ਆਸਟਰੇਲੀਆ ਦੀ ਅੱਗ ਦੇ ਸਤਾਏ ਕਿਸਾਨਾਂ ਦੀ ਹੱਡਬੀਤੀ: ‘ਆਪਣੇ ਪਸ਼ੂਆਂ ਨੂੰ ਖ਼ੁਦ ਗੋਲੀ ਮਾਰਨਾ ਤੇ ਦਫ਼ਨਾਉਣਾ ਕਿੰਨਾ ਮੁਸ਼ਕਿਲ ਹੈ’

ਅੱਗ ਕਰਕੇ ਹੋਇਆ ਨੁਕਸਾਨ Image copyright NEIL CLYDSDALE

ਬਲਿੰਦਾ ਐਤਰੀ ਬਾੜੇ ਵਿੱਚ ਇੱਕ ਟੋਏ ਵੱਲ ਤੁਰਦੀ ਹੈ ਜਿਸ ਨੂੰ ਆਸਟਰੇਲੀਆ ਦੇ ਜੰਗਲਾਂ ਵਿੱਚ ਹਾਲ ਵਿੱਚ ਲੱਗੀ ਅੱਗ ਨੇ ਕਾਲਾ ਕਰ ਦਿੱਤਾ ਹੈ।

ਉਨ੍ਹਾਂ ਕਿਹਾ, "ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਿਨਾਂ ਬਿਮਾਰ ਹੋਏ ਜਿੰਨਾ ਹੋ ਸਕੇ ਓਨਾ ਨੇੜੇ ਜਾ ਸਕੀਏ।"

ਟੋਏ ਵਿੱਚ ਕਰੀਬ 20 ਮ੍ਰਿਤ ਪਸ਼ੂ ਤੇ ਇੱਕ ਕੰਗਾਰੂ ਹੈ। ਇਹ ਸਾਰੇ ਮੈਲਬੌਰਨ ਅਤੇ ਸਿਡਨੀ ਦੇ ਵਿਚਾਲੇ ਪੈਂਦੇ ਕੌਰਯੌਂਗ ਵਿੱਚ ਫੈਲੀ ਅੱਗ ਵਿੱਚ ਬੁਰੇ ਤਰੀਕੇ ਨਾਲ ਝੁਲਸ ਗਏ ਸਨ।

ਚੇਤਾਵਨੀ: ਕੁਝ ਲੋਕਾਂ ਨੂੰ ਮ੍ਰਿਤ ਜਾਨਵਰਾਂ ਦੀਆਂ ਤਸਵੀਰਾਂ ਪ੍ਰੇਸ਼ਾਨ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ:

ਬੇਲਿੰਦਾ, ਉਨ੍ਹਾਂ ਦੇ ਪਤੀ ਟਰੈਵਿਸ ਤੇ ਉਨ੍ਹਾਂ ਨੇ ਬੱਚਿਆਂ ਦੀ ਜਾਨ ਵਾਲ-ਵਾਲ ਬਚੀ। ਅੱਗ ਨੇ ਅਚਾਨਕ ਉਨ੍ਹਾਂ ਦੇ ਘਰ ਨੂੰ ਘੇਰ ਲਿਆ ਸੀ।

ਪਰ ਅੱਗ ਬੁਝਣ ਤੋਂ ਬਾਅਦ ਜਦੋਂ ਉਹ ਘਰ ਪਰਤੇ ਤਾਂ ਉਨ੍ਹਾਂ ਨੂੰ 11 ਮ੍ਰਿਤ ਗਊਆਂ ਤੇ ਕੁਝ ਗੰਭੀਰ ਜ਼ਖ਼ਮੀ ਪਸ਼ੂ ਮਿਲੇ ਜਿਨ੍ਹਾਂ ਨੂੰ ਰੱਖਣਾ ਮੁਸ਼ਕਿਲ ਸੀ।

ਫੋਟੋ ਕੈਪਸ਼ਨ ਟਰੈਵਿਸ ਤੇ ਬਲਿੰਦਾ ਅੱਗ ਨਾਲ ਹੋਏ ਆਪਣੇ ਨੁਕਸਾਨ ਕਰਕੇ ਕਾਫੀ ਸਦਮੇ ਵਿੱਚ ਹਨ

‘ਪਸ਼ੂਆਂ ਦੀ ਮੌਤ ਸਭ ਤੋਂ ਵੱਡਾ ਸਦਮਾ’

ਟਰੈਵਿਸ ਐਟਰੀ ਨੇ ਕਿਹਾ, "ਆਪਣੇ ਪਸ਼ੂ ਨੂੰ ਗੋਲੀ ਮਾਰਨਾ ਕਿੰਨਾ ਮੁਸ਼ਕਿਲ ਹੈ। ਮੈਨੂੰ ਮਾਣ ਹੁੰਦਾ ਹੈ ਕਿ ਮੈਂ ਪਸ਼ੂਆਂ ਦਾ ਬਹੁਤ ਖ਼ਿਆਲ ਰੱਖਦਾ ਹਾਂ। ਇਹ ਸਭ ਕਰਨਾ ਮੈਨੂੰ ਚੰਗਾ ਨਹੀਂ ਲਗ ਰਿਹਾ ਹੈ।"

ਟਰੈਵਿਸ ਨੇ ਪਹਿਲਾਂ ਵੀ ਗਊਆਂ ਨੂੰ ਮਾਰਿਆ ਹੈ ਤੇ ਪਸ਼ੂ-ਪਾਲਣ ਦੀ ਕੌੜੀ ਸੱਚਾਈ ਹੈ ਪਰ ਫਿਰ ਵੀ ਉਨ੍ਹਾਂ ਨੇ ਅਜਿਹੇ ਹਾਲਾਤ ਨਹੀਂ ਵੇਖੇ ਸਨ।

ਉਨ੍ਹਾਂ ਦੀ ਅੱਖਾਂ ਵਿੱਚ ਹੰਝੂ ਆ ਗਏ। ਉਨ੍ਹਾਂ ਦਾ ਹੋਰ ਵੀ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਦਾ ਬਾੜਾ, ਦੋ ਕਿਸ਼ਤੀਆਂ, ਫੁੱਟਬਾਲ ਨਾਲ ਜੁੜੀ ਯਾਦਗਾਰ ਤੇ ਕੁਝ ਗੱਡੀਆਂ ਵੀ ਅੱਗ ਦੀ ਭੇਂਟ ਚੜ੍ਹ ਗਈਆਂ।

ਫੋਟੋ ਕੈਪਸ਼ਨ ਆਸਟਰੇਲੀਆ ਦੇ ਖੇਤੀਬਾੜੀ ਮੰਤਰੀ ਬ੍ਰਿਜੇਟ ਮੈਕਿੰਜ਼ੀ ਅਨੁਸਾਰ ਅੱਗ ਕਾਰਨ ਕਰੀਬ ਇੱਕ ਲੱਖ ਪਸ਼ੂ ਮਾਰੇ ਗਏ ਹਨ

ਪਰ ਪਸ਼ੂਆਂ ਦੀ ਮੌਤ ਨੇ ਸਭ ਤੋਂ ਵੱਡਾ ਸਦਮਾ ਦਿੱਤਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਨੇ ਪਸ਼ੂਆਂ ਦੀਆਂ ਕਬਰਾਂ ਨੂੰ ਕਿਉਂ ਨਹੀਂ ਢਕਿਆ ਤਾਂ ਉਨ੍ਹਾਂ ਦਾ ਜਵਾਬ ਸੀ, ਮੇਰੇ ਗੁਆਂਢੀ ਨੂੰ ਅਜੇ ਆਪਣੇ ਪਸ਼ੂ ਨਹੀਂ ਮਿਲੇ ਹਨ, ਕੁਝ ਹੋਰ ਪਸ਼ੂਆਂ ਨੂੰ ਵੀ ਕਬਰ ਵਿੱਚ ਦਫ਼ਨਾਉਣਾ ਪੈ ਸਕਦਾ ਹੈ।"

ਬਲਿੰਦਾ ਜਦੋਂ ਅੱਗ ਤੋਂ ਬਾਅਦ ਘਰ ਪਰਤੇ ਸੀ ਤਾਂ ਉਨ੍ਹਾਂ ਨੇ ਇੱਕ ਵੀਡੀਓ ਬਣਾਈ ਸੀ। ਵੀਡੀਓ ਵਿੱਚ ਉਹ ਭਾਵੁਕ ਨਜ਼ਰ ਆ ਰਹੇ ਸਨ। ਉਸ ਵਿੱਚ ਉਹ ਆਪਣੇ ਬੁਰੀ ਤਰ੍ਹਾਂ ਜ਼ਖ਼ਮੀ ਪਸ਼ੂ ਦਿਖਾ ਰਹੇ ਹਨ ਜਿਨ੍ਹਾਂ ਨੂੰ ਉਨ੍ਹਾਂ ਨੂੰ ਮਾਰਨ ਤੋਂ ਇਲਾਵਾ ਕੋਈ ਕੋਈ ਤਰੀਕਾ ਨਹੀਂ ਸੀ।

ਜ਼ਖਮੀ ਪਸ਼ੂਆਂ ਲਈ ਕੀ ਕਰਨਾ ਪਵੇਗਾ?

ਉਨ੍ਹਾਂ ਕਿਹਾ, "ਉਨ੍ਹਾਂ ਨੂੰ ਬਹੁਤ ਦਰਦ ਹੋ ਰਿਹਾ ਹੋਣਾ ਹੈ। ਇਹ ਬੇਹੱਦ ਮੁਸ਼ਕਿਲ ਘੜੀ ਹੈ।"

ਇਸ ਪਰਿਵਾਰ ਨੇ ਆਪਣੇ 30 ਜਾਨਵਰਾਂ ਨੂੰ ਬੁੱਚੜਖਾਨੇ ਵਿੱਚ ਭੇਜ ਦਿੱਤਾ ਹੈ ਤੇ ਹੋਰ ਵੀ ਜਾ ਸਕਦੇ ਹਨ।

ਮੈਰੀਲਿਨ ਤੇ ਕਲਾਈਡਸਡੇਲ ਪਸ਼ੂ ਪਾਲਕ ਹਨ ਤੇ ਉਨ੍ਹਾਂ ਦੇ ਕੋਲ 400 ਦੇ ਕਰੀਬ ਪਸ਼ੂ ਹਨ। ਉਨ੍ਹਾਂ ਦੇ 30 ਪਸ਼ੂਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੇ ਚਾਰ ਵਿੱਚੋਂ ਤਿੰਨ ਬਲਦ ਵੀ ਮਾਰੇ ਗਏ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਜਨਮ ਤੋਂ ਪਾਲਿਆ ਸੀ।

ਮੈਰੀਲੀਨ ਨੇ ਦੱਸਿਆ, "ਅੱਗ ਦੌਰਾਨ ਇੱਕ ਬਲਦ ਤਾਂ ਸਾਡੇ ਬਰਾਮਦੇ ਵਿੱਚ ਪਿਆ ਸੀ ਤੇ ਉਹ ਬੁਰੇ ਤਰੀਕੇ ਨਾਲ ਸੜ ਚੁੱਕਿਆ ਸੀ।"

ਨੀਲ ਦੇ ਖੇਤ ਵਿੱਚ ਇੱਕ ਲਾਈਨ ਨਾਲ ਮਰੇ ਹੋਏ ਪਸ਼ੂ ਪਏ ਹੋਏ ਹਨ।

ਟਰੈਕਟਰ ਪਹਾੜੀ 'ਤੇ ਚੜ੍ਹਦਾ ਹੈ ਤੇ ਉੱਥੇ ਰੁਕ ਜਾਂਦਾ ਹੈ ਜਿੱਥੇ ਕੁਝ ਪਸ਼ੂ ਬਚੇ ਹੋਏ ਹਨ। ਨੀਲ ਨੂੰ ਨਹੀਂ ਪਤਾ ਕਿ ਇਨ੍ਹਾਂ ਦਾ ਵੀ ਕੀ ਕਰਨਾ ਹੈ।

ਉਨ੍ਹਾਂ ਕਿਹਾ, "ਸਾਨੂੰ ਜਾਂ ਤਾਂ ਇਨ੍ਹਾਂ ਨੂੰ ਚੰਗੀ ਖੁਰਾਕ ਦੇਣੀ ਪਵੇਗੀ, ਜਾਂ ਇਨ੍ਹਾਂ ਨੂੰ ਵੇਚਣਾ ਪਵੇਗਾ ਜਾਂ ਇਨ੍ਹਾਂ ਨੂੰ ਕਿੱਥੇ ਹੋਰ ਰੱਖਣਾ ਪਵੇਗਾ।"

ਨੀਲ ਨੂੰ ਪੁਰਾਣੀ ਖੇਤੀ ਦੀ ਮਸ਼ੀਨਰੀ ਇਕੱਠਾ ਕਰਨ ਦਾ ਸ਼ੌਂਕ ਹੈ ਅਤੇ ਉਨ੍ਹਾਂ ਦੇ ਸੋਸ਼ਲ ਨੈਟਵਰਕ ਕਾਰਨ ਹੀ ਇੱਕ ਚੰਗਾ ਕੰਮ ਵੀ ਹੋ ਗਿਆ। ਉਨ੍ਹਾਂ ਦੇ ਇੱਕ ਦੋਸਤ ਨੇ ਨੀਲ ਨੂੰ ਇੱਕ ਵਿਅਕਤੀ ਨਾਲ ਮਿਲਵਾਇਆ ਜਿਸ ਦੀ ਜ਼ਮੀਨ 'ਤੇ ਉਗਿਆ ਵਾਧੂ ਘਾਹ ਉਹ ਖ਼ਤਮ ਕਰਨਾ ਚਾਹੁੰਦਾ ਸੀ। ਇਸ ਨਾਲ ਨੀਲ ਦੇ ਪਸ਼ੂਆਂ ਲਈ ਖਾਣੇ ਦਾ ਇੰਤਜ਼ਾਮ ਹੋ ਗਿਆ ਹੈ। ਇਹ ਬੇਹੱਦ ਖੁਸ਼ਕਿਸਮਤੀ ਵਾਲੀ ਗੱਲ ਹੈ।

ਪਰ ਨੀਲ ਦੀਆਂ ਪ੍ਰੇਸ਼ਾਨੀਆਂ ਇੱਥੇ ਹੀ ਖ਼ਤਮ ਨਹੀਂ ਹੋਈਆਂ ਹਨ। ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਟਰੈਕਟਰ ਦਾ ਪਿਛਲਾ ਟਾਇਰ ਪੰਕਚਰ ਹੋ ਗਿਆ ਹੈ ਜੋ ਹੁਣ ਠੀਕ ਵੀ ਨਹੀਂ ਕੀਤਾ ਜਾ ਸਕਦਾ ਹੈ।

ਨੀਲ ਕੋਲ ਇੱਕ ਟਾਇਰ ਸੀ ਪਰ ਉਹ ਅੱਗ ਵਿੱਚ ਸੜ੍ਹ ਗਿਆ ਹੈ ਤੇ ਉਸ ਦਾ ਬੀਮਾ ਵੀ ਨਹੀਂ ਹੋਇਆ ਹੈ। ਨੀਲ ਦੇ ਖਰਚੇ ਲਗਾਤਾਰ ਵਧਦੇ ਜਾ ਰਹੇ ਹਨ।

ਇਹ ਬੇਹੱਦ ਨਿਰਾਸ਼ ਕਰਨ ਵਾਲਾ ਹੈ। ਨੀਲ ਕਾਫੀ ਪ੍ਰੇਸ਼ਾਨ ਲਗ ਰਹੇ ਹਨ ਪਰ ਉਨ੍ਹਾਂ ਕੋਲ ਇਸ ਬਾਰੇ ਸੋਚਣ ਦਾ ਵੀ ਵਕਤ ਨਹੀਂ ਹੈ।

ਇਹ ਵੀ ਪੜ੍ਹੋ:

ਰੌਬ ਮਿਲਰ ਇੱਕ ਡੇਅਰੀ ਕਿਸਾਨ ਹਨ। ਉਹ ਨਿਊ ਸਾਊਥ ਵੇਲਜ਼ ਦੇ ਦੱਖਣੀ ਤਟ 'ਤੇ ਰਹਿੰਦੇ ਹਨ ਤੇ ਉਨ੍ਹਾਂ ਕੋਲ 1200 ਏਕੜ ਜ਼ਮੀਨ ਹੈ। ਉਨ੍ਹਾਂ ਨੂੰ ਅੱਗ ਨੇ ਬੀਤੇ ਕੁਝ ਮਹੀਨਿਆਂ ਵਿੱਚ ਦੋ ਵਾਰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦੀ ਦੋ ਤਿਹਾਈ ਜ਼ਮੀਨ ਅੱਗ ਕਰਕੇ ਨੁਕਸਾਨੀ ਗਈ ਹੈ।

ਉਨ੍ਹਾਂ ਕਿਹਾ ਕਿ ਅਜਿਹਾ ਉਨ੍ਹਾਂ ਨਾਲ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਦੋ ਵਾਰ ਨਾਲੋ-ਨਾਲ ਅੱਗ ਨੇ ਨੁਕਸਾਨ ਪਹੁੰਚਾਇਆ ਹੋਵੇ।

ਡੇਅਰੀ ਫਾਰਮਰ, ਆਸਟਰੇਲੀਆ ਡੇਅਰੀ ਕਿਸਾਨਾਂ ਦਾ ਅਦਾਰਾ ਹੈ। ਉਸ ਦੇ ਮੁਤਾਬਿਕ 70 ਡੇਅਰੀ ਫਾਰਮਜ਼ ਨੂੰ ਅੱਗ ਕਰਕੇ ਨੁਕਸਾਨ ਪਹੁੰਚਿਆ ਹੈ। ਇਸ ਦੇ ਵਿੱਚ 20-25 ਨਿਊ ਸਾਊਥ ਵੇਲਜ਼ ਤੇ ਵਿਕਟੋਰੀਆ ਵਿੱਚ ਹਨ ਤੇ ਦੱਖਣੀ ਆਸਟਰੇਲੀਆ ਵਿੱਚ 12 ਹਨ।

ਰੌਬ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਰੀਬ 20 ਫੀਸਦ ਪਸ਼ੂ ਮਾਰੇ ਜਾ ਚੁੱਕੇ ਹਨ। ਉਹ ਅਜੇ ਵੀ ਆਪਣੇ ਨੁਕਸਾਨ ਦਾ ਹਿਸਾਬ ਲਗਾ ਰਹੇ ਹਨ ਕਿਉਂਕਿ ਹੋ ਸਕਦਾ ਹੈ ਕਿ ਕੁਝ ਪਸ਼ੂ ਆਲੇ-ਦੁਆਲੇ ਕਿਤੇ ਚਲੇ ਗਏ ਹੋਣ।

ਕੁਝ ਗਊਆਂ ਨੂੰ ਪਾਣੀ ਦੇ ਫੁਹਾਰਿਆਂ ਹੇਠ ਰੱਖਿਆ ਗਿਆ ਸੀ ਪਰ ਕਈ ਪਸ਼ੂਆਂ ਨੂੰ ਗਰਮੀ ਤੇ ਤਣਾਅ ਨੇ ਕਾਫੀ ਪ੍ਰਭਾਵਿਤ ਕੀਤਾ ਹੈ।

ਉਨ੍ਹਾਂ ਦੇ ਖਾਣੇ ਲਈ ਉਸ ਨੂੰ ਰੋਜ਼ਾਨਾ 25 ਟਨ ਖਾਣਾ ਲਿਆਉਣਾ ਪਵੇਗਾ। ਸੜਕਾਂ ਬੰਦ ਹਨ ਜਿਸ ਕਰਕੇ ਇਹ ਨਾਮੁਮਕਿਨ ਨਜ਼ਰ ਆ ਰਿਹਾ ਹੈ।

ਉਸ ਨੂੰ ਕੁਝ ਪਸ਼ੂਆਂ ਨੂੰ ਕਿਤੇ ਹੋਰ ਭੇਜਣਾ ਪਵੇਗਾ। ਜਦੋਂ ਸੰਭਵ ਹੋ ਸਕੇਗਾ, ਉਦੋਂ ਉਹ ਘੱਟ ਕੁਆਲਿਟੀ ਵਾਲੇ ਪਸ਼ੂਆਂ ਨੂੰ ਜਪਾਨ ਭੇਜੇਗਾ।

ਨੁਕਸਾਨ ਤੋਂ ਉਭਰਨ ਵਿੱਚ ਕਈ ਸਾਲ ਲਗਣਗੇ

ਪਿਛਲੇ ਸਾਲ ਆਸਟਰੇਲੀਆ ਸਭ ਤੋਂ ਗਰਮ ਤੇ ਸੁੱਕਾ ਰਿਹਾ ਹੈ ਅਤੇ ਇਸ ਕਾਰਨ ਹੀ ਅੱਗ ਹੋਰ ਫੈਲੀ ਹੈ। ਇਸ ਅੱਗ ਤੋਂ ਉਭਰਨ ਲਈ ਵੀ ਹੋਰ ਪਾਣੀ ਦੀ ਲੋੜ ਪਵੇਗੀ ਕਿਉਂਕਿ ਜੰਗਲਾਂ ਨੂੰ ਮੁੜ ਤੋਂ ਉਗਾਉਣ ਲਈ ਕਾਫੀ ਪਾਣੀ ਚਾਹੀਦਾ ਹੋਵੇਗਾ।

ਇੰਡੀ ਸੀਟ ਤੋਂ ਆਜ਼ਾਦ ਮੈਂਬਰ ਪਾਰਲੀਮੈਂਟ ਹੇਲੇਨ ਹੈਂਜ਼ ਅਨੁਸਾਰ ਕਈ ਤਰੀਕੇ ਦੀ ਖੇਤੀ ਕਰਨ ਵਾਲੇ ਇਸ ਅੱਗ ਨਾਲ ਪ੍ਰਭਾਵਿਤ ਹੋਏ ਹਨ। ਇਸ ਤ੍ਰਾਸਦੀ ਦਾ ਅਸਰ ਕਾਫੀ ਵੱਡਾ ਤੇ ਕੌਮੀ ਪੱਧਰ 'ਤੇ ਹੋਵੇਗਾ।

ਫੋਟੋ ਕੈਪਸ਼ਨ ਅੱਗ ਨੇ ਮੈਦਾਨੀ ਤੇ ਸਮੁੰਦਰ ਦੇ ਕਿਨਾਰੇ ਵਾਲੇ ਇਲਾਕੇ, ਦੋਵਾਂ ਨੂੰ ਪ੍ਰਭਾਵਿਤ ਕੀਤਾ ਹੈ

ਨੀਲ ਦੀ ਉਮਰ 70 ਸਾਲ ਹੋ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਸਥਾਨਕ ਕਿਸਾਨ ਖੇਤੀ ਛੱਡ ਕੇ ਕੁਝ ਹੋਰ ਕਰਨਗੇ। ਉਹ ਖੁਦ ਵੀ ਰਿਟਾਇਰ ਹੋਣ ਬਾਰੇ ਸੋਚ ਰਹੇ ਹਨ।

ਉਨ੍ਹਾਂ ਕਿਹਾ, "ਲੋਕਾਂ ਨੇ ਜਿਸ ਵਿੱਤੀ ਤੇ ਭਾਵੁਕ ਤਣਾਅ ਦਾ ਸਾਹਮਣਾ ਕੀਤਾ ਹੈ ਉਸ ਤੋਂ ਸਮਾਜ ਨੂੰ ਉਭਰਨ ਵਿੱਚ ਕਈ ਸਾਲ ਲਗ ਸਕਦੇ ਹਨ।"

ਪਰ ਹਰ ਕੋਈ ਇਸ ਤਰ੍ਹਾਂ ਨਹੀਂ ਸੋਚਦਾ ਹੈ। ਐਤਰੀ ਮੰਨਦੀ ਹੈ ਕਿ ਜੇ ਥੋੜ੍ਹਾ ਕਿਸਮਤ ਸਾਥ ਦੇਵੇ ਅਤੇ ਥੋੜ੍ਹਾ ਮੀਂਹ ਪੈ ਜਾਵੇ ਤਾਂ ਮਈ ਤੱਕ ਉਹ ਮੁੜ ਤੋਂ ਪਸ਼ੂ ਇਕੱਠੇ ਕਰ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਨਹੀਂ ਪਤਾ ਕਿ, ਕੀ ਕਰਨਾ ਹੈ

ਬੇਲਿੰਦਾ ਨੇ ਕਿਹਾ, "ਸਾਡੇ ਕੋਲ ਕੋਈ ਬਦਲ ਨਹੀਂ ਹੈ। ਪਰ ਹਾਂ ਅਸੀਂ ਹਿੰਮਤ ਨਹੀਂ ਛੱਡਾਂਗੇ।"

ਇਹ ਵੀਡੀਓਜ਼ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)