ਤਹਿਰਾਨ ਜਹਾਜ਼ ਹਾਦਸਾ: ਉਹ 4 ਮੌਕੇ ਜਦੋਂ ‘ਗਲਤੀ’ ਨਾਲ ਯਾਤਰੀ ਜਹਾਜ਼ ਮਾਰ ਸੁੱਟੇ ਗਏ, ਕੁੱਲ 965 ਜਾਨਾਂ ਗਈਆਂ ਸਨ

ਈਰਾਨ ਹਵਾਈ ਜਹਾਜ਼-1988 Image copyright Getty Images
ਫੋਟੋ ਕੈਪਸ਼ਨ ਈਰਾਨ ਨੇ ਮੰਨਿਆ ਸੀ ਕਿ ਉਸ ਨੇ ਗ਼ਲਤੀ ਨਾਲ ਜਹਾਜ਼ ਨੂੰ ਨਿਸ਼ਾਨਾ ਬਣਾਇਆ ਸੀ

ਤਹਿਰਾਨ ਜਹਾਜ਼ ਹਾਦਸੇ ਦੀ ਜ਼ਿੰਮੇਵਾਰੀ ਈਰਾਨੀ ਫ਼ੌਜ ਨੇ ਲੈ ਲਈ ਹੈ ਅਤੇ ਇਸ ਨੂੰ 'ਮਨੁੱਖੀ ਭੁੱਲ' ਕਾਰਨ ਹੋਇਆ ਹਾਦਸਾ ਕਿਹਾ ਹੈ।

ਯੂਕਰੇਨ ਏਅਰਲਾਈਨ ਦਾ ਯਾਤਰੀ ਜਹਾਜ਼ ਬੁੱਧਵਾਰ ਨੂੰ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਜਹਾਜ਼ 'ਚ ਸਵਾਰ 176 ਲੋਕ ਮਾਰੇ ਗਏ ਸਨ।

ਈਰਾਨ ਦੇ ਟੀਵੀ ਚੈਨਲਾਂ ਮੁਤਾਬਕ ਈਰਾਨੀ ਫ਼ੌਜ ਨੇ ਕਿਹਾ ਹੈ ਕਿ ਉਸ ਨੇ "ਗੈਰ-ਇਰਾਦਤਨ" ਹੀ ਯੂਕਰੇਨ ਦੇ ਯਾਤਰੀ ਜਹਾਜ਼ ਨੂੰ ਡੇਗ ਦਿੱਤਾ ਸੀ। ਫ਼ੌਜ ਨੇ ਕਿਹਾ ਕਿ ਜਹਾਜ਼ ਰੈਵਲੂਸ਼ਨਰੀ ਗਾਰਡ ਕੋਰ ਦੇ ਅੱਡੇ ਦੇ ਨਜ਼ਦੀਕ ਆ ਗਿਆ ਸੀ।

ਘਟਨਾ ਠੀਕ ਉਸੇ ਰਾਤ ਵਾਪਰੀ ਸੀ, ਜਿਸ ਰਾਤ ਈਰਾਨ ਨੇ ਇਰਾਕ ਵਿੱਚ ਅਮਰੀਕੀ ਟਿਕਾਣਿਆਂ 'ਤੇ ਹਮਲਾ ਕੀਤਾ ਸੀ, ਭਾਵੇਂ ਕਿ ਉਥੋਂ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।

ਇਹ ਵੀ ਪੜ੍ਹੋ

Image copyright Getty Images
ਫੋਟੋ ਕੈਪਸ਼ਨ ਜਨਰਲ ਕਾਸਿਮ ਸੁਲੇਮਾਨੀ ਦੀ ਬਗ਼ਦਾਦ ਵਿੱਚ ਅਮਰੀਕਾ ਦੇ ਇੱਕ ਹਵਾਈ ਹਮਲੇ ਵਿੱਚ ਮੌਤ ਹੋ ਗਈ ਸੀ

ਈਰਾਨ ਨੇ ਅਮਰੀਕੀ ਡ੍ਰੋਨ ਹਮਲੇ ਦੌਰਾਨ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਬਦਲੇ ’ਚ ਇਹ ਹਮਲਾ ਕੀਤਾ ਸੀ। ਪੱਛਮੀ ਏਸ਼ੀਆ ’ਚ ਸੁਲੇਮਾਨੀ ਮਸ਼ਹੂਰ ਅਤੇ ਰਸੂਖ਼ ਵਾਲਾ ਵਿਅਕਤੀ ਸੀ।

ਦੁਨੀਆਂ ਵਿੱਚ ਅਜਿਹੇ ਕੁਝ ਹੋਰ ਕੇਸ ਵੀ ਹਨ ਜਿਸ ਵਿੱਚ ਯਾਤਰੀ ਜਹਾਜ਼ ਇਸੇ ਤਰ੍ਹਾਂ ਦੀ ਨਿਸ਼ਾਨਾ ਬਣੇ। ਬੀਬੀਸੀ ਨੇ ਇਨ੍ਹਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਹੈ।

ਮਲੇਸ਼ੀਆ ਏਅਰਲਾਈਂਜ਼ SH17-2014

ਯੂਕਰੇਨ ’ਚ ਜਦੋਂ ਰੂਸੀ ਅਤੇ ਯੂਕਰੇਨੀ ਸੈਨਿਕਾਂ ਦਾ ਸਾਹਮਣਾ ਹੋ ਰਿਹਾ ਸੀ ਤੇ ਰੂਸੀ ਸਮਰਥਕਾਂ ਦੇ ਹੱਕ 'ਚ ਮੁਜ਼ਾਹਰੇ ਹੋ ਰਹੇ ਸਨ।

ਇਸ ਵਿਚਾਲੇ ਹੀ ਮਲੇਸ਼ੀਆ ਏਅਰਲਾਈਂਜ਼ ਦਾ ਯਾਤਰੀ ਜਹਾਜ਼ ਐਮਸਟਰਡੈਮ ਤੋਂ ਕੁਆਲਾ ਲਾਮਪੁਰ ਜਾ ਰਿਹਾ ਸੀ, ਜਿਸ ਨੂੰ ਮਾਰ ਗਿਰਾਇਆ ਗਿਆ।

ਇਸ ਵਿੱਚ 17 ਦੇਸਾਂ ਦੇ 298 ਯਾਤਰੀ ਸਵਾਰ ਸਨ, ਜੋ ਧਮਾਕੇ ਕਾਰਨ ਸਾਰੇ ਹੀ ਮਾਰੇ ਗਏ ਸਨ।

Image copyright Getty Images
ਫੋਟੋ ਕੈਪਸ਼ਨ ਮਲੇਸ਼ੀਆ ਏਅਰਲਾਈਂਜ਼ ਦੇ ਯਾਤਰੀ ਜਹਾਜ਼ ਵਿੱਚ 298 ਯਾਤਰੀ ਸਵਾਰ ਸਨ ਤੇ ਸਾਰੇ ਮਾਰੇ ਗਏ ਸਨ

ਨੀਦਰਲੈਂਡ ਵੱਲੋਂ ਕੀਤੀ ਗਈ ਜਾਂਚ ਵਿੱਚ ਇੱਕ ਸਾਲ ਬਾਅਦ ਸਾਹਮਣੇ ਆਇਆ ਕਿ ਰੂਸ ਵੱਲੋਂ ਬਣਾਈ ਗਈ ਮਿਜ਼ਾਇਲ ਨੇ ਜਹਾਜ਼ 'ਤੇ ਵਾਰ ਕੀਤਾ ਸੀ।

ਐਮਸਟਰਡੈਮ ਨੇ 4 ਲੋਕਾਂ ਖ਼ਿਲਾਫ਼ ਕੌਮਾਂਤਰੀ ਗ੍ਰਿਫ਼ਤਾਰੀ ਦੇ ਵਾਰੰਟ ਵੀ ਜਾਰੀ ਵੀ ਕੀਤੇ ਸਨ।

ਈਰਾਨ ਹਵਾਈ ਜਹਾਜ਼, 1988

ਇਹ ਹਾਦਸਾ 1980 ਦੌਰਾਨ ਸ਼ੁਰੂ ਹੋਈ ਈਰਾਨ ਅਤੇ ਇਰਾਕ ਦੀ ਜੰਗ ਵਿਚਾਲੇ ਵਾਪਰਿਆ ਸੀ। ਇਸ ਦੌਰਾਨ ਅਮਰੀਕਾ ਨੇ ਇਰਾਕ ਵਿੱਚ ਸੱਦਾਮ ਹੁਸੈਨ ਦੀ ਸਰਕਾਰ ਦਾ ਸਮਰਥਨ ਕੀਤਾ ਅਤੇ 1988 ਵਿੱਚ ਅਮਰੀਕੀ ਨੇਵੀ ਨੇ ਇੱਕ ਈਰਾਨੀ ਜਹਾਜ਼ ਮਾਰ ਸੁੱਟਿਆ ਸੀ, ਜਿਸ ਵਿੱਚ 290 ਲੋਕਾਂ ਦੀ ਮੌਤ ਹੋ ਗਈ ਸੀ।

Image copyright Getty Images
ਫੋਟੋ ਕੈਪਸ਼ਨ 1988 ਵਿੱਚ ਅਮਰੀਕਾ ਦੁਆਰਾ ਡੇਗੇ ਗਏ ਈਰਾਨੀ ਜਹਾਜ਼ ਦੇ ਯਾਤਰੀਆਂ ਨੂੰ ਸ਼ਰਧਾਂਜਲੀ ਦਿੰਦੇ ਲੋਕ

ਇਹ ਯਾਤਰੀ ਜਹਾਜ਼ ਫ਼ਾਰਸ ਦੀ ਖਾੜੀ (ਪਰਸ਼ੀਅਨ ਗਲਫ਼) ਉੱਤੋਂ ਉਡਾਣ ਭਰ ਰਿਹਾ ਸੀ ਅਤੇ ਇੱਥੇ ਹੀ ਅਮਰੀਕੀ ਬੇੜਾ ਈਰਾਨੀ ਜਹਾਜ਼ਾਂ ਤੋਂ ਆਪਣਾ ਬਚਾਅ ਕਰ ਰਿਹਾ ਸੀ।

ਇਸ ਦੌਰਾਨ ਉਨ੍ਹਾਂ ਨੇ ਈਰਾਨ ਯਾਤਰੀ ਜਹਾਜ਼ ਨੂੰ ਦੇਖਿਆ ਅਤੇ ਫਾਈਟਰ ਜੈੱਟ ਦਾ ਭੁਲੇਖਾ ਲੱਗ ਗਿਆ।

007 ਕੋਰੀਅਨ ਏਅਰ, 1983

ਸ਼ੀਤ ਯੁੱਧ ਵਿਚਾਲੇ ਰੂਸੀ ਲੜਾਕਿਆਂ ਨੇ ਕੋਰੀਆ ਦਾ ਯਾਤਰੀ ਜਹਾਜ਼ ਮਾਰ ਸੁੱਟਿਆ ਸੀ, ਜੋ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕਸ (USSR) ਦੇ ਉਤੋਂ ਉਡਾਣ ਭਰ ਰਿਹਾ ਸੀ।

ਇਹ ਜਹਾਜ਼ ਅਲਾਸਕਾ ਤੋਂ ਦੱਖਣੀ ਕੋਰੀਆ ਦੀ ਰਾਜਧਾਨੀ ਸੋਲ ਵੱਲ ਜਾ ਰਿਹਾ ਸੀ ਪਰ ਪਾਇਲਟ ਨੇ ਗ਼ਲਤ ਰੂਟ ਲੈ ਲਿਆ ਸੀ, ਜਿਸ ਕਾਰਨ ਸੋਵੀਅਤ ਪ੍ਰਸ਼ਾਸਨ ਦਾ ਅਲਾਰਮ ਵੱਜਿਆ ਅਤੇ ਉਨ੍ਹਾਂ ਨੂੰ ਲੱਗਾ ਕਿ ਇਹ ਕੋਈ ਜਾਸੂਸੀ ਜਹਾਜ਼ ਹੈ।

ਇਸ ਹਾਦਸੇ ਵਿੱਚ 269 ਯਾਤਰੀਆਂ ਦੀ ਮੌਤ ਹੋ ਗਈ ਸੀ।

Image copyright Getty Images
ਫੋਟੋ ਕੈਪਸ਼ਨ ਰੂਸ ਦੇ ਸਾਬਕਰਾ ਰਾਸ਼ਟਰਪਤੀ ਬੋਰਿਸ ਯੈਲਤਸਿਨ ਕੋਰੀਅਨ ਜਹਾਜ਼ ਦਾ ਬਲੈਕ ਬਾਕਸ ਸੌਂਪਦੇ ਹੋਏ

ਲੀਬੀਨ ਅਰਬ ਏਅਰਲਾਈਂਜ਼ 114, 1973

21 ਫਰਵਰੀ 1973 ਨੂੰ ਲੀਬੀਆ ਏਅਰਲਾਈਂਜ਼ ਦੇ ਯਾਤਰੀ ਜਹਾਜ਼ ਨੇ ਤ੍ਰਿਪੋਲੀ ਤੋਂ ਮਿਸਰ ਦੀ ਰਾਜਧਾਨੀ ਕਾਇਰੋ ਵੱਲ ਉਡਾਣ ਭਰੀ।

ਉਸ ਦਿਨ ਛੇ ਦਿਨ ਦੀ ਲੜਾਈ ਨੂੰ ਛੇ ਸਾਲ ਹੋਏ ਸਨ, ਜਿਸ ’ਚ ਇਜ਼ਰਾਈਲ ਦਾ ਸਾਹਮਣਾ ਸੰਯੁਕਤ ਅਰਬ ਗਣਰਾਜ (ਉਸ ਵੇਲੇ ਦੇ ਮਿਸਰ ਦਾ ਨਾਮ), ਸੀਰੀਆ, ਇਰਾਕ ਅਤੇ ਜੌਰਡਨ ਦੇ ਗਠਜੋੜ ਨਾਲ ਹੋਇਆ ਸੀ।

Image copyright Getty Images
ਫੋਟੋ ਕੈਪਸ਼ਨ ਕਾਕਪਿਟ ਵੌਇਸ ਰਿਕਾਰਡਰ ਸਮੇਤ ਲੀਬੀਅਨ ਅਰਬ ਏਅਰਲਾਈਂਜ਼ 114 ਦਾ ਬਲੈਕ ਬਾਕਸ

ਇਸ ਕਰਕੇ ਇਜ਼ਰਾਇਲ ਬੇਹੱਦ ਅਲਰਟ ਸੀ। ਜਦੋਂ ਜਹਾਜ਼ ਸੀਨੇਈ ਪੈਨਿਨਸੁਲਾ ਦੇ ਉੱਤੋਂ ਗ਼ਲਤੀ ਨਾਲ ਉੱਡਿਆ, ਇਜ਼ਰਾਇਲ ਰੂਟ ਬਦਲਣ ਲਈ ਕਹਿਣ 'ਚ ਅਸਫ਼ਲ ਰਿਹਾ ਤਾਂ ਉਸ ਨੇ ਜਹਾਜ਼ ਨੂੰ ਮਾਰ ਸੁੱਟਿਆ।

ਇਸ ਜਹਾਜ਼ ਵਿੱਚ 108 ਲੋਕ ਸਵਾਰ ਸਨ ਅਤੇ ਸਾਰਿਆਂ ਦੀ ਮੌਤ ਹੋ ਗਈ ਸੀ।

ਇਹ ਵੀ ਜ਼ਰੂਰ ਪੜ੍ਹੋ:

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)