ਜਲਵਾਯੂ ਤਬਦੀਲੀ ਕਾਰਨ ਪਾਣੀ ਦੀ ਕਮੀ ਸਣੇ ਇਹ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ

ਮੌਸਮ Image copyright Getty Images

ਵਿਗਿਆਨੀਆਂ ਦਾ ਕਹਿਣਾ ਹੈ ਕਿ ਗਲੋਬਲ ਵਾਰਮਿੰਗ ਦਾ ਧਰਤੀ 'ਤੇ ਵਿਨਾਸ਼ਕਾਰੀ ਪ੍ਰਭਾਵ ਪੈ ਸਕਦਾ ਹੈ।

ਮਨੁੱਖੀ ਗਤੀਵਿਧੀਆਂ ਨੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਨੂੰ ਵਧਾ ਦਿੱਤਾ ਹੈ, ਜਿਸ ਕਾਰਨ ਤਾਪਮਾਨ ਵਧ ਰਿਹਾ ਹੈ। ਅੱਤ ਦੀ ਗਰਮੀ ਅਤੇ ਪਿਘਲ ਰਹੀ ਧਰੁਵੀ ਬਰਫ਼ ਇਸ ਦੇ ਸੰਭਾਵੀ ਪ੍ਰਭਾਵਾਂ ਵਿੱਚੋਂ ਹੈ।

ਅਸੀਂ ਧਰਤੀ ਦੇ ਬਦਲ ਰਹੇ ਜਲਵਾਯੂ ਸਬੰਧੀ ਕੀ ਜਾਣਦੇ ਹਾਂ?

ਇਹ ਵੀ ਪੜ੍ਹੋ-

Image copyright Getty Images

ਵਾਤਾਵਰਨ ਤਬਦੀਲੀ ਕੀ ਹੈ?

ਧਰਤੀ ਦਾ ਔਸਤਨ ਤਾਪਮਾਨ 15 ਡਿਗਰੀ ਸੈਲਸੀਅਸ ਹੈ, ਪਰ ਅਤੀਤ ਵਿੱਚ ਇਹ ਕਈ ਵਾਰ ਬਹੁਤ ਵਧਿਆ ਤੇ ਘਟਿਆ ਹੈ।

ਵਾਤਾਵਰਨ ਵਿੱਚ ਕੁਦਰਤੀ ਉਤਰਾਅ-ਚੜਾਅ ਆਉਂਦੇ ਹਨ, ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਤਾਪਮਾਨ ਹੁਣ ਕਈ ਗੁਣਾ ਜ਼ਿਆਦਾ ਤੇਜ਼ੀ ਨਾਲ ਵਧ ਰਿਹਾ ਹੈ।

ਇਹ ਗ੍ਰੀਨ ਹਾਊਸ ਪ੍ਰਭਾਵ ਨਾਲ ਜੁੜਿਆ ਹੋਇਆ ਹੈ, ਜੋ ਦਰਸਾਉਂਦਾ ਹੈ ਕਿ ਧਰਤੀ ਦਾ ਵਾਯੂਮੰਡਲ ਸੂਰਜ ਦੀ ਊਰਜਾ ਨੂੰ ਕਿਵੇਂ ਗ੍ਰਹਿਣ ਕਰਦਾ ਹੈ।

ਧਰਤੀ ਦੀ ਸਤਹਿ ਤੋਂ ਬ੍ਰਹਿਮੰਡ ਵਿੱਚ ਵਾਪਸ ਆਉਣ ਵਾਲੀ ਸੂਰਜੀ ਊਰਜਾ ਨੂੰ ਗ੍ਰੀਨ ਹਾਊਸ ਗੈਸਾਂ ਰਾਹੀਂ ਜਜ਼ਬ ਕੀਤਾ ਜਾਂਦਾ ਹੈ ਅਤੇ ਸਾਰੀਆਂ ਦਿਸ਼ਾਵਾਂ ਵਿੱਚ ਮੁੜ ਤੋਂ ਛੱਡਿਆ ਜਾਂਦਾ ਹੈ।

ਇਹ ਹੇਠਲੇ ਵਾਯੂਮੰਡਲ ਅਤੇ ਗ੍ਰਹਿ ਦੀ ਸਤਹਿ ਦੋਵਾਂ ਨੂੰ ਗਰਮ ਕਰਦੀ ਹੈ। ਇਸ ਪ੍ਰਭਾਵ ਦੇ ਬਿਨਾਂ ਧਰਤੀ ਲਗਭਗ 30 ਡਿਗਰੀ ਸੈਲਸੀਅਸ ਠੰਢੀ ਹੋ ਕੇ ਜੀਵਨ ਦੇ ਪ੍ਰਤੀਕੂਲ ਹੋ ਜਾਵੇਗੀ।

ਵਿਗਿਆਨੀਆਂ ਦਾ ਮੰਨਣਾ ਹੈ ਕਿ ਅਸੀਂ ਕੁਦਰਤੀ ਗ੍ਰੀਨ ਹਾਊਸ ਪ੍ਰਭਾਵਾਂ ਨੂੰ ਵਧਾ ਰਹੇ ਹਾਂ, ਉਦਯੋਗ ਅਤੇ ਖੇਤੀਬਾੜੀ ਪ੍ਰਕਿਰਿਆ ਕਾਰਨ ਨਿਕਲਣ ਵਾਲੀਆਂ ਗੈਸਾਂ ਨਾਲ ਹੋਰ ਊਰਜਾ ਖਿੱਚੀ ਜਾਂਦੀ ਹੈ ਅਤੇ ਤਾਪਮਾਨ ਵਧਦਾ ਹੈ।

ਇਸ ਨੂੰ ਜਲਵਾਯੂ ਤਬਦੀਲੀ ਜਾਂ ਗਲੋਬਲ ਵਾਰਮਿੰਗ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

ਗ੍ਰੀਨ ਹਾਊਸ ਗੈਸਾਂ ਕੀ ਹਨ?

ਗ੍ਰੀਨ ਹਾਊਸ ਗੈਸ ਦਾ ਸਭ ਤੋਂ ਜ਼ਿਆਦਾ ਅਸਰ ਜਲ ਵਾਸ਼ਪਾਂ ਨੂੰ ਗਰਮ ਕਰਨ 'ਤੇ ਹੈ, ਪਰ ਇਹ ਗੈਸ ਵਾਤਾਵਰਣ ਵਿੱਚ ਸਿਰਫ਼ ਕੁਝ ਦਿਨਾਂ ਲਈ ਹੀ ਰਹਿੰਦੀ ਹੈ।

ਜਦਕਿ ਕਾਰਬਨ ਡਾਈਆਕਸਾਈਡ (CO2) ਬਹੁਤ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ। ਪ੍ਰੀ ਇੰਡਸਟ੍ਰੀਅਲ ਪੱਧਰ 'ਤੇ ਵਾਪਸੀ ਲਈ ਇਸ ਨੂੰ ਸੈਂਕੜੇ ਸਾਲ ਲੱਗਣਗੇ ਅਤੇ ਸਿਰਫ਼ ਸਮੁੰਦਰ ਵਰਗੇ ਕੁਦਰਤੀ ਪਾਣੀ ਦੇ ਸਰੋਤਾਂ ਵੱਲੋਂ ਹੀ ਇਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਕਾਰਬਨ ਡਾਈਆਕਸਾਈਡ (CO2) ਜ਼ਿਆਦਾਤਰ ਮਨੁੱਖ ਵੱਲੋਂ ਬਣਾਏ ਗਏ ਪਥਰਾਟ ਬਾਲਣ ਨੂੰ ਜਲਾਉਣ ਕਾਰਨ ਹੀ ਪੈਦਾ ਹੁੰਦੀ ਹੈ। ਜਦੋਂ ਕਾਰਬਨ ਸੋਖਣ ਵਾਲੇ ਜੰਗਲਾਂ ਨੂੰ ਕੱਟ ਦਿੱਤਾ ਜਾਂਦਾ ਹੈ ਅਤੇ ਸੜਨ ਲਈ ਛੱਡ ਦਿੱਤਾ ਜਾਂਦਾ ਹੈ ਜਾਂ ਸਾੜ ਦਿੱਤਾ ਜਾਂਦਾ ਹੈ ਤਾਂ ਉਹ ਇਕੱਠੀ ਹੋਈ ਕਾਰਬਨ ਨਿਕਲਦੀ ਹੈ ਜਿਹੜੀ ਗਲੋਬਲ ਵਾਰਮਿੰਗ ਵਿੱਚ ਯੋਗਦਾਨ ਪਾਉਂਦੀ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਮੌਸਮੀ ਤਬਦੀਲੀ ਪੰਜਾਬ ਲਈ ਵੱਡੀ ਬਲਾ ਪਰ ਸਿਆਸੀ ਮੁੱਦਾ ਕਿਉਂ ਨਹੀਂ

ਲਗਭਗ ਸਾਲ 1750 ਵਿੱਚ ਜਦੋਂ ਉਦਯੋਗਿਕ ਕ੍ਰਾਂਤੀ ਸ਼ੁਰੂ ਹੋਈ ਤਾਂ ਕਾਰਬਨ ਡਾਈਆਕਸਾਈਡ ਨਿਕਾਸੀ (CO2) ਦਾ ਪੱਧਰ 30% ਤੋਂ ਜ਼ਿਆਦਾ ਵਧ ਗਿਆ।

ਵਾਯੂਮੰਡਲ ਵਿੱਚ CO2 ਦੀ ਮਾਤਰਾ ਘੱਟ ਤੋਂ ਘੱਟ 800,000 ਸਾਲਾਂ ਵਿੱਚ ਕਿਸੇ ਵੀ ਸਮੇਂ ਦੀ ਤੁਲਨਾ ਵਿੱਚ ਸਭ ਤੋਂ ਜ਼ਿਆਦਾ ਹੈ।

ਮੀਥੇਨ ਅਤੇ ਨਾਈਟ੍ਰਸ ਆਕਸਾਈਡ ਵਰਗੀਆਂ ਹੋਰ ਗ੍ਰੀਨ ਹਾਊਸ ਗੈਸਾਂ ਵੀ ਮਨੁੱਖੀ ਗਤੀਵਿਧੀਆਂ ਕਾਰਨ ਰਿਲੀਜ਼ ਹੁੰਦੀਆਂ ਹਨ, ਪਰ ਇਹ ਕਾਰਬਨ ਡਾਈਆਕਸਾਈਡ ਨਾਲੋਂ ਬਹੁਤ ਘੱਟ ਹੁੰਦੀਆਂ ਹਨ।

ਗਲੋਬਲ ਵਾਰਮਿੰਗ ਦੇ ਸਬੂਤ ਕੀ ਹਨ?

ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂਐੱਮਓ) ਦਾ ਕਹਿਣਾ ਹੈ ਕਿ ਵਿਆਪਕ ਉਦਯੋਗੀਕਰਨ ਤੋਂ ਪਹਿਲਾਂ ਦੁਨੀਆਂ ਇੱਕ ਡਿਗਰੀ ਸੈਲਸੀਅਸ ਜ਼ਿਆਦਾ ਗਰਮ ਹੈ।

ਪਿਛਲੇ 22 ਸਾਲਾਂ ਵਿੱਚ 2015-18 ਦੇ ਸਿਖਰਲੇ ਸਭ ਤੋਂ ਗਰਮ ਚਾਰ ਸਾਲਾਂ ਸਮੇਤ 20 ਗਰਮ ਸਾਲਾਂ ਦਾ ਰਿਕਾਰਡ ਹੈ।

ਸਮੁੱਚੀ ਦੁਨੀਆ ਵਿੱਚ 2005 ਅਤੇ 2015 ਦਰਮਿਆਨ ਸਮੁੰਦਰ ਦੇ ਔਸਤ ਪੱਧਰ ਵਿੱਚ ਪ੍ਰਤੀ ਸਾਲ 3.6 ਮਿਲੀਮੀਟਰ ਦਾ ਵਾਧਾ ਹੋਇਆ ਹੈ।

ਇਹ ਸਭ ਤਬਦੀਲੀ ਇਸ ਲਈ ਹੋਈ ਕਿਉਂਕਿ ਪਾਣੀ ਗਰਮ ਹੋਣ ਨਾਲ ਇਸਦੀ ਮਾਤਰਾ ਵਧ ਜਾਂਦੀ ਹੈ।

ਉਂਜ ਹੁਣ ਬਰਫ਼ ਦਾ ਪਿਘਲਣਾ ਸਮੁੰਦਰ ਦੇ ਵਧਦੇ ਪੱਧਰ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਦੁਨੀਆ ਦੇ ਸ਼ੀਤੋਸ਼ਣ ਖੇਤਰਾਂ (temperate regions) ਵਿੱਚ ਜ਼ਿਆਦਾਤਰ ਗਲੇਸ਼ੀਅਰ ਘਟ ਰਹੇ ਹਨ।

1970 ਤੋਂ ਸੈਟੇਲਾਈਟ ਦੇ ਰਿਕਾਰਡ ਆਰਕਟਿਕ ਸਮੁੰਦਰੀ ਬਰਫ਼ ਵਿੱਚ ਵੱਡੀ ਗਿਰਾਵਟ ਦਿਖਾ ਰਹੇ ਹਨ। ਗ੍ਰੀਨਲੈਂਡ ਆਈਸ ਸ਼ੀਟ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਵੱਡੇ ਪੱਧਰ 'ਤੇ ਬਰਫ਼ ਪਿਘਲੀ ਹੈ।

ਇਹ ਵੀ ਪੜ੍ਹੋ-

ਸੈਟੇਲਾਈਟ ਅੰਕੜਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪੱਛਮੀ ਅੰਟਾਰਕਟਿਕ ਆਈਸ ਸ਼ੀਟ ਵੀ ਵੱਡੇ ਪੱਧਰ 'ਤੇ ਘਟ ਰਹੀ ਹੈ। ਹਾਲ ਹੀ ਦੇ ਇੱਕ ਅਧਿਐਨ ਤੋਂ ਸੰਕੇਤ ਮਿਲਦਾ ਹੈ ਕਿ ਪੂਰਬੀ ਅੰਟਾਰਕਟਿਕ ਵੀ ਵੱਡੇ ਪੱਧਰ 'ਤੇ ਘਟਣਾ ਸ਼ੁਰੂ ਹੋ ਸਕਦਾ ਹੈ।

ਇਸ ਤਬਦੀਲੀ ਦਾ ਪ੍ਰਭਾਵ ਬਨਸਪਤੀ ਅਤੇ ਧਰਤੀ ਦੇ ਜਾਨਵਰਾਂ 'ਤੇ ਵੀ ਦੇਖਿਆ ਜਾ ਸਕਦਾ ਹੈ। ਪੌਦਿਆਂ ਦੇ ਫੁੱਲ ਆਉਣ ਅਤੇ ਉਨ੍ਹਾਂ ਦੇ ਫਲਣ ਦਾ ਸਮਾਂ ਪਹਿਲਾਂ ਆ ਰਿਹਾ ਹੈ ਅਤੇ ਜਾਨਵਰ ਆਪਣੇ ਖੇਤਰ ਬਦਲ ਰਹੇ ਹਨ।

ਭਵਿੱਖ ਵਿੱਚ ਤਾਪਮਾਨ ਕਿੰਨਾ ਵਧੇਗਾ?

ਜ਼ਿਆਦਾਤਰ ਅਨੁਮਾਨਾਂ ਅਨੁਸਾਰ ਧਰਤੀ ਦੇ ਤਾਪਮਾਨ ਵਿੱਚ 1850 ਅਤੇ 21ਵੀਂ ਸਦੀ ਦੇ ਅੰਤ ਵਿਚਾਲੇ ਤਬਦੀਲੀ 1.5 ਡਿਗਰੀ ਸੈਲਸੀਅਸ ਤੋਂ ਵੱਧ ਹੋਣ ਦੀ ਸੰਭਾਵਨਾ ਹੈ।

ਡਬਲਿਯੂਐੱਮਓ ਦਾ ਕਹਿਣਾ ਹੈ ਕਿ ਜੇਕਰ ਵਾਰਮਿੰਗ ਦਾ ਮੌਜੂਦਾ ਸਿਲਸਿਲਾ ਜਾਰੀ ਰਿਹਾ ਤਾਂ ਇਸ ਸਦੀ ਦੇ ਅੰਤ ਤੱਕ ਤਾਪਮਾਨ ਵਿੱਚ 3-5 ਡਿਗਰੀ ਸੈਲਸੀਅਸ ਵਾਧਾ ਹੋ ਸਕਦਾ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਦੱਖਣੀ ਅਮਰੀਕਾ ਦੇ ਐਮੇਜ਼ਨ ਜੰਗਲ ਦੁਨੀਆਂ ਦੇ ਸਭ ਤੋਂ ਵੱਡੇ ਬਰਸਾਤੀ ਜੰਗਲ ਹਨ ਜੋ ਤੇਜ਼ੀ ਨਾਲ ਖਤਮ ਹੋ ਰਹੇ ਹਨ

ਲੰਬੇ ਸਮੇਂ ਤੋਂ 2 ਡਿਗਰੀ ਸੈਲਸੀਅਸ ਤਾਪਮਾਨ ਦੇ ਵਾਧੇ ਨੂੰ ਖ਼ਤਰਨਾਕ ਮੰਨਿਆ ਜਾਂਦਾ ਸੀ, ਪਰ ਹਾਲ ਹੀ ਵਿੱਚ ਵਿਗਿਆਨੀਆਂ ਅਤੇ ਨੀਤੀ ਨਿਰਮਾਤਾਵਾਂ ਨੇ ਤਰਕ ਦਿੱਤਾ ਹੈ ਕਿ 1.5 ਡਿਗਰੀ ਸੈਲਸੀਅਸ ਤੱਕ ਤਾਪਮਾਨ ਦੇ ਵਾਧੇ ਨੂੰ ਸੀਮਤ ਕਰਨਾ ਸੁਰੱਖਿਅਤ ਹੈ।

ਜਲਵਾਯੂ ਤਬਦੀਲੀ 'ਤੇ ਅੰਤਰ-ਸਰਕਾਰੀ ਪੈਨਲ (ਪਾਈਪੀਸੀਸੀ) ਨੇ 2018 ਵਿੱਚ ਆਪਣੀ ਰਿਪੋਰਟ ਵਿੱਚ ਸੁਝਾਅ ਦਿੱਤਾ ਸੀ ਕਿ 1.5 ਡਿਗਰੀ ਸੈਲਸੀਅਸ ਤਾਪਮਾਨ ਦੇ ਟੀਚੇ ਨੂੰ ਬਰਕਰਾਰ ਰੱਖਣ ਲਈ 'ਸਮਾਜ ਦੇ ਸਾਰੇ ਪਹਿਲੂਆਂ ਵਿੱਚ ਤੇਜ਼ੀ ਨਾਲ, ਦੂਰਗਾਮੀ ਅਤੇ ਬੇਮਿਸਾਲ ਤਬਦੀਲੀ' ਦੀ ਜ਼ਰੂਰਤ ਹੋਵੇਗੀ।

ਸੰਯੁਕਤ ਰਾਸ਼ਟਰ ਗ੍ਰੀਨ ਹਾਊਸ ਗੈਸ ਨਿਕਾਸੀ ਨੂੰ ਸਥਿਰ ਕਰਨ ਲਈ ਰਾਜਨੀਤਕ ਕੋਸ਼ਿਸ਼ਾਂ ਦੀ ਅਗਵਾਈ ਕਰ ਰਿਹਾ ਹੈ।

ਚੀਨ ਸਭ ਤੋਂ ਵੱਧ ਕਾਰਬਨ ਡਾਈਆਕਸਾਈਡ ਨਿਕਾਸੀ ਕਰ ਰਿਹਾ ਹੈ। ਇਸ ਤੋਂ ਬਾਅਦ ਅਮਰੀਕਾ ਅਤੇ ਯੂਰੋਪੀਅਨ ਸੰਘ ਦੇ ਮੈਂਬਰ ਦੇਸ਼ ਹਨ, ਪਰ ਉੱਥੇ ਪ੍ਰਤੀ ਵਿਅਕਤੀ ਨਿਕਾਸੀ ਬਹੁਤ ਜ਼ਿਆਦਾ ਹੈ।

ਹੁਣ ਅਸੀਂ ਬੇਸ਼ੱਕ ਵੱਡੇ ਪੱਧਰ 'ਤੇ ਗ੍ਰੀਨਹਾਊਸ ਗੈਸ ਨਿਕਾਸੀ ਵਿੱਚ ਕਟੌਤੀ ਕਰਦੇ ਹਾਂ, ਪਰ ਵਿਗਿਆਨਕਾਂ ਦਾ ਕਹਿਣਾ ਹੈ ਕਿ ਫਿਰ ਵੀ ਇਸ ਦਾ ਪ੍ਰਭਾਵ ਰਹੇਗਾ ਕਿਉਂਕਿ ਪਾਣੀ ਅਤੇ ਬਰਫ਼ ਦੇ ਵੱਡੇ ਸਰੋਤਾਂ ਨੂੰ ਤਾਪਮਾਨ ਵਿੱਚ ਤਬਦੀਲੀ ਸਬੰਧੀ ਪ੍ਰਤੀਕਿਰਿਆ ਦੇਣ ਵਿੱਚ ਸੈਂਕੜੇ ਸਾਲ ਲੱਗ ਸਕਦੇ ਹਨ।

ਕਾਰਬਨ ਡਾਈਆਕਸਾਈਡ ਨਿਕਾਸੀ ਨੂੰ ਵਾਯੂਮੰਡਲ ਵਿੱਚੋਂ ਕੱਢਣ ਲਈ ਦਹਾਕਿਆਂ ਦਾ ਸਮਾਂ ਲੱਗਦਾ ਹੈ।

ਵਾਤਾਵਰਨ ਤਬਦੀਲੀ ਸਾਨੂੰ ਕਿਵੇਂ ਪ੍ਰਭਾਵਿਤ ਕਰੇਗੀ?

ਬਦਲਦੀ ਹੋਈ ਜਲਵਾਯੂ ਦਾ ਪ੍ਰਭਾਵ ਕਿੰਨਾ ਪਵੇਗਾ, ਇਸ ਬਾਰੇ ਕੁਝ ਤੈਅ ਨਹੀਂ ਹੈ।

ਇਹ ਤਾਜ਼ੇ ਪਾਣੀ ਦੀ ਘਾਟ ਦਾ ਕਾਰਨ ਬਣ ਸਕਦਾ ਹੈ, ਨਾਟਕੀ ਰੂਪ ਨਾਲ ਭੋਜਨ ਉਤਪਾਦਨ ਦੀ ਸਾਡੀ ਸਮਰੱਥਾ ਨੂੰ ਬਦਲ ਸਕਦਾ ਹੈ।

ਇਹ ਹੜ੍ਹ, ਤੂਫ਼ਾਨ ਅਤੇ ਲੂ ਨਾਲ ਮੌਤਾਂ ਦੀ ਗਿਣਤੀ ਵਿੱਚ ਵਾਧਾ ਕਰ ਸਕਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਸ ਤਬਦੀਲੀ ਨਾਲ ਮੌਸਮ ਦੀ ਤੁਰੰਤ ਤਬਦੀਲੀ ਦੀ ਪ੍ਰਵਿਰਤੀ ਵਿੱਚ ਵਾਧਾ ਹੋਣ ਦਾ ਖਦਸ਼ਾ ਹੈ- ਫਿਰ ਵੀ ਹਰ ਇੱਕ ਘਟਨਾ ਨੂੰ ਗਲੋਬਲ ਵਾਰਮਿੰਗ ਨਾਲ ਜੋੜਨਾ ਗੁੰਝਲਦਾਰ ਹੈ।

ਜਿਵੇਂ-ਜਿਵੇਂ ਧਰਤੀ ਗਰਮ ਹੁੰਦੀ ਹੈ, ਪਾਣੀ ਦਾ ਜ਼ਿਆਦਾ ਵਾਸ਼ਪੀਕਰਨ ਹੁੰਦਾ ਹੈ, ਜਿਸ ਨਾਲ ਹਵਾ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ।

ਇਸਦਾ ਮਤਲਬ ਹੈ ਕਿ ਕਈ ਖੇਤਰਾਂ ਵਿੱਚ ਜ਼ਿਆਦਾ ਮੀਂਹ ਪਵੇਗਾ ਅਤੇ ਕੁਝ ਸਥਾਨਾਂ 'ਤੇ ਬਰਫ਼ਬਾਰੀ ਹੋਵੇਗੀ। ਪਰ ਗਰਮੀ ਦੇ ਮੌਸਮ 'ਚ ਅੰਦਰੂਨੀ ਖੇਤਰਾਂ ਵਿੱਚ ਸੋਕੇ ਦਾ ਖ਼ਤਰਾ ਵਧ ਸਕਦਾ ਹੈ।

ਤੂਫ਼ਾਨ ਅਤੇ ਵਧਦੇ ਸਮੁੰਦਰੀ ਪੱਧਰ ਨਾਲ ਹੜ੍ਹ ਦਾ ਜ਼ਿਆਦਾ ਖਦਸ਼ਾ ਹੈ, ਪਰ ਇਸ ਪੈਟਰਨ ਵਿੱਚ ਖੇਤਰੀ ਪੱਧਰ 'ਤੇ ਵੱਡਾ ਅੰਤਰ ਹੋਣ ਦੀ ਸੰਭਾਵਨਾ ਹੈ।

ਗਰੀਬ ਦੇਸ਼ ਜੋ ਇਸ ਤੇਜ਼ੀ ਨਾਲ ਵਾਪਰਨ ਵਾਲੀ ਤਬਦੀਲੀ ਨਾਲ ਨਜਿੱਠਣ ਲਈ ਅਜੇ ਲੋੜੀਂਦੇ ਸਾਧਨ ਨਹੀਂ ਹਨ, ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਗਲੇਸ਼ੀਅਰ ਜਿਹੜਾ ਵਾਰ-ਵਾਰ ਢਹਿ ਜਾਂਦਾ ਹੈ

ਪੌਦਿਆਂ ਅਤੇ ਜਾਨਵਰਾਂ ਦੇ ਲੁਪਤ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਕਿਉਂਕਿ ਪ੍ਰਜਾਤੀਆਂ ਨੂੰ ਇਸ ਦੇ ਮੁਤਾਬਕ ਢਲਣ ਲਈ ਵਧੇਰੇ ਸਮਾਂ ਲਗਦਾ ਹੈ।

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਚਿਤਾਵਨੀ ਦਿੱਤੀ ਹੈ ਕਿ ਮਲੇਰੀਆ, ਪਾਣੀ ਨਾਲ ਹੋਣ ਵਾਲੀਆਂ ਬੀਮਾਰੀਆਂ ਅਤੇ ਕੁਪੋਸ਼ਣ ਵਿੱਚ ਵਾਧੇ ਨਾਲ ਲੱਖਾਂ ਲੋਕਾਂ ਦੀ ਸਿਹਤ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ।

ਵਾਯੂਮੰਡਲ ਵਿੱਚ ਜਿੰਨੀ ਵਧੇਰੇ CO2 ਛੱਡੀ ਜਾਂਦੀ ਹੈ, ਸਮੁੰਦਰਾਂ ਵਿੱਚ ਗੈਸਾਂ ਜ਼ਿਆਦਾ ਵਧਦੀਆਂ ਹਨ, ਜਿਸ ਨਾਲ ਪਾਣੀ ਜ਼ਿਆਦਾ ਤੇਜ਼ਾਬੀ ਹੋ ਜਾਂਦਾ ਹੈ। ਇਸ ਨਾਲ ਮੂੰਗੇ ਦੀਆਂ ਚੱਟਾਨਾਂ ਲਈ ਵੱਡੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਗਲੋਬਲ ਵਾਰਮਿੰਗ ਨਾਲ ਹੋਰ ਜ਼ਿਆਦਾ ਤਬਦੀਲੀਆਂ ਹੋਣਗੀਆਂ ਜਿਨ੍ਹਾਂ ਨਾਲ ਅੱਗੇ ਹੋਰ ਗਰਮੀ ਵਧਣ ਦੀ ਸੰਭਾਵਨਾ ਹੈ।

ਇਸ ਵਿੱਚ ਵੱਡੀ ਮਾਤਰਾ ਵਿੱਚ ਮੀਥੇਨਫਰੌਸਟ ਜਾਰੀ ਹੋਵੇਗੀ, ਜਿਸ ਨਾਲ ਮੁੱਖ ਤੌਰ 'ਤੇ ਵਿਥਕਾਰ (latitudes) 'ਤੇ ਪਾਈ ਜਾਂਦੀ ਜੰਮੀ ਹੋਈ ਮਿੱਟੀ ਪਿਘਲ ਜਾਂਦੀ ਹੈ।

ਜਲਵਾਯੂ ਤਬਦੀਲੀ ਨਾਲ ਨਿਪਟਣਾ ਇਸ ਸਦੀ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੋਵੇਗਾ।

ਇਹ ਵੀ ਪੜ੍ਹੋ:-

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)