ ਹੈ। ਹੋ ਸਕਦਾ ਹੈ ਕਿ ਗੰਗਾ ਕਿਨਾਰੇ ਹੋਣ ਕਾਰਨ ਹੀ ਇਹ ਮਸ਼ੀਨ ਇੱਥੇ ਲਾਈ ਗਈ ਹੋਵੇ। ਹਾਲਾਂਕਿ ਹੁਣ ਸੂਤ ਨੂੰ ਮੁਲਾਇਮ ਤੇ ਸਿੱਲ੍ਹਾ ਰੱਖਣ ਦੀ ਲੋੜ ਨਹੀਂ ਪੈਂਦੀ। ਸਪਲਾਇਰ ਰੈਡੀਮੇਡ ਸੂਤ ਸਪਲਾਈ ਕਰਦੇ ਹਨ।"

ਬਕਸਰ ਤੋਂ ਮਿਲੀ ਜਾਣਕਾਰੀ ਦੇ ਅਧਾਰ 'ਤੇ ਆਖ਼ਰੀ ਫਾਹਾ ਜ਼ਿਲ੍ਹਾ ਪਟਿਆਲਾ ਲਈ ਬਣਾਇਆ ਗਿਆ ਸੀ। ਉਸ ਤੋਂ ਪਹਿਲਾਂ 2015 ਵਿੱਚ 30 ਜੁਲਾਈ 1993 ਨੂੰ ਹੋਏ ਮੁੰਬਈ ਧਮਾਕਿਆਂ ਦੇ ਮੁਲਜ਼ਮ ਯਾਕੂਬ ਮੈਮਨ ਲਈ ਵੀ ਫਾਹਾ ਇੱਥੇ ਹੀ ਤਿਆਰ ਕੀਤਾ ਗਿਆ ਸੀ।

ਬਕਸਰ ਜੇਲ੍ਹ ਵਿੱਚ ਇਸ ਕੰਮ ਲਈ ਕਰਮਚਾਰੀਆਂ ਦੀਆਂ ਅਸਾਮੀਆਂ ਹਨ। ਵਰਤਮਾਨ ਸਮੇਂ ਵਿੱਚ ਇੱਥੇ ਚਾਰ ਕਰਮਚਾਰੀ ਇਹ ਕੰਮ ਕਰ ਰਹੇ ਹਨ। ਜੇ੍ਲ੍ਹਰ ਸਤੀਸ਼ ਕੁਮਾਰ ਦੱਸਦੇ ਹਨ ਕਿ ਕਰਮਚਾਰੀ ਸਿਰਫ਼ ਹਦਾਇਤਾਂ ਦਿੰਦੇ ਹਨ ਜਾਂ ਸਿਖਲਾਈ ਦਿੰਦੇ ਹਨ। ਜਦਕਿ ਫਾਹੇ ਤਿਆਰ ਕਰਨ ਦਾ ਕੰਮ ਇੱਥੋਂ ਦੇ ਕੈਦੀ ਹੀ ਕਰਦੇ ਹਨ।

ਸਤੀਸ਼ ਕੁਮਾਰ ਸਿੰਘ ਕਹਿੰਦੇ ਹਨ ਕਿ, "ਇਹ ਕੰਮ ਇੱਥੋਂ ਦੇ ਕੈਦੀਆਂ ਦੀ ਪਰੰਪਰਾ ਵਿੱਚ ਸ਼ਾਮਲ ਹੋ ਗਿਆ ਹੈ। ਜੋ ਪੁਰਾਣੇ ਕੈਦੀ ਹਨ, ਉਹ ਇਸ ਵਿਧੀ ਨੂੰ ਪਹਿਲਾਂ ਤੋਂ ਜਾਣਦੇ ਹਨ ਅਤੇ ਜੋ ਨਵੇਂ ਆਏ ਹਨ ਉਹ ਦੇਖ-ਦੇਖ ਕੇ ਸਿਖਦੇ ਹਨ। ਇਸੇ ਤਰ੍ਹਾਂ ਰਵਾਇਤ ਚੱਲੀ ਆ ਰਹੀ ਹੈ।

ਫਾਹਾ ਕਿਵੇਂ ਬਣਦਾ ਹੈ?

ਜੇਲ੍ਹ ਸੁਪਰੀਟੈਂਡੈਂਟ ਵਿਜੇ ਅਰੋੜਾ ਨੇ ਦੱਸਿਆ ਕਿ ਇਸ ਕੰਮ ਲਈ ਜਿਸ ਸੂਤ ਦੀ ਵਰਤੋਂ ਹੁੰਦੀ ਹੈ, ਉਸ ਦਾ ਨਾਮ ਜੇ 34 ਹੈ। ਪਹਿਲਾਂ ਇਹ ਸੂਤ ਖ਼ਾਸ ਤੌਰ 'ਤੇ ਪੰਜਾਬ ਤੋਂ ਮੰਗਾਇਆ ਜਾਂਦਾ ਸੀ ਪਰ ਹੁਣ ਸਪਲਾਇਰ ਹੀ ਸਪਲਾਈ ਕਰ ਦਿੰਦੇ ਹਨ।

Image copyright Getty Images

ਅਰੋੜਾ ਦੱਸਦੇ ਹਨ, "ਇਹ ਮੁੱਖ ਤੌਰ 'ਤੇ ਹੱਥ ਦਾ ਕੰਮ ਹੈ। ਮਸ਼ੀਨ ਨਾਲ ਸਿਰਫ਼ ਧਾਗਾ ਲਪੇਟਣ ਦਾ ਕੰਮ ਕੀਤਾ ਜਾਂਦਾ ਹੈ। 154 ਸੂਤ ਦੀ ਇੱਕ ਲਟ ਬਣਾਈ ਜਾਂਦੀ ਹੈ। ਛੇ ਲਟਾਂ ਬਣਦੀਆਂ ਹਨ। ਇਨ੍ਹਾਂ ਲਟਾਂ ਵਿੱਚੋਂ 7200 ਧਾਗੇ ਨਿਕਲਦੇ ਹਨ। ਇਨ੍ਹਾਂ ਧਾਗਿਆਂ ਤੋਂ 16 ਫੁੱਟ ਲੰਬੀ ਰੱਸੀ ਬਣਦੀ ਹੈ।"

ਜੇਲ੍ਹਰ ਸਤੀਸ਼ ਕੁਮਾਰ ਮੁਤਾਬਕ ਇਸ ਕੰਮ ਦਾ ਆਖ਼ਰੀ ਪੜਾਅ ਸਭ ਤੋਂ ਮਹੱਤਵਪੂਰਣ ਹੁੰਦਾ ਹੈ।

ਜਦੋਂ ਇੱਕ ਵਾਰ ਅਸੀਂ ਰੱਸੀ ਬਣਾ ਕੇ ਭੇਜ ਦਿੰਦੇ ਹਾਂ ਤਾਂ ਜਿੱਥੇ ਰੱਸਾ ਜਾਂਦਾ ਹੈ ਉੱਥੇ ਉਸ ਦੀ ਫਿਨਿਸ਼ਿੰਗ ਦਾ ਕੰਮ ਹੁੰਦਾ ਹੈ। ਇਸ ਕੰਮ ਵਿੱਚ ਰੱਸੀ ਨੂੰ ਮੁਲਾਇਮ ਤੇ ਨਰਮ ਬਣਾਉਣਾ ਸ਼ਾਮਲ ਹੈ। ਕਿਉਂਕਿ ਫ਼ਾਂਸੀ ਦੇ ਰੱਸੇ ਨਾਲ ਸਿਰਫ਼ ਮੌਤ ਹੋਣੀ ਚਾਹੀਦੀ ਹੈ ਸੱਟ ਦਾ ਇੱਕ ਵੀ ਨਿਸ਼ਾਨ ਨਹੀਂ ਪੈਣਾ ਚਾਹੀਦਾ।"

ਇਹ ਵੀ ਪੜ੍ਹੋ:

ਫਾਹੇ ਕਦੋਂ ਤੋਂ ਬਣ ਰਹੇ ਹਨ?

ਫ਼ਾਸੀ ਦੇ ਫਾਹਿਆਂ ਦਾ ਇਤਿਹਾਸ ਬੜਾ ਦਿਲਚਸਪ ਹੈ। ਕਈ ਰਿਪੋਰਟਾਂ ਵਿੱਚ ਅਜਿਹਾ ਪੜ੍ਹਨ ਵਿੱਚ ਆਉਂਦਾ ਹੈ ਕਿ ਪਹਿਲਾਂ ਪਹਿਲ ਜਿਸ ਰੱਸੀ ਦੀ ਇਸ ਲਈ ਵਰਤੋਂ ਹੁੰਦੀ ਸੀ ਉਹ ਫਿਲੀਪੀਂਸ ਦੀ ਰਾਜਧਾਨੀ ਮਨੀਲਾ ਤੋਂ ਮੰਗਾਈ ਜਾਂਦੀ ਸੀ। ਜਿਸ ਕਾਰਨ ਇਸ ਨੂੰ ਮਨੀਲਾ ਰੱਸੀ ਵੀ ਕਿਹਾ ਜਾਣ ਲੱਗਿਆ।

ਜੇਲ੍ਹਰ ਸਤੀਸ਼ ਕੁਮਾਰ ਦੱਸਦੇ ਹਨ, "1880 ਵਿੱਚ ਬਕਸਰ ਜੇਲ੍ਹ ਬਣਾਈ ਗਈ ਸੀ। ਸ਼ਾਇਦ ਉਸੇ ਸਮੇਂ ਅੰਗਰੇਜ਼ਾਂ ਨੇ ਫਾਂਸੀ ਦਾ ਫਾਹਾ ਬਣਾਉਣ ਵਾਲੀ ਮਸ਼ੀਨ ਲਾਈ ਸੀ। ਲੇਕਿਨ ਇਹ ਸਾਡੇ ਰਿਕਾਰਡ ਵਿੱਚ ਨਹੀਂ ਹੈ ਕਿ ਮਸ਼ੀਨ ਅਸਲ ਵਿੱਚ ਕਦੋਂ ਲਾਈ ਗਈ। ਸ਼ਾਇਦ ਪੁਰਾਣੇ ਰਿਕਾਰਡ ਖੰਘਾਲੇ ਜਾਣ ਤਾਂ ਕੋਈ ਅੰਦਾਜ਼ਾ ਲਾਇਆ ਜਾ ਸਕੇ।"

ਬਕਸਰ ਦੇ ਸੀਨੀਰਅਰ ਪੱਤਰਕਾਰ ਬਬਲੂ ਉਪਾਧਿਆਇ ਕਹਿੰਦੇ ਹਨ, "ਇੱਕ ਸਮੇਂ ਬਕਸਰ ਵਿੱਚ ਦੇਸ਼ ਦੀ ਸਭ ਤੋਂ ਵੱਡੀ ਫੌਜੀ ਛਾਉਣੀ ਹੋਇਆ ਕਰਦੀ ਸੀ। ਭਾਰਤ ਦੇ ਸਭ ਤੋਂ ਵੱਡੇ ਜੇਲ੍ਹਾਂ ਵਿੱਚੋਂ ਇੱਕ ਬਕਸਰ ਦੀ ਜੇਲ੍ਹ ਸੀ।"

"ਅੰਗਰੇਜ਼ਾਂ ਨੇ ਪੁਰਾਣੇ ਸਮੇਂ ਤੋਂ ਹੀ ਇੱਥੇ ਇੱਕ ਵੱਡਾ ਇੰਡਸਟਰੀਅਲ ਸ਼ੈੱਡ ਬਣਵਾਇਆ। ਇੱਥੇ ਸਿਰਫ਼ ਰੱਸੀ ਬਣਾਉਣ ਦਾ ਕੰਮ ਹੀ ਨਹੀਂ ਸੀ ਹੁੰਦਾ ਸਗੋਂ ਇੱਥੋਂ ਦੇ ਕੈਦੀ ਹੋਰ ਵੀ ਕਈ ਕਿਸਮ ਦੀਆਂ ਚੀਜ਼ਾਂ ਜਿਵੇਂ ਫਰਨੈਲ, ਸਾਬਣ ਆਦਿ ਵੀ ਬਣਾਉਂਦੇ ਸਨ।"

Image copyright Getty Images

ਉਪਾਧਿਆਇ ਨੇ ਦੱਸਿਆ, " ਜੇਲ੍ਹ ਗੰਗਾ ਨਦੀ ਦੇ ਨਾਲ ਲਗਦੀ ਹੈ। ਇਸ ਤੋਂ ਇਲਾਵਾ ਬਕਸਰ ਜੇਲ੍ਹ ਉਸ ਸਮੇਂ ਅਤੇ ਅੱਜ ਵੀ ਦੇਸ਼ ਦੀਆਂ ਚੁਣਿੰਦਾ ਜੇਲ੍ਹਾਂ ਵਿੱਚੋਂ ਇੱਕ ਹੈ ਜਿੱਥੇ ਖੂਹ ਹੈ। ਖੂਹ ਤੇ ਨਦੀ ਦਾ ਹੋਣਾ ਸਾਬਤ ਕਰਦਾ ਹੈ ਕਿ ਇੱਥੇ ਪਾਣੀ ਦਾ ਕਿੰਨਾ ਵਧੀਆ ਪ੍ਰਬੰਧ ਸੀ। ਇਹ ਵੀ ਕਾਰਨ ਹੋ ਸਕਦਾ ਹੈ ਕਿ ਰੱਸੀਆਂ ਭਿਉਂਣ ਅਤੇ ਅਤੇ ਸਿੱਲ੍ਹੀਆਂ ਕਰਨ ਲਈ ਬਕਸਰ ਕੇਂਦਰੀ ਜੇਲ੍ਹ ਵਿੱਚ ਹੀ ਫ਼ਾਂਸੀ ਦੇ ਫਾਹੇ ਬਣਾਏ ਗਏ।"

ਇੱਕ ਕੈਦੀ ਲਈ ਫ਼ਾਂਸੀ ਦਾ ਫਾਹਾ ਬਣਾਉਣਾ ਉਸ ਦੀ ਆਪਣੀ ਸਜ਼ਾ ਨੂੰ ਘੱਟ ਕਰਵਾਉਣਾ ਵੀ ਹੁੰਦਾ ਹੈ।

ਸੁਪਰੀਟੈਂਡੈਂਟ ਵਿਜੇ ਕੁਮਾਰ ਕਹਿੰਦੇ ਹਨ, " ਇਸ ਦਾ ਹਿਸਾਬ-ਕਿਤਾਬ ਵੱਖਰਾ ਹੈ। ਜੇ ਕੋਈ ਬੰਦੀ ਪੂਰਾ ਮਹੀਨਾ ਵਧੀਆ ਕੰਮ ਕਰਦਾ ਹੈ ਤਾਂ ਉਸ ਦੀ ਸਜ਼ਾ ਵਿੱਚ ਦੋ ਦਿਨ ਦੀ ਕਮੀ ਹੁੰਦੀ ਹੈ। ਜੇ ਉਹ ਐਤਵਾਰ ਨੂੰ ਵੀ ਓਵਰਟਾਈਮ ਕਰਦਾ ਹੈ ਤਾਂ ਉਸਦੀ ਸਜ਼ਾ ਵਿੱਚ ਇੱਕ ਦਿਨ ਹੋਰ ਘਟ ਜਾਵੇਗਾ।"

ਬਕਸਰ ਕੇਂਦਰੀ ਜੇਲ੍ਹ ਵਿੱਚ ਫ਼ਾਂਸੀ ਦੀ ਸਜ਼ਾ ਯਾਫ਼ਤਾ ਫਿਲਹਾਲ ਦੋ ਕੈਦੀ ਬੰਦ ਹਨ। ਕੀ ਇਹ ਕੈਦੀ ਵੀ ਫ਼ਾਹਾ ਬਣਾਉਂਦੇ ਹਨ?

ਜੇਲ੍ਹਰ ਸਤੀਸ਼ ਕੁਮਾਰ ਦੱਸਦੇ ਹਨ, " ਨਹੀਂ, ਫ਼ਾਂਸੀ ਦੀ ਸਜ਼ਾ ਪਾਉਣ ਵਾਲੇ ਕੈਦੀ ਖ਼ਾਸ ਹੁੰਦੇ ਹਨ। ਉਨ੍ਹਾਂ ਤੋਂ ਕੋਈ ਕੰਮ ਨਹੀਂ ਲਿਆ ਜਾਂਦਾ। ਜਿਨ੍ਹਾਂ ਲੋਕਾਂ ਦੀ ਫ਼ਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਜਾਂਦੀ ਹੈ ਜਾਂ ਜੋ ਪਹਿਲਾਂ ਹੀ ਇਹ ਸਜ਼ਾ ਭੁਗਤ ਰਹੇ ਹਨ। ਉਹੀ ਇਸ ਕੰਮ 'ਤੇ ਲਾਏ ਜਾਂਦੇ ਹਨ।"

ਅੰਤ ਵਿੱਚ ਕੀ ਤੁਸੀਂ ਜਾਣਦੇ ਹੋ ਕਿ ਫ਼ਾਂਸੀ ਦੇ ਇੱਕ ਰੱਸੇ ਦੀ ਕੀਮਤ ਕਿੰਨੀ ਹੁੰਦੀ ਹੈ?

ਜੇਲ੍ਹ ਸੁਪਰੀਟੈਂਡੈਂਟ ਮੁਤਾਬਕ, "ਪਿਛਲੀ ਵਾਰ ਜਿਹੜਾ ਫਾਹਾ ਬਣਾ ਕੇ ਪਟਿਆਲਾ ਜੇਲ੍ਹ ਭੇਜਿਆ ਗਿਆ ਸੀ ਉਸ ਦੀ ਕੀਮਤ 1725 ਰੁਪਏ ਲਾਈ ਗਈ ਸੀ। ਜਦਕਿ ਇਸ ਵਾਰ ਮਹਿੰਗਾਈ ਵਧ ਗਈ ਹੈ। ਧਾਗੇ ਤੇ ਸੂਤ ਦੀ ਕੀਮਤ ਤਾਂ ਵਧੀ ਹੀ ਹੈ, ਇਸ ਦੇ ਨਾਲ ਹੀ ਪਿੱਤਲ ਦਾ ਬੁਸ਼ ਗਰਦਨ ਵਿੱਚ ਫ਼ਸਣ ਲਈ ਲਾਇਆ ਜਾਂਦਾ ਹੈ। ਉਸ ਦਾ ਮੁੱਲ ਵੀ ਵਧ ਗਿਆ ਹੈ। ਇਸ ਵਾਰ ਅਸੀਂ ਇਸ ਦੀ ਕੀਮਤ 2120 ਰੁਪਏ ਰੱਖੀ ਹੈ।"

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)